ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ 12 ਅਕਤੂਬਰ ਨੂੰ ਕੇਲਾਂਗ ਵਿਖੇ ਆਈਸੀਐੱਮਆਰ ਦੇ ‘ਹਾਈ ਐਲਟੀਟਿਊਡ ਮੈਡੀਸਿਨ ਐਂਡ ਪਬਲਿਕ ਹੈਲਥ ਰਿਸਰਚ ਸੈਂਟਰ’ ਦਾ ਉਦਘਾਟਨ ਕਰਨਗੇ


ਕੇਲਾਂਗ ਵਿਖੇ ਸਥਾਪਿਤ ਹੋਵੇਗਾ ਆਈਸੀਐੱਮਆਰ ਦਾ ਪਹਿਲਾ ਹਾਈ-ਐਲਟੀਟਿਊਡ ਮੈਡੀਸਿਨ ਐਂਡ ਪਬਲਿਕ ਹੈਲਥ ਰਿਸਰਚ ਸੈਂਟਰ

ਇਹ ਨਵਾਂ ਸੈਂਟਰ ਭਾਰਤ ਦੇ ਹਿਮਾਲਿਅਨ ਖੇਤਰ ਵਿੱਚ ਜਲਵਾਯੂ-ਅਨੁਕੂਲ ਸਿਹਤ ਸੰਭਾਲ, ਬਾਇਓਮੈਡੀਕਲ ਰਿਸਰਚ ਅਤੇ ਜਨਤਕ ਸਿਹਤ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ

Posted On: 11 OCT 2026 2:43PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ 12 ਅਕਤੂਬਰ 2026 ਨੂੰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਕੇਲਾਂਗ ਵਿਖੇ ‘ਆਈਸੀਐੱਮਆਰ ਦੇ ਹਾਈ ਐਲਟੀਟਿਊਡ ਮੈਡੀਕਲ ਐਂਡ ਪਬਲਿਕ ਹੈਲਥ ਰਿਸਰਚ ਸੈਂਟਰ (ICMR-CHAMP) ਦਾ ਉਦਘਾਟਨ ਕਰਨਗੇ। ਇਸ ਸੈਂਟਰ ਦੀ ਸਥਾਪਨਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਸਿਹਤ ਖੋਜ ਵਿਭਾਗ ਦੇ ਤਹਿਤ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੁਆਰਾ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਭਾਰਤ ਦੇ ਵਧੇਰੇ ਉਚਾਈ ਵਾਲੇ ਅਤੇ ਜਲਵਾਯੂ-ਸੰਵੇਦਨਸ਼ੀਲ ਖੇਤਰਾਂ ‘ਤੇ ਕੇਂਦ੍ਰਿਤ ਬਹੁ-ਅਨੁਸ਼ਾਸਨੀ ਖੋਜ, ਨਵੀਨਤਾ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ​​ਕਰਨਾ ਹੈ।

ਹਿਮਾਲਿਅਨ ਈਕੋਸਿਸਟਮ ਵਿੱਚ ਬਹੁਤ ਵੱਧ ਉਚਾਈ, ਅਤਿਅੰਤ ਅਸਧਾਰਨ ਮੌਸਮੀ ਸਥਿਤੀਆਂ, ਮੁਸ਼ਕਲ ਇਲਾਕੇ, ਭੂਗੋਲਿਕ ਅਲੱਗ-ਥਲੱਗਤਾ ਅਤੇ ਵਧਦੀ ਜਲਵਾਯੂ ਪਰਿਵਰਤਨਸ਼ੀਲਤਾ ਕਾਰਨ ਪੈਦਾ ਹੋਣ ਵਾਲੀਆਂ ਵਿਲੱਖਣ ਜਨਤਕ ਸਿਹਤ ਚੁਣੌਤੀਆਂ ਆਉਂਦੀਆਂ ਹਨ। ਇਹ ਕਾਰਕ ਬਿਮਾਰੀ ਦੇ ਪੈਟਰਨਾਂ, ਸਿਹਤ ਸੰਭਾਲ ਤੱਕ ਪਹੁੰਚ, ਕਿੱਤਾਮੁਖੀ ਸਿਹਤ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਇਹ ਸੈਂਟਰ ਇਨ੍ਹਾਂ ਚੁਣੌਤੀਪੂਰਨ ਵਾਤਾਵਰਣਾਂ ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਵਿਗਿਆਨਕ ਸਬੂਤ ਪੈਦਾ ਕਰਨ ਅਤੇ ਵਿਸ਼ੇਸ਼-ਸਥਿਤੀਆਂ ਅਤੇ ਵਿਆਪਕ ਪੱਧਰ ‘ਤੇ ਲਾਗੂ ਹੋਣ ਯੋਗ ਸਿਹਤ ਸੰਭਾਲ ਸਮਾਧਾਨ ਵਿਕਸਿਤ ਕਰਨ ਦੀ ਦਿਸ਼ਾ ਵੱਲ ਕੰਮ ਕਰੇਗਾ।

ਇਸ ਸੈਂਟਰ ਦੇ ਰਿਸਰਚ ਦੇ ਦਾਇਰੇ ਵਿੱਚ ਵੱਧ–ਉਚਾਈ ‘ਤੇ ਸਰੀਰਕ ਕਿਰਿਆਵਾਂ ਅਤੇ ਅਨੁਕੂਲਨ, ਮਾਉਂਟੈਨ ਮੈਡੀਸਿਨ, ਜਲਵਾਯੂ-ਸੰਵੇਦਨਸ਼ੀਲ ਅਤੇ ਨਵੀਆਂ ਉੱਭਰ ਰਹੀਆਂ ਬਿਮਾਰੀਆਂ, ਛੂਤ ਦੀਆਂ ਅਤੇ ਗੈਰ-ਛੂਤ ਦੀਆਂ ਬਿਮਾਰੀਆਂ, ਮਾਂ ਅਤੇ ਬੱਚੇ ਦੀ ਸਿਹਤ, ਪੋਸ਼ਣ, ਮਾਨਸਿਕ ਸਿਹਤ, ਵਾਤਾਵਰਣ ਅਤੇ ਕਿੱਤਾਮੁਖੀ ਸਿਹਤ, ਅਤੇ ਆਪਦਾ-ਡਾਕਟਰੀ ਸੇਵਾਵਾਂ ਸ਼ਾਮਲ ਹੋਣਗੀਆਂ। ਇਹ ਦੂਰ-ਦੁਰਾਡੇ ਅਤੇ ਮੁਸ਼ਕਲ ਵਾਲੇ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਲਈ ਡਿਜੀਟਲ ਸਿਹਤ ਪਲੈਟਫਾਰਮਾਂ, ਟੈਲੀਮੈਡੀਸਿਨ, ਡਰੋਨ-ਅਧਾਰਿਤ ਸਿਹਤ-ਸੰਭਾਲ ਲੌਜਿਸਟਿਕਸ ਅਤੇ ਰੀਅਲ-ਟਾਈਮ ਪਬਲਿਕ ਹੈਲਥ ਸਰਵੀਲਾਂਸ ਨੂੰ ਆਪਸ ਵਿੱਚ ਜੋੜਨ ਦੀਆਂ ਸੰਭਾਵਨਾਵਾਂ ‘ਤੇ ਵੀ ਕੰਮ ਕਰੇਗਾ।

ਲਾਹੌਲ ਅਤੇ ਸਪਿਤੀ ਵਿੱਚ ਸਥਿਤ ਇਹ ਸੈਂਟਰ, ਰਣਨੀਤਕ ਤੌਰ 'ਤੇ ਮਹੱਤਵਪੂਰਨ ਸਰਹੱਦੀ ਖੇਤਰ ਵਿੱਚ ਵੱਧ-ਉਚਾਈ ‘ਤੇ ਰਹਿਣ ਵਾਲੀ ਅਤੇ ਕਬਾਇਲੀ ਆਬਾਦੀ ‘ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਖੇਤਰੀ ਖੋਜ ਲਈ ਇੱਕ ਮਹੱਤਵਪੂਰਨ ਸੰਸਥਾਗਤ ਮੰਚ ਪ੍ਰਦਾਨ ਕਰੇਗਾ। ਇਸ ਦੀ ਸਥਿਤੀ ਨਾਲ ਵਾਤਾਵਰਣ ਦੀ ਦਸ਼ਾ, ਜਲਵਾਯੂ ਪਰਿਵਰਤਨਸ਼ੀਲਤਾ ਅਤੇ ਸਿਹਤ ਨਤੀਜਿਆਂ ਵਿਚਕਾਰ ਸਬੰਧਾਂ ‘ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਅਧਿਐਨ ਅਤੇ ਖੋਜ ਵਿੱਚ ਅਸਾਨੀ ਹੋਵੇਗੀ। ਉਮੀਦ ਹੈ ਕਿ ਇਹ ਸੈਂਟਰ ਕਬਾਇਲੀ ਸਿਹਤ, ਆਫ਼ਤ-ਅਧਾਰਿਤ ਤਿਆਰੀਆਂ, ਡਿਜੀਟਲ ਸਿਹਤ ਨਵੀਨਤਾ ਅਤੇ ਜਲਵਾਯੂ-ਅਨੁਕੂਲ ਸਿਹਤ ਪ੍ਰਣਾਲੀਆਂ ਦੇ ਵਿਕਾਸ ਵਿੱਚ ਰਾਸ਼ਟਰੀ ਤਰਜੀਹਾਂ ਵਿੱਚ ਯੋਗਦਾਨ ਪਾਵੇਗਾ, ਨਾਲ ਹੀ ਹਾਈ ਐਲਟੀਟਿਊਡ ਮੈਡੀਸਿਨ ਵਿੱਚ ਵਿਸ਼ਵਵਿਆਪੀ ਖੋਜ ਵਿੱਚ ਭਾਰਤ ਦੇ ਯੋਗਦਾਨ ਨੂੰ ਮਜ਼ਬੂਤ ​​ਕਰੇਗਾ।

ਇਹ ਪਹਿਲਕਦਮੀ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (AFMS), ਭਾਰਤ ਦੇ ਰਾਸ਼ਟਰੀ ਮਹੱਤਤਾ ਵਾਲੇ ਖੋਜ ਸੰਸਥਾਨਾਂ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਸੰਸਥਾਗਤ ਸਹਿਯੋਗ ਨੂੰ ਹੁਲਾਰਾ ਦੇਵੇਗੀ। ਇਹ ਭਾਈਵਾਲੀਆਂ ਅਨੁਵਾਦਕ ਖੋਜ (translational research), ਵਿਗਿਆਨਕ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਬੂਤ-ਅਧਾਰਿਤ ਨੀਤੀਗਤ ਵਿਕਾਸ ਵਿੱਚ ਸਹਾਇਤਾ ਕਰਨਗੀਆਂ, ਜੋ ਕਿ ਸਿਹਤ ਖੋਜ ਅਤੇ ਸਮਾਵੇਸ਼ੀ ਤੇ ਜਲਵਾਯੂ-ਅਨੁਕੂਲ ਸਿਹਤ ਸੰਭਾਲ ਦੇ ਖੇਤਰ ਵਿੱਚ ਭਾਰਤ ਸਰਕਾਰ ਦੇ 'ਆਤਮਨਿਰਭਰ ਭਾਰਤ' ਦੇ ਵਿਜ਼ਨ ਨੂੰ ਅੱਗੇ ਵਧਾਉਣਗੀਆਂ।

ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਰਵਾਇਤੀ 'ਭੂਮੀ ਪੂਜਨ', ਰਸਮੀ ਤੌਰ 'ਤੇ ਨੀਂਹ ਪੱਥਰ ਅਤੇ ਉਦਘਾਟਨ ਕੀਤਾ ਜਾਵੇਗਾ, ਜਿਸ ਤੋਂ ਬਾਅਦ 'ਗ੍ਰੀਨ ਆਈਸੀਐੱਮਆਰ (ICMR) ਕੈਂਪਸ ਪਹਿਲਕਦਮੀ' ਦੇ ਤਹਿਤ ਹਿਮਾਲਿਅਨ ਸੈਪਲਿੰਗ ਨੂੰ ਲਗਾਉਣ ਦਾ ਕੰਮ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਇੱਕ ਵਿਗਿਆਨਕ ਪ੍ਰਦਰਸ਼ਨੀ ਦਾ ਉਦਘਾਟਨ, ਕੇਂਦਰ ਦੀ ਸੰਸਥਾਗਤ ਵੀਡੀਓ ਅਤੇ ਵੈੱਬਸਾਈਟ ਦਾ ਲਾਂਚ, ਭਵਨ ਦੇ ਲੇਅਆਉਟ ਦੀ ਪੇਸ਼ਕਾਰੀ ਅਤੇ ਕੇਂਦਰੀ ਸਿਹਤ ਮੰਤਰੀ ਦੁਆਰਾ ਇੱਕ ਵਿਸ਼ੇਸ਼ ਯਾਦਗਾਰੀ ਡਾਕ ਕਵਰ ਨੂੰ ਵੀ ਜਾਰੀ ਕੀਤਾ ਜਾਵੇਗਾ।

ਇਸ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ; ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ; ਮੰਡੀ (ਹਿਮਾਚਲ ਪ੍ਰਦੇਸ਼) ਤੋਂ ਸਾਂਸਦ ਸੁਸ਼੍ਰੀ ਕੰਗਨਾ ਰਣੌਤ; ਲਾਹੌਲ ਅਤੇ ਸਪਿਤੀ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਸੁਸ਼੍ਰੀ ਅਨੁਰਾਧਾ ਰਾਣਾ; ਅਤੇ ਸਾਬਕਾ ਵਿਧਾਨ ਸਭਾ ਮੈਂਬਰ ਸ਼੍ਰੀ ਰਵੀ ਠਾਕੁਰ ਸ਼ਾਮਲ ਹੋਣਗੇ।

ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਉੱਘੀਆਂ ਸ਼ਖਸੀਅਤਾਂ ਵਿੱਚ ਏਅਰ ਮਾਰਸ਼ਲ ਸੰਦੀਪ ਥਰੇਜਾ, ਡਾਇਰੈਕਟਰ ਜਨਰਲ, ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼; ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ ਅਤੇ ਡਾਇਰੈਕਟਰ ਜਨਰਲ, ਆਈਸੀਐੱਮਆਰ (ICMR); ਸ਼੍ਰੀਮਤੀ ਮਨੀਸ਼ਾ ਸਕਸੈਨਾ, ਸੰਯੁਕਤ ਸਕੱਤਰ, ਸਿਹਤ ਖੋਜ ਵਿਭਾਗ; ਸ਼੍ਰੀ ਵਿਵੇਕ ਕੁਮਾਰ ਦਕਸ਼, ਸੀਨੀਅਰ ਡਿਪਟੀ ਡਾਇਰੈਕਟਰ ਜਨਰਲ (ਪ੍ਰਸ਼ਾਸਨ), ਆਈਸੀਐੱਮਆਰ; ਐਡੀਸ਼ਨਲ ਡਾਇਰੈਕਟਰ ਜਨਰਲ (ਐਕਸਟ੍ਰਾਮਿਊਰਲ) ਡਾ. ਅਲਕਾ ਸ਼ਰਮਾ ਅਤੇ ਸੀਨੀਅਰ ਵਿੱਤੀ ਸਲਾਹਕਾਰ (Sr. FA) ਡਾ. ਰਿਚਾ ਪਾਂਡੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਕੇਂਦਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਹਥਿਆਰਬੰਦ ਬਲਾਂ ਦੇ ਨੁਮਾਇੰਦੇ, ਵਿਗਿਆਨੀ, ਜਨਤਕ ਸਿਹਤ ਮਾਹਰ, ਖੋਜ ਸੰਸਥਾਨ ਅਤੇ ਹੋਰ ਪ੍ਰਮੁੱਖ ਹਿਤਧਾਰਕ ਵੀ ਇਸ ਸਮਾਰੋਹ ਵਿੱਚ ਹਿੱਸਾ ਲੈਣਗੇ।

 

 ***********

ਐੱਸਆਰ/ਜੀਐੱਸ/ਏਕੇ


(Release ID: 2322024) ਵਿਜ਼ੀਟਰ ਕਾਊਂਟਰ : 7