ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਪੋਲੈਂਡ ਸਾਂਝਾ ਬਿਆਨ

Posted On: 22 OCT 2026 3:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਡੋਨਾਲਡ ਟਸਕ, 21-23 ਅਕਤੂਬਰ, 2026 ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਆਏ ਹਨ। ਪ੍ਰਧਾਨ ਮੰਤਰੀ ਸ਼੍ਰੀ ਟਸਕ ਦੇ ਨਾਲ ਇੱਕ ਉੱਚ-ਪੱਧਰੀ ਵਫ਼ਦ ਵੀ ਹੈ, ਜਿਸ ਵਿੱਚ ਲਗਭਗ 100 ਮੋਹਰੀ ਸੀਈਓ ਅਤੇ ਉਦਯੋਗ ਦੇ ਪ੍ਰਤੀਨਿਧੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਟਸਕ ਨੇ ਆਪਸੀ ਹਿੱਤ ਦੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵਿਸਤਾਰ ਨਾਲ ਚਰਚਾ ਕੀਤੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਅਗਸਤ 2024 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਪੋਲੈਂਡ ਦੇ ਇਤਿਹਾਸਕ ਦੌਰੇ ਨੂੰ ਯਾਦ ਕੀਤਾ, ਜਦੋਂ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਇਆ ਗਿਆ ਸੀ ਅਤੇ 2024-2028 ਲਈ ਭਾਰਤ-ਪੋਲੈਂਡ ਕਾਰਜ ਯੋਜਨਾ ਨੂੰ ਅਪਣਾਇਆ ਗਿਆ ਸੀ। ਉਨ੍ਹਾਂ ਨੇ ਸਤੰਬਰ 2026 ਵਿੱਚ ਵਾਰਸੌਅ ਵਿੱਚ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਵੱਲੋਂ ਕੀਤੇ ਗਏ ਕਾਰਜ ਯੋਜਨਾ ਦੀ ਮੱਧ-ਕਾਲੀ ਸਮੀਖਿਆ ਦੀ ਪੁਸ਼ਟੀ ਕੀਤੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਕਿਹਾ ਕਿ ਮੌਜੂਦਾ ਦੌਰੇ ਨਾਲ ਰਣਨੀਤਕ ਭਾਈਵਾਲੀ ਨੂੰ ਨਵੀਂ ਰਫ਼ਤਾਰ ਮਿਲੀ ਹੈ ਅਤੇ ਉਨ੍ਹਾਂ ਨੇ ਇਸ ਭਾਈਵਾਲੀ ਨੂੰ ਠੋਸ, ਸਮਾਂ-ਬੱਧ ਅਤੇ ਆਪਸੀ ਲਾਭ ਵਾਲੇ ਨਤੀਜਿਆਂ ਵਿੱਚ ਬਦਲਣ ਦਾ ਆਪਣਾ ਸੰਕਲਪ ਦੁਹਰਾਇਆ।

ਦੋਵਾਂ ਆਗੂਆਂ ਨੇ ਉੱਚ-ਪੱਧਰੀ ਰਾਜਨੀਤਕ ਚਰਚਾਵਾਂ ਅਤੇ ਸੰਸਥਾਗਤ ਸੰਵਾਦ ਵਿੱਚ ਤੇਜ਼ੀ ਲਿਆਉਣ ’ਤੇ ਸਹਿਮਤੀ ਜਤਾਈ ਅਤੇ ਆਪਣੀਆਂ ਸੰਸਦਾਂ, ਦੇਸ਼ ਅਤੇ ਖੇਤਰੀ ਅਥਾਰਟੀਆਂ, ਥਿੰਕ ਟੈਂਕਾਂ ਅਤੇ ਨੀਤੀਗਤ ਸੰਸਥਾਵਾਂ ਵਿਚਕਾਰ ਗੂੜ੍ਹੇ ਸਹਿਯੋਗ ਨੂੰ ਹੁਲਾਰਾ ਦਿੱਤਾ।

 

ਦੋਵਾਂ ਪ੍ਰਧਾਨ ਮੰਤਰੀਆਂ ਨੇ 27 ਜਨਵਰੀ, 2026 ਨੂੰ ਨਵੀਂ ਦਿੱਲੀ ਵਿੱਚ ਹੋਏ ਇਤਿਹਾਸਕ ਭਾਰਤ-ਈਯੂ ਸਿਖਰ ਸੰਮੇਲਨ, 'ਟੂਵਰਡਸ 2030: ਏ ਜੁਆਇੰਟ ਇੰਡੀਆ-ਯੂਰਪੀਅਨ ਯੂਨੀਅਨ ਕੰਪ੍ਰੀਹੈਂਸਿਵ ਸਟ੍ਰੈਟਜਿਕ ਏਜੰਡਾ', ਈਯੂ-ਭਾਰਤ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਸੰਪੰਨ ਹੋਣ ਅਤੇ ਮੋਬੀਲਿਟੀ ’ਤੇ ਸਹਿਯੋਗ ਦੇ ਵਿਆਪਕ ਢਾਂਚੇ ਦੇ ਮਹੱਤਵ ’ਤੇ ਜ਼ੋਰ ਦਿੱਤਾ। ਐੱਫਟੀਏ ’ਤੇ, ਉਨ੍ਹਾਂ ਨੇ ਇਸ ’ਤੇ ਜਲਦੀ ਹਸਤਾਖ਼ਰ ਕਰਨ ਅਤੇ ਇਸ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਸਮੇਂ ’ਤੇ ਲਾਗੂ ਕਰਨ ਦੀ ਮੰਗ ਕੀਤੀ, ਤਾਂ ਜੋ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਮਿਲ ਸਕਣ, ਜ਼ਰੂਰੀ ਮੁੱਲ ਲੜੀਆਂ ਨੂੰ ਵਿਭਿੰਨ ਬਣਾਇਆ ਅਤੇ ਮਜ਼ਬੂਤ ਕੀਤਾ ਜਾ ਸਕੇ ਅਤੇ ਨਵੇਂ ਬਾਜ਼ਾਰ ਖੋਲ੍ਹੇ ਜਾ ਸਕਣ।

 

ਵਪਾਰ, ਆਰਥਿਕ ਸਹਿਯੋਗ ਅਤੇ ਨਿਵੇਸ਼

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੋਲੈਂਡ ਨੂੰ 1 ਟ੍ਰਿਲੀਅਨ ਡਾਲਰ ਦੇ ਜੀਡੀਪੀ ਦਾ ਅੰਕੜਾ ਪਾਰ ਕਰਨ ’ਤੇ ਵਧਾਈ ਦਿੱਤੀ ਅਤੇ ਪੋਲੈਂਡ ਦੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਤੇਜ਼ੀ ਦੀ ਸ਼ਲਾਘਾ ਕੀਤੀ। ਪੋਲੈਂਡ ਨੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਵਜੋਂ ਭਾਰਤ ਦੇ ਰਿਕਾਰਡ ਅਤੇ ਆਉਣ ਵਾਲੇ ਸਾਲਾਂ ਵਿੱਚ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਉਸ ਦੇ ਪ੍ਰਭਾਵਸ਼ਾਲੀ ਮਾਰਗ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਦੋਵਾਂ ਅਰਥਵਿਵਸਥਾਵਾਂ ਦੀਆਂ ਪੂਰਕ ਸ਼ਕਤੀਆਂ ਅਤੇ ਭਾਰਤ ਤੇ ਪੋਲੈਂਡ ਦੇ ਆਪਣੇ-ਆਪਣੇ ਵਿਕਾਸ ਮਾਰਗਾਂ ਤੋਂ ਪੈਦਾ ਹੋਏ ਮੌਕਿਆਂ ਦੀ ਸ਼ਲਾਘਾ ਕੀਤੀ।

 

ਦੋਵਾਂ ਆਗੂਆਂ ਨੇ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਨਿਰਧਾਰਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਆਪਣੇ ਨਿਵੇਸ਼ ਅਤੇ ਸੰਚਾਲਨ ਵਧਾਉਣ ਅਤੇ ਭਾਰਤ ਦੇ ਵੱਡੇ ਬਾਜ਼ਾਰ, ਕੁਸ਼ਲ ਕਿਰਤ ਬਲ ਅਤੇ ਵਧ ਰਹੇ ਨਿਰਮਾਣ ਤੇ ਨਵੀਨਤਾ ਈਕੋਸਿਸਟਮ ਤੋਂ ਲਾਭ ਉਠਾਉਣ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਟਸਕ ਨੇ ਪੋਲੈਂਡ ਵਿੱਚ ਭਾਰਤੀ ਨਿਵੇਸ਼ ਦੀ ਸ਼ਲਾਘਾ ਕੀਤੀ ਅਤੇ ਮੱਧ ਤੇ ਪੂਰਬੀ ਯੂਰਪ ਅਤੇ ਵੱਡੇ ਯੂਰਪੀਅਨ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਇੱਛੁਕ ਭਾਰਤੀ ਕੰਪਨੀਆਂ ਲਈ ਇੱਕ ਗੇਟਵੇ ਦੇ ਰੂਪ ਵਿੱਚ ਪੋਲੈਂਡ ਦੀ ਤਾਕਤ ’ਤੇ ਜ਼ੋਰ ਦਿੱਤਾ।

 

ਦੋਵਾਂ ਆਗੂਆਂ ਨੇ ਦੁਵੱਲੀ ਕਾਰਜ ਸਮੂਹ ਦੇ ਉਦੇਸ਼ਾਂ ਨੂੰ ਫਿਰ ਤੋਂ ਸ਼ੁਰੂ ਕਰਕੇ ਖੇਤੀਬਾੜੀ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ, ਜਿਸ ਦਾ ਉਦੇਸ਼ ਦੁਵੱਲੇ ਵਪਾਰ ਅਤੇ ਸਹਿਯੋਗ ਨੂੰ ਵਧਾਉਣਾ ਹੈ।

ਦੋਵਾਂ ਆਗੂਆਂ ਨੇ ਇਸ ਯਾਤਰਾ ਦੌਰਾਨ ਆਯੋਜਿਤ ਇੰਡੀਆ-ਪੋਲੈਂਡ ਬਿਜ਼ਨਸ ਫੋਰਮ ਦਾ ਸੁਆਗਤ ਕੀਤਾ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਵੱਡੇ ਸੀਈਓ ਅਤੇ ਉਦਯੋਗ ਦੇ ਪ੍ਰਤੀਨਿਧੀ ਮੌਜੂਦ ਸਨ। ਉਨ੍ਹਾਂ ਨੇ ਕੰਪਨੀਆਂ ਨੂੰ ਉਦਯੋਗਿਕ ਮਸ਼ੀਨਰੀ, ਰੱਖਿਆ, ਬੁਨਿਆਦੀ ਢਾਂਚੇ, ਫਾਰਮਾਸਿਊਟੀਕਲਸ, ਖਣਨ ਅਤੇ ਜ਼ਰੂਰੀ ਖਣਿਜ, ਊਰਜਾ, ਆਈਸੀਟੀ ਅਤੇ ਆਪਸੀ ਲਾਭ ਦੇ ਦੂਜੇ ਸੈਕਟਰਾਂ ਵਿੱਚ ਭਾਈਵਾਲੀ ਦੇ ਮੌਕਿਆਂ ਦੀ ਭਾਲ ਕਰਨ ਲਈ ਉਤਸ਼ਾਹਿਤ ਕੀਤਾ।

 

ਦੋਵਾਂ ਪ੍ਰਧਾਨ ਮੰਤਰੀਆਂ ਨੇ ਗਤੀਸ਼ੀਲ ਅਤੇ ਵਿਭਿੰਨ ਸਪਲਾਈ ਲੜੀਆਂ, ਦਰਮਿਆਨੇ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ, ਨਵੀਨਤਾ-ਕੇਂਦ੍ਰਿਤ ਵਿਕਾਸ ਅਤੇ ਡਿਜੀਟਲ ਬਦਲਾਅ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਰਥਿਕ ਵਿਕਾਸ, ਉਤਪਾਦਕਤਾ ਅਤੇ ਜਨਤਕ ਸੇਵਾ ਵੰਡ ਵਿੱਚ ਡਿਜੀਟਲ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਬਦਲਾਅ ਲਿਆਉਣ ਵਾਲੀ ਭੂਮਿਕਾ ਦੀ ਸ਼ਲਾਘਾ ਕੀਤੀ। ਭਾਰਤ-ਈਯੂ ਵਿਆਪਕ ਰਣਨੀਤਕ ਏਜੰਡੇ ਨੂੰ ਸਵੀਕਾਰ ਕਰਦਿਆਂ ਦੋਵਾਂ ਆਗੂਆਂ ਨੇ ਏਆਈ , ਸੈਮੀਕੰਡਕਟਰ ਅਤੇ ਕੁਆਂਟਮ ਤਕਨਾਲੋਜੀ ’ਤੇ ਮਿਲ ਕੇ ਖੋਜ ਕਰਨ ਦੇ ਨਾਲ-ਨਾਲ ਸਟਾਰਟ-ਅੱਪ ਭਾਈਵਾਲੀ ਨੂੰ ਵਧਾਉਣ ’ਤੇ ਵੀ ਸਹਿਮਤੀ ਜਤਾਈ। ਉਹ ਦੋਵਾਂ ਦੇਸ਼ਾਂ ਵਿੱਚ ਉੱਦਮ, ਖੋਜ ਸੰਸਥਾਨਾਂ ਅਤੇ ਨਵੀਨਤਾ ਈਕੋਸਿਸਟਮ ਦੇ ਵਿਚਕਾਰ ਗੂੜ੍ਹੇ ਸਹਿਯੋਗ ਨੂੰ ਹੁਲਾਰਾ ਦੇਣ ’ਤੇ ਸਹਿਮਤ ਹੋਏ।

 

ਰੱਖਿਆ ਅਤੇ ਸੁਰੱਖਿਆ ਸਹਿਯੋਗ

ਦੋਵਾਂ ਆਗੂਆਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਸਤੰਬਰ, 2026 ਵਿੱਚ ਵਾਰਸੌਅ ਵਿੱਚ ਆਯੋਜਿਤ ਰੱਖਿਆ ਸੰਬੰਧੀ ਸੰਯੁਕਤ ਕਾਰਜ ਸਮੂਹ ਦੀ 8ਵੀਂ ਮੀਟਿੰਗ ਦੇ ਨਤੀਜਿਆਂ ਦਾ ਸੁਆਗਤ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਰੱਖਿਆ ਅਦਾਰਿਆਂ ਦੇ ਵਿਚਕਾਰ ਨਿਯਮਤ ਅਦਾਨ-ਪ੍ਰਦਾਨ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।

 

ਦੋਵਾਂ ਆਗੂਆਂ ਨੇ ਭਾਰਤ ਅਤੇ ਪੋਲੈਂਡ ਦੇ ਰੱਖਿਆ ਉਦਯੋਗਾਂ ਦੇ ਵਿਚਕਾਰ ਵਧ ਰਹੇ ਸੰਪਰਕਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਹਿਯੋਗ ਦੇ ਕਾਰੋਬਾਰੀ ਤੌਰ ’ਤੇ ਵਿਵਹਾਰਕ ਖੇਤਰਾਂ ਦੀ ਪਛਾਣ ਕਰਨ ਲਈ ਉਤਸ਼ਾਹਿਤ ਕੀਤਾ। ਰੱਖਿਆ ਉਦਯੋਗਿਕ ਸਹਿਯੋਗ ਲਈ ਦੂਰਦਰਸ਼ੀ ਰੂਪ-ਰੇਖਾ ਵਿਕਸਤ ਕਰਨ, ਦੋਵਾਂ ਦੇਸ਼ਾਂ ਦੇ ਉਦਯੋਗਾਂ ਦੇ ਵਿਚਕਾਰ ਕਾਰੋਬਾਰੀ ਸਹਿਭਾਗਿਤਾ ਵਧਾਉਣ ਅਤੇ ਆਪਸੀ ਸਹਿਮਤੀ ਨਾਲ ਤਕਨਾਲੋਜੀ, ਸਹਿ-ਵਿਕਾਸ, ਸਹਿ-ਉਤਪਾਦਨ ਅਤੇ ਉਦਯੋਗਿਕ ਸਹਿਯੋਗ ਦੇ ਹੋਰ ਸਰੂਪਾਂ ਵਿੱਚ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਗੂਆਂ ਨੇ ਰੱਖਿਆ ਉਦਯੋਗ ਸੰਵਾਦ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਿਆ।

 

ਦੋਵਾਂ ਆਗੂਆਂ ਨੇ ਜਨਵਰੀ, 2026 ਵਿੱਚ ਭਾਰਤ-ਯੂਰਪੀਅਨ ਯੂਨੀਅਨ ਸੁਰੱਖਿਆ ਅਤੇ ਰੱਖਿਆ ਭਾਈਵਾਲੀ ’ਤੇ ਹਸਤਾਖ਼ਰ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ, ਸਾਇਬਰ ਸੁਰੱਖਿਆ ਅਤੇ ਰੱਖਿਆ ਨਵੀਨਤਾ ਦੇ ਖੇਤਰ ਵਿੱਚ ਭਾਰਤ-ਪੋਲੈਂਡ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਦਿਸ਼ਾ ਵਿੱਚ ਵਪਾਰਕ ਮੰਚਾਂ ਅਤੇ ਹੋਰ ਮਾਧਿਅਮਾਂ ਤੋਂ ਸਹਿਯੋਗ ਨੂੰ ਹੁਲਾਰਾ ਦੇਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਨਾਲ ਤਕਨਾਲੋਜੀ ਦੇ ਖੇਤਰ ਵਿੱਚ ਗਤੀਸ਼ੀਲਤਾ ਵਧਾਉਣ ਅਤੇ ਭਾਰਤ-ਯੂਰਪੀਅਨ ਯੂਨੀਅਨ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਮਿਲੇਗਾ।

ਦੋਵਾਂ ਧਿਰਾਂ ਨੇ ਗੁਪਤ ਸੂਚਨਾਵਾਂ ਦੇ ਆਪਸੀ ਸੁਰੱਖਿਆ ਅਤੇ ਅਦਾਨ-ਪ੍ਰਦਾਨ ਸੰਬੰਧੀ ਸਮਝੌਤੇ ਦੇ ਮਹੱਤਵ ਦਾ ਜ਼ਿਕਰ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਇਸ ’ਤੇ ਛੇਤੀ ਹੀ ਹਸਤਾਖ਼ਰ ਕੀਤੇ ਜਾਣਗੇ।

 

ਪੁਲਾੜ ਸਹਿਯੋਗ ਅਤੇ ਨਵੀਆਂ ਤਕਨਾਲੋਜੀਆਂ

ਦੋਵਾਂ ਆਗੂਆਂ ਨੇ ਪੁਲਾੜ ਸੈਕਟਰ ਵਿੱਚ ਸਹਿਯੋਗ ਨੂੰ ਰਣਨੀਤਕ ਭਾਈਵਾਲੀ ਦਾ ਇੱਕ ਪ੍ਰਮੁੱਖ ਘਟਕ ਮੰਨਿਆ ਅਤੇ ਆਪਸੀ ਲਾਭਕਾਰੀ ਸਹਿਯੋਗ ਦੇ ਠੋਸ ਖੇਤਰਾਂ ਦੀ ਪਛਾਣ ਕਰਨ ਦੇ ਯਤਨਾਂ ਦਾ ਸੁਆਗਤ ਕਰਦਿਆਂ ਸੰਸਥਾਗਤ ਅਤੇ ਉਦਯੋਗ ਪੱਧਰ ’ਤੇ ਭਾਈਵਾਲੀ ਵਧਾਉਣ ਨੂੰ ਉਤਸ਼ਾਹਿਤ ਕੀਤਾ।

ਦੋਵਾਂ ਆਗੂਆਂ ਨੇ ਸੈਮੀਕੰਡਕਟਰ ’ਤੇ ਗੂੜ੍ਹੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ।

 

ਦੋਵਾਂ ਪ੍ਰਧਾਨ ਮੰਤਰੀਆਂ ਨੇ ਚਕਰੀ ਅਰਥਵਿਵਸਥਾ ਅਤੇ ਰਿਕਵਰੀ ਇੰਡਸਟਰੀ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੱਤਾ। ਇਸ ਵਿੱਚ ਖ਼ਾਸ ਤੌਰ ’ਤੇ ਬੈਟਰੀਆਂ ਦੇ ਰੀਸਾਈਕਲਿੰਗ ਅਤੇ ਦੁਰਲੱਭ ਮਿੱਟੀ ਦੇ ਖਣਿਜਾਂ ਦੇ ਸ਼ੁੱਧੀਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਦੋਵਾਂ ਆਗੂਆਂ ਨੇ ਭੂ-ਵਿਗਿਆਨ, ਖਣਨ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਗੂੜ੍ਹੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ। ਇਸ ਸੰਬੰਧ ਵਿੱਚ ਇੱਕ ਸਮਝੌਤਾ ਪੱਤਰ (ਐੱਮਓਯੂ) ’ਤੇ ਗੱਲਬਾਤ ਜਾਰੀ ਹੈ।

 

ਕਨੈਕਟੀਵਿਟੀ, ਸਮੁੰਦਰੀ ਸਹਿਯੋਗ ਅਤੇ ਜਹਾਜ਼ਰਾਨੀ

ਦੋਵਾਂ ਆਗੂਆਂ ਨੇ ਪੋਲੈਂਡ ਅਤੇ ਭਾਰਤ ਦੇ ਵਿਚਕਾਰ ਵੱਖ-ਵੱਖ ਮਾਰਗਾਂ ’ਤੇ ਸਿੱਧੀਆਂ ਉਡਾਣਾਂ ਦੀ ਗਿਣਤੀ ਵਧਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਪ੍ਰਤੀਕ ਵਜੋਂ ਦੋਵਾਂ ਦੇਸ਼ਾਂ ਦੇ ਸ਼ਹਿਰੀ ਹਵਾਬਾਜ਼ੀ ਅਤੇ ਹਵਾਬਾਜ਼ੀ ਅਥਾਰਟੀਆਂ ਨੂੰ ਸਿੱਧੀ ਗੱਲਬਾਤ ਕਰਨ ਲਈ ਉਤਸ਼ਾਹਿਤ ਕੀਤਾ।

ਦੋਵਾਂ ਧਿਰਾਂ ਨੇ ਜਹਾਜ਼ਰਾਨੀ ਉਦਯੋਗ ਦੇ ਨਾਲ-ਨਾਲ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ।

 

ਦੋਵਾਂ ਆਗੂਆਂ ਨੇ ਸੁਰੱਖਿਅਤ, ਮਜ਼ਬੂਤ ਅਤੇ ਏਕੀਕ੍ਰਿਤ ਨੈੱਟਵਰਕ ਵਿਕਸਤ ਕਰਨ ਵਿੱਚ ਬੰਦਰਗਾਹਾਂ ਦੇ ਵਿਚਕਾਰ ਸਹਿਯੋਗ ਦੇ ਮਹੱਤਵ ਨੂੰ ਸਵੀਕਾਰ ਕੀਤਾ। ਅਜਿਹਾ ਨੈੱਟਵਰਕ ਗਲੋਬਲ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਲਿਆਉਣ, ਆਵਾਜਾਈ ਦਾ ਸਮਾਂ ਘਟਾਉਣ ਅਤੇ ਭੂ-ਰਾਜਨੀਤਕ ਰੁਕਾਵਟਾਂ ਤੋਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਹਾਇਕ ਹੋਵੇਗਾ। ਦੋਵਾਂ ਆਗੂਆਂ ਨੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ (ਆਈਐੱਮਈਸੀ) ਪਹਿਲਕਦਮੀ ਸਮੇਤ ਸੰਪਰਕ ਵਿਵਸਥਾ ਵਿੱਚ ਸੁਧਾਰ ਦੇ ਮਹੱਤਵ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀਆਂ ਨੇ ਧਰੁਵੀ ਮਾਮਲਿਆਂ ਨਾਲ ਸੰਬੰਧਤ ਵਿਸ਼ਿਆਂ ’ਤੇ ਵਿਗਿਆਨਕ ਸਹਿਯੋਗ ਵਿਕਸਤ ਕਰਨ ’ਤੇ ਸਹਿਮਤੀ ਪ੍ਰਗਟਾਈ।

 

ਵਿਗਿਆਨ, ਸਿੱਖਿਆ ਅਤੇ ਅਕਾਦਮਿਕ ਸਹਿਯੋਗ

ਦੋਵਾਂ ਆਗੂਆਂ ਨੇ ਭਾਰਤਵਿਦਿਆ (ਇੰਡੋਲੋਜੀ) ਅਤੇ ਸੰਸਕ੍ਰਿਤ ਦੇ ਅਧਿਐਨ ਵਿੱਚ ਪੋਲੈਂਡ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਦਵਤਾਪੂਰਨ ਪਰੰਪਰਾ ਦਾ ਜ਼ਿਕਰ ਕੀਤਾ ਅਤੇ ਕ੍ਰਾਕੋ ਸਥਿਤ ਯਾਗੇਲੋਨੀਅਨ ਯੂਨੀਵਰਸਿਟੀ ਵਿੱਚ ਭਾਰਤੀ ਸੱਭਿਆਚਾਰਕ ਸੰਬੰਧ ਪ੍ਰੀਸ਼ਦ (ਆਈਸੀਸੀਆਰ) ਦੇ ਭਾਰਤੀ ਅਧਿਐਨ ਪੀਠ ਦਾ ਸੁਆਗਤ ਕੀਤਾ। ਉਨ੍ਹਾਂ ਨੇ ਭਾਰਤੀ ਯੂਨੀਵਰਸਿਟੀਆਂ ਵਿੱਚ ਪੋਲਿਸ਼ ਭਾਸ਼ਾ ਦੇ ਅਧਿਆਪਕਾਂ ਦੀ ਮੌਜੂਦਗੀ ਦੀ ਵੀ ਸ਼ਲਾਘਾ ਕੀਤੀ।

ਦੋਵਾਂ ਆਗੂਆਂ ਨੇ ਭਾਰਤ ਅਤੇ ਪੋਲੈਂਡ ਦੇ ਉੱਚ ਸਿੱਖਿਆ ਅਦਾਰਿਆਂ ਦੇ ਵਿਚਕਾਰ ਸਹਿਯੋਗ ਦੇ ਵਿਆਪਕ ਨੈੱਟਵਰਕ ਦਾ ਜ਼ਿਕਰ ਕੀਤਾ ਅਤੇ ਸੰਸਥਾਗਤ ਭਾਈਵਾਲੀ ਨੂੰ ਹੋਰ ਡੂੰਘਾ ਕਰਨ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਅਤੇ ਸੰਯੁਕਤ ਖੋਜ ਦੇ ਵਧੇਰੇ ਮੌਕੇ ਵਿਕਸਤ ਕਰਨ ਦਾ ਸੱਦਾ ਦਿੱਤਾ।

 

ਸੱਭਿਆਚਾਰ ਅਤੇ ਲੋਕਾਂ ਦੇ ਆਪਸੀ ਸੰਬੰਧ

ਦੋਵਾਂ ਆਗੂਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਵਿਚਕਾਰ ਮਜ਼ਬੂਤ ਸੰਬੰਧ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਥੰਮ੍ਹ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ, ਪੇਸ਼ੇਵਰਾਂ ਅਤੇ ਸੈਲਾਨੀਆਂ ਦੇ ਵਿਚਕਾਰ ਵਧ ਰਹੇ ਅਦਾਨ-ਪ੍ਰਦਾਨ ਦਾ ਸੁਆਗਤ ਕੀਤਾ ਅਤੇ ਖੇਡ, ਨੌਜਵਾਨ ਆਦਾਨ-ਪ੍ਰਦਾਨ ਅਤੇ ਸੈਰ-ਸਪਾਟੇ ਸਮੇਤ ਸੱਭਿਆਚਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਤੇ ਸਹਿਮਤੀ ਪ੍ਰਗਟਾਈ। ਸੱਭਿਆਚਾਰ, ਵਿਗਿਆਨ ਅਤੇ ਉੱਚ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਸੰਬੰਧੀ ਸਮਝੌਤਾ ਛੇਤੀ ਹੀ ਸੰਪੰਨ ਕੀਤਾ ਜਾਵੇਗਾ। ਭਾਰਤ ਦੇ ਨੈਸ਼ਨਲ ਆਰਕਾਈਵਜ਼ ਅਤੇ ਪੋਲੈਂਡ ਗਣਰਾਜ ਦੇ ਸਟੇਟ ਆਰਕਾਈਵਜ਼ ਦੇ ਮਹਾਨਿਦੇਸ਼ਕ ਦੇ ਵਿਚਕਾਰ ਸਹਿਯੋਗ ਸੰਬੰਧੀ ਸਮਝੌਤਾ ਸੰਪੰਨ ਹੋ ਚੁੱਕਿਆ ਹੈ ਅਤੇ ਇਸ ’ਤੇ ਜਲਦੀ ਹੀ ਹਸਤਾਖ਼ਰ ਕੀਤੇ ਜਾਣਗੇ।

 

ਦੋਵਾਂ ਧਿਰਾਂ ਨੇ ਵਾਰਸੌਅ ਵਿੱਚ ਮਹਾਰਾਜਾ ਜਾਮ ਸਾਹਿਬ (ਜਿਨ੍ਹਾਂ ਨੂੰ ਪੋਲੈਂਡ ਵਿੱਚ ਪ੍ਰਸਿੱਧ ਤੌਰ ’ਤੇ ‘ਗੁੱਡ ਮਹਾਰਾਜਾ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਅਤੇ ਕੋਲਹਾਪੁਰ ਰਿਆਸਤ ਦੇ ਸਮਾਰਕ ਨੂੰ ਦੋਵਾਂ ਮਿੱਤਰ ਦੇਸ਼ਾਂ ਦੇ ਨਾਗਰਿਕਾਂ ਦੇ ਵਿਚਕਾਰ ਜਿਉਂਦੇ-ਜਾਗਦੇ ਪੁਲ ਅਤੇ ਇਤਿਹਾਸ ਦੇ ਇੱਕ ਪ੍ਰੇਰਣਾਦਾਇਕ ਅਧਿਆਇ ਵਜੋਂ ਸਵੀਕਾਰ ਕੀਤਾ। ਇਹ ਉਸ ਇਤਿਹਾਸਕ ਪ੍ਰਸੰਗ ਦੀ ਯਾਦ ਦਿਵਾਉਂਦਾ ਹੈ, ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਨੇ ਹਜ਼ਾਰਾਂ ਪੋਲਿਸ਼ ਮਹਿਲਾਵਾਂ ਅਤੇ ਬੱਚਿਆਂ ਨੂੰ ਪਨਾਹ ਪ੍ਰਦਾਨ ਕੀਤੀ ਸੀ। ਦੋਵਾਂ ਧਿਰਾਂ ਨੇ ਸੰਤੋਖ ਪ੍ਰਗਟ ਕੀਤਾ ਕਿ ਜਾਮ ਸਾਹਿਬ ਯਾਦਗਾਰੀ ਨੌਜਵਾਨ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਦੋ ਸੰਸਕਰਣ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਨਵੀਨਤਮ ਸੰਸਕਰਣ ਅਕਤੂਬਰ, 2026 ਵਿੱਚ ਆਯੋਜਿਤ ਹੋਇਆ।

ਦੋਵਾਂ ਧਿਰਾਂ ਨੇ ‘ਆਪ੍ਰੇਸ਼ਨ ਗੰਗਾ’ ਦੌਰਾਨ ਯੂਕ੍ਰੇਨ ਵਿੱਚ ਫਸੇ 2,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਪੋਲੈਂਡ ਦੇ ਅਧਿਕਾਰੀਆਂ ਵੱਲੋਂ ਪ੍ਰਦਾਨ ਕੀਤੀ ਗਈ ਸਹਾਇਤਾ ਦੀ ਸ਼ਲਾਘਾ ਕਰਦਿਆਂ ਉਸ ਦਾ ਜ਼ਿਕਰ ਕੀਤਾ।

 

ਬਹੁਪੱਖੀ ਸਹਿਯੋਗ ਅਤੇ ਗਲੋਬਲ ਮੁੱਦੇ

ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਚਾਰਟਰ ਨੂੰ ਕੇਂਦਰ ਵਿੱਚ ਰੱਖਦਿਆਂ ਬਹੁਪੱਖਵਾਦ ਦੇ ਮਹੱਤਵ ’ਤੇ ਜ਼ੋਰ ਦਿੱਤਾ। ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹੋਈਆਂ ਕਿ ਸੰਯੁਕਤ ਰਾਸ਼ਟਰ ਨੂੰ ਢਾਂਚਾਗਤ ਸੁਧਾਰਾਂ ਦੀ ਜ਼ਰੂਰਤ ਹੈ। ਇਸ ਵਿੱਚ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਅਤੇ ਅਸਥਾਈ, ਦੋਵਾਂ ਸ਼੍ਰੇਣੀਆਂ ਵਿੱਚ ਮੈਂਬਰਸ਼ਿਪ ਦਾ ਵਿਸਤਾਰ ਸ਼ਾਮਲ ਹੈ, ਤਾਂ ਜੋ ਸੰਯੁਕਤ ਰਾਸ਼ਟਰ ਪ੍ਰਸੰਗਿਕ, ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਬਣਿਆ ਰਹੇ। ਪੋਲੈਂਡ ਨੇ ਵਧੇਰੇ ਸਮਾਵੇਸ਼ੀ, ਸੁਧਾਰੇ ਗਏ ਅਤੇ ਵਿਸਤ੍ਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਵਿੱਚ ਭਾਰਤ ਦੀ ਮੈਂਬਰਸ਼ਿਪ ਦੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਨਾਲ ਹੀ, ਸਾਲ 2028-29 ਲਈ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਵੀ ਦੁਹਰਾਇਆ।

ਦੋਵਾਂ ਆਗੂਆਂ ਨੇ ਅੰਤਰਰਾਸ਼ਟਰੀ ਸਹਿਯੋਗ ਦੇ ਇੱਕ ਪ੍ਰਮੁੱਖ ਮੰਚ ਵਜੋਂ ਜੀ-20 ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਜੀ-20 ਦੇ ਉਨ੍ਹਾਂ ਵੱਖ-ਵੱਖ ਕਾਰਜ-ਖੇਤਰਾਂ ਅਤੇ ਕਾਰਜ-ਪ੍ਰਵਾਹਾਂ ਵਿੱਚ ਸਹਿਯੋਗ ਕਰਨ ਦੀ ਤਤਪਰਤਾ ਪ੍ਰਗਟ ਕੀਤੀ, ਜਿਨ੍ਹਾਂ ਵਿੱਚ ਪੋਲੈਂਡ ਗਣਰਾਜ ਹਿੱਸਾ ਲੈਂਦਾ ਹੈ ਜਾਂ ਜਿਸ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਜਾ ਸਕਦਾ ਹੈ।

 

ਦੋਵਾਂ ਆਗੂਆਂ ਨੇ ਯੂਕ੍ਰੇਨ ਵਿੱਚ ਜਾਰੀ ਯੁੱਧ ਅਤੇ ਇਸ ਦੇ ਭਿਆਨਕ ਤੇ ਦੁਖਦਾਇਕ ਮਨੁੱਖਤਾਵਾਦੀ ਨਤੀਜਿਆਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਕੂਲ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ ਦੁਹਰਾਈ, ਜੋ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਕੂਲ ਹੋਵੇ ਅਤੇ ਜਿਸ ਵਿੱਚ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਸ਼ਾਮਲ ਹੋਵੇ। ਦੋਵਾਂ ਆਗੂਆਂ ਨੇ ਯੂਕ੍ਰੇਨ ਯੁੱਧ ਦੇ ਕਾਰਨ ਗਲੋਬਲ ਭੋਜਨ ਅਤੇ ਊਰਜਾ ਸੁਰੱਖਿਆ, ਖ਼ਾਸ ਤੌਰ ’ਤੇ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਪੈਣ ਵਾਲੇ ਪ੍ਰਤੀਕੂਲ ਪ੍ਰਭਾਵਾਂ ਦਾ ਵੀ ਜ਼ਿਕਰ ਕੀਤਾ।

 

ਦੋਵਾਂ ਆਗੂਆਂ ਨੇ ਅੱਤਵਾਦ ਅਤੇ ਅੱਤਵਾਦ ਨੂੰ ਹੁਲਾਰਾ ਦੇਣ ਵਾਲੇ ਹਿੰਸਕ ਕੱਟੜਪੰਥ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪੱਸ਼ਟ ਰੂਪ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਪਿੱਛੇ ਕੋਈ ਵੀ ਉਦੇਸ਼ ਹੋਵੇ, ਉਸ ਨੂੰ ਕੋਈ ਕਿਸੇ ਵੀ ਅਧਾਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਵਿੱਚ ਸਰਹੱਦ ਪਾਰ ਅੱਤਵਾਦ ਵੀ ਸ਼ਾਮਲ ਹੈ। ਦੋਵਾਂ ਆਗੂਆਂ ਨੇ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਦੇ ਵਿਰੁੱਧ ਠੋਸ ਅਤੇ ਤਾਲਮੇਲ ਵਾਲੀ ਕਾਰਵਾਈ ਦਾ ਸੱਦਾ ਦਿੱਤਾ, ਜਿਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਪਾਬੰਦੀ ਕਮੇਟੀ ਵੱਲੋਂ ਸੂਚੀਬੱਧ ਸੰਗਠਨ ਵੀ ਸ਼ਾਮਲ ਹਨ। ਦੋਵਾਂ ਧਿਰਾਂ ਨੇ ਸਾਰੇ ਦੇਸ਼ਾਂ ਨੂੰ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਨੈੱਟਵਰਕ ਨੂੰ ਵਿਘਨ ਪਾਉਣ ਲਈ ਨਿਰੰਤਰ ਯਤਨ ਕਰਨ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਅੱਤਵਾਦ ’ਤੇ ਵਿਆਪਕ ਸੰਧੀ (ਸੀਸੀਆਈਟੀ) ਨੂੰ ਜਲਦੀ ਅਪਣਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਤਵਾਦ-ਰੋਧੀ ਵਿਸ਼ਿਆਂ ’ਤੇ ਸੰਵਾਦ ਕਰਨ ’ਤੇ ਵੀ ਸਹਿਮਤੀ ਪ੍ਰਗਟ ਕੀਤੀ।

 

ਦੋਵਾਂ ਆਗੂਆਂ ਨੇ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਮਹੱਤਵ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਨਮਾਨ ਦੀ ਪੁਸ਼ਟੀ ਕੀਤੀ। ਇਸ ਵਿੱਚ 1982 ਦੀ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ (ਯੂਐੱਨਸੀਐੱਲਓਐੱਸ) ਦਾ ਪਾਲਣ ਵੀ ਸ਼ਾਮਲ ਹੈ। ਉਨ੍ਹਾਂ ਨੇ ਜਹਾਜ਼ਰਾਨੀ ਦੀ ਸੁਤੰਤਰਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਕੂਲ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੇ ਮਹੱਤਵ ’ਤੇ ਜ਼ੋਰ ਦਿੱਤਾ। ਭਾਰਤ ਨੇ ਪੋਲੈਂਡ ਨੂੰ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਦੋਵਾਂ ਆਗੂਆਂ ਨੇ ਭਾਰਤ ਅਤੇ ਵਾਇਸੇਗ੍ਰਾਡ ਗਰੁੱਪ (ਵੀ4) ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ਦਾ ਸੁਆਗਤ ਕੀਤਾ। ਇਸ ਸਮੂਹ ਵਿੱਚ ਪੋਲੈਂਡ, ਹੰਗਰੀ, ਜ਼ੈੱਕ ਗਣਰਾਜ ਅਤੇ ਸਲੋਵਾਕ ਗਣਰਾਜ ਸ਼ਾਮਲ ਹਨ। ਉਨ੍ਹਾਂ ਨੇ ਵੀ4+ਭਾਰਤ ਫਾਰਮੈਟ ਰਾਹੀਂ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਹਿੱਤਾਂ ਅਤੇ ਇੱਕ-ਦੂਜੇ ਦੀਆਂ ਪੂਰਕ ਸਮਰੱਥਾਵਾਂ ਦੇ ਅਧਾਰ ’ਤੇ ਦੂਰਦਰਸ਼ੀ ਭਾਈਵਾਲੀ ਵਿਕਸਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

 

ਦੋਵਾਂ ਆਗੂਆਂ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗਲੋਬਲ ਪੱਧਰ ’ਤੇ ਤੇਜ਼ੀ ਨਾਲ ਕਾਰਵਾਈ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਰੂਪ-ਰੇਖਾ ਸੰਧੀ (ਯੂਐੱਨਐੱਫਸੀਸੀਸੀ) ਦੀ ਪ੍ਰਕਿਰਿਆ ਅਤੇ ਪੈਰਿਸ ਸਮਝੌਤੇ ਦੇ ਪ੍ਰਤੀ ਆਪਣਾ ਸਮਰਥਨ ਦੁਹਰਾਇਆ। ਉਨ੍ਹਾਂ ਨੇ ਭਿਆਨਕ ਮੌਸਮੀ ਘਟਨਾਵਾਂ, ਵਾਤਾਵਰਣਕ ਖੋਰ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਤੋਂ ਪੈਦਾ ਹੁੰਦੇ ਖਤਰਿਆਂ ਨੂੰ ਸਵੀਕਾਰ ਕੀਤਾ ਅਤੇ ਸਵੱਛ ਊਰਜਾ, ਟਿਕਾਊ ਤਕਨਾਲੋਜੀਆਂ ਅਤੇ ਜਲਵਾਯੂ-ਅਨੁਕੂਲ ਵਿਕਾਸ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ, ਜਲਵਾਯੂ ਦੀ ਰੱਖਿਆ ਕਰਨ ਅਤੇ ਉਦਯੋਗਿਕ ਮੁਕਾਬਲੇ ਵਧਾਉਣ ਲਈ ਰਾਸ਼ਟਰੀ ਊਰਜਾ ਮਿਸ਼ਰਣ ਵਿੱਚ ਘਰੇਲੂ ਪੱਧਰ ’ਤੇ ਉਤਪਾਦਿਤ ਸਵੱਛ ਊਰਜਾ ਦੀ ਹਿੱਸੇਦਾਰੀ ਵਧਾਉਣ ਦੀ ਜ਼ਰੂਰਤ ਦਾ ਜ਼ਿਕਰ ਕੀਤਾ। ਭਾਰਤ ਨੇ ਆਫ਼ਤ-ਪ੍ਰਤੀਰੋਧੀ ਬੁਨਿਆਦੀ ਢਾਂਚਾ ਗੱਠਜੋੜ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਦੇ ਪੋਲੈਂਡ ਦੇ ਐਲਾਨ का ਸੁਆਗਤ ਕੀਤਾ। ਭਾਰਤ ਨੇ ਪੋਲੈਂਡ ਨੂੰ ਅੰਤਰਰਾਸ਼ਟਰੀ ਸੌਰ ਗੱਠਜੋੜ (ਆਈਐੱਸਏ) ਅਤੇ ਗਲੋਬਲ ਜੈਵ ਈਂਧਣ ਗੱਠਜੋੜ (ਜੀਬੀਏ) ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ।

 

 ਪ੍ਰਧਾਨ ਮੰਤਰੀ ਸ਼੍ਰੀ ਟਸਕ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਵਫ਼ਦ ਦੇ ਪ੍ਰਤੀ ਸੁਹਿਰਦ ਪ੍ਰਾਹੁਣਚਾਰੀ ਲਈ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਭਾਰਤ-ਪੋਲੈਂਡ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਅਤੇ ਵਿਭਿੰਨ ਬਣਾਉਣ ਅਤੇ ਨਿਯਮਤ ਉੱਚ-ਪੱਧਰੀ ਸੰਵਾਦ ਅਤੇ ਮਜ਼ਬੂਤ ਸੰਸਥਾਗਤ ਸਹਿਯੋਗ ਦੇ ਮਾਧਿਅਮ ਨਾਲ ਕਾਰਜ ਯੋਜਨਾ (2024-2028) का ਪ੍ਰਭਾਵੀ ਲਾਗੂਕਰਨ ਯਕੀਨੀ ਬਣਾਉਣ ਦੀ ਆਪਣੀ ਸਾਂਝੀ ਵਜਨਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਸ਼੍ਰੀ ਟਸਕ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਪੋਲੈਂਡ ਆਉਣ ਦਾ ਸੱਦਾ ਵੀ ਦਿੱਤਾ।

 

**********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327156) ਵਿਜ਼ੀਟਰ ਕਾਊਂਟਰ : 5