ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਝਾਰਖੰਡ ਦੇ ਦੇਵਘਰ ਵਿੱਚ ਸੈਨਿਕ ਸੰਪਰਕ ਮੇਲੇ ਦਾ ਦੌਰਾ ਕੀਤਾ
“ਸਾਡੇ ਸੈਨਿਕ ਹਮੇਸ਼ਾ ਦੇਸ਼ ਦੇ ਨਾਲ ਖੜ੍ਹੇ ਰਹੇ ਹਨ ਅਤੇ ਸਾਨੂੰ ਹਮੇਸ਼ਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ”: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਭਲਾਈ ਲਈ ਰਾਸ਼ਟਰੀ ਵਚਨਬੱਧਤਾ ਨੂੰ ਨਿਰੰਤਰ ਬਣਾਏ ਰੱਖਣ ਦਾ ਸੱਦਾ ਦਿੱਤਾ
ਝਾਰਖੰਡ ਵਿੱਚ ਸੈਨਿਕ ਸੇਵਾ ਅਤੇ ਕੁਰਬਾਨੀ ਦੀ ਸ਼ਾਨਦਾਰ ਪਰੰਪਰਾ ਰਹੀ ਹੈ: ਉਪ-ਰਾਸ਼ਟਰਪਤੀ
Posted On:
10 OCT 2026 5:29PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਝਾਰਖੰਡ ਦੇ ਦੇਵਘਰ ਵਿੱਚ ਆਯੋਜਿਤ ‘ਸੈਨਿਕ ਸੰਪਰਕ ਮੇਲਾ – ਸਦੈਵ ਆਪ ਕੇ ਸਾਥ’ (ਹਮੇਸ਼ਾ ਤੁਹਾਡੇ ਨਾਲ) ਦਾ ਦੌਰਾ ਕੀਤਾ। ਇਸ ਮੇਲੇ ਦਾ ਆਯੋਜਨ ਭਾਰਤੀ ਫ਼ੌਜ ਵੱਲੋਂ ਦੇਵਘਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਥਾਲ ਪਰਗਨਾ ਖੇਤਰ ਵਿੱਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਲਾਈ ਸੇਵਾਵਾਂ ਅਤੇ ਸ਼ਿਕਾਇਤ ਨਿਵਾਰਣ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੀਤਾ ਗਿਆ ਸੀ।
ਸਭਾ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਉਨ੍ਹਾਂ ਦੇ ਅਣਮੁੱਲੇ ਬਲੀਦਾਨ ਅਤੇ ਰਾਸ਼ਟਰ ਵਿੱਚ ਯੋਗਦਾਨ ਲਈ ਸ਼ਰਧਾਂਜਲੀ ਅਰਪਿਤ ਕੀਤੀ। ਸਾਬਕਾ ਸੈਨਿਕਾਂ ਨੂੰ ਇੱਕ ਮਹੱਤਵਪੂਰਨ ਰਾਸ਼ਟਰੀ ਸਰੋਤ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਜ਼ਰਬਾ ਨੌਜਵਾਨਾਂ ਦੀ ਅਗਵਾਈ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਦੇ ਸਕਦੀ ਹੈ। ਵੀਰ ਨਾਰੀਆਂ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸੇਵਾ ਨਿਭਾਉਣ ਵਾਲੇ ਹਰੇਕ ਸੈਨਿਕ ਦੇ ਪਿੱਛੇ ਇੱਕ ਅਜਿਹਾ ਪਰਿਵਾਰ ਖੜ੍ਹਾ ਹੁੰਦਾ ਹੈ ਜੋ ਫ਼ੌਜੀ ਸੇਵਾ ਦੇ ਬਲੀਦਾਨ ਅਤੇ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲ ਸਕਦਾ।
ਝਾਰਖੰਡ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਉਪ-ਰਾਸ਼ਟਰਪਤੀ ਨੇ ਰਾਸ਼ਟਰ ਦੀ ਸੇਵਾ ਦੀ ਰਾਜ ਦੀ ਸ਼ਾਨਦਾਰ ਪਰੰਪਰਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਲਾਂਸ ਨਾਇਕ ਅਲਬਰਟ ਏੱਕਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਭਗਵਾਨ ਬਿਰਸਾ ਮੁੰਡਾ, ਤਿਲਕਾ ਮਾਂਝੀ, ਸਿੱਧੂ ਅਤੇ ਕਾਨ੍ਹੂ, ਅਤੇ ਨੀਲੰਬਰ ਤੇ ਪੀਤੰਬਰ ਸਮੇਤ ਆਦਿਵਾਸੀ ਸੁਤੰਤਰਤਾ ਸੰਗਰਾਮੀਆਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਝਾਰਖੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੀ ਹੈ।
ਉਪ-ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 'ਇੱਕ ਰੈਂਕ, ਇੱਕ ਪੈਨਸ਼ਨ’ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ 'ਤੇ ਚਾਨਣਾ ਪਾਇਆ ਅਤੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਲਈ ਕੀਤੀਆਂ ਗਈਆਂ ਵੱਖ-ਵੱਖ ਭਲਾਈ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਮੇਲੇ ਵਿੱਚ ਸਿੰਗਲ-ਵਿੰਡੋ ਸਿਸਟਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੈਨਸ਼ਨ ਨਾਲ ਸਬੰਧਤ ਸਹਾਇਤਾ, ਮੈਡੀਕਲ ਸੁਵਿਧਾਵਾਂ, ਦਸਤਾਵੇਜ਼ੀ ਸੇਵਾਵਾਂ ਅਤੇ ਇੱਕੋ ਮੰਚ ਹੇਠ ਸ਼ਿਕਾਇਤ ਨਿਵਾਰਣ ਨੂੰ ਲਿਆਉਣਾ ਆਖ਼ਰੀ ਸਿਰੇ ਤੱਕ ਸੇਵਾਵਾਂ ਪਹੁੰਚਾਉਣ ਦਾ ਇੱਕ ਸਾਰਥਕ ਉਦਾਹਰਣ ਹੈ।
ਏਕੀਕ੍ਰਿਤ ਲੋਕ ਸੇਵਾ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਸ੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਹਥਿਆਰਬੰਦ ਫ਼ੌਜਾਂ, ਨਾਗਰਿਕ ਪ੍ਰਸ਼ਾਸਨ, ਵਿੱਤੀ ਸੰਸਥਾਵਾਂ, ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਭਲਾਈ ਏਜੰਸੀਆਂ ਦੀ ਭਾਗੀਦਾਰੀ ਰਾਸ਼ਟਰ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਲਈ ਇੱਕ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ‘ਸਦੈਵ ਆਪ ਕੇ ਸਾਥ’ ਵਿਸ਼ੇ (ਹਮੇਸ਼ਾ ਤੁਹਾਡੇ ਨਾਲ) ਨੂੰ ਇੱਕ ਨਿਰੰਤਰ ਰਾਸ਼ਟਰੀ ਵਚਨਬੱਧਤਾ ਬਣਨ ਦਾ ਸੱਦਾ ਦਿੱਤਾ, ਇਹ ਯਕੀਨੀ ਬਣਾਉਂਦਿਆਂ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਹਮੇਸ਼ਾ ਸਨਮਾਨਿਤ, ਸਮਰਥਿਤ ਅਤੇ ਦੇਖਭਾਲ ਮਹਿਸੂਸ ਕੀਤੀ ਹੈ।
ਉਪ-ਰਾਸ਼ਟਰਪਤੀ ਨੇ ਆਪਣੀ ਫੇਰੀ ਦੌਰਾਨ ਸੈਨਿਕ ਸੰਪਰਕ ਮੇਲੇ ਵਿੱਚ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ, ਜਿਸ ਵਿੱਚ ਹਥਿਆਰਾਂ ਅਤੇ ਫ਼ੌਜੀ ਉਪਕਰਣਾਂ ਦੀ ਪ੍ਰਦਰਸ਼ਨੀ, ਆਫ਼ਤ ਰਾਹਤ ਸਹੂਲਤਾਂ, ਸਾਬਕਾ ਸੈਨਿਕ ਯੋਗਦਾਨ ਯੋਜਨਾ (ਈ.ਸੀ.ਐੱਚ.ਐੱਸ.) ਸੇਵਾਵਾਂ, ਮੈਡੀਕਲ ਜਾਂਚ ਅਤੇ ਖ਼ੂਨਦਾਨ ਕੈਂਪ, ਮਹਿਲਾਵਾਂ ਦੀ ਸਿਹਤ ਜਾਗਰੂਕਤਾ ਪਹਿਲਕਦਮੀ, ਐੱਨ.ਸੀ.ਸੀ. ਗਤੀਵਿਧੀਆਂ ਅਤੇ ਪੈਨਸ਼ਨ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਨੇ ਮੇਲੇ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਸੈਨਿਕਾਂ, ਲਾਭਪਾਤਰੀਆਂ ਅਤੇ ਹੋਰ ਲੋਕਾਂ ਨਾਲ ਵੀ ਗੱਲਬਾਤ ਕੀਤੀ।
ਉਪ-ਰਾਸ਼ਟਰਪਤੀ ਨੇ ਇਸ ਪਹਿਲਕਦਮੀ ਦੇ ਆਯੋਜਨ ਲਈ ਭਾਰਤੀ ਫ਼ੌਜ ਅਤੇ ਦੇਵਘਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਅਤੇ ਸੰਸਦ ਮੈਂਬਰ ਡਾ. ਨਿਸ਼ੀਕਾਂਤ ਦੁਬੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਥਿਆਰਬੰਦ ਫ਼ੌਜ ਭਾਈਚਾਰੇ ਦੀ ਭਲਾਈ ਵਿੱਚ ਯੋਗਦਾਨ ਦੇਣ ਲਈ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਅਤੇ ਏਜੰਸੀਆਂ ਦਾ ਵੀ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਵਿੱਚ ਝਾਰਖੰਡ ਦੇ ਰਾਜਪਾਲ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ; ਸੰਸਦ ਮੈਂਬਰ ਡਾ. ਨਿਸ਼ੀਕਾਂਤ ਦੁਬੇ ਅਤੇ ਸ਼੍ਰੀ ਆਦਿਤਿਆ ਸਾਹੂ; ਜਨਰਲ ਅਫ਼ਸਰ ਕਮਾਂਡਿੰਗ, 111 ਏਰੀਆ, ਲੈਫ਼ਟੀਨੈਂਟ ਜਨਰਲ ਪਵਨ ਚੱਢਾ; ਬਾਬਾ ਬੈਦਨਾਥ ਮੈਡੀਕਲ ਟਰੱਸਟ ਦੀ ਪ੍ਰਧਾਨ, ਸੁਸ਼੍ਰੀ ਅਨਾਮਿਕਾ ਗੌਤਮ; ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ, ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀ, ਸਾਬਕਾ ਸੈਨਿਕ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ।
*****
ਪੀਆਰ/ਏਐੱਸਐੱਮ/ਵੀਐੱਮਜੇ
(Release ID: 2322340)
ਵਿਜ਼ੀਟਰ ਕਾਊਂਟਰ : 12