ਆਯੂਸ਼
azadi ka amrit mahotsav

ਆਯੂਸ਼ ਮੰਤਰਾਲੇ ਨੇ ਚਾਰ ਰਵਾਇਤੀ ਮੈਡੀਕਲ ਪ੍ਰਣਾਲੀਆਂ ਵਿੱਚ ਚਮੜੀ ਸਬੰਧੀ ਵਿਕਾਰਾਂ ਦੇ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ


ਨਵੇਂ ਦਿਸ਼ਾ-ਨਿਰਦੇਸ਼ ਸੋਰਾਇਸਿਸ, ਵਿਟੀਲਿਗੋ, ਡਰਮੇਟਾਈਟਸ ਅਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਲਈ ਆਯੂਸ਼ ਦੇਖਭਾਲ ਨੂੰ ਮਿਆਰੀ ਬਣਾਉਂਦੇ ਹਨ

Posted On: 13 OCT 2026 4:19PM by PIB Chandigarh

ਆਯੂਸ਼ ਮੰਤਰਾਲੇ ਨੇ ਆਯੁਰਵੇਦ, ਸਿੱਧਾ, ਯੂਨਾਨੀ ਅਤੇ ਹੋਮਿਓਪੈਥੀ ਵਿੱਚ ਚਮੜੀ ਸਬੰਧੀ ਵਿਕਾਰਾਂ ਦੇ ਪ੍ਰਬੰਧਨ ਲਈ ਮਿਆਰੀ ਇਲਾਜ ਦਿਸ਼ਾ-ਨਿਰਦੇਸ਼ (ਐੱਸਟੀਜੀ) ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਯੋਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਸ (ਡੀਜੀਐੱਚਐੱਸ) ਦੇ ਆਯੂਸ਼ ਵਿਭਾਗ ਦੁਆਰਾ ਤਿਆਰ ਕੀਤੇ ਗਏ ਇਸ ਦਸਤਾਵੇਜ਼ ਦਾ ਉਦੇਸ਼ ਆਯੂਸ਼ ਪ੍ਰਣਾਲੀਆਂ ਵਿੱਚ ਕਲੀਨਿਕਲ ਦੇਖਭਾਲ ਵਿੱਚ ਵਧੇਰੇ ਇਕਸਾਰਤਾ, ਗੁਣਵੱਤਾ ਭਰੋਸਾ ਅਤੇ ਸਬੂਤ-ਅਧਾਰਿਤ ਇਲਾਜ ਲਿਆਉਣਾ ਹੈ।

ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਜ਼ਿਕਰ ਕੀਤਾ ਕਿ ਇਹ ਦਿਸ਼ਾ-ਨਿਰਦੇਸ਼ ਆਯੂਸ਼ ਪ੍ਰਣਾਲੀਆਂ ਨੂੰ ਰਾਸ਼ਟਰੀ ਸਿਹਤ ਸੇਵਾ ਢਾਂਚੇ ਨਾਲ ਹੋਰ ਵੀ ਵਧੇਰੇ ਏਕੀਕ੍ਰਿਤ ਕਰਨ ਵਿੱਚ ਸਹਾਇਕ ਹੋਣਗੇ। ਉਨ੍ਹਾਂ ਨੇ ਕਿਹਾ, “ਇਹ ਦਿਸ਼ਾ-ਨਿਰਦੇਸ਼ ਆਮ ਚਮੜੀ ਦੇ ਰੋਗਾਂ ਲਈ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਸਮੁੱਚੀ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ ਪ੍ਰਣਾਲੀ-ਵਿਸ਼ੇਸ਼ ਕਲੀਨਿਕਲ ਦ੍ਰਿਸ਼ਟੀਕੋਣਾਂ ਨੂੰ ਸਮਕਾਲੀ ਵਿਗਿਆਨਕ ਪ੍ਰਮਾਣਾਂ ਨਾਲ ਜੋੜਦੇ ਹਨ। ਮਿਆਰੀ ਅਤੇ ਸਬੂਤ-ਅਧਾਰਿਤ ਕਲੀਨਿਕਲ ਅਭਿਆਸ ਨੂੰ ਉਤਸ਼ਾਹਿਤ ਕਰਕੇ, ਇਹ ਦਿਸ਼ਾ-ਨਿਰਦੇਸ਼ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਲਿਆਉਣ ਅਤੇ ਜਨਤਕ ਸਿਹਤ ਵਿੱਚ ਆਯੂਸ਼ ਪ੍ਰਣਾਲੀਆਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੇ।”

ਆਯੂਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਆਯੂਸ਼ ਪ੍ਰਣਾਲੀਆਂ ਵਿੱਚ ਮਿਆਰੀਕਰਣ ਅਤੇ ਸਬੂਤ-ਅਧਾਰਿਤ ਕਲੀਨਿਕਲ ਇਲਾਜ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੋਣਗੇ। ਉਨ੍ਹਾਂ ਨੇ ਕਿਹਾ, “ਚਮੜੀ ਸਬੰਧੀ ਵਿਕਾਰਾਂ ਲਈ ਮਿਆਰੀ ਇਲਾਜ ਦਿਸ਼ਾ-ਨਿਰਦੇਸ਼ ਆਯੂਸ਼ ਪ੍ਰਣਾਲੀਆਂ ਵਿੱਚ ਮਿਆਰੀਕਰਣ, ਗੁਣਵੱਤਾ ਅਤੇ ਸਬੂਤ-ਅਧਾਰਿਤ ਅਭਿਆਸ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਮਾਹਰਾਂ ਦੇ ਸਲਾਹ-ਮਸ਼ਵਰੇ ਅਤੇ ਸਮਕਾਲੀ ਵਿਗਿਆਨਕ ਸਬੂਤਾਂ ਦੇ ਮੁਲਾਂਕਣ ਰਾਹੀਂ ਵਿਕਸਿਤ ਇਹ ਦਿਸ਼ਾ-ਨਿਰਦੇਸ਼ ਹਰੇਕ ਆਯੂਸ਼ ਪ੍ਰਣਾਲੀ ਦੇ ਬੁਨਿਆਦੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਦੇ ਹੋਏ ਰੋਕਥਾਮ, ਨਿਦਾਨ, ਇਲਾਜ ਅਤੇ ਅੱਗੇ ਦੀ ਕਾਰਵਾਈ ਲਈ ਵਿਵਹਾਰਕ ਸੁਝਾਅ ਪ੍ਰਦਾਨ ਕਰਦੇ ਹਨ। ਇਹ ਕਲੀਨਿਕਲ ਇਲਾਜ ਵਿੱਚ ਵਧੇਰੇ ਇਕਸਾਰਤਾ ਨੂੰ ਉਤਸ਼ਾਹਿਤ ਕਰਨਗੇ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਤਰਕਸੰਗਤ ਫੈਸਲੇ ਲੈਣ ਵਿੱਚ ਸਹਾਇਤਾ ਕਰਨਗੇ।”

ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਸ ਡਾ. ਲਵਨੀਸ਼ ਜੀ. ਕ੍ਰਿਸ਼ਣਾ ਨੇ ਚਮੜੀ ਸਬੰਧੀ ਦੇਖਭਾਲ ਵਿੱਚ ਸੁਧਾਰ ਲਈ ਬਹੁ-ਅਨੁਸ਼ਾਸਨੀ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਚਮੜੀ ਸਬੰਧੀ ਵਿਕਾਰਾਂ ਲਈ ਮਿਆਰੀ ਇਲਾਜ ਦਿਸ਼ਾ-ਨਿਰਦੇਸ਼ ਆਯੂਸ਼ ਪ੍ਰਣਾਲੀਆਂ ਵਿੱਚ ਗੁਣਵੱਤਾ ਭਰੋਸੇ, ਇਕਸਾਰਤਾ ਅਤੇ ਸਬੂਤ-ਅਧਾਰਿਤ ਸਿਹਤ ਸੇਵਾ ਵੰਡ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਬਹੁ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕਰਕੇ, ਇਹ ਦਿਸ਼ਾ-ਨਿਰਦੇਸ਼ ਆਯੂਸ਼ ਡਾਕਟਰਾਂ ਨੂੰ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਮਰੀਜ਼-ਕੇਂਦ੍ਰਿਤ ਦੇਖਭਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਗੇ।”

ਇਹ ਦਿਸ਼ਾ-ਨਿਰਦੇਸ਼ 11ਵੇਂ ਆਯੁਰਵੇਦ ਦਿਵਸ ਦੇ ਮੌਕੇ ‘ਤੇ ਜਨਤਕ ਕੀਤੇ ਗਏ। ਇਹ ਆਯੂਸ਼ ਪ੍ਰਣਾਲੀਆਂ ਰਾਹੀਂ ਚਮੜੀ ਸਬੰਧੀ ਵਿਕਾਰਾਂ ਦੇ ਪ੍ਰਬੰਧਨ ਲਈ ਮਿਆਰੀ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ। ਹਰ ਇੱਕ ਪ੍ਰਣਾਲੀ ਲਈ, ਇਨ੍ਹਾਂ ਵਿੱਚ ਸੋਰਾਇਸਿਸ, ਡਰਮੇਟਾਈਟਸ, ਵਿਟੀਲਿਗੋ, ਪਿੱਤੀ ਅਤੇ ਡਰਮੇਟੋਫਾਈਟੋਸਿਸ ਵਰਗੀਆਂ ਆਮ ਚਮੜੀ ਸਬੰਧੀ ਸਥਿਤੀਆਂ ਦੀ ਰੋਕਥਾਮ, ਨਿਦਾਨ, ਇਲਾਜ, ਅੱਗੇ ਦੀ ਦੇਖਭਾਲ ਅਤੇ ਮੁੜ ਵਸੇਬੇ ਦੇ ਸਬੰਧ ਵਿੱਚ ਵਿਸ਼ੇਸ਼ ਸਿਫ਼ਾਰਸ਼ਾਂ ਦਿੱਤੀਆਂ ਗਈਆਂ ਹਨ।

ਅੰਤਰ-ਅਨੁਸ਼ਾਸਨੀ ਵਿਕਾਸ

ਦਿਸ਼ਾ-ਨਿਰਦੇਸ਼ਾਂ ਦਾ ਨਿਰਮਾਣ ਇੱਕ ਵਿਆਪਕ, ਅੰਤਰ-ਅਨੁਸ਼ਾਸਨੀ ਯਤਨ ਹੈ। ਇਸ ਵਿੱਚ ਆਯੂਸ਼ ਖੋਜ ਪ੍ਰੀਸ਼ਦਾਂ, ਆਯੁਰਵੇਦ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਦੇ ਸੀਨੀਅਰ ਅਕਾਦਮਿਕ ਮਾਹਰਾਂ, ਯੋਗ ਮਾਹਰਾਂ ਅਤੇ ਆਧੁਨਿਕ ਮੈਡੀਕਲ ਮਾਹਰਾਂ ਦੀ ਤਕਨੀਕੀ ਮੁਹਾਰਤ ਦਾ ਸਹਾਰਾ ਲਿਆ ਗਿਆ। ਇਸ ਪ੍ਰਕਿਰਿਆ ਵਿੱਚ ਮਾਹਰਾਂ ਨਾਲ ਸਲਾਹ-ਮਸ਼ਵਰਾ, ਕਲਾਸੀਕਲ ਗ੍ਰੰਥਾਂ ਦੀ ਸਮੀਖਿਆ, ਮੌਜੂਦਾ ਵਿਗਿਆਨਕ ਪ੍ਰਮਾਣਾਂ ਦਾ ਮੁਲਾਂਕਣ ਅਤੇ ਸਰਬਸੰਮਤੀ 'ਤੇ ਅਧਾਰਿਤ ਵਿਚਾਰ-ਵਟਾਂਦਰਾ ਸ਼ਾਮਲ ਸਨ। ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਦੌਰਾਨ ਹਰੇਕ ਆਯੂਸ਼ ਪ੍ਰਣਾਲੀ ਦੇ ਬੁਨਿਆਦੀ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਗਿਆ।

ਵਾਸਤਵਿਕ ਸਥਿਤੀਆਂ ਵਿੱਚ ਤਸਦੀਕ

ਇਸ ਅਭਿਆਸ ਦੀ ਇੱਕ ਜ਼ਿਕਰਯੋਗ ਵਿਸ਼ੇਸ਼ਤਾ ਪ੍ਰੋਟੋਕੋਲ ਦਾ ਖੇਤਰ-ਪੱਧਰੀ ਤਸਦੀਕ ਰਿਹਾ, ਜੋ ਵਾਸਤਵਿਕ ਕਲੀਨਿਕਲ ਸਥਿਤੀਆਂ ਵਿੱਚ ਆਯੁਰਵੇਦ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਦੀ ਕਾਰਜਕੁਸ਼ਲਤਾ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ। ਆਯੂਸ਼ ਵਿਭਾਗ ਨੇ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੇਵਾ ਵਿੱਚ ਕੰਮ ਕਰ ਰਹੇ ਮੈਡੀਕਲ ਅਧਿਕਾਰੀਆਂ ਦੇ ਨਾਲ ਪ੍ਰੋਟੋਕੋਲ ਦਾ ਪਰੀਖਣ ਕਰਨ ਲਈ ਦਿੱਲੀ ਸਰਕਾਰ ਦੇ ਆਯੂਸ਼ ਡਾਇਰੈਕਟੋਰੇਟ ਨਾਲ ਸਾਂਝੇਦਾਰੀ ਕੀਤੀ। ਇਨ੍ਹਾਂ ਅਧਿਕਾਰੀਆਂ ਦੁਆਰਾ ਦਿਸ਼ਾ-ਨਿਰਦੇਸ਼ਾਂ ਦੀ ਕਾਰਜਸ਼ੀਲ ਉਪਯੋਗਤਾ ‘ਤੇ ਦਿੱਤੀ ਗਈ ਪ੍ਰਤੀਕਿਰਿਆ ਨੂੰ ਅੰਤਿਮ ਦਸਤਾਵੇਜ਼ਾਂ ਵਿੱਚ ਸ਼ਾਮਲ ਕੀਤਾ ਗਿਆ। ਇਸ ਨਾਲ ਕਲੀਨਿਕਲ ਪ੍ਰਾਸੰਗਿਕਤਾ ਅਤੇ ਵਿਵਹਾਰਕ ਮੁੱਲ ਵਿੱਚ ਸੁਧਾਰ ਹੋਇਆ।

ਸੰਭਾਵਿਤ ਲਾਭ

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੋਂ ਤਰਕਸੰਗਤ ਕਲੀਨਿਕਲ ਫੈਸਲੇ ਲੈਣ, ਸਮਰੱਥਾ ਨਿਰਮਾਣ, ਸਿੱਖਿਆ ਅਤੇ ਅੱਗੇ ਦੇ ਖੋਜ ਵਿੱਚ ਸਹਾਇਤਾ ਮਿਲਣ ਦੀ ਉਮੀਦ ਹੈ। ਇਹ ਆਯੂਸ਼ ਡਾਕਟਰਾਂ, ਚਿਕਿਤਸਕਾਂ, ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ ਅਤੇ ਨੀਤੀ ਨਿਰਮਾਤਾਵਾਂ ਲਈ ਕੀਮਤੀ ਸੰਦਰਭ ਦਸਤਾਵੇਜ਼ ਦੇ ਰੂਪ ਵਿੱਚ ਵੀ ਕੰਮ ਕਰਨਗੇ। ਇਹ ਪਹਿਲ ਦਰਸਾਉਂਦੀ ਹੈ ਕਿ ਸਰਕਾਰ ਮਿਆਰੀਕਰਣ, ਗੁਣਵੱਤਾ ਭਰੋਸੇ ਅਤੇ ਸਿਹਤ ਸੇਵਾ ਵੰਡ ਵਿੱਚ ਆਯੂਸ਼ ਪ੍ਰਣਾਲੀਆਂ ਦੇ ਸਬੂਤ-ਅਧਾਰਿਤ ਏਕੀਕਰਣ ਉੱਤੇ ਨਿਰੰਤਰ ਬਲ ਦੇ ਰਹੀ ਹੈ।

ਅਨੁਸ਼ਾਸਨ-ਵਾਰ ਮਿਆਰੀ ਇਲਾਜ ਦਿਸ਼ਾ-ਨਿਰਦੇਸ਼

ਆਯੁਰਵੇਦ – ਚਮੜੀ ਸਬੰਧੀ ਵਿਕਾਰਾਂ ਦੇ ਪ੍ਰਬੰਧਨ ਲਈ ਮਿਆਰੀ ਇਲਾਜ ਦਿਸ਼ਾ-ਨਿਰਦੇਸ਼

[ਦਿਸ਼ਾ-ਨਿਰਦੇਸ਼ ਲਿੰਕ]

https://www.ayush.gov.in/assets/pdf/whatsnew/STG_Dermatological_Disorders_Ayurveda.pdf

Siddha – Standard Treatment Guidelines on Management of Dermatological Disorders
[Guideline Link]: https://www.ayush.gov.in/assets/pdf/whatsnew/STG_Dermatological_Disorders_Siddha.pdf

Unani – Standard Treatment Guidelines on Management of Dermatological Disorders
[Guideline Link]: https://www.ayush.gov.in/assets/pdf/whatsnew/STG_Dermatological_Disorders_Unani.pdf

Homoeopathy – Standard Treatment Guidelines on Management of Dermatological Disorders
[Guideline Link]: https://www.ayush.gov.in/assets/pdf/whatsnew/STG_Dermatological_Disorders_Homoeopathy.pdf

************

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2323323) ਵਿਜ਼ੀਟਰ ਕਾਊਂਟਰ : 2