ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਆ ਨੇ ਏਸ਼ਿਆਈ ਖੇਡਾਂ ਦੀ ਸਮੀਖਿਆ ਬੈਠਕ ਵਿੱਚ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਚੈਂਪੀਅਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਕਿਹਾ

Posted On: 15 OCT 2026 6:15PM by PIB Chandigarh

ਏਸ਼ਿਆਈ ਖੇਡਾਂ 2026 ਵਿੱਚ ਭਾਰਤ ਦੇ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਮਹਾਸੰਘਾਂ (ਐੱਨਐੱਸਐੱਫਐੱਸ) ਨੂੰ ਭਾਰਤ ਦੇ ਖੇਡ ਪ੍ਰਦਰਸ਼ਨ ਦੀ ਹੋਰ ਵੱਧ ਜ਼ੁੰਮੇਵਾਰੀ ਲੈਣ ਦਾ ਸੱਦਾ ਦਿੱਤਾ। ਵੱਖ-ਵੱਖ ਰਾਸ਼ਟਰੀ ਖੇਡ ਮਹਾਸੰਘਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਮਾਣਯੋਗ ਮੰਤਰੀ ਨੇ ਭਾਰਤ ਦੀ ਖੇਡ ਉੱਤਮਤਾ ਨੂੰ ਬਣਾਈ ਰੱਖਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਡਾ. ਮਾਂਡਵੀਆ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਸਿਰਫ਼ ਕੁਝ ਤਮਗਾ ਜੇਤੂਆਂ 'ਤੇ ਨਿਰਭਰ ਰਹਿਣ ਦੀ ਬਜਾਏ ਚੈਂਪੀਅਨ ਖਿਡਾਰੀਆਂ ਦੀ ਇੱਕ ਨਿਰੰਤਰ ਲੜੀ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, "ਮੀਰਾਬਾਈ ਚਾਨੂ ਇਕੱਲੇ ਕਦੋਂ ਤੱਕ ਸਾਡੇ ਲਈ ਤਮਗੇ ਜਿੱਤਦੇ ਰਹਿਣਗੇ? ਸਾਨੂੰ 10 ਹੋਰ ਮੀਰਾਬਾਈ ਚਾਨੂ ਤਿਆਰ ਕਰਨ ਦੀ ਲੋੜ ਹੈ। ਹਰੇਕ ਖੇਡ ਮਹਾਸੰਘ ਨੂੰ ਇਸ ਜ਼ੁੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਨੂੰ ਪ੍ਰਤਿਭਾਵਾਂ ਦੀ ਪਛਾਣ ਕਰਨੀ ਹੋਵੇਗੀ ਅਤੇ ਉਨ੍ਹਾਂ ਨੂੰ ਸਹੀ ਸਿਖਲਾਈ ਦੇਣੀ ਹੋਵੇਗੀ। ਨਾਲ ਹੀ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿਸ ਵਿੱਚ ਅਥਲੀਟ ਉੱਚ ਪੱਧਰ ਤੱਕ ਪਹੁੰਚ ਸਕਣ।" ਖੇਡ ਮੰਤਰੀ ਨੇ ਅਜਿਹੇ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜੋ ਵੱਖ-ਵੱਖ ਖੇਡ ਸਮਾਗਮਾਂ ਵਿੱਚ ਭਾਰਤ ਦੇ ਤਮਗੇ ਜਿੱਤਣ ਦੇ ਟੀਚੇ ਨੂੰ ਬਣਾਈ ਰੱਖ ਸਕਣ।"

ਵੀਰਵਾਰ ਨੂੰ ਆਯੋਜਿਤ ਰਾਸ਼ਟਰੀ ਖੇਡ ਮਹਾਸੰਘਾਂ ਦੇ ਸੰਮੇਲਨ ਵਿੱਚ ਭਾਰਤ ਦੇ 2026 ਏਸ਼ਿਆਈ ਖੇਡਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ। ਨਾਲ ਹੀ ਇਹ ਲਾਸ ਏਂਜਲਸ 2028 ਓਲੰਪਿਕ, 2030 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਦੋਹਾ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ 2030 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ मंच ਵੀ ਬਣਿਆ। ਇਸ ਵਿੱਚ ਸ਼ੂਟਿੰਗ, ਐਥਲੈਟਿਕਸ, ਬਾਕਸਿੰਗ, ਤੀਰਅੰਦਾਜ਼ੀ, ਸਕਵੈਸ਼, ਵੁਸ਼ੂ ਅਤੇ ਹੋਰਨਾਂ ਸਮੇਤ ਸਾਰੇ ਪ੍ਰਮੁੱਖ ਰਾਸ਼ਟਰੀ ਖੇਡ ਮਹਾਸੰਘਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਡਾ. ਮਾਂਡਵੀਆ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਥਲੀਟਾਂ ਨੂੰ ਵੱਡੇ ਅੰਤਰਰਾਸ਼ਟਰੀ ਮੰਚਾਂ 'ਤੇ ਮੁਕਾਬਲਾ ਕਰਦੇ ਸਮੇਂ ਧਿਆਨ ਭਟਕਣ ਦੀ ਸਮੱਸਿਆ ਤੋਂ ਬਚਾਉਣ ਲਈ ਹੋਰ ਵੱਧ ਖੇਡ ਮਨੋਵਿਗਿਆਨੀਆਂ, ਖੇਡ ਵਿਗਿਆਨ ਮਾਹਿਰਾਂ ਅਤੇ ਉੱਚ-ਪੱਧਰੀ ਮਾਨਸਿਕ ਟ੍ਰੇਨਰਾਂ ਦੀ ਲੋੜ ਹੈ। ਉਨ੍ਹਾਂ ਨੇ ਹਰੇਕ ਰਾਸ਼ਟਰੀ ਖੇਡ ਮਹਾਸੰਘ (ਐੱਨਐੱਸਐੱਫ) ਨੂੰ ਵੱਧ ਮੁਕਾਬਲੇ ਆਯੋਜਿਤ ਕਰਨ, ਅਥਲੀਟਾਂ ਦੀ ਤਿਆਰੀ ਨੂੰ ਬਿਹਤਰ ਬਣਾਉਣ, ਪੂਰੀ ਵਚਨਬੱਧਤਾ ਨਾਲ ਕੰਮ ਕਰਨ ਅਤੇ ਪ੍ਰਦਰਸ਼ਨ ਅਤੇ ਪ੍ਰਸ਼ਾਸਨ ਵਿੱਚ ਮੌਜੂਦ ਕਮੀਆਂ ਦਾ ਇਮਾਨਦਾਰੀ ਨਾਲ ਮੁਲਾਂਕਣ ਕਰਨ ਦੀ ਵੀ ਅਪੀਲ ਕੀਤੀ।

 

ਇਸ ਸੰਮੇਲਨ ਵਿੱਚ ਸੰਯੁਕਤ ਸਕੱਤਰ (ਖੇਲੋ ਇੰਡੀਆ) ਸ੍ਰੀ ਵਿਨੀਲ ਕ੍ਰਿਸ਼ਨਾ ਨੇ 'ਖੇਲੋ ਇੰਡੀਆ' ਯੋਜਨਾ ਅਤੇ ਰਾਸ਼ਟਰੀ ਖੇਡ ਮਹਾਸੰਘਾਂ ਵਿਚਕਾਰ ਬਿਹਤਰ ਤਾਲਮੇਲ ਬਾਰੇ ਚਰਚਾ ਕੀਤੀ। ਉੱਥੇ ਹੀ, ਸੀ.ਈ.ਓ. (ਟੌਪਸ) ਕਰਨਲ ਐੱਨ.ਐੱਸ. ਜੋਹਲ ਨੇ ਆਈਚੀ-ਨਾਗੋਆ ਏਸ਼ਿਆਈ ਖੇਡਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਅਤੇ ਲਾਸ ਏਂਜਲਸ ਓਲੰਪਿਕ 2028 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸੰਮੇਲਨ ਵਿੱਚ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਸਹਾਇਤਾ (ਏਐੱਨਐੱਸਐੱਫ) ਨਾਲ ਸਬੰਧੀ ਸੋਧੀ ਹੋਈ ਦਿਸ਼ਾ-ਨਿਰਦੇਸ਼ਾਂ ਦੀ ਪੁਸਤਿਕਾ ਵੀ ਜਾਰੀ ਕੀਤੀ ਗਈ।

ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ ਨੇ ਸਾਰੇ ਮਹਾਸੰਘਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਕੰਮ ਨੂੰ 'ਖੇਲੋ ਇੰਡੀਆ ਮਿਸ਼ਨ' ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਢਾਲਣ। ਸ਼੍ਰੀਮਤੀ ਖੜਸੇ ਨੇ ਕਿਹਾ, "ਹਰੇਕ ਰਾਸ਼ਟਰੀ ਖੇਡ ਮਹਾਸੰਘ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਵੀ ਫੈਡਰੇਸ਼ਨਾਂ ਮੌਜੂਦ ਹੋਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀਆਂ ਹੋਣ। ਪ੍ਰਤਿਭਾਵਾਂ ਦੀ ਪਛਾਣ ਕਰਨ ਦੇ ਨਾਲ-ਨਾਲ, ਇਸ ਕੰਮ ਨੂੰ ਵੀ ਪੂਰੇ ਸਮਰਪਣ ਨਾਲ ਕੀਤਾ ਜਾਣਾ ਚਾਹੀਦਾ ਹੈ। ਪ੍ਰਤਿਭਾ ਦੀ ਪਛਾਣ ਕਰਨਾ ਇਸ ਪ੍ਰਕਿਰਿਆ ਦਾ ਸਿਰਫ਼ ਇੱਕ ਹਿੱਸਾ ਹੈ; ਅਥਲੀਟਾਂ ਨੂੰ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਸਹੀ ਸਿਖਲਾਈ ਅਤੇ ਸਹਿਯੋਗ ਮਿਲਣਾ ਵੀ ਜ਼ਰੂਰੀ ਹੈ।"

 

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰਾਜ ਅਤੇ ਜ਼ਿਲ੍ਹਾ-ਪੱਧਰੀ ਫੈਡਰੇਸ਼ਨਾਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ, ਨਾਲ ਹੀ ਉਨ੍ਹਾਂ ਦੀ ਇਹ ਜ਼ੁੰਮੇਵਾਰੀ ਵੀ ਹੈ ਕਿ ਉਹ ਪ੍ਰਤਿਭਾਵਾਂ ਦੀ ਪਛਾਣ ਕਰਨ। ਉਨ੍ਹਾਂ ਨੇ ਇਹ ਵੀ ਕਿਹਾ, "ਸਿਰਫ਼ ਸਾਂਝੇ ਯਤਨਾਂ ਨਾਲ ਹੀ ਅਸੀਂ ਅਥਲੀਟਾਂ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰ ਸਕਦੇ ਹਾਂ, ਪ੍ਰਤਿਭਾਵਾਂ ਲਈ ਇੱਕ ਬਿਹਤਰ ਰਾਹ ਤਿਆਰ ਕਰ ਸਕਦੇ ਹਾਂ ਅਤੇ ਭਾਰਤ ਦੇ ਤਮਗਿਆਂ ਦੀ ਗਿਣਤੀ ਨੂੰ ਵਧਾ ਸਕਦੇ ਹਾਂ।"

ਖੇਡ ਸਕੱਤਰ ਸ੍ਰੀ ਹਰੀ ਰੰਜਨ ਰਾਵ ਨੇ ਕਿਹਾ ਕਿ ਭਾਰਤ ਨੂੰ ਦੋਹਾ ਵਿੱਚ ਹੋਣ ਵਾਲੀਆਂ 2030 ਦੀਆਂ ਏਸ਼ਿਆਈ ਖੇਡਾਂ ਵਿੱਚ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਣਾ ਚਾਹੀਦਾ ਹੈ। ਉੱਥੇ ਹੀ, 2030 ਦੀਆਂ ਰਾਸ਼ਟਰਮੰਡਲ ਖੇਡਾਂ, ਜਿਨ੍ਹਾਂ ਦੀ ਮੇਜ਼ਬਾਨੀ ਭਾਰਤ ਕਰਨ ਵਾਲਾ ਹੈ, ਉਨ੍ਹਾਂ ਨੂੰ ਇੱਕ ਵੱਡੀ ਰਾਸ਼ਟਰੀ ਚੁਣੌਤੀ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਸਾਨੂੰ ਦੋਹਾ ਏਸ਼ਿਆਈ ਖੇਡਾਂ ਵਿੱਚ ਤੀਜਾ ਸਥਾਨ ਹਾਸਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। 2030 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ, ਸਾਨੂੰ 2010 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਆਪਣੇ ਹੀ ਰਿਕਾਰਡ ਨੂੰ ਤੋੜ ਕੇ ਚੋਟੀ ਦੇ ਤਿੰਨਾਂ ਵਿੱਚ ਜਗ੍ਹਾ ਬਣਾਉਣੀ ਹੋਵੇਗੀ। ਕਿਉਂਕਿ ਅਸੀਂ ਇਹਨਾਂ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਹਾਂ, ਇਸ ਲਈ ਹਰੇਕ ਰਾਸ਼ਟਰੀ ਖੇਡ ਮਹਾਸੰਘ (ਐੱਨਐੱਸਐੱਫ) ਨੂੰ ਇਸ ਮੁਕਾਬਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਉਸੇ ਅਨੁਸਾਰ ਤਿਆਰੀ ਕਰਨੀ ਚਾਹੀਦੀ ਹੈ। ਸਾਨੂੰ ਇਸਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ ਅਤੇ ਹੁਣ ਤੋਂ ਹੀ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।"

 

ਇਸ ਤੋਂ ਪਹਿਲਾਂ ਸ੍ਰੀ ਰਾਵ ਨੇ ਖੇਡ ਈਕੋਸਿਸਟਮ ਦੀ ਤੁਲਨਾ ਇੱਕ ਚਾਰ ਪਹੀਆ ਵਾਹਨ ਨਾਲ ਕੀਤੀ, ਜੋ ਉਦੋਂ ਹੀ ਅੱਗੇ ਵੱਧ ਸਕਦਾ ਹੈ ਜਦੋਂ ਇਸ ਦੇ ਸਾਰੇ ਹਿੱਸੇ - ਅਥਲੀਟ, ਕੋਚ, ਐੱਨ.ਐੱਸ.ਐੱਫ., ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਅਤੇ ਭਾਰਤੀ ਖੇਡ ਅਥਾਰਟੀ (ਸਾਈ) – ਇੱਕਠੇ ਮਿਲ ਕੇ ਕੰਮ ਕਰਨ।

**********

 

ਆਯੁਸ਼ਮਾਨ ਕੁਮਾਰ


(Release ID: 2324216) ਵਿਜ਼ੀਟਰ ਕਾਊਂਟਰ : 6