ਰੱਖਿਆ ਮੰਤਰਾਲਾ
azadi ka amrit mahotsav

ਭਾਰਤ ਅਤੇ ਮੰਗੋਲੀਆ ਨੇ ਸੰਯੁਕਤ ਕਾਰਜ ਸਮੂਹ ਦੀ 14ਵੀਂ ਬੈਠਕ ਵਿੱਚ ਦੁਵੱਲੀ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ

Posted On: 16 OCT 2026 4:42PM by PIB Chandigarh

ਭਾਰਤ ਅਤੇ ਮੰਗੋਲੀਆ ਦੇ ਰੱਖਿਆ ਮੰਤਰਾਲਿਆਂ ਦੇ ਸੰਯੁਕਤ ਕਾਰਜ ਸਮੂਹ ਦੀ ਅੱਜ ਉਲਾਨਬਾਤਾਰ ਵਿੱਚ ਆਯੋਜਿਤ 14ਵੀਂ ਬੈਠਕ ਵਿੱਚ ਦੋਵਾਂ ਧਿਰਾਂ ਨੇ ਦੁਵੱਲੀਆਂ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਵਿਆਪਕ ਸਮੀਖਿਆ ਕੀਤੀ। ਬੈਠਕ ਵਿੱਚ ਮੌਜੂਦਾ ਪਹਿਲਕਦਮੀਆਂ ਵਿੱਚ ਹੋਈ ਪ੍ਰਗਤੀ ਦਾ ਮੁਲਾਂਕਣ ਅਤੇ ਆਪਸੀ ਤੌਰ ‘ਤੇ ਚਿੰਨ੍ਹਿਤ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਪਾਵਾਂ ‘ਤੇ ਚਰਚਾ ਹੋਈ। ਦੋਵਾਂ ਧਿਰਾਂ ਨੇ ਨਿਰੰਤਰ ਗੱਲਬਾਤ ਰਾਹੀਂ ਦੀਰਘਕਾਲੀ  ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਘਟਨਾਕ੍ਰਮਾਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਦੋਵਾਂ ਧਿਰਾਂ ਨੇ 'ਨੋਮੈਡਿਕ ਐਲੀਫੈਂਟ' ਸੈਨਿਕ ਅਭਿਆਸ ਦੇ ਸਫਲ ਆਯੋਜਨ ਦੀ ਸ਼ਲਾਘਾ ਕੀਤੀ। ਇਹ ਅਭਿਆਸ ਭਾਰਤ ਅਤੇ ਮੰਗੋਲੀਆ ਦਰਮਿਆਨ  ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੰਗੋਲੀਆਈ ਧਿਰ ਨੇ ਮੰਗੋਲੀਆ ਦੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ  ਟ੍ਰੇਨਿੰਗ  ਅਤੇ ਸਮਰੱਥਾ ਵਿਕਾਸ ਵਿੱਚ ਭਾਰਤ ਵੱਲੋਂ ਦਿੱਤੇ ਜਾ ਰਹੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ। ਬੈਠਕ ਦੀ ਸਹਿ-ਪ੍ਰਧਾਨਗੀ ਰੱਖਿਆ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਡਾ. ਇਸ਼ਿਤਾ ਗਾਂਗੁਲੀ ਤ੍ਰਿਪਾਠੀ ਅਤੇ ਮੰਗੋਲੀਆ ਦੇ ਰੱਖਿਆ ਉਪ ਸਕੱਤਰ ਬ੍ਰਿਗੇਡੀਅਰ ਜਨਰਲ ਗਨਸੁਖ ਈ. ਨੇ ਕੀਤੀ।

ਡਾ. ਇਸ਼ਿਤਾ ਗਾਂਗੁਲੀ ਤ੍ਰਿਪਾਠੀ ਨੇ ਮੰਗੋਲੀਆਈ ਹਥਿਆਰਬੰਦ ਬਲਾਂ ਦੇ ਉਪ ਪਮੁੱਖ (ਡਿਪਟੀ ਚੀਫ), ਮੇਜਰ ਜਨਰਲ ਉਸੁਖਬਯਾਰ ਜੇ. ਨਾਲ ਵੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਰੱਖਿਆ ਬਲਾਂ ਦਰਮਿਆਨ ਸਹਿਯੋਗ ਵਿੱਚ ਹੋਈ ਪ੍ਰਗਤੀ ‘ਤੇ ਸੰਤੋਸ਼ ਪ੍ਰਗਟ ਕੀਤਾ। ਉਨ੍ਹਾਂ ਨੇ ਆਪਸੀ ਸਹਿਯੋਗ ਨੂੰ ਹੋਰ ਗੂੜ੍ਹਾ ਬਣਾਉਣ, ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ-ਮੰਗੋਲੀਆ ਰਣਨੀਤਕ ਸਾਂਝੇਦਾਰੀ ਲਈ ਭਵਿੱਖਮੁਖੀ ਕਾਰਜਯੋਜਨਾ ਤਿਆਰ ਕਰਨ ਦੇ ਉਪਾਵਾਂ ‘ਤੇ ਚਰਚਾ ਕੀਤੀ।

ਭਾਰਤੀ ਵਫ਼ਦ ਨੇ ਮੰਗੋਲੀਆ ਦੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ, ਜਿੱਥੇ ਭਾਰਤ ਦੇ ਸਹਿਯੋਗ ਨਾਲ ਸਥਾਪਿਤ ਸਾਈਬਰ ਸੁਰੱਖਿਆ ਸਿਖਲਾਈ ਕੇਂਦਰ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਮੰਗੋਲੀਆਈ ਧਿਰ ਨੇ ਭਾਸ਼ਾ ਸਿਖਲਾਈ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਦੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ। ਉਸ ਨੇ ਦੋਵਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਮਰੱਥਾ ਵਿਕਾਸ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਭਾਰਤ ਅਤੇ ਮੰਗੋਲੀਆ ਦਰਮਿਆਨ ਇਤਿਹਾਸਕ, ਸੱਭਿਆਚਾਰਕ ਅਤੇ ਸਭਿਅਤਾਗਤ ਸਬੰਧਾਂ ਦੀ ਇੱਕ ਮਜ਼ਬੂਤ ਵਿਰਾਸਤ ਰਹੀ ਹੈ, ਜੋ ਦੋਵਾਂ ਦੇਸ਼ਾਂ ਦੀ ਮੌਜੂਦਾ ਸਾਂਝੇਦਾਰੀ ਦਾ ਮਜ਼ਬੂਤ ਅਧਾਰ ਹੈ। ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਦਰਮਿਆਨ  ਸਬੰਧਾਂ ਨੂੰ ਹੋਰ ਗੂੜ੍ਹਾ ਬਣਾਉਣ ਵਿੱਚ ਸਾਂਝੀ ਆਸਥਾ ਅਤੇ ਸੱਭਿਆਚਾਰਕ ਵਿਰਾਸਤ ਦੀ ਮਹੱਤਵਪੂਰਨ ਭੂਮਿਕਾ ਰੇਖਾਂਕਿਤ ਹੋਈ।

*****

ਐੱਸਆਰ/ਸੈਵੀ


(Release ID: 2324829) ਵਿਜ਼ੀਟਰ ਕਾਊਂਟਰ : 4