ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪੋਲਿਸ਼ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਰਮਾਣ, ਨਵੀਨਤਾ ਅਤੇ ਵਿਕਾਸ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ


ਸ਼੍ਰੀ ਸੋਨੋਵਾਲ ਨੇ ਭਾਰਤ ਅਤੇ ਪੋਲੈਂਡ ਵਿਚਾਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਟਾਰਟਅੱਪ ਬ੍ਰਿਜ, ਨਵੀਨਤਾ ਗਲਿਆਰਾ ਅਤੇ ਏਆਈ-ਕੁਆਂਟਮ ਸੰਵਾਦ (ਡਾਇਲਾਗ) ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ “ਭਾਰਤ-ਪੋਲੈਂਡ ਵਪਾਰ ਫੋਰਮ” ਵਿੱਚ “ਸਾਂਝੇ ਵਿਕਾਸ ਲਈ ਭਾਰਤ ਦੇ ਮਾਪਦੰਡ, ਹੁਨਰ ਅਤੇ ਭਰੋਸੇ” ਦੀ ਪੇਸ਼ਕਸ਼ ਕੀਤੀ

ਸ਼੍ਰੀ ਸੋਨੋਵਾਲ ਨੇ ਪੋਲਿਸ਼ ਦੇ ਪ੍ਰਮੁੱਖ ਕਾਰੋਬਾਰੀਆਂ ਸਾਹਮਣੇ ਭਾਰਤ ਦੀ ਵਿਕਾਸ ਯਾਤਰਾ ਦਾ ਜ਼ਿਕਰ ਕਰਦਿਆਂ ਦੋਵਾਂ ਦੇਸ਼ਾਂ ਵਿਚਕਾਰ ਭਰੋਸੇਯੋਗ ਸਪਲਾਈ ਚੇਨ ਵਿਕਸਤ ਕਰਨ ਦਾ ਸੱਦਾ ਦਿੱਤਾ

ਭਾਰਤ-ਪੋਲੈਂਡ ਵਪਾਰ ਮੰਚ ’ਤੇ ਸੋਨੋਵਾਲ ਦਾ ਸੱਦਾ—ਆਓ, ਮਿਲ ਕੇ ਨਿਵੇਸ਼ ਕਰੀਏ, ਨਵੀਨਤਾ ਲਿਆਈਏ ਅਤੇ ਵਿਕਾਸ ’ਚ ਵਾਧਾ ਕਰੀਏ

Posted On: 22 OCT 2026 7:24PM by PIB Chandigarh

ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ (ਐੱਮਓਪੀਐੱਸਡਬਲਿਊ) ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪੋਲਿਸ਼ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਸਿਰਫ ਆਪਣੇ ਉਤਪਾਦਾਂ ਲਈ ਬਾਜ਼ਾਰਾਂ ਦੀ ਭਾਲ ਕਰਨ ਦੀ ਬਜਾਏ, ਇੱਥੇ ਨਿਰਮਾਣ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ-ਪੋਲੈਂਡ ਵਪਾਰ ਮੰਚ ’ਤੇ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਵਪਾਰਕ ਆਗੂਆਂ ਸਾਹਮਣੇ ਭਾਰਤ ਦੀ ਵਿਕਾਸ ਯਾਤਰਾ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਵੀ ਪੇਸ਼ ਕੀਤਾ।

 ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਭਾਰਤ-ਪੋਲੈਂਡ ਵਪਾਰ ਫੋਰਮ ਵਿੱਚ ਮੁੱਖ ਭਾਸ਼ਣ ਦਿੱਤਾ। ਇਸ ਸਮਾਗਮ ਵਿੱਚ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਵੀ ਸ਼ਾਮਲ ਹੋਏ। ਸ਼੍ਰੀ ਸੋਨੋਵਾਲ ਨੇ ਕਿਹਾ ਕਿ ਅਗਸਤ 2024 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪੋਲੈਂਡ ਯਾਤਰਾ ਨੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਅਗਸਤ 2024 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੋਲੈਂਡ ਫੇਰੀ ਦੌਰਾਨ, ਮੋਦੀ ਅਤੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ “ਰਣਨੀਤਕ ਭਾਈਵਾਲੀ” ਦੇ ਪੱਧਰ ਤੱਕ ਉੱਚਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਂਝੇਦਾਰੀ ਦਾ ਉਦੇਸ਼ ਨਾ ਸਿਰਫ਼ ਸਫ਼ਾਰਤੀ ਸਬੰਧਾਂ ਨੂੰ ਮਜ਼ਬੂਤ ​​ਕਰਨਾ ਨਹੀਂ ਹੈ, ਸਗੋਂ ਵਪਾਰ, ਤਕਨਾਲੋਜੀ, ਨਿਵੇਸ਼ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਨਵੀਂਆਂ ਉਚਾਈਆਂ ਤੱਕ  ਲੈ ਕੇ ਜਾਣਾ ਹੈ। ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਦੋਵੇਂ ਦੇਸ਼ ਇਨ੍ਹਾਂ ਖੇਤਰਾਂ ਵਿੱਚ ਸਬੰਧਾਂ ਨੂੰ ਓਨੇ ਹੀ ਮਜ਼ਬੂਤ ​​ਬਣਾਉਣ ਦਾ ਟੀਚਾ ਰੱਖਦੇ ਹਨ ਜਿੰਨੇ ਕਿ ਸਫ਼ਾਰਤੀ ਖੇਤਰ ਵਿੱਚ।

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਇੱਕ ਵੱਡੇ ਅਤੇ ਵਧਦੇ ਬਾਜ਼ਾਰ ਦਾ ਵਿਸਥਾਰ , ਨੌਜਵਾਨ ਅਤੇ ਪ੍ਰਤਿਭਾਸ਼ਾਲੀ ਕਾਮਿਆਂ ਦੇ ਹੁਨਰ ਅਤੇ ਸੁਧਾਰਾਂ ਦੇ ਨਾਲ ਉੱਦਮ ਅਤੇ ਖੁੱਲ੍ਹੇਪਨ ਲਈ ਵਚਨਬੱਧ ਇੱਕ ਲੋਕਤੰਤਰ ਦਾ ਭਰੋਸਾ ਪ੍ਰਦਾਨ ਕਰਦਾ ਹੈ।

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਅਤੇ ਪੋਲੈਂਡ ਦੀਆਂ ਅਰਥਵਿਵਸਥਾਵਾਂ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਪੋਲੈਂਡ ਕੋਲ ਇੰਜੀਨੀਅਰਿੰਗ, ਮਸ਼ੀਨਰੀ, ਮਾਈਨਿੰਗ (ਖਣਨ)ਤਕਨਾਲੋਜੀ, ਆਵਾਜਾਈ, ਵਾਤਾਵਰਣ ਸੰਬੰਧੀ ਹੱਲ ਅਤੇ ਉੱਨਤ ਨਿਰਮਾਣ ਵਰਗੇ ਖੇਤਰਾਂ ਵਿੱਚ ਮਜ਼ਬੂਤ ​​ਸਮਰੱਥਾਵਾਂ ਹਨ, ਜਦੋਂ ਕਿ ਭਾਰਤ ਕੋਲ ਇੱਕ ਵਿਸ਼ਾਲ ਬਾਜ਼ਾਰ, ਹੁਨਰਮੰਦ ਪ੍ਰਤਿਭਾ ਅਤੇ ਇੱਕ ਵਿਸ਼ਾਲ ਨਿਰਮਾਣ ਅਧਾਰ ਹੈ ਜੋ ਇਨ੍ਹਾਂ ਸਮਰੱਥਾਵਾਂ ਨੂੰ ਵੱਡੇ ਪੱਧਰ ’ਤੇ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਕੇਂਦਰੀ ਮੰਤਰੀ ਨੇ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਸਿਰਫ ਆਪਣੇ ਉਤਪਾਦ ਵੇਚਣ ਦੀ ਬਜਾਏ ਇੱਥੇ ਉਤਪਾਦਨ ਕਰਨ , ਸਥਾਨਕ ਪੱਧਰ ’ਤੇ ਹੱਲ ਵਿਕਸਤ ਕਰਨ ਅਤੇ ਭਾਰਤੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਨੂੰ ਆਪਣੇ ਵਿਕਾਸ ਅਤੇ ਵਿਸਥਾਰ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਦੇਖਣਾ ਚਾਹੀਦਾ ਹੈ।

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਸਾਲ 2030 ਤੱਕ 500 ਗੀਗਾਵਾਟ ਗੈਰ-ਜੀਵਾਸ਼ਮ ਊਰਜਾ-ਅਧਾਰਿਤ ਬਿਜਲੀ ਉਤਪਾਦਨ ਸਮਰੱਥਾ ਪ੍ਰਾਪਤ ਕਰਨ ਦਾ ਇੱਕ ਮਹੱਤਵਾਕਾਂਖੀ (ਉੱਚੀਆਂ ਉਮੰਗਾਂ ਰੱਖਣ ਵਾਲਾ) ਟੀਚਾ ਰੱਖਿਆ ਹੈ। ਉਨ੍ਹਾਂ ਨੇ ਇਸ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਕਦਮ ਦੱਸਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਲਗਭਗ 280 ਤੋਂ 300 ਅਰਬ ਯੂਰੋ ਦੇ ਨਿਵੇਸ਼ ਦੀ ਲੋੜ ਹੋਵੇਗੀ। ਇਸ ਨਾਲ ਬਿਜਲੀ ਉਪਕਰਣਾਂ ਦੇ ਨਿਰਮਾਣ, ਊਰਜਾ ਭੰਡਾਰਨ, ਪਾਵਰ ਗ੍ਰਿਡ, ਗ੍ਰੀਨ ਹਾਈਡ੍ਰੋਜਨ, ਰੀਸਾਈਕਲਿੰਗ ਅਤੇ ਵਾਤਾਵਰਣ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਨਿਵੇਸ਼ ਦੇ ਵਿਸ਼ਾਲ ਮੌਕੇ ਪੈਦਾ ਹੋਣਗੇ। ਸ਼੍ਰੀ ਸੋਨੋਵਾਲ ਨੇ ਇਹ ਵੀ ਕਿਹਾ ਕਿ ਮਾਈਨਿੰਗ (ਖਣਨ), ਅਹਿਮ ਖਣਿਜਾਂ ਅਤੇ ਸਾਫ਼ ਊਰਜਾ ਦੇ ਖੇਤਰ ਵਿੱਚ ਪੋਲੈਂਡ ਦਾ ਤਜਰਬਾ ਭਾਰਤ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।

ਤਕਨਾਲੋਜੀ ਖੇਤਰ ਦਾ ਜ਼ਿਕਰ ਕਰਦਿਆਂ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਨੇ ਦੱਸਿਆ ਕਿ ਭਾਰਤੀ ਸੂਚਨਾ ਤਕਨਾਲੋਜੀ ਕੰਪਨੀਆਂ ਨੇ ਪੋਲੈਂਡ ਨੂੰ ਆਪਣੇ ਯੂਰਪੀ ਸੰਚਾਲਨ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਕੀਤਾ ਹੈ ਅਤੇ ਉੱਥੇ ਲਗਭਗ 10,000 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ  ਸੂਚਨਾ ਤਕਨਾਲੋਜੀ ਸੇਵਾਵਾਂ ਤੋਂ ਅੱਗੇ ਵਧ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, 5ਜੀ ਐਪਲੀਕੇਸ਼ਨਾਂ, ਡਿਜੀਟਲ ਬੁਨਿਆਦੀ ਢਾਂਚੇ, ਸਮਾਰਟ ਨਿਰਮਾਣ ਅਤੇ ਪੁਲਾੜ ਤਕਨਾਲੋਜੀ ਵਰਗੇ ਉੱਭਰਦੇ  ਖੇਤਰਾਂ ਵਿੱਚ ਸਹਿਯੋਗ ਵਧਾਉਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਭਾਰਤ ਅਤੇ ਪੋਲੈਂਡ ਦੇ ਕਾਰੋਬਾਰੀਆਂ, ਖੋਜਕਰਤਾਵਾਂ ਅਤੇ ਨਵੀਨਤਾਕਾਰਾਂ ਨੂੰ ਜੋੜਨ ਲਈ ਸਟਾਰਟਅੱਪ ਬ੍ਰਿਜ, ਨਵੀਨਤਾ ਗਲਿਆਰਾ ਅਤੇ ਏਆਈ-ਕੁਆਂਟਮ ਡਾਇਲਾਗ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ 6.36 ਅਰਬ ਡਾਲਰ  ਤੱਕ ਪਹੁੰਚ ਗਿਆ ਹੈ, ਜਦੋਂ ਕਿ ਪੋਲੈਂਡ ਵਿੱਚ ਭਾਰਤੀ ਨਿਵੇਸ਼ 3 ਅਰਬ ਡਾਲਰ ਤੋਂ ਵੱਧ ਹੈ। ਪੋਲਿਸ਼ ਕੰਪਨੀਆਂ ਵੀ ਭਾਰਤ ਵਿੱਚ ਪੈਕੇਜਿੰਗ, ਨਿਰਮਾਣ, ਰਹਿੰਦ-ਖੂੰਹਦ ਤੋਂ ਊਰਜਾ ਉਤਪਾਦਨ ਅਤੇ ਇਲੈਕਟ੍ਰਿਕ ਵਾਹਨ ਖੇਤਰ ਵਿੱਚ ਸਰਗਰਮ ਹਨ। ਸ਼੍ਰੀ ਸੋਨੋਵਾਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਸਿਰਫ ਸਾਲ 2030 ਤੱਕ ਵਪਾਰ ਨੂੰ ਦੁੱਗਣਾ ਕਰਨਾ ਹੀ ਨਹੀਂ, ਸਗੋਂ ਆਰਥਿਕ ਸਹਿਯੋਗ ਨੂੰ ਹੋਰ ਵੀ ਵਿਸ਼ਾਲ ਪੱਧਰ ਤੱਕ ਵਧਾਉਣਾ ਹੋਣਾ ਚਾਹੀਦਾ ਹੈ।

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਅਤੇ ਪੋਲੈਂਡ ਨੂੰ ਇਕੱਠੇ ਨਿਰਮਾਣ ਕਰਨਾ ਚਾਹੀਦਾ ਹੈ, ਨਵੀਨਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਭਰੋਸੇਯੋਗ ਸਪਲਾਈ ਚੇਨ ਵਿਕਸਤ ਕਰਨੀ ਚਾਹੀਦੀ ਹੈ। ਦੋਵਾਂ ਦੇਸ਼ਾਂ ਨੂੰ ਇਕੱਠੇ ਹੋ ਕੇ ਅੱਗੇ ਵਧਣ ਅਤੇ ਸਫਲਤਾ ਹਾਸਲ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਾਰੋਬਾਰੀ ਜਗਤ ਦੇ ਪ੍ਰਮੁੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਸਿਰਫ਼ ਇੱਕ ਵਪਾਰਕ ਇਕਰਾਰਨਾਮੇ ਵਜੋਂ ਨਾ ਦੇਖਣ, ਸਗੋਂ ਇਸ ਨੂੰ ਮੌਕਿਆਂ ਦਾ ਵਿਸਥਾਰ ਕਰਨ ਵਾਲੀ ਵਿਆਪਕ ਭਾਈਵਾਲੀ ਵਜੋਂ ਸਮਝਣ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਪੋਲਿਸ਼ ਕੰਪਨੀਆਂ ਲਈ ਭਾਰਤੀ ਬਾਜ਼ਾਰ ਵਿੱਚ ਨਵੇਂ ਮੌਕੇ ਖੋਲ੍ਹੇਗਾ, ਜਦਕਿ ਭਾਰਤੀ ਕੰਪਨੀਆਂ ਨੂੰ ਯੂਰਪੀ ਬਾਜ਼ਾਰ ਵਿੱਚ ਆਪਣੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ।

ਸ਼੍ਰੀ ਸੋਨੋਵਾਲ ਨੇ ਆਪਣੇ ਭਾਸ਼ਣ ਦੀ ਸਮਾਪਤੀ ਭਾਰਤ ਦੇ “ਪਾਵਰ ਟੂ ਐਮਪਾਵਰ” ਦੇ ਦਰਸ਼ਨ  ਦਾ ਜ਼ਿਕਰ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁਕਾਬਲਾ ਕਰਨ ਦੀ ਸਮਰੱਥਾ ਦੇ ਨਾਲ-ਨਾਲ ਸਹਿਯੋਗ ਕਰਨ ਦੀ ਸਮਰੱਥਾ ਵੀ ਉੱਨੀ ਹੀ ਮਹੱਤਵਪੂਰਨ ਹੈ। ਕੇਂਦਰੀ ਮੰਤਰੀ ਨੇ ਕਿਹਾ, “ਭਾਰਤ ਦਾ ਵਿਕਾਸ ਪੋਲੈਂਡ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ, ਜਦੋਂ ਕਿ ਪੋਲੈਂਡ ਦੀਆਂ ਸਮਰੱਥਾਵਾਂ ਭਾਰਤ ਨੂੰ ਹੋਰ ਸਸ਼ਕਤ ਬਣਾ ਸਕਦੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਸਬੰਧ ਮਿਲ ਕੇ ਅਜਿਹੇ ਹੱਲ ਵਿਕਸਤ ਕਰ ਸਕਦੇ ਹਨ, ਜੋ ਪੂਰੀ ਦੁਨੀਆ ਲਈ ਲਾਹੇਵੰਦ ਸਾਬਤ ਹੋਣਗੇ।

*****

ਐੱਮਆਈ/ਇੰਦੂ


(Release ID: 2327278) ਵਿਜ਼ੀਟਰ ਕਾਊਂਟਰ : 9