ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਆਲਮੀ ਸੰਮੇਲਨ ਦਾ ਉਦਘਾਟਨ ਕੀਤਾ


ਚਿਨਮਯ ਮਿਸ਼ਨ ਨੇ ਦਹਾਕਿਆਂ ਤੋਂ ਭਾਈਚਾਰਿਆਂ ਦੀ ਸੇਵਾ ਕੀਤੀ ਹੈ ਅਤੇ ਭਾਰਤ ਦੇ ਅਧਿਆਤਮਕ ਗਿਆਨ ਨੂੰ ਦੁਨੀਆ ਨਾਲ ਸਾਂਝਾ ਕੀਤਾ ਹੈ: ਪ੍ਰਧਾਨ ਮੰਤਰੀ

ਚਿਨਮਯ ਮਿਸ਼ਨ ਸਿਰਫ਼ ਸੰਸਥਾ ਨਹੀਂ, ਇਹ ਡੂੰਘਾ ‘ਚਿਨਮਯ’ ਵਿਚਾਰ ਹੈ, ਜਿਸ ਦੀ ਸਥਾਪਨਾ ‘ਚਿਨਮਯ’ ਰਿਸ਼ੀ ਨੇ ਕੀਤੀ ਸੀ; ਇਸ ਦੀ ਦਹਾਕਿਆਂ ਲੰਬੀ ਯਾਤਰਾ ‘ਚਿਨਮਯ’ ਸੰਕਲਪਾਂ ਨਾਲ ਭਰੀ ਰਹੀ ਹੈ ਅਤੇ ਜੋ ‘ਚਿਨਮਯ’ ਹੈ, ਉਹ ਕੁਦਰਤੀ ਤੌਰ ’ਤੇ ਅਮਰ ਅਤੇ ਸਦੀਵੀ ਅੰਮ੍ਰਿਤ ਨਾਲ ਭਰਪੂਰ ਹੈ: ਪ੍ਰਧਾਨ ਮੰਤਰੀ

ਸਾਡਾ ਰਾਸ਼ਟਰ ਹੀ ਸਾਡੇ ਸੱਭਿਆਚਾਰ ਦੀ ਜਨਮ ਭੂਮੀ ਹੈ, ਇਹੀ ਰਾਸ਼ਟਰ ਸਾਡੀ ਹੋਂਦ ਦੀ ਨੀਂਹ ਹੈ: ਪ੍ਰਧਾਨ ਮੰਤਰੀ

ਚਿਨਮਯ ਮਿਸ਼ਨ ਦੀਆਂ ਕੋਸ਼ਿਸ਼ਾਂ ਤੋਂ ਪ੍ਰੇਰਿਤ ਹੋ ਕੇ, ਅੱਜ ਲੱਖਾਂ ਨੌਜਵਾਨ ਭਾਰਤ ਦੇ ਸੱਭਿਆਚਾਰਕ ਬ੍ਰਾਂਡ ਅੰਬੈਸਡਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਭਾਰਤੀ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਰਹੇ ਹਨ: ਪ੍ਰਧਾਨ ਮੰਤਰੀ

Posted On: 23 OCT 2026 1:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਚਿਨਮਯ ਅੰਮ੍ਰਿਤ ਮਹੋਤਸਵ ਆਲਮੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸੰਤਾਂ ਦੇ ਪਿਆਰ ਅਤੇ ਆਸ਼ੀਰਵਾਦ ਤੋਂ ਪ੍ਰਾਪਤ ਡੂੰਘੇ ਅਧਿਆਤਮਕ ਅਨੁਭਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚਿਨਮਯ ਮਿਸ਼ਨ ਸਿਰਫ ਸੰਸਥਾ ਨਹੀਂ, ਸਗੋਂ ਅਮਰ ਚੇਤਨਾ ਹੈ, ਜਿਸ ਦੀ ਸਥਾਪਨਾ ਇੱਕ ਰਿਸ਼ੀ ਨੇ ਕੀਤੀ ਅਤੇ ਜੋ ਦਹਾਕਿਆਂ ਦੇ ਪਵਿੱਤਰ ਸੰਕਲਪਾਂ ਤੋਂ ਪ੍ਰੇਰਿਤ ਹੈ। ਇਸੇ ਸੰਦਰਭ ਵਿੱਚ ਉਨ੍ਹਾਂ ਨੇ ਇਸ ਸੰਮੇਲਨ ਦੇ ਨਾਮ ਦੀ ਸਾਰਥਕਤਾ ’ਤੇ ਚਾਨਣਾ ਪਾਇਆ।

ਸ਼੍ਰੀ ਮੋਦੀ ਨੇ ਕਿਹਾ ਕਿ ਆਧੁਨਿਕ ਤਕਨੀਕ ਨੇ ਹੋਲੋਬੋਟ ਰਾਹੀਂ ਸਤਿਕਾਰਯੋਗ ਗੁਰੂਦੇਵ ਸੁਆਮੀ ਚਿਨਮਯਾਨੰਦ ਨਾਲ ਸੰਵਾਦ ਨੂੰ ਸੰਭਵ ਬਣਾ ਕੇ ਇਸ ਪ੍ਰੋਗਰਾਮ ਨੂੰ ਹੋਰ ਵੀ ਭਾਵਨਾਤਮਕ ਬਣਾ ਦਿੱਤਾ ਹੈ। ਇਸ ਅਨੁਭਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ 33 ਸਾਲ ਪਹਿਲਾਂ 1993 ਵਿੱਚ ਵਡੋਦਰਾ ਵਿੱਚ ਗੁਰੂਦੇਵ ਨਾਲ ਹੋਈ ਮੁਲਾਕਾਤ ਦੀ ਯਾਦ ਆ ਗਈ। ਗੁਰੂਦੇਵ ਦੀ ਨੇੜਤਾ, ਗੱਲਬਾਤ ਅਤੇ ਆਸ਼ੀਰਵਾਦ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਇੰਝ ਲੱਗਿਆ, ਜਿਵੇਂ ਉਹ ਇੱਕ ਵਾਰ ਫਿਰ ਉਨ੍ਹਾਂ ਦੀ ਹਜ਼ੂਰੀ ਵਿੱਚ ਖੜ੍ਹੇ ਹੋਣ। ਉਨ੍ਹਾਂ ਨੇ ਇਸ ਭਾਵਪੂਰਤ ਸ਼ਰਧਾਂਜਲੀ ਲਈ ਮਿਸ਼ਨ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਭਾਵੁਕ ਅਨੁਭਵ ਹੈ।

ਸੁਆਮੀ ਵਿਵੇਕਾਨੰਦ ਦੇ ਇਤਿਹਾਸਕ ਸੰਬੋਧਨ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਵਿਸ਼ਵ ਧਰਮ ਸੰਸਦ ਦੇ ਸ਼ਤਾਬਦੀ ਸਮਾਗਮ ਵਿੱਚ ਸੁਆਮੀ ਚਿਨਮਯਾਨੰਦ ਨੂੰ ਸ਼ਿਕਾਗੋ ਸੱਦਣ ਲਈ ਫਰਵਰੀ-ਮਾਰਚ 1993 ਵਿੱਚ ਕੀਤੀ ਗਈ ਆਪਣੀ ਯਾਤਰਾ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਗੁਰੂਦੇਵ ਨੇ 3 ਅਗਸਤ ਨੂੰ ਸੈਨ ਡਿਏਗੋ ਵਿੱਚ ਅਕਾਲ ਚਲਾਣਾ ਕਰ ਜਾਣ ਤੋਂ ਪਹਿਲਾਂ ਇਸ ਸਮਾਗਮ ਲਈ ਪੂਰੇ ਅਮਰੀਕਾ ਵਿੱਚ ਲੋਕਾਂ ਨੂੰ ਇਕਜੁੱਟ ਕਰਨ ਦਾ ਅਣਥੱਕ ਯਤਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 11 ਸਤੰਬਰ ਨੂੰ ਸ਼ਿਕਾਗੋ ਵਿੱਚ ਕਰਵਾਈ ਗਈ ਸਭਾ ਵਿੱਚ ਗੁਰੂਦੇਵ ਦੀ ਗੈਰ-ਮੌਜੂਦਗੀ ਕਿੰਨੀ ਡੂੰਘਾਈ ਨਾਲ ਮਹਿਸੂਸ ਕੀਤੀ ਗਈ ਸੀ। ਉਨ੍ਹਾਂ ਨੇ ਗੁਰੂਦੇਵ ਨਾਲ ਆਪਣੀ ਆਖਰੀ ਗੱਲਬਾਤ ਦਾ ਵੀ ਜ਼ਿਕਰ ਕੀਤਾ, ਜੋ ਨੌਜਵਾਨ ਸ਼ਕਤੀ ਨੂੰ ਵਿਕਸਤ ਕਰਨ ’ਤੇ ਕੇਂਦਰਿਤ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਉਸ ਸੰਵਾਦ ਦਾ ਮੂਲ ਸਾਰ ਨੌਜਵਾਨ ਸ਼ਕਤੀ ਦਾ ਨਿਰਮਾਣ ਕਰਨਾ ਅਤੇ ਉਸ ਰਾਹੀਂ ਇੱਕ ਮਜ਼ਬੂਤ ਅਤੇ ਸਮਰੱਥ ਭਾਰਤ ਦੀ ਸਿਰਜਣਾ ਕਰਨਾ ਸੀ।

ਉਸ ਮੀਟਿੰਗ ਦੇ ਕੁਝ ਸਾਲਾਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਸਰਕਾਰ ਦੇ ਮੁਖੀ ਵਜੋਂ ਨਿਰੰਤਰ ਸੇਵਾ ਦੀ ਆਪਣੀ 25 ਸਾਲਾਂ ਦੀ ਯਾਤਰਾ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਹਮੇਸ਼ਾ ਉਨ੍ਹਾਂ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਰਹੇ ਹਨ। ਉਨ੍ਹਾਂ ਨੇ ਚਿਨਮਯ ਅੰਮ੍ਰਿਤ ਮਹੋਤਸਵ ਦੇ ਨੌਜਵਾਨ ਵਲੰਟੀਅਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਇੱਕ ਲੱਖ ਤੋਂ ਵੱਧ ਨੌਜਵਾਨ ਨਾਗਰਿਕਾਂ ਨਾਲ ਜੁੜਨ ਲਈ 300 ਦਿਨਾਂ ਵਿੱਚ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਉਪਰਾਲੇ ਲਈ ਪੂਰੀ ਟੀਮ ਨੂੰ ਵੀ ਵਧਾਈ ਦਿੱਤੀ।

ਉਪਨਿਸ਼ਦ ਦੇ ਸਲੋਕ ““वयम् अमृतस्य पुत्र” ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਜ਼ਾਰਾਂ ਸਾਲਾਂ ਤੋਂ ਗਿਆਨ ਅਤੇ ਚਾਨਣ ਦਾ ਸਾਧਕ ਬਣਿਆ ਹੋਇਆ ਹੈ, ਕਿਉਂਕਿ ਇਸ ਦੀ ਚੇਤਨਾ ਅਤੇ ਗਿਆਨ ਅਮਰ ਹਨ। ਇਸੇ ਭਾਵਨਾ ਨੇ ਉਨ੍ਹਾਂ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਅੰਮ੍ਰਿਤ ਮਹੋਤਸਵ ਦਾ ਸੱਦਾ ਦੇਣ ਦੀ ਪ੍ਰੇਰਨਾ ਦਿੱਤੀ। ਇਹ ਮਹੋਤਸਵ ਵਿਕਸਿਤ ਭਾਰਤ ਦੀ ਨੀਂਹ ਰੱਖਣ ਦੇ ਨਾਲ-ਨਾਲ ਮਨੁੱਖਤਾ ਦੀ ਭਲਾਈ ਪ੍ਰਤੀ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵਚਨਬੱਧਤਾ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਵੀ ਹੈ। ਉਨ੍ਹਾਂ ਦੱਸਿਆ ਕਿ ਕਈ ਅਧਿਆਤਮਕ, ਸੱਭਿਆਚਾਰਕ ਅਤੇ ਸਮਾਜਿਕ ਸੰਸਥਾਵਾਂ ਨੇ ਅਹਿਮ ਪੜਾਵਾਂ ’ਤੇ ਪਵਿੱਤਰ ਸੰਕਲਪ ਲਏ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਅੰਮ੍ਰਿਤ ਕਾਲ ਮੁਹਿੰਮ ਵਿੱਚ ਚਿਨਮਯ ਮਿਸ਼ਨ ਦੀ ਸ਼ਮੂਲੀਅਤ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਡੇ “अमृतस्य पुत्र” ਹੋਣ ਦਾ ਸੱਚਾ ਪ੍ਰਮਾਣ ਹੈ।

ਰਾਸ਼ਟਰ ਨੂੰ ਜਾਗਰੂਕ ਕਰਨ ਅਤੇ ਇਸ ਦੀ ਤਰੱਕੀ ਲਈ ਵੈਦਿਕ ਸੱਦੇ “वयं राष्ट्रे जागृयाम पुरोहिताः”  ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਆਮੀ ਚਿਨਮਯਾਨੰਦ ਨੇ ਰਾਸ਼ਟਰੀ ਤਰਜੀਹਾਂ ’ਤੇ ਵੀ ਓਨੀ ਹੀ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ, ਜਿੰਨੇ ਅਧਿਆਤਮਿਕਤਾ ’ਤੇ ਰੱਖੇ ਸਨ। ਉਨ੍ਹਾਂ ਨੇ ਸਿਖਾਇਆ ਕਿ ਰਾਸ਼ਟਰ ਸਾਡੇ ਸੱਭਿਆਚਾਰ ਅਤੇ ਹੋਂਦ ਦਾ ਆਧਾਰ ਹੈ, ਇਸ ਲਈ ਅਧਿਆਤਮਕ ਉੱਨਤੀ ਨੂੰ ਵਿਅਕਤੀਗਤ ਵਿਕਾਸ ਦੇ ਨਾਲ-ਨਾਲ ਰਾਸ਼ਟਰੀ ਤਰੱਕੀ ਦਾ ਮਾਧਿਅਮ ਵੀ ਬਣਨਾ ਚਾਹੀਦਾ ਹੈ। ਰਾਸ਼ਟਰੀ ਸਵੈ-ਮਾਣ ਜਗਾਉਣ ਅਤੇ ਉਪਨਿਸ਼ਦਾਂ, ਵੇਦਾਂਤ ਅਤੇ ਸ਼ਾਸਤਰਾਂ ਦਾ ਗਿਆਨ ਘਰ-ਘਰ ਤੱਕ ਪਹੁੰਚਾਉਣ ਲਈ ਸੁਆਮੀ ਜੀ ਨੇ ਗੀਤਾ ਗਿਆਨ ਯੱਗ ਦੀ ਸ਼ੁਰੂਆਤ ਕੀਤੀ। ਇਸੇ ਪ੍ਰੇਰਨਾ ਸਦਕਾ ਅੱਜ ਚਿਨਮਯ ਮਿਸ਼ਨ ਦੇ ਲੱਖਾਂ ਨੌਜਵਾਨ ਸੱਭਿਆਚਾਰਕ ਦੂਤ ਬਣ ਕੇ ਭਾਰਤੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾ ਰਹੇ ਹਨ। ਸਤਿਕਾਰਯੋਗ ਗੁਰੂਦੇਵ ਦਾ ਇਹ ਯੋਗਦਾਨ ਭਾਰਤ ਦੇ ਸੱਭਿਆਚਾਰਕ ਅਤੇ ਅਧਿਆਤਮਕ ਪੁਨਰ-ਜਾਗਰਣ ਦਾ ਇੱਕ ਅਹਿਮ ਅਧਿਆਇ ਹੈ।

2015 ਵਿੱਚ ਗੁਰੂਦੇਵ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਯਾਦਗਾਰੀ ਸਿੱਕਾ ਜਾਰੀ ਕਰਨ ਦੀ ਘਟਨਾ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਸੁਆਮੀ ਜੀ ਦੇ ਜੀਵਨ ਨੂੰ ਗਿਆਨ, ਕਰਮ ਅਤੇ ਭਗਤੀ ਦਾ ਅਦਭੁਤ ਸੰਗਮ ਦੱਸਿਆ। ਉਨ੍ਹਾਂ ਕਿਹਾ ਕਿ ਸੁਆਮੀ ਜੀ ਨੇ ਆਪਣੇ ਗੁਰੂ ਸੁਆਮੀ ਸ਼ਿਵਾਨੰਦ ਦੇ ਆਸ਼ੀਰਵਾਦ- “ਜਾਓ, ਸ਼ੇਰ ਵਾਂਗ ਦਹਾੜੋ” ਨੂੰ ਸਾਰਥਕ ਕੀਤਾ। ਸੁਆਮੀ ਜੀ ਦੀ ਆਵਾਜ਼ ਵਿੱਚ ਝਲਕਦੇ ਆਤਮ-ਵਿਸ਼ਵਾਸ ਅਤੇ ਅੰਦਰੂਨੀ ਤਾਕਤ ਨੇ ਸਰੋਤਿਆਂ ਦੇ ਦਿਲਾਂ ’ਤੇ ਉਨ੍ਹਾਂ ਦੇ ਵਿਚਾਰਾਂ ਦੀ ਅਮਿੱਟ ਛਾਪ ਛੱਡੀ। ਇਸ ਦੇ ਨਾਲ ਹੀ, ਉਨ੍ਹਾਂ ਦੇ ਆਰਟ ਆਫ ਮੈਨ ਮੇਕਿੰਗ ਰੇਡੀਓ ਪ੍ਰੋਗਰਾਮ ਨੇ ਅਣਗਿਣਤ ਲੋਕਾਂ ਨੂੰ ਜੀਵਨ ਵਿੱਚ ਸੇਧ ਦਿੱਤੀ।

ਮਹਾਨ ਸ਼ਖ਼ਸੀਅਤਾਂ ਦਾ ਮਿਸ਼ਨ ਉਨ੍ਹਾਂ ਦੇ ਜੀਵਨ ਕਾਲ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ—ਇਸ ਗੱਲ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਚਿਨਮਯ ਮਿਸ਼ਨ ਵੱਲੋਂ ਸਥਾਪਤ ਵਿਸ਼ਾਲ ਵਿਦਿਅਕ ਨੈੱਟਵਰਕ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 100 ਤੋਂ ਵੱਧ ਚਿਨਮਯ ਵਿਦਿਅਕ ਅਦਾਰੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰ ਰਹੇ ਹਨ। ਇਨ੍ਹਾਂ ਅਦਾਰਿਆਂ ਵਿੱਚ ਵਿਦਿਆਰਥੀ ਆਧੁਨਿਕ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਭਾਰਤੀ ਕਦਰਾਂ-ਕੀਮਤਾਂ ਨੂੰ ਵੀ ਅਪਣਾ ਰਹੇ ਹਨ।

ਸੁਆਮੀ ਚਿਨਮਯਾਨੰਦ ਵਰਗੇ ਚਿੰਤਕਾਂ ਦੀ ਆਜ਼ਾਦੀ ਤੋਂ ਬਾਅਦ ਦੀ ਕਲਪਨਾ ਨੂੰ ਮੌਜੂਦਾ ਸਰਕਾਰ ਦੇ ਯਤਨਾਂ ਨਾਲ ਜੋੜਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨਵੇਂ ਭਾਰਤ ਦੇ ਨਿਰਮਾਣ ਲਈ ਸਿੱਖਿਆ ਨੂੰ ਆਧੁਨਿਕ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਸਰਗਰਮੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਦਾ ਜ਼ਿਕਰ ਕੀਤਾ, ਜੋ ਭਾਰਤੀ ਗਿਆਨ ਪਰੰਪਰਾ, ਮਾਤ ਭਾਸ਼ਾ ਵਿੱਚ ਸਿੱਖਿਆ, ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਨੂੰ ਇੱਕੋ ਥਾਂ ਸਮੇਟਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਇਨ੍ਹਾਂ ਸਾਰੇ ਪਹਿਲੂਆਂ ਨੂੰ ਅਹਿਮੀਅਤ ਦਿੱਤੀ ਗਈ ਹੈ।

ਭਾਰਤੀ ਵਿਰਾਸਤ ਦੀ ਸੰਭਾਲ ਪ੍ਰਤੀ ਸੁਆਮੀ ਜੀ ਦੇ ਉਮਰ ਭਰ ਦੇ ਸਮਰਪਣ ’ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਗੁਰੂਦੇਵ ਨੇ ਕੰਨਿਆਕੁਮਾਰੀ ਵਿੱਚ ਸਮੁੰਦਰ ਦੇ ਵਿਚਕਾਰ ਵਿਵੇਕਾਨੰਦ ਰੌਕ ਮੈਮੋਰੀਅਲ ਦੇ ਨਿਰਮਾਣ ਲਈ ਏਕਨਾਥ ਰਾਨਾਡੇ ਦੇ ਸੰਕਲਪ ਦਾ ਡਟਵਾਂ ਸਮਰਥਨ ਕੀਤਾ ਸੀ ਅਤੇ ਇਸ ਪ੍ਰੋਜੈਕਟ ਲਈ ਪਹਿਲਾ ਮਾਲੀ ਯੋਗਦਾਨ ਵੀ ਪਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਸਮਾਰਕ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਵਿਰਾਸਤ ’ਤੇ ਮਾਣ ਕਰਨਾ ਅਤੇ ਇਸ ਦੀ ਸੰਭਾਲ ਕਰਨਾ ਸੁਆਮੀ ਜੀ ਦੇ ਜੀਵਨ ਦਾ ਇੱਕ ਹੋਰ ਮਿਸ਼ਨ ਸੀ।

ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਦੇਸ਼ ਵਿੱਚ ਹੋ ਰਹੇ ਵਿਆਪਕ ਸੱਭਿਆਚਾਰਕ ਪੁਨਰ-ਜਾਗਰਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਸਥਾਨਾਂ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੇ ਨਾਲ-ਨਾਲ ਕਾਸ਼ੀ ਵਿਸ਼ਵਨਾਥ ਧਾਮ, ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ, ਉਜੈਨ ਦੇ ਮਹਾਕਾਲ ਮਹਾਲੋਕ ਅਤੇ ਕੇਦਾਰਨਾਥ ਅਤੇ ਬਦਰੀਨਾਥ ਦੀ ਸ਼ਾਨਦਾਰ ਮੁੜ-ਉਸਾਰੀ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਚੋਰੀ ਹੋਈਆਂ ਭਾਰਤੀ ਪੁਰਾਤਨ ਵਸਤਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਵਿਦੇਸ਼ਾਂ ਵਿੱਚ ਵੇਚ ਦਿੱਤਾ ਜਾਂਦਾ ਸੀ, ਜਦਕਿ ਪਿਛਲੇ 12 ਸਾਲਾਂ ਵਿੱਚ ਅਜਿਹੀਆਂ ਵਿਰਾਸਤਾਂ ਨੂੰ ਦੇਸ਼ ਵਾਪਸ ਲਿਆਉਣ ਲਈ ਅਹਿਮ ਯਤਨ ਕੀਤੇ ਗਏ ਹਨ। ਇਸ ਸਮੇਂ ਦੌਰਾਨ ਸਾਢੇ ਛੇ ਸੌ ਤੋਂ ਵੱਧ ਪ੍ਰਾਚੀਨ ਮੂਰਤੀਆਂ ਵਾਪਸ ਲਿਆਂਦੀਆਂ ਗਈਆਂ ਹਨ।

ਸੁਆਮੀ ਜੀ ਵੱਲੋਂ ਭਾਰਤੀ ਦਰਸ਼ਨ ਨੂੰ ਵਿਸ਼ਵ ਤੱਕ ਪਹੁੰਚਾਉਣ ਅਤੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਰਾਹੀਂ ਦੁਨੀਆ ਨੂੰ ਭਾਰਤ ਨਾਲ ਜੋੜਨ ਦਰਮਿਆਨ ਸਮਾਨਤਾ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀ ਵਿਰਾਸਤ ’ਤੇ ਦੇਸ਼ ਦਾ ਵਧਦਾ ਮਾਣ ਅਤੇ ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਇਸ ਗੱਲ ਦਾ ਪ੍ਰਮਾਣ ਹਨ ਕਿ ਰਾਸ਼ਟਰ ਪ੍ਰਾਚੀਨ ਰਿਸ਼ੀਆਂ ਅਤੇ ਦੇਸ਼ ਭਗਤਾਂ ਵੱਲੋਂ ਕਲਪੇ ਗਏ ਮਾਰਗ ’ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੀ ਬੌਧਿਕ ਵਿਰਾਸਤ ਇਸ ਯਾਤਰਾ ਵਿੱਚ ਦੇਸ਼ ਦੀ ਸਭ ਤੋਂ ਵੱਡੀ ਤਾਕਤ ਬਣੀ ਹੋਈ ਹੈ।

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਵੱਖ-ਵੱਖ ਸੰਗਠਨ ਭਾਵੇਂ ਵੱਖੋ-ਵੱਖਰੇ ਟੀਚਿਆਂ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਣ, ਪਰ ਉਨ੍ਹਾਂ ਦੇ ਸਾਰੇ ਰਸਤੇ ਅੰਤ ਵਿੱਚ ਰਾਸ਼ਟਰੀ ਵਿਕਾਸ ਅਤੇ ਮਾਣ ਦੀ ਸਾਂਝੀ ਮੰਜ਼ਿਲ ਤੱਕ ਪਹੁੰਚਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸੁਆਮੀ ਚਿਨਮਯਾਨੰਦ ਨੇ ਆਪਣੇ ਯੁੱਗ ਦੀਆਂ ਚੁਣੌਤੀਆਂ ਮੁਤਾਬਕ ਸੰਕਲਪ ਲਏ ਸਨ, ਉਸੇ ਤਰ੍ਹਾਂ ਅੱਜ ਦੀ ਪੀੜ੍ਹੀ ਨੂੰ ਆਧੁਨਿਕ ਸਮਾਜਿਕ ਬੁਰਾਈਆਂ ਅਤੇ ਚੁਣੌਤੀਆਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵੰਡ ਪਾਉਣ ਵਾਲੀਆਂ ਤਾਕਤਾਂ ਖਿਲਾਫ਼ ਸਮਾਜ ਨੂੰ ਇਕਜੁੱਟ ਕਰਨ, ਆਤਮ-ਨਿਰਭਰਤਾ ਨੂੰ ਹੁਲਾਰਾ ਦੇਣ ਅਤੇ ਹਰੇਕ ਨਾਗਰਿਕ ਨੂੰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨਾਲ ਜੋੜਨ ਲਈ ਠੋਸ ਯਤਨਾਂ ਦਾ ਸੱਦਾ ਦਿੱਤਾ।

2047 ਵਿੱਚ ਭਾਰਤ ਦੀ ਆਜ਼ਾਦੀ ਦੇ ਸੌ ਸਾਲ ਅਤੇ ਚਿਨਮਯ ਮਿਸ਼ਨ ਦੀ ਸ਼ਤਾਬਦੀ ਯਾਤਰਾ ਦੇ ਇਤਿਹਾਸਕ ਸੰਗਮ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਯਾਤਰਾਵਾਂ ਦੇ ਟੀਚੇ ਸਮਾਨ ਹਨ ਅਤੇ ਉਨ੍ਹਾਂ ਨੂੰ ਨਾਲੋ-ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਪੂਰਾ ਭਰੋਸਾ ਪ੍ਰਗਟਾਇਆ ਕਿ ਮਿਸ਼ਨ ਦੇ ਆਚਾਰੀਆ, ਸਾਧਕਾਂ ਅਤੇ ਵਲੰਟੀਅਰਾਂ ਦਾ ਆਲਮੀ ਪਰਿਵਾਰ ਗੁਰੂਦੇਵ ਦੀ ਵਿਰਾਸਤ ਅਤੇ ਦਹਾਕਿਆਂ ਦੇ ਅਨੁਭਵ ਦੀ ਵਰਤੋਂ ਕਰਦਿਆਂ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਵੱਖ-ਵੱਖ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਚਿਨਮਯ ਮਿਸ਼ਨ ਦੀ ਸ਼ਤਾਬਦੀ ਯਾਤਰਾ ਅਤੇ ਵਿਕਸਿਤ ਭਾਰਤ ਦੀ ਯਾਤਰਾ ਨਾਲੋ-ਨਾਲ ਅੱਗੇ ਵਧਣਗੀਆਂ।

*********
 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327495) ਵਿਜ਼ੀਟਰ ਕਾਊਂਟਰ : 11