ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਰਕਾਰ ਦੇ ਮੁਖੀ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 25 ਸਾਲ ਪੂਰੇ ਹੋਣ ’ਤੇ ਆਲਮੀ ਆਗੂਆਂ ਨੇ ਦਿੱਤੀ ਵਧਾਈ


Posted On: 07 OCT 2026 4:56PM by PIB Chandigarh

7 ਅਕਤੂਬਰ 2026 ਨੂੰ ਸਰਕਾਰ ਦੇ ਮੁਖੀ ਵਜੋਂ ਲਗਾਤਾਰ 25 ਸਾਲ ਦਾ ਇਤਿਹਾਸਕ ਕਾਰਜਕਾਲ ਪੂਰਾ ਹੋਣ ’ਤੇ ਆਲਮੀ ਆਗੂਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀ ਹਨ। ਸਾਲ 2001 ਵਿੱਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਅਤੇ ਉਸ ਤੋਂ ਬਾਅਦ 2014 ਵਿੱਚ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ 25 ਸਾਲ ਪੂਰੇ ਹੋਣ ’ਤੇ, ਆਲਮੀ ਆਗੂਆਂ ਨੇ ਉਨ੍ਹਾਂ ਦੀ ਪਰਿਵਰਤਨਕਾਰੀ ਅਗਵਾਈ, ਸੁਸ਼ਾਸਨ ਪ੍ਰਤੀ ਸਮਰਪਣ ਅਤੇ ਗਲੋਬਲ ਸ਼ਾਂਤੀ, ਸਮਾਵੇਸ਼ਿਤਾ ਅਤੇ ਨਿਰੰਤਰ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਹੈ।

ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ: 

ਪ੍ਰਧਾਨ ਮੰਤਰੀ @narendramodi, ਸਾਡੇ ਯੁੱਗ ਦੇ ਇੱਕ ਅਵਤਾਰ।

 

ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਮਦ ਤੀਨੁਬੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ; 

"ਨਾਇਜੀਰੀਆ ਸੰਘੀ ਗਣਰਾਜ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਵੱਲੋਂ, ਅਤੇ ਆਪਣੇ ਵੱਲੋਂ, ਮੈਂ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ @narendramodi ਨੂੰ ਇਸ ਅਸਲ ਵਿੱਚ ਇਤਿਹਾਸਕ ਪੜਾਅ ’ਤੇ ਦਿਲੋਂ ਅਤੇ ਪਿਆਰ ਭਰੀ ਵਧਾਈ ਦਿੰਦਾ ਹਾਂ। 

ਅੱਜ, 7 ਅਕਤੂਬਰ 2026 ਨੂੰ, ਸਾਲ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਅਤੇ ਸਰਕਾਰ ਦੇ ਮੁਖੀ ਵਜੋਂ ਉਨ੍ਹਾਂ ਵੱਲੋਂ ਪਹਿਲੀ ਵਾਰ ਅਹੁਦਾ ਗ੍ਰਹਿਣ ਕਰਨ ਦੇ 25 ਸਾਲ ਪੂਰੇ ਹੋ ਰਹੇ ਹਨ। 

ਉਨ੍ਹਾਂ ਦੀ ਜਨਸੇਵਾ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਰਹੀ ਹੈ। ਗੁਜਰਾਤ ਦੇ ਲੋਕਾਂ ਦੀ 12 ਤੋਂ ਵੱਧ ਸਾਲਾਂ ਤੱਕ ਸੇਵਾ ਕਰਨ ਤੋਂ ਬਾਅਦ, ਉਹ 2014 ਤੋਂ ਲਗਾਤਾਰ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਵਿਰਾਜਮਾਨ ਹਨ।

ਕਿਸੇ ਵੀ ਲੋਕਤੰਤਰ ਵਿੱਚ ਲਗਾਤਾਰ 25 ਸਾਲਾਂ ਤੱਕ ਅਗਵਾਈ ਕਰਨਾ ਇੱਕ ਵਿਲੱਖਣ ਪ੍ਰਾਪਤੀ ਹੈ। ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਸ਼ਟਰ ਵਿੱਚ, ਇਹ ਭਾਰਤੀ ਜਨਤਾ ਵੱਲੋਂ ਉਨ੍ਹਾਂ ਵਿੱਚ ਪ੍ਰਗਟ ਕੀਤੇ ਗਏ ਅਟੁੱਟ ਅਤੇ ਨਿਰੰਤਰ ਵਿਸ਼ਵਾਸ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹੈ। 

ਨਾਇਜੀਰੀਆ ਸਾਡੇ ਦੋਵਾਂ ਮਹਾਨ ਰਾਸ਼ਟਰਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦਾ ਹੈ। ਮੈਨੂੰ ਨਵੰਬਰ 2024 ਵਿੱਚ ਪ੍ਰਧਾਨ ਮੰਤਰੀ ਦੀ ਅਬੁਜਾ ਦੀ ਇਤਿਹਾਸਕ ਸਰਕਾਰੀ ਯਾਤਰਾ ਦੀ ਸੁਖਦ ਯਾਦ ਹੈ, ਜਦੋਂ ਨਾਇਜੀਰੀਆ ਨੇ ਉਨ੍ਹਾਂ ਨੂੰ ਗ੍ਰਾਂਡ ਕਮਾਂਡਰ ਆਫ਼ ਦਾ ਆਰਡਰ ਆਫ਼ ਦਾ ਨਾਇਜ਼ਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਸੀ।

 ਉਸ ਯਾਤਰਾ ਨੇ ਵਪਾਰ ਅਤੇ ਨਿਵੇਸ਼, ਊਰਜਾ, ਰੱਖਿਆ ਅਤੇ ਸੁਰੱਖਿਆ, ਸਿਹਤ, ਸਿੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਇੱਕ ਨਵੀਂ ਰਫ਼ਤਾਰ ਪ੍ਰਦਾਨ ਕੀਤੀ। 

ਸਾਥੀ ਲੋਕਤੰਤਰੀ ਦੇਸ਼ਾਂ ਅਤੇ ਗਲੋਬਲ ਸਾਊਥ ਦੀਆਂ ਪ੍ਰਮੁੱਖ ਆਵਾਜ਼ਾਂ ਵਜੋਂ, ਨਾਇਜੀਰੀਆ ਅਤੇ ਭਾਰਤ ਇੱਕ ਵਧੇਰੇ ਨਿਆਂਪੂਰਨ, ਵਧੇਰੇ ਸਮਾਵੇਸ਼ੀ ਅਤੇ ਵਧੇਰੇ ਪ੍ਰਤੀਨਿਧੀ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਸਾਂਝੀ ਵਚਨਬੱਧਤਾ ਰੱਖਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਨਿਰੰਤਰ ਅਗਵਾਈ ਵਿੱਚ, ਸਾਡੇ ਲੋਕਾਂ ਵਿਚਕਾਰ ਮਿੱਤਰਤਾ ਦੇ ਸੰਬੰਧ ਹੋਰ ਵੀ ਵੱਧ ਮਜ਼ਬੂਤ ਹੋਣਗੇ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਇਸ ਸ਼ਾਨਦਾਰ ਮੌਕੇ ’ਤੇ, ਮੈਂ ਉਨ੍ਹਾਂ ਦੀ ਚੰਗੀ ਸਿਹਤ, ਨਿਰੰਤਰ ਸ਼ਕਤੀ ਅਤੇ ਭਾਰਤ ਦੀ ਜਨਤਾ ਦੀ ਸੇਵਾ ਵਿੱਚ ਉਨ੍ਹਾਂ ਦੀ ਹਰ ਸਫਲਤਾ ਦੀ ਕਾਮਨਾ ਕਰਦਾ ਹਾਂ। 

ਬੋਲਾ ਅਹਮਦ ਤੀਨੁਬੂ, ਜੀਸੀਐੱਫਆਰ 

ਰਾਸ਼ਟਰਪਤੀ ਅਤੇ ਕਮਾਂਡਰ-ਇਨ-ਚੀਫ਼ ਆਫ਼ ਆਰਮਡ ਫੋਰਸਿਜ਼ 

ਨਾਇਜੀਰੀਆ ਸੰਘੀ ਗਣਰਾਜ 

ਅਬੁਜਾ, 7 ਅਕਤੂਬਰ 2026"

 

ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ; 

“ਸਰਕਾਰ ਦੇ ਮੁਖੀ ਵਜੋਂ ਲਗਾਤਾਰ 25 ਸਾਲਾਂ ਦੀ ਜਨਤਕ ਸੇਵਾ ਪੂਰੀ ਕਰਨ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ। ਗੁਜਰਾਤ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਸੁਸ਼ਾਸਨ, ਨਵੀਨਤਾ, ਤਕਨਾਲੋਜੀ, ਇਨਫ੍ਰਾਸਟ੍ਰਕਚਰ ਅਤੇ ਵਿਕਾਸ ’ਤੇ ਉਨ੍ਹਾਂ ਦੇ ਮਜ਼ਬੂਤ ਜ਼ੋਰ ਲਈ ਜਾਣੀ ਜਾਂਦੀ ਹੈ, ਜਿਸ ਨੇ ਭਾਰਤ ਦੇ ਕਾਇਕਲਪ ਅਤੇ ਗਲੋਬਲ ਮੰਚ ’ਤੇ ਇਸ ਦੀ ਵਧਦੀ ਭੂਮਿਕਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। 

ਮੈਂ ਪ੍ਰਧਾਨ ਮੰਤਰੀ ਮੋਦੀ ਦੇ ਭਾਰਤ ਦੀ ਜਨਤਾ ਦੀ ਸੇਵਾ ਦੇ ਕਾਰਜ ਵਿੱਚ ਨਿਰੰਤਰ ਸਫਲਤਾ ਦੀ ਕਾਮਨਾ ਕਰਦਾ ਹਾਂ। 

2025 ਵਿੱਚ ਸਾਡੀ ਰਣਨੀਤਕ ਭਾਈਵਾਲੀ ਤੋਂ ਲੈ ਕੇ ਪਿਛਲੇ ਮਹੀਨੇ ਫਿਲਪੀਨਜ਼ ਦੇ ਸੀਡੀਆਰਆਈ ਵਿੱਚ ਸ਼ਾਮਲ ਹੋਣ ਤੱਕ, ਸਾਡੇ ਸੰਬੰਧ ਲਗਾਤਾਰ ਮਜ਼ਬੂਤ ਤੋਂ ਮਜ਼ਬੂਤ ਹੁੰਦੇ ਜਾ ਰਹੇ ਹਨ। ਮੈਂ ਨਵੰਬਰ ਵਿੱਚ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ ਲਈ ਮਨੀਲਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਉਤਸੁਕ ਹਾਂ।”

 

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ: 

"ਸਮਰਪਿਤ ਜਨਸੇਵਾ ਦੇ 25 ਸਾਲ ਪੂਰੇ ਕਰਨ ’ਤੇ ਭਾਰਤ ਦੇ ਪ੍ਰਧਾਨ ਮੰਤਰੀ @narendramodi ਨੂੰ ਨਿੱਘੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ। 

ਨੇਪਾਲ ਆਉਣ ਵਾਲੇ ਸਾਲਾਂ ਵਿੱਚ ਤੁਹਾਡੀ ਅਤੇ ਤੁਹਾਡੀ ਸਰਕਾਰ ਦੀ ਨਿਰੰਤਰ ਸਫਲਤਾ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹੈ।"

 

 

ਬੋਤਸਵਾਨਾ ਗਣਰਾਜ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ: 

"ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨ ’ਤੇ ਪ੍ਰਧਾਨ ਮੰਤਰੀ @narendramodi ਨੂੰ ਵਧਾਈਆਂ। 

ਅਸੀਂ ਭਾਰਤ ਦੇ ਲੋਕਾਂ ਪ੍ਰਤੀ ਤੁਹਾਡੀ ਨਿਸ਼ਠਾ ਅਤੇ ਸੇਵਾ ਦੀ ਸ਼ਲਾਘਾ ਕਰਦੇ ਹਾਂ। 

ਅਸੀਂ ਆਉਣ ਵਾਲੇ ਸਾਲਾਂ ਵਿੱਚ ਤੁਹਾਡੀ ਸਫਲਤਾ ਦੀ ਕਾਮਨਾ ਕਰਦੇ ਹਾਂ ਅਤੇ ਸਾਡੇ ਦੇਸ਼ਾਂ ਵਿਚਕਾਰ ਸਥਾਈ ਮਿੱਤਰਤਾ ਦੀ ਉਮੀਦ ਕਰਦੇ ਹਾਂ।"

 

 

ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ; 

"ਮੈਂ ਗੁਜਰਾਤ ਤੋਂ ਲੈ ਕੇ ਨਵੀਂ ਦਿੱਲੀ ਤੱਕ, ਸਰਕਾਰ ਵਿੱਚ ਲਗਾਤਾਰ 25 ਸਾਲਾਂ ਦੀ ਅਗਵਾਈ ਲਈ ਪ੍ਰਧਾਨ ਮੰਤਰੀ @narendramodi ਨੂੰ ਵਧਾਈ ਦਿੰਦਾ ਹਾਂ। ਪਿਛਲੇ ਮਹੀਨੇ ਭਾਰਤ ਦੀ ਆਪਣੀ ਲਾਹੇਵੰਦ ਯਾਤਰਾ ਤੋਂ ਬਾਅਦ, ਮੈਂ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਤਸੁਕ ਹਾਂ।"

 

 

ਜਾਪਾਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ: 

“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਦੀ ਮਿਆਦ ਪੂਰੇ ਹੋਣ ’ਤੇ ਮੈਂ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟ ਕਰਨਾ ਚਾਹੁੰਦੀ ਹਾਂ। ਭਾਰਤ ਦੇ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਨੂੰ ਸਾਕਾਰ ਕਰਨ ਲਈ ਉਹ ਸਾਲਾਂ ਤੋਂ ਯਤਨ ਕਰਦੇ ਆਏ ਹਨ ਅਤੇ ਸੰਨ 2001 ਤੋਂ ਆਪਣੀ ਉੱਤਮ ਰਾਜਨੀਤਕ ਅਗਵਾਈ ਨਾਲ ਸਰਕਾਰ ਦੇ ਮੁਖੀ ਦਾ ਅਹੁਦਾ ਸੰਭਾਲਦੇ ਆਏ ਹਨ। ਉਨ੍ਹਾਂ ਨੇ ਭਾਰਤ ਦੇ ਵਿਕਾਸ ਨੂੰ ਰਫ਼ਤਾਰ ਦੇਣ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਦੀ ਪ੍ਰਤਿਸ਼ਠਾ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾਇਆ। ਇਨ੍ਹਾਂ ਸਾਰੀਆਂ ਉਪਲਬਧੀਆਂ ਲਈ, ਮੈਂ ਇੱਕ ਸਾਥੀ ਆਗੂ ਵਜੋਂ ਸਨਮਾਨ ਭਾਵ ਪ੍ਰਗਟ ਕਰਦੀ ਹਾਂ। ਮੈਂ ਫਿਰ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਪ੍ਰਗਟ ਕਰਨਾ ਚਾਹੁੰਦੀ ਹਾਂ ਕਿ ਇਸ ਜੁਲਾਈ ਵਿੱਚ ਮੇਰੀ ਭਾਰਤ ਯਾਤਰਾ ਦੌਰਾਨ ਮੈਨੂੰ ਉਨ੍ਹਾਂ ਦਾ ਬੇਹੱਦ ਨਿੱਘਾ ਸਵਾਗਤ ਮਿਲਿਆ। ਭਾਰਤ ਦੀ ਖ਼ੁਰਾਕ ਸੱਭਿਆਚਾਰ ਅਤੇ ਸੰਗੀਤ ਦਾ ਅਨੁਭਵ ਕਰਦੇ ਹੋਏ, ਮੈਨੂੰ ਜਾਪਾਨ-ਭਾਰਤ ਦੀ "ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ" ਨੂੰ ਅਗਲੇ ਪੱਧਰ ਤੱਕ ਲੈ ਜਾਣ ਲਈ ਉਨ੍ਹਾਂ ਦੇ ਨਾਲ ਠੋਸ ਕਦਮਾਂ ’ਤੇ ਵਿਚਾਰ-ਵਟਾਂਦਰਾ ਕਰਨ ਦਾ ਸ਼ੁਭ ਮੌਕਾ ਪ੍ਰਾਪਤ ਹੋਇਆ। ਮੇਰੀ ਭਾਰਤ ਯਾਤਰਾ ਬਹੁਤ ਹੀ ਲਾਹੇਵੰਦ ਰਹੀ। ਅਗਲੇ ਸਾਲ ਜਾਪਾਨ-ਭਾਰਤ ਰਾਜਨੀਤਕ ਸੰਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਹੈ। ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ (ਐੱਫਓਆਈਪੀ) ਨੂੰ ਸਾਕਾਰ ਕਰਨ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹਾਂ ਤਾਂ ਜੋ ਰਣਨੀਤਕ ਦਿਸ਼ਾ ਨੂੰ ਸਾਂਝਾ ਕਰਨ ਵਾਲੇ ਜਾਪਾਨ ਅਤੇ ਭਾਰਤ ਮਿਲ ਕੇ ਸਾਡੀ ਭਾਈਵਾਲੀ ਨੂੰ ਹੋਰ ਅੱਗੇ ਵਧਾਇਆ ਜਾ ਸਕੇ।”

 

ਕੌਮਨਵੈਲਥ ਆਫ਼ ਡੋਮਿਨਿਕਾ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ; 

"ਮੇਰੇ ਪਿਆਰੇ ਦੋਸਤ, ਪ੍ਰਧਾਨ ਮੰਤਰੀ @narendramodi, ਸਰਕਾਰ ਦੇ ਮੁਖੀ ਵਜੋਂ ਲਗਾਤਾਰ 25 ਸਾਲਾਂ ਦੀ ਸੇਵਾ ਲਈ ਮੈਂ ਤੁਹਾਨੂੰ ਦਿਲੋਂ ਵਧਾਈ ਦਿੰਦਾ ਹਾਂ—ਇੱਕ ਅਜਿਹੀ ਯਾਤਰਾ ਜੋ ਗੁਜਰਾਤ ਤੋਂ ਸ਼ੁਰੂ ਹੋਈ ਅਤੇ ਭਾਰਤ ਦੀ ਤੁਹਾਡੀ ਅਗਵਾਈ ਨਾਲ ਲਗਾਤਾਰ ਜਾਰੀ ਹੈ। 

ਇਸ ਖ਼ਾਸ ਮੌਕੇ ’ਤੇ, ਮੈਂ ਡੋਮਿਨਿਕਾ ਨਾਲ ਤੁਹਾਡੀ ਦੋਸਤੀ ਅਤੇ ਸਾਡੇ ਲੋਕਾਂ ਪ੍ਰਤੀ ਤੁਹਾਡੀ ਉਦਾਰਤਾ ਲਈ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹੁੰਦਾ ਹਾਂ। ਮੈਂ ਸਾਡੇ ਦੇਸ਼ਾਂ ਵਿਚਕਾਰ ਦੇ ਰਿਸ਼ਤੇ ਨੂੰ ਬਹੁਤ ਮਹੱਤਵ ਦਿੰਦਾ ਹਾਂ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਉਮੀਦ ਕਰਦਾ ਹਾਂ। ਡੋਮਿਨਿਕਾ ਦੀ ਸਰਕਾਰ, ਉੱਥੋਂ ਦੀ ਜਨਤਾ ਅਤੇ ਆਪਣੀ ਤਰਫ਼ੋਂ, ਮੈਂ ਭਾਰਤ ਦੇ ਲੋਕਾਂ ਦੀ ਸੇਵਾ ਵਿੱਚ ਤੁਹਾਡੀ ਚੰਗੀ ਸਿਹਤ, ਸ਼ਕਤੀ ਅਤੇ ਨਿਰੰਤਰ ਸਫਲਤਾ ਦੀ ਕਾਮਨਾ ਕਰਦਾ ਹਾਂ।"

 ਸਰਬੀਆ ਦੇ ਸਾਬਕਾ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਕਿਹਾ; 

"ਉੱਚਤਮ ਪੱਧਰ ’ਤੇ 25 ਸਾਲਾਂ ਦੀ ਜਨਸੇਵਾ ਪੂਰੀ ਕਰਨ ’ਤੇ ਵਧਾਈਆਂ, @NarendraModi 

ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਇਹ ਕਹਿ ਸਕਣ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਚੌਥਾਈ ਹਿੱਸਾ ਦੇਸ਼ ਦੀ ਸੇਵਾ ਵਿੱਚ ਲਗਾ ਦਿੱਤਾ—ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਤੇ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ । 

ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਭਾਰਤ ਅਤੇ ਇਸ ਦੇ ਭਵਿੱਖ ਦੀ ਕਿੰਨੀ ਪਰਵਾਹ ਕਰਦੇ ਹੋ ਅਤੇ ਪੂਰੀ ਦੁਨੀਆ ਇਹ ਦੇਖ ਸਕਦੀ ਹੈ ਕਿ ਤੁਸੀਂ ਭਾਰਤ ਦਾ ਮਾਣ ਕਿੰਨਾ ਉੱਚਾ ਕੀਤਾ ਹੈ। ਮੈਂ ਮਹਾਨ ਭਾਰਤੀ ਜਨਤਾ ਦੀ ਸੇਵਾ ਵਿੱਚ ਤੁਹਾਡੇ ਲੰਬੇ, ਸਿਹਤਮੰਦ, ਊਰਜਾਵਾਨ ਜੀਵਨ ਅਤੇ ਨਿਰੰਤਰ ਸਫਲਤਾ ਦੀ ਕਾਮਨਾ ਕਰਦਾ ਹਾਂ। ਭਾਰਤ ਖ਼ੁਸ਼ਕਿਸਮਤ ਹੈ ਕਿ ਉਸ ਨੂੰ ਤੁਹਾਡੀ ਅਗਵਾਈ ਮਿਲੀ ਹੈ।" 

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ


(Release ID: 2320664) ਵਿਜ਼ੀਟਰ ਕਾਊਂਟਰ : 2