ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਵਾਣਿਜਯ ਭਵਨ ਵਿਖੇ ਰਾਸ਼ਟਰੀ ਰਣਨੀਤਕ ਵਪਾਰ ਕਮਾਂਡ ਕੇਂਦਰ ਦੀ ਸ਼ੁਰੂਆਤ ਕੀਤੀ
ਐੱਨਐੱਸਟੀਸੀਸੀ ਦਾ ਟੀਚਾ ਡੇਟਾ-ਸੰਚਾਲਿਤ ਨਿਗਰਾਨੀ, ਵਪਾਰ ਜਾਣਕਾਰੀ ਅਤੇ ਸਬੂਤ-ਅਧਾਰਿਤ ਫੈਸਲਾ ਲੈਣ ਨੂੰ ਮਜ਼ਬੂਤ ਬਣਾਉਣਾ ਹੈ
ਐੱਨਐੱਸਟੀਸੀਸੀ ਉਤਪਾਦ-ਵਾਰ ਅਤੇ ਬਜ਼ਾਰ-ਵਾਰ ਵਪਾਰ ਵਿਸ਼ਲੇਸ਼ਣ ਸਮਰੱਥ ਬਣਾਏਗਾ, ਨਿਰਯਾਤ ਮੌਕਿਆਂ ਦੀ ਪਛਾਣ ਕਰੇਗਾ ਅਤੇ ਭਾਰਤ ਦੀ ਆਲਮੀ ਵਪਾਰ ਸਥਿਤੀ ਨੂੰ ਮਜ਼ਬੂਤ ਕਰੇਗਾ
Posted On:
15 OCT 2026 6:04PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀ ਸਥਿਤ ਵਾਣਿਜਯ ਭਵਨ ਵਿਖੇ ਰਾਸ਼ਟਰੀ ਰਣਨੀਤਕ ਵਪਾਰ ਕਮਾਂਡ ਕੇਂਦਰ (ਐੱਨਐੱਸਟੀਸੀਸੀ) ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਅਤੇ ਵਿਦੇਸ਼ੀ ਵਪਾਰ ਡਾਇਰੈਕਟਰ ਜਨਰਲ (ਡੀਜੀਐੱਫਟੀ) ਸ਼੍ਰੀ ਲਵ ਅਗਰਵਾਲ ਵੀ ਮੌਜੂਦ ਸਨ।
ਇਸ ਮੌਕੇ ‘ਤੇ ਸ਼੍ਰੀ ਪੀਯੂਸ਼ ਗੋਇਲ ਨੇ ਡੇਟਾ-ਸੰਚਾਲਿਤ ਅਤੇ ਸਬੂਤ-ਅਧਾਰਿਤ ਵਪਾਰਕ ਫੈਸਲਿਆਂ ਨੂੰ ਸਮਰੱਥ ਬਣਾਉਣ ਲਈ ਐੱਨਐੱਸਟੀਸੀਸੀ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਤੌਰ ‘ਤੇ SCOMET (ਵਿਸ਼ੇਸ਼ ਰਸਾਇਣ, ਜੀਵ, ਸਮੱਗਰੀ, ਉਪਕਰਣ ਅਤੇ ਤਕਨਾਲੋਜੀਆਂ) ਡੈਸ਼ਬੋਰਡ ਦੀ ਸਮੀਖਿਆ ਕਰਦੇ ਹੋਏ, ਉਨ੍ਹਾਂ ਨੇ ਇੰਟਰ-ਮਿਨੀਸਟ੍ਰੀਅਲ ਕਮੇਟੀ ਦੀਆਂ ਨਿਯਮਿਤ ਮੀਟਿੰਗਾਂ ਅਤੇ ਜ਼ਰੂਰਤ ਪੈਣ ‘ਤੇ ਹਫ਼ਤਾਵਾਰੀ ਮੀਟਿੰਗਾਂ ਵੀ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਲੰਬਿਤ ਐਪਲੀਕੇਸ਼ਨਾਂ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੀਆਂ ਐਪਲੀਕੇਸ਼ਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋ ਜਾਵੇ।
ਵਣਜ ਵਿਭਾਗ, ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਵਿਕਸਿਤ, ਐੱਨਐੱਸਟੀਸੀਸੀ ਇੱਕ ਰਣਨੀਤਕ ਪਹਿਲਕਦਮੀ ਹੈ ਜਿਸ ਦਾ ਉਦੇਸ਼ ਏਕੀਕ੍ਰਿਤ ਡੇਟਾ ਵਿਸ਼ਲੇਸ਼ਣ ਅਤੇ ਸਬੂਤ-ਅਧਾਰਿਤ ਫੈਸਲਾ ਲੈਣ ਦੇ ਰਾਹੀਂ ਭਾਰਤ ਦੇ ਅੰਤਰਰਾਸ਼ਟਰੀ ਟ੍ਰੇਡ ਈਕੋਸਿਸਟਮ ਦੀ ਨਿਗਰਾਨੀ, ਵਿਸ਼ਲੇਸ਼ਣ ਅਤੇ ਸ਼ਾਸਨ ਨੂੰ ਮਜ਼ਬੂਤ ਕਰਨਾ ਹੈ।
ਇਸ ਕਮਾਂਡ ਸੈਂਟਰ ਦੀ ਕਲਪਨਾ ਸੀਨੀਅਰ ਨੀਤੀ ਨਿਰਮਾਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਭਾਰਤ ਦੇ ਵਪਾਰ ਪ੍ਰਦਰਸ਼ਨ, ਐਕਸਪੋਰਟ ਪ੍ਰਮੋਸ਼ਨ ਸਕੀਮਾਂ, ਰੈਗੂਲੇਟਰੀ ਮਨਜ਼ੂਰੀਆਂ, ਐਪਲੀਕੇਸ਼ਨ ਪ੍ਰੋਸੈੱਸਿੰਗ ਅਤੇ ਸੰਚਾਲਨ ਸੰਕੇਤਕਾਂ ਦਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ। ਵੱਖ-ਵੱਖ ਵਪਾਰ-ਸਬੰਧਿਤ ਪ੍ਰਣਾਲੀਆਂ ਨਾਲ ਜਾਣਕਾਰੀਆਂ ਨੂੰ ਇਕੱਠੇ ਲਿਆ ਕੇ, ਐੱਨਐੱਸਟੀਸੀਸੀ ਦਾ ਟੀਚਾ ਉਭਰਦੇ ਰੁਝਾਨਾਂ, ਸੰਚਾਲਨ ਸਬੰਧੀ ਰੁਕਾਵਟਾਂ ਅਤੇ ਨੀਤੀਗਤ ਜਾਂ ਪ੍ਰਸ਼ਾਸਕੀ ਦਖਲਅੰਦਾਜ਼ੀ ਦੀਆਂ ਜ਼ਰੂਰਤਾਂ ਵਾਲੇ ਖੇਤਰਾਂ ਦੀ ਸਮੇਂ ‘ਤੇ ਪਛਾਣ ਦੀ ਸੁਵਿਧਾ ਪ੍ਰਦਾਨ ਕਰਨਾ ਚਾਹੁੰਦਾ ਹੈ।
NSTCC ਦੇ ਮੂਲ ਵਿੱਚ ਇੱਕ ਏਕੀਕ੍ਰਿਤ ਵਿਸ਼ਲੇਸ਼ਣ ਅਤੇ ਵਿਜ਼ੂਅਲਾਈਜ਼ੇਸ਼ਨ ਪਲੈਟਫਾਰਮ ਹੈ ਜਿਸ ਨੂੰ ਵਪਾਰ ਨਾਲ ਸਬੰਧਿਤ ਡੇਟਾ ਨੂੰ ਕਾਰਵਾਈ ਯੋਗ ਅੰਤਰਦ੍ਰਿਸ਼ਟੀ ਵਿੱਚ ਬਦਲਣ ਲਈ ਵਿਕਸਿਤ ਕੀਤਾ ਗਿਆ ਹੈ। NSTCC ਪ੍ਰਮੁੱਖ ਵਪਾਰ ਸੰਕੇਤਕ, ਯੋਜਨਾ ਪ੍ਰਦਰਸ਼ਨ, ਐਪਲੀਕੇਸ਼ਨ ਪੈਂਡੈਂਸੀ, ਪ੍ਰੋਸੈੱਸਿੰਗ ਸਮੇਂ-ਸੀਮਾ, ਖੇਤਰੀ ਰੁਝਾਨਾਂ ਅਤੇ ਪਾਲਣਾ-ਸਬੰਧੀ ਮਾਪਦੰਡਾਂ ਨੂੰ ਕਵਰ ਕਰਨ ਵਾਲੇ ਇੰਟਰਐਕਟਿਵ ਡੈਸ਼ਬੋਰਡ ਪ੍ਰਦਾਨ ਕਰਦਾ ਹੈ।
ਇਹ ਪਲੈਟਫਾਰਮ ਉਪਭੋਗਤਾਵਾਂ ਨੂੰ ਭੂਮਿਕਾ-ਅਧਾਰਿਤ ਪਹੁੰਚ ਇਜਾਜ਼ਤਾਂ ਦੇ ਅਧੀਨ- ਰਾਸ਼ਟਰੀ ਵਪਾਰ ਪ੍ਰਦਰਸ਼ਨ, ਰਿਜ਼ਨਲ ਅਥਾਰਿਟੀਆਂ, ਯੋਜਨਾਵਾਂ, ਉਤਪਾਦਾਂ, ਡੈਸਟੀਨੇਸ਼ਨ ਮਾਰਕਿਟਾਂ ਅਤੇ ਵਿਅਕਤੀਗਤ ਐਪਲੀਕੇਸ਼ਨਾਂ ਸਮੇਤ ਕਈ ਪੱਧਰਾਂ ‘ਤੇ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਵਿੱਚ ਸਮਰੱਥ ਬਣਾਉਂਦਾ ਹੈ।
ਆਪਣੇ ਸ਼ੁਰੂਆਤੀ ਪੜਾਅ ਵਿੱਚ, ਕਮਾਂਡ ਸੈਂਟਰ DGFT ਦੇ ਮੁੱਖ ਕਾਰਜਾਂ ਅਤੇ ਵਪਾਰ ਨਾਲ ਸਬੰਧਿਤ ਖੇਤਰਾਂ ਨੂੰ ਕਵਰ ਕਰਨ ਵਾਲੇ ਡੈਸ਼ਬੋਰਡਾਂ ਨੂੰ ਇਕੱਠੇ ਲਿਆਉਂਦਾ ਹੈ। ਇਨ੍ਹਾਂ ਵਿੱਚ ਆਯਾਤ-ਨਿਰਯਾਤ ਕੋਡ (IEC) , ਐਡਵਾਂਸ ਔਥਰਾਈਜ਼ੇਸ਼ਨ, ਐਕਸਪੋਰਟ ਪ੍ਰਮੋਸ਼ਨ ਕੈਪੀਟਲ ਗੁੱਡਜ਼ (EPCG), ਸਰਟੀਫਿਕੇਟ ਆਫ਼ ਓਰੀਜਨ (ਉੱਤਪਤੀ ਦਾ ਪ੍ਰਮਾਣ ਪੱਤਰ), SCOMET, ਪ੍ਰਤੀਬੰਧਿਤ ਆਯਾਤ ਅਤੇ ਨਿਰਯਾਤ ਅਤੇ ਹੋਰ ਰੈਗੂਲੇਟਰੀ ਅਤੇ ਵਪਾਰ ਸਹੂਲਤ ਪ੍ਰਕਿਰਿਆਵਾਂ ਸ਼ਾਮਲ ਹਨ। ਇਹ ਡੈਸ਼ਬੋਰਡ ਰਿਜ਼ਨਲ ਅਥਾਰਿਟੀਆਂ ਵਿੱਚ ਯੋਜਨਾਵਾਂ ਦੀ ਵਰਤੋਂ, ਪ੍ਰੋਸੈੱਸਿੰਗ ਕੁਸ਼ਲਤਾ, ਨਿਰਯਾਤ ਜ਼ਿੰਮੇਵਾਰੀਆਂ, ਵਪਾਰ ਪੈਟਰਨਾਂ ਅਤੇ ਸੰਚਾਲਨ ਪ੍ਰਦਰਸ਼ਨ ਦੀ ਨਿਗਰਾਨੀ ਵਿੱਚ ਸਮਰੱਥ ਬਣਾਏਗਾ।
ਐੱਨਐੱਸਟੀਸੀਸੀ ਨੂੰ ਵਪਾਰ ਸ਼ਾਸਨ ਦੇ ਤਿੰਨ ਮੁੱਖ ਆਯਾਮਾਂ ਨੂੰ ਸਮਰੱਥਨ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ:
• ਏਕੀਕ੍ਰਿਤ ਨਿਗਰਾਨੀ: ਵਪਾਰ ਦੇ ਰੁਝਾਨਾਂ, ਐਪਲੀਕੇਸ਼ਨ ਪ੍ਰੋਸੈੱਸਿੰਗ, ਲੰਬਿਤ ਮਾਮਲਿਆਂ ਅਤੇ ਉਭਰਦੇ ਜ਼ੋਖਮਾਂ ਦੀ ਇਕੱਠੇ ਜਾਣਕਾਰੀ ਪ੍ਰਦਾਨ ਕਰਨਾ, ਜਿਸ ਨਾਲ ਸੰਚਾਲਨ ਸਬੰਧੀ ਸਮੱਸਿਆਵਾਂ ਦੀ ਸਮੇਂ ਰਹਿੰਦੇ ਪਛਾਣ ਅਤੇ ਸਮਾਧਾਨ ਕੀਤਾ ਜਾ ਸਕੇ।
-
ਪ੍ਰਦਰਸ਼ਨ ਮੁਲਾਂਕਣ: ਕਮੀਆਂ ਅਤੇ ਸੁਧਾਰ ਦੇ ਮੌਕਿਆਂ ਦੀ ਪਛਾਣ ਕਰਨ ਲਈ, ਨਿਰਧਾਰਿਤ ਪ੍ਰਦਰਸ਼ਨ ਸੰਕੇਤਕਾਂ ਦੇ ਅਧਾਰ ‘ਤੇ ਯੋਜਨਾਵਾਂ, ਪ੍ਰਕਿਰਿਆਵਾਂ ਅਤੇ ਰੀਜ਼ਨਲ ਅਥਾਰਿਟੀਆਂ ਦੀ ਨਿਗਰਾਨੀ ਅਤੇ ਬੈਂਚਮਾਰਕਿੰਗ (ਤੁਲਨਾਤਮਕ ਮੁਲਾਂਕਣ) ਨੂੰ ਸੁਵਿਧਾਜਨਕ ਬਣਾਉਣਾ।
-
ਸਬੂਤ-ਅਧਾਰਿਤ ਨੀਤੀਗਤ ਇਨਪੁਟ: ਨੀਤੀ ਨੂੰ ਅਸਾਨ ਬਣਾਉਣ, ਪ੍ਰਕਿਰਿਆਵਾਂ ਵਿੱਚ ਸੁਧਾਰ ਲਿਆਉਣ ਅਤੇ ਵਪਾਰ ਸਰਲਤਾ ਲਈ ਨਿਸ਼ਾਨਾਬੱਧ ਉਪਾਅ ਕਰਨ ਦੇ ਉਦੇਸ਼ ਨਾਲ, ਵਾਰ-ਵਾਰ ਆਉਣ ਵਾਲੀਆਂ ਰੁਕਾਵਟਾਂ, ਪ੍ਰਕਿਰਿਆਤਮਕ ਗੁੰਝਲਾਂ ਅਤੇ ਉਭਰਦੇ ਵਪਾਰ ਪੈਟਰਨਾਂ ਦੀ ਪਛਾਣ ਕਰਨਾ।
ਇਹ ਪਹਿਲ ਉਤਪਾਦ-ਵਾਰ ਅਤੇ ਬਜ਼ਾਰ-ਵਾਰ ਵਿਸ਼ਲੇਸ਼ਣ, ਵਪਾਰ ਸਮਝੌਤੇ ਦੀ ਵਰਤੋਂ ਦਾ ਮੁਲਾਂਕਣ, ਨਿਰਯਾਤ ਮੌਕਿਆਂ ਦੀ ਪਛਾਣ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤ ਦੀ ਵਪਾਰ ਸਥਿਤੀ ਦੀ ਨਿਗਰਾਨੀ ਨੂੰ ਸਮਰੱਥ ਬਣਾ ਕੇ ਭਾਰਤ ਦੀਆਂ ਵਪਾਰ ਖੁਫੀਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦਾ ਵੀ ਯਤਨ ਕਰਦੀ ਹੈ।
ਐੱਨਐੱਸਟੀਸੀਸੀ ਨੂੰ ਡੀਜੀਐੱਫਟੀ ਪ੍ਰਣਾਲੀਆਂ ਅਤੇ ‘ਟ੍ਰੇਡ ਕਨੈਕਟ ਈ-ਪਲੈਟਫਾਰਮ’ ਸਮੇਤ ਮੌਜੂਦਾ ਡਿਜੀਟਲ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਨਾਲ ਹੀ ਇਹ ਹੋਰ ਵਿਭਾਗਾਂ ਅਤੇ ਵਪਾਰ-ਸਬੰਧਿਤ ਏਜੰਸੀਆਂ ਨਾਲ ਵਧੇਰੇ ਡੇਟਾਸੈੱਟ ਦੇ ਕ੍ਰਮਵਾਰ ਏਕੀਕਰਣ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰਦਾ ਹੈ।
ਅੱਗੇ ਚੱਲ ਕੇ, ਕਮਾਂਡ ਸੈਂਟਰ ਦੇ ਇੱਕ ਵਿਆਪਕ ‘ਸਮੁੱਚਾ-ਸਰਕਾਰੀ ਫੈਸਲਾ-ਸਮਰੱਥਨ ਵਿਧੀ’ ਵਜੋਂ ਵਿਕਸਿਤ ਹੋਣ ਦੀ ਕਲਪਨਾ ਹੈ। ਇਸ ਨਾਲ ਸਬੰਧਿਤ ਮੰਤਰਾਲਿਆਂ, ਰਾਜਾਂ, ਐਕਸਪੋਰਟ ਪ੍ਰਮੋਸ਼ਨ ਕੌਂਸਲਾਂ ਅਤੇ ਹੋਰ ਸੰਸਥਾਵਾਂ ਵਰਗੇ ਅਧਿਕਾਰਤ ਹਿਤਧਾਰਕਾਂ ਨੂੰ ਪੜਾਅਵਾਰ ਢੰਗ ਨਾਲ ਪਹੁੰਚ ਦਿੱਤੀ ਜਾਵੇਗੀ। ਨਾਲ ਹੀ, ਵਧੇਰੇ ਡੇਟਾ ਨੂੰ ਸ਼ਾਮਲ ਕਰਕੇ, ਸਵੈਚਾਲਿਤ ਅਲਰਟ ਅਤੇ ਉੱਨਤ ਵਿਸ਼ਲੇਸ਼ਣ ਰਾਹੀਂ ਇਸ ਦੀ ਵਿਸ਼ਲੇਸ਼ਣਾਤਮਕ ਸਮਰੱਥਾਵਾਂ ਨੂੰ ਵੀ ਲਗਾਤਾਰ ਮਜ਼ਬੂਤ ਕੀਤਾ ਜਾਵੇਗਾ।
NSTCC ਦੀ ਸ਼ੁਰੂਆਤ ਸਰਗਰਮ, ਪਾਰਦਰਸ਼ੀ ਅਤੇ ਜਵਾਬਦੇਹ ਵਪਾਰ ਪ੍ਰਸ਼ਾਸਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਵਣਜ ਵਿਭਾਗ ਅਤੇ DGFT ਨੂੰ ਸਮੇਂ-ਸਮੇਂ 'ਤੇ ਰਿਪੋਰਟਿੰਗ ਕਰਨ ਦੀ ਬਜਾਏ ਨਿਰੰਤਰ ਨਿਗਰਾਨੀ, ਤਾਲਮੇਲ ਵਾਲੀ ਦਖਲਅੰਦਾਜ਼ੀ ਅਤੇ ਸਬੂਤ-ਅਧਾਰਿਤ ਨੀਤੀ ਨਿਰਮਾਣ ਵੱਲ ਵਧਣ ਵਿੱਚ ਮਦਦ ਮਿਲੇਗੀ।
ਇਹ ਪਹਿਲਕਦਮੀ ਭਾਰਤ ਸਰਕਾਰ ਦੀ ਉਸ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ, ਜਿਸ ਦੇ ਤਹਿਤ ਵਪਾਰ ਪਹੁੰਚਯੋਗਤਾ ਨੂੰ ਵਧਾਉਣ, ਪ੍ਰਸ਼ਾਸਨਿਕ ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣ ਅਤੇ ਆਲਮੀ ਵਪਾਰ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਤਕਨਾਲੋਜੀਆਂ ਅਤੇ ਡੇਟਾ-ਅਧਾਰਿਤ ਸ਼ਾਸਨ ਦੀ ਵਰਤੋਂ ਕੀਤੀ ਜਾ ਰਹੀ ਹੈ।
*************
ਅਭਿਸ਼ੇਕ ਦਿਆਲ/ਸੀ ਐੱਨ ਅਭਿਜੀਤ ਨਰਾਇਣ/ਅਭਿਮਨਿਯੂ ਪੰਵਾਰ/ਏਕੇ
(Release ID: 2324542)
ਵਿਜ਼ੀਟਰ ਕਾਊਂਟਰ : 8