ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

‘ਨਸ਼ਾ ਮੁਕਤ ਯੁਵਾ ਅਭਿਆਨ’ ਦੇ ਛੇਵੇਂ ਹਫ਼ਤੇ ਦੌਰਾਨ, ‘ਮਾਈ ਭਾਰਤ’ ਨੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2.11 ਲੱਖ ਤੋਂ ਵੱਧ ਭਾਗੀਦਾਰਾਂ ਨੂੰ ਇਕੱਠਾ ਕੀਤਾ


ਨਸ਼ਾ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਸਭਿਆਚਾਰਕ ਗਤੀਵਿਧੀਆਂ, ਰਵਾਇਤੀ ਖੇਡਾਂ ਅਤੇ ਗੁਆਂਢੀ ਯੁਵਾ ਸੰਸਦਾਂ ਰਾਹੀਂ 694 ਪ੍ਰੋਗਰਾਮ ਆਯੋਜਿਤ ਕੀਤੇ ਗਏ

Posted On: 26 OCT 2026 6:22PM by PIB Chandigarh

ਮੇਰਾ ਯੁਵਾ ਭਾਰਤ (ਮਾਈ ਭਾਰਤ) ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ “ਵਿਕਸਤ ਭਾਰਤ ਨਸ਼ਾ-ਮੁਕਤ ਯੁਵਾ” ਅਭਿਆਨ ਦੇ 100-ਹਫ਼ਤਿਆਂ ਦੀ ਮੁਹਿੰਮ ਦੇ ਛੇਵੇਂ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਦੀ ਲੜੀ ਆਯੋਜਿਤ ਕੀਤੀ। ਅੰਤਰਿਮ ਰਿਪੋਰਟ ਦੇ ਅਨੁਸਾਰ, 694 ਪ੍ਰੋਗਰਾਮਾਂ ਰਾਹੀਂ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2,11,139 ਨੌਜਵਾਨਾਂ ਅਤੇ ਨਾਗਰਿਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਕੇਂਦਰ ‘ਨਸ਼ੇ ਦੇ ਰਾਵਣ ਦਾ ਦਹਿਨ/ਨਸ਼ਾ ਰੂਪੀ ਮਹਿਸ਼ਾਸੁਰ ਦਾ ਵਧ’, ਰਵਾਇਤੀ ਖੇਡਾਂ ਅਤੇ ‘ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ’ਤੇ ਚਰਚਾ’ (ਗੁਆਂਢੀ ਯੂਥ ਸੰਸਦ) ਰਹੇ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਸਭਿਆਚਾਰਕ ਭਾਗੀਦਾਰੀ, ਸਰੀਰਕ ਗਤੀਵਿਧੀਆਂ ਅਤੇ ਭਾਈਚਾਰਕ ਸੰਵਾਦ ਨੂੰ ਇਕੱਠੇ ਕਰਕੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿਰੁੱਧ ਜਾਗਰੂਕਤਾ ਵਧਾਉਣ ’ਤੇ ਜ਼ੋਰ ਦਿੱਤਾ ਗਿਆ।

ਇਸ ਮੁਹਿੰਮ ਵਿੱਚ ਰਾਵਣ ਦਹਿਨ ਅਤੇ ਮਹਿਸ਼ਾਸੁਰ ਵਧ ਵਰਗੀਆਂ ਸਭਿਆਚਾਰਕ ਤੌਰ ’ਤੇ ਜੁੜੀਆਂ ਪਹਿਲਕਦਮੀਆਂ ਦੀ ਵਰਤੋਂ ਨਸ਼ੇ ਦੀ ਆਦਤ ’ਤੇ ਜਿੱਤ ਪ੍ਰਾਪਤ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਨਕਾਰਨ ਦਾ ਸੰਦੇਸ਼ ਦੇਣ ਲਈ ਕੀਤੀ ਗਈ। ਰਵਾਇਤੀ ਖੇਡ ਗਤੀਵਿਧੀਆਂ ਨੇ ਸਰੀਰਕ ਫਿੱਟਨੈੱਸ, ਸਿਹਤਮੰਦ ਜੀਵਨ ਸ਼ੈਲੀ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ, ਜਦੋਂ ਕਿ ਗੁਆਂਢੀ ਯੂਥ ਸੰਸਦ ਸੈਸ਼ਨਾਂ ਨੇ ਨੌਜਵਾਨਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ, ਰੋਕਥਾਮ ਦੀਆਂ ਰਣਨੀਤੀਆਂ ਅਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਚਰਚਾ ਕਰਨ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕੀਤਾ।

ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਫਿੱਟ ਇੰਡੀਆ ਅਤੇ ਬ੍ਰਹਮਾਕੁਮਾਰੀਜ਼, ਹਾਰਟਫੁਲਨੈੱਸ, ਫਿੱਕੀ , ਸੀ.ਆਈ.ਪੀ.ਯੂ. , ਐਸੋਚੈਮ ਅਤੇ ਪ੍ਰੋਜੈਕਟ ਪੁਆਇੰਟ ਸਮੇਤ ਭਾਈਵਾਲ ਸੰਗਠਨਾਂ ਨਾਲ ਮਿਲ ਕੇ ਕੀਤਾ ਗਿਆ। ਇਸ ਸਹਿਯੋਗੀ ਦ੍ਰਿਸ਼ਟੀਕੋਣ ਨੇ ਯੂਥ ਨੈੱਟਵਰਕ, ਭਾਈਚਾਰਕ ਸੰਸਥਾਵਾਂ ਅਤੇ ਸਹਿਯੋਗੀ ਸੰਗਠਨਾਂ ਨੂੰ ਇਕੱਠੇ ਕਰਕੇ ਮੁਹਿੰਮ ਦੀ ਪਹੁੰਚ ਵਧਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿਰੁੱਧ ਸਾਂਝੀ ਕਾਰਵਾਈ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ।

ਇਸ ਮੁਹਿੰਮ ਦੇ ਤਹਿਤ ਨਸ਼ਾ ਮੁਕਤ ਭਾਰਤ ਦੇ ਟੀਚੇ ਵੱਲ 211,139 ਵਾਅਦੇ (ਪ੍ਰਣ)ਦਰਜ ਕੀਤੇ ਗਏ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਨੌਜਵਾਨਾਂ ਨੂੰ ਸਿਹਤਮੰਦ, ਨਸ਼ਾ ਮੁਕਤ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਕੇ ਅਤੇ ਹੋਰਨਾਂ ਨੂੰ ਵੀ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਕੇ ਜਾਗਰੂਕਤਾ ਨੂੰ ਨਿੱਜੀ ਵਚਨਬੱਧਤਾ ਅਤੇ ਭਾਈਚਾਰਕ ਪੱਧਰ ’ਤੇ ਕਾਰਵਾਈ ਵਿੱਚ ਬਦਲਣਾ ਸੀ।

100-ਹਫ਼ਤੇ ਦੀ ਮੁਹਿੰਮ ਰਾਹੀਂ ਮਾਈ ਭਾਰਤ ਜਾਗਰੂਕਤਾ ਪ੍ਰੋਗਰਾਮਾਂ, ਭਾਗੀਦਾਰੀ ਵਾਲੀਆਂ ਗਤੀਵਿਧੀਆਂ ਅਤੇ ਨੌਜਵਾਨਾਂ ਦੀ ਅਗਵਾਈ ਵਿੱਚ ਚਲਾਈਆਂ ਜਾਣ ਵਾਲੀਆਂ ਪਹਿਲਕਦਮੀਆਂ ਰਾਹੀਂ ਨੌਜਵਾਨਾਂ ਅਤੇ ਭਾਈਚਾਰਿਆਂ ਨੂੰ ਲਗਾਤਾਰ ਜੋੜ ਰਿਹਾ ਹੈ। ਛੇਵੇਂ ਹਫ਼ਤੇ ਵਿੱਚ ਸਭਿਆਚਾਰਕ ਰਵਾਇਤਾਂ, ਖੇਡਾਂ ਅਤੇ ਢਾਂਚਾਗਤ ਸੰਵਾਦ ’ਤੇ ਜ਼ੋਰ ਦਿੱਤਾ ਗਿਆ। ਜ਼ੋਰ ਨਸ਼ਿਆਂ ਦੀ ਵਰਤੋਂ ਦੀ ਰੋਕਥਾਮ ਅਤੇ ਨੌਜਵਾਨਾਂ ਵਿੱਚ ਸੋਚ-ਸਮਝ ਕੇ ਫ਼ੈਸਲੇ ਲੈਣ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਭਾਈਚਾਰਿਆਂ ਦੀ ਨਿਰੰਤਰ ਭਾਗੀਦਾਰੀ ਦੇ ਮਹੱਤਵ ਨੂੰ ਸਪੱਸ਼ਟ ਕਰਦਾ ਹੈ।

ਇਹ ਪਹਿਲਕਦਮੀ “ਵਿਕਸਤ ਭਾਰਤ ਲਈ ਨਸ਼ਾ-ਮੁਕਤ ਯੁਵਾ” ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਇਸ ਦਾ ਉਦੇਸ਼ ਨੌਜਵਾਨ ਨਾਗਰਿਕਾਂ ਨੂੰ ਸਿਹਤਮੰਦ ਭਾਈਚਾਰਿਆਂ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ।

****

ਗੌਰਵ ਸੈਣੀ


(Release ID: 2329347) ਵਿਜ਼ੀਟਰ ਕਾਊਂਟਰ : 6