Posted On:
19 OCT 2026 4:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਅਤੇ ਕਿਸਾਨ ਭਲਾਈ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵਰਾਤ੍ਰਿ ਦੀ ਨੌਂਮੀ ‘ਤੇ ਕਿਸਾਨਾਂ ਲਈ ਸੋਧੀ ਹੋਈ ‘ਐਗਰੀ ਵੈੱਲਫੇਅਰ ਪੋਰਟਲ’ ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ। ਇਸ ਨਵੇਂ ਪੋਰਟਲ ਦਾ ਮੁੱਖ ਉਦੇਸ਼ ਦੇਸ਼ ਦੇ ਅੰਨਦਾਤਾਵਾਂ ਤੱਕ ਸਰਕਾਰੀ ਯੋਜਨਾਵਾਂ, ਆਰਥਿਕ ਸਹਾਇਤਾ ਅਤੇ ਖੇਤੀ ਨਾਲ ਜੁੜੀਆਂ ਸਟੀਕ ਜਾਣਕਾਰੀਆਂ ਨੂੰ ਬਿਨਾ ਕਿਸੇ ਪਰੇਸ਼ਾਨੀ ਅਤੇ ਵਿਚੋਲਿਆਂ ਦੇ ਸਿੱਧੇ ਉਨ੍ਹਾਂ ਦੇ ਮੋਬਾਈਲ ਫੋਨ ਤੱਕ ਪਹੁੰਚਾਉਣਾ ਹੈ।
ਲਾਂਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਪਸ਼ਟ ਵਿਜ਼ਨ ਹੈ ਕਿ ਸਰਕਾਰ ਹਰ ਸਮੇਂ ਆਮ ਨਾਗਰਿਕ ਅਤੇ ਕਿਸਾਨ ਲਈ ਮੋਬਾਈਲ ‘ਤੇ ਲਾਈਵ ਰਹੇ। ਤਕਨੀਕ ਦੀ ਅਸਲੀ ਸਾਰਥਕਤਾ ਤਾਂ ਹੀ ਹੈ ਜਦੋਂ ਇਹ ਸਿੱਧੇ ਖੇਤਾਂ ਅਤੇ ਪੇਂਡੂ ਭਾਈਚਾਰਿਆਂ ਤੱਕ ਪਹੁੰਚੇ ਅਤੇ ਕਿਸਾਨਾਂ ਦਾ ਜੀਵਨ ਅਸਾਨ ਬਣਾਏ। ਇਸ ਪੋਰਟਲ ਦੇ ਜ਼ਰੀਏ ਹੁਣ ਕਿਸਾਨਾਂ ਨੂੰ ਯੋਜਨਾਵਾਂ ਦੀ ਜਾਣਕਾਰੀ ਲੈਣ ਜਾਂ ਅਪਲਾਈ ਕਰਨ ਲਈ ਵੱਖ-ਵੱਖ ਦਫ਼ਤਰਾਂ ਅਤੇ ਵੈੱਬਸਾਈਟਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪਲੈਟਫਾਰਮ ਸਿਰਫ਼ ਕਿਸਾਨਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਕਿਸਾਨ ਉਤਪਾਦਕ ਸੰਗਠਨਾਂ (FPOs), ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS), ਖੇਤੀਬਾੜੀ ਵਿਗਿਆਨੀਆਂ, ਖੋਜਕਰਤਾਵਾਂ ਅਤੇ ਸਟਾਰਟਅੱਪਸ ਨੂੰ ਇਕੱਠੇ ਜੋੜੇਗਾ।
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੋਰਟਲ ਦੀ ਸਫਲਤਾ ਸਹੀ ਅਤੇ ਸਮਾਂਬੱਧ ਜਾਣਕਾਰੀ ਨਾਲ ਤੈਅ ਹੋਵੇਗੀ। ਪੁਰਾਣੀਆਂ ਜਾਂ ਅਧੂਰੀਆਂ ਸੂਚਨਾਵਾਂ ਵਿਵਸਥਾ ‘ਤੇ ਭਰੋਸਾ ਘੱਟ ਕਰਦੀਆਂ ਹਨ, ਇਸ ਲਈ ਪੋਰਟਲ ‘ਤੇ ਹਰ ਜਾਣਕਾਰੀ ਦਾ ਲਗਾਤਾਰ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਭਾਸ਼ਾ ਅਤੇ ਪ੍ਰਕਿਰਿਆ ਨੂੰ ਇੰਨਾ ਸਰਲ ਰੱਖਿਆ ਜਾਵੇ ਕਿ ਘੱਟ ਪੜ੍ਹੇ-ਲਿਖੇ ਛੋਟੇ ਅਤੇ ਦਰਮਿਆਨੇ ਕਿਸਾਨ ਵੀ ਇਸ ਨੂੰ ਅਸਾਨੀ ਨਾਲ ਸਮਝ ਅਤੇ ਚਲਾ ਸਕਣ। ਕਿਸਾਨਾਂ ਨੂੰ ਇਸ ਪੋਰਟਲ ਅਤੇ ਡਿਜੀਟਲ ਟੂਲਜ਼ ਦੀ ਵਰਤੋਂ ਵਿੱਚ ਮਾਹਿਰ ਬਣਾਉਣ ਲਈ ਦੇਸ਼ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs) ਰਾਹੀਂ ਇੱਕ ਵਿਸ਼ੇਸ਼ ਸਿਖਲਾਈ ਅਭਿਆਨ ਵੀ ਚਲਾਇਆ ਜਾਵੇਗਾ।

ਕੇੰਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਇਸ ਮਹੱਤਵਪੂਰਨ ਪਹਿਲ ਨੂੰ ਸਮੇਂ ਸਿਰ ਤਿਆਰ ਕਰਨ ਲਈ ਪੂਰੀ ਤਕਨੀਕੀ ਟੀਮ ਦੀ ਸ਼ਲਾਘਾ ਕੀਤੀ। ਇਹ ਨਵਾਂ ਪੋਰਟਲ MeitY ਦੇ DBIM 3.0 ਅਤੇ GIGW 3.0 ਮਿਆਰਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ ਜੋ ਕਿ ਬੇਹੱਦ ਸੁਰੱਖਿਅਤ, ਮੋਬਾਈਲ-ਅਨੁਕੂਲ ਅਤੇ ਦਿਵਯਾਂਗਜਨਾਂ ਦੀ ਵਰਤੋਂ ਲਈ ਪੂਰੀ ਤਰ੍ਹਾਂ ਨਾਲ ਪਹੁੰਚਯੋਗ ਹੈ। ਇਹ ਮੰਚ ਪੀਐੱਮ-ਕਿਸਾਨ, ਐਗਰੀਸਟੈਕ ਅਤੇ ਪੀਐੱਮ ਫਸਲ ਬੀਮਾ ਯੋਜਨਾ ਵਰਗੀਆਂ ਵੱਡੀਆਂ ਪਹਿਲਕਦਮੀਆਂ ਲਈ ਇੱਕ ਸਾਂਝਾ ਪ੍ਰਵੇਸ਼-ਦੁਆਰ (ਸਿੰਗਲ ਵਿੰਡੋ) ਦਾ ਕੰਮ ਕਰੇਗਾ। ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਸਕੱਤਰ ਸ਼੍ਰੀ ਅਤੀਸ਼ ਚੰਦ੍ਰਾ ਅਤੇ ਐਡੀਸ਼ਨਲ ਸੈਕਟਰੀ ਸ਼੍ਰੀ ਪ੍ਰਮੋਦ ਮੇਹਰਦਾ ਸਮੇਤ ਡਿਜੀਟਲ ਐਗਰੀਕਲਚਰ ਡਿਵੀਜ਼ਨ ਦੇ ਨਾਲ ਹੀ ਮੰਤਰਾਲੇ ਅਤੇ ਐੱਨਆਈਸੀ (NIC) ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਖੇਤੀਬਾੜੀ ਭਲਾਈ ਪੋਰਟਲ ਦੇ ਮੁੱਖ ਲਾਭ
ਸਾਰੀਆਂ ਸੇਵਾਵਾਂ ਇੱਕ ਹੀ ਥਾਂ ‘ਤੇ: ਮੰਤਰਾਲੇ ਦੀਆਂ ਯੋਜਨਾਵਾਂ, ਸਬਸਿਡੀ, ਨਿਯਮਾਂ ਅਤੇ ਡਿਜੀਟਲ ਸੇਵਾਵਾਂ ਨਾਲ ਜੁੜੀ ਜਾਣਕਾਰੀ ਇੱਕ ਹੀ ਪੋਰਟਲ ‘ਤੇ ਉਪਲਬਧ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਵੱਖ-ਵੱਖ ਪਲੈਟਫਾਰਮ ‘ਤੇ ਜਾਣ ਵਿੱਚ ਲੱਗਣ ਵਾਲਾ ਸਮਾਂ ਅਤੇ ਮਿਹਨਤ ਬਚੇਗੀ।
ਵਧੇਰੇ ਪਾਰਦਰਸ਼ਿਤਾ ਅਤੇ ਵਿਚੋਲਿਆਂ ਵਿੱਚ ਕਮੀ: ਔਨਲਾਈਨ ਯੋਗਤਾ ਦੀ ਜਾਂ, ਸਿੱਧੇ ਅਪਲਾਈ ਕਰਨ ਵਿੱਚ ਸਹੂਲਤ ਅਤੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਆਰਥਿਕ ਸਹਾਇਤਾ ਮਿਲਣ ਨਾਲ ਪੂਰੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਬਣੇਗੀ ਅਤੇ ਵਿਚੋਲਿਆਂ ਦੀ ਭੂਮਿਕਾ ਘੱਟ ਹੋਵੇਗੀ।
ਗ੍ਰਾਮੀਣ ਕਨੈਕਟੀਵਿਟੀ ਲਈ ਡਿਜ਼ਾਈਨ ਕੀਤਾ ਗਿਆ: ਗ੍ਰਾਮੀਣ ਖਪਤਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਇਹ ਪੋਰਟਲ ਹਲਕਾ ਅਤੇ ਵਰਤੋਂ ਵਿੱਚ ਅਸਾਨ ਹੈ, ਜਿਸ ਨਾਲ ਇਹ ਸਧਾਰਨ ਸਮਾਰਟ ਫੋਨ ‘ਤੇ ਅਤੇ ਘੱਟ ਇੰਟਰਨੈੱਟ ਕਨੈਕਟੀਵਿਟੀ ਵਾਲੇ ਇਲਾਕਿਆਂ ਵਿੱਚ ਵੀ ਸੁਚਾਰੂ ਤੌਰ ‘ਤੇ ਕੰਮ ਕਰਦਾ ਹੈ।
ਸਮੇਂ ਸਿਰ ਅਤੇ ਭਰੋਸੇਮੰਦ ਖੇਤੀਬਾੜੀ ਜਾਣਕਾਰੀ : ਕਿਸਾਨ ਮੌਸਮ ਦੀ ਸਥਿਤੀ, ਵਿਗਿਆਨਕ ਖੇਤੀ ਦੇ ਤਰੀਕਿਆਂ, ਬੀਜ ਅਤੇ ਖਾਦਾਂ ਦੀ ਉਪਲਬਧਤਾ ਅਤੇ ਖੇਤੀਬਾੜੀ ਉਤਪਾਦਾਂ ਦੀਆਂ ਮੌਜੂਦਾ ਬਜ਼ਾਰ ਕੀਮਤਾਂ ਬਾਰੇ ਸਟੀਕ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਦਿਵਯਾਂਗਜਨਾਂ ਲਈ ਪਹੁੰਚਯੋਗ: ਆਧੁਨਿਕ ਸਰਕਾਰੀ ਪਹੁੰਚਯੋਗਤਾ ਮਿਆਰਾਂ ਦੇ ਅਨੁਸਾਰ ਡਿਜ਼ਾਈਨ ਕੀਤੇ ਗਏ ਇਸ ਪੋਰਟਲ ਵਿੱਚ ਸਕ੍ਰੀਨ ਰੀਡਰ ਅਤੇ ਅਸਾਨ ਨੈਵੀਗੇਸ਼ਨ ਦੀ ਸਹੂਲਤ ਹੈ, ਜਿਸ ਨਾਲ ਦ੍ਰਿਸ਼ਟੀਹੀਣ ਅਤੇ ਹੋਰ ਦਿਵਯਾਂਗ ਉਪਭੋਗਤਾ ਇਸ ਦੀਆਂ ਸੇਵਾਵਾਂ ਦਾ ਲਾਭ ਵਧੇਰੇ ਅਸਾਨੀ ਨਾਲ ਲੈ ਸਕਦੇ ਹਨ।

***********
ਐੱਸਐੱਸ/ਡੀਕੇ/ਏਕੇ