ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਭਾਰਤ ਮੰਡਪਮ ਵਿੱਚ ਆਈ.ਸੀ.ਐੱਸ.ਆਈ. ਦੇ 58ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕੀਤਾ


"ਚੰਗਾ ਸ਼ਾਸਨ ਇੱਕ ਅਦਿੱਖ ਬੁਨਿਆਦੀ ਢਾਂਚਾ ਹੈ, ਜੋ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਬਣਾਏ ਰੱਖਦਾ ਹੈ": ਉਪ-ਰਾਸ਼ਟਰਪਤੀ

"ਕੰਪਨੀ ਸਕੱਤਰ ਗਵਰਨੈਂਸ ਦੇ ਰੱਖਿਅਕ ਅਤੇ ਭਾਰਤੀ ਉਦਯੋਗ ਜਗਤ ਦੇ ਭਰੋਸੇਯੋਗ ਢਾਂਚੇ ਦੇ ਕੇਂਦਰ ਹਨ": ਉਪ-ਰਾਸ਼ਟਰਪਤੀ

"ਆਈ.ਸੀ.ਐੱਸ.ਆਈ., ਆਈ.ਸੀ.ਏ.ਆਈ. ਅਤੇ ਆਈ.ਸੀ.ਐੱਮ.ਏ.ਆਈ. ਇੱਕ ਵਿਕਸਿਤ ਭਾਰਤ ਦੇ ਪ੍ਰਮੁੱਖ ਸੰਸਥਾਗਤ ਥੰਮ੍ਹ ਹਨ": ਉਪ-ਰਾਸ਼ਟਰਪਤੀ

"ਤਕਨਾਲੋਜੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਬਦਲਾਅ ਲਿਆ ਸਕਦੀ ਹੈ, ਪਰ ਇਮਾਨਦਾਰੀ ਅਤੇ ਜਵਾਬਦੇਹੀ ਦੀ ਜ਼ੁੰਮੇਵਾਰੀ ਮਨੁੱਖ ਦੀ ਹੀ ਰਹਿੰਦੀ ਹੈ": ਉਪ-ਰਾਸ਼ਟਰਪਤੀ

Posted On: 04 OCT 2026 2:54PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤੀ ਕੰਪਨੀ ਸਕੱਤਰ ਸੰਸਥਾਨ (ਆਈ.ਸੀ.ਐੱਸ.ਆਈ.) ਦੇ 58ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਪੂਰੇ ਆਈ.ਸੀ.ਐੱਸ.ਆਈ. ਭਾਈਚਾਰੇ ਨੂੰ ਵਧਾਈ ਦਿੰਦਿਆਂ ਉਹਨਾਂ ਨੇ ਪਾਰਦਰਸ਼ੀ, ਨੈਤਿਕ ਅਤੇ ਸਮਾਵੇਸ਼ੀ ਕਾਰਪੋਰੇਟ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਲਗਭਗ ਛੇ ਦਹਾਕਿਆਂ ਦੀ ਯਾਤਰਾ ਲਈ ਸੰਸਥਾ ਦੀ ਸ਼ਲਾਘਾ ਕੀਤੀ।

ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਸੰਸਥਾ ਦਾ ਬਦਲਾਅ ਪੇਸ਼ੇ ਦੇ ਵਿਕਾਸ ਨੂੰ ਦਰਸਾਉਂਦਾ ਹੈ, ਜਿਸ ਦੀ ਅੱਜ ਕਾਰਪੋਰੇਟ ਪਾਰਦਰਸ਼ਤਾ, ਨਿਵੇਸ਼ਕਾਂ ਦੇ ਵਿਸ਼ਵਾਸ ਅਤੇ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੈ।

ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਨਤ ਡੇਟਾ ਐਨਾਲਿਟਿਕਸ ਅਤੇ ਤੇਜ਼ੀ ਨਾਲ ਬਦਲ ਰਹੇ ਵਪਾਰਕ ਮਾਡਲਾਂ ਵੱਲੋਂ ਆਕਾਰ ਦਿੱਤੇ ਗਏ ਯੁੱਗ ਵਿੱਚ, ਉਪ-ਰਾਸ਼ਟਰਪਤੀ ਨੇ ਕੰਪਨੀ ਸਕੱਤਰਾਂ ਨੂੰ "ਗਵਰਨੈਂਸ ਦੇ ਰੱਖਿਅਕ" ਵਜੋਂ ਭਾਰਤੀ ਉਦਯੋਗ ਜਗਤ ਦੀ ਕਾਨੂੰਨੀ, ਰਣਨੀਤਕ ਅਤੇ ਨੈਤਿਕ ਨੀਂਹ ਨੂੰ ਬਣਾਏ ਰੱਖਣ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ, "ਤਕਨਾਲੋਜੀ ਜਾਣਕਾਰੀ ਪੈਦਾ ਕਰਨ ਅਤੇ ਫੈਸਲਿਆਂ ਦਾ ਸਮਰਥਨ ਕਰਨ ਦੇ ਤਰੀਕੇ ਨੂੰ ਬਦਲ ਸਕਦੀ ਹੈ, ਪਰ ਇਮਾਨਦਾਰੀ, ਜਵਾਬਦੇਹੀ, ਪਾਰਦਰਸ਼ਤਾ ਅਤੇ ਜ਼ੁੰਮੇਵਾਰੀ ਮਨੁੱਖ ਦੀ ਹੀ ਰਹਿੰਦੀ ਹੈ।"

ਭਰੋਸੇ, ਪਾਰਦਰਸ਼ਤਾ ਅਤੇ ਕਾਰਪੋਰੇਟ ਪ੍ਰਸ਼ਾਸਨ ਨੂੰ ਆਧੁਨਿਕ ਅਰਥਵਿਵਸਥਾ ਦਾ "ਅਦਿੱਖ ਬੁਨਿਆਦੀ ਢਾਂਚਾ" ਦੱਸਦਿਆਂ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਲਗਾਤਾਰ ਆਰਥਿਕ ਪ੍ਰਗਤੀ ਲਈ ਨਿਵੇਸ਼ਕਾਂ ਦਾ ਵਿਸ਼ਵਾਸ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਕੰਪਨੀ ਸਕੱਤਰ ਇਸ ਢਾਂਚੇ ਦੇ ਕੇਂਦਰ ਵਿੱਚ ਹਨ ਅਤੇ ਉੱਦਮਾਂ, ਸਟਾਰਟ-ਅੱਪਸ, ਪਰਿਵਾਰਕ ਵਪਾਰਾਂ ਅਤੇ ਸੂਚੀਬੱਧ ਕੰਪਨੀਆਂ ਨੂੰ ਜ਼ੁੰਮੇਵਾਰੀ ਨਾਲ ਅੱਗੇ ਵਧਣ ਵਿੱਚ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਜ਼ਬੂਤ ਸੰਸਥਾ ਅਤੇ ਮਜ਼ਬੂਤ ਸ਼ਾਸਨ ਓਨਾ ਹੀ ਮਹੱਤਵਪੂਰਨ ਹੋਵੇਗਾ, ਜਿੰਨਾ ਕਿ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚਾ। ਉਹਨਾਂ ਨੇ ਵਿਕਸਿਤ ਭਾਰਤ @2047 ਦੀ ਦਿਸ਼ਾ ਵੱਲ ਭਾਰਤ ਦੀ ਯਾਤਰਾ ਵਿੱਚ ਆਈ.ਸੀ.ਏ.ਆਈ., ਆਈ.ਸੀ.ਐੱਮ.ਏ.ਆਈ.  ਅਤੇ ਆਈ.ਸੀ.ਐੱਸ.ਆਈ.  ਦੀ ਪੂਰਕ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਇਹਨਾਂ ਪੇਸ਼ੇਵਰ ਸੰਸਥਾਵਾਂ ਨੂੰ ਇੱਕ ਮਜ਼ਬੂਤ ਕਾਰਪੋਰੇਟ ਅਤੇ ਆਰਥਿਕ ਈਕੋ-ਸਿਸਟਮ ਦੇ ਮੁੱਖ ਥੰਮ੍ਹ ਦੱਸਿਆ।

ਨੌਜਵਾਨਾਂ ਲਈ ਇਸ ਪੇਸ਼ੇ ਵਿੱਚ ਆਉਣ ਦੇ ਵਧੇਰੇ ਮੌਕਿਆਂ ਦੀ ਮੰਗ ਕਰਦਿਆਂ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਈ.ਸੀ.ਐੱਸ.ਆਈ. ਦੀ ਫੀਸ-ਮੁਆਫ਼ੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਤੱਕ ਨਿਰੰਤਰ ਪਹੁੰਚ ਬਣਾਉਣ ਦੀ ਅਪੀਲ ਕੀਤੀ। ਉਹਨਾਂ ਨੇ ਐੱਮ.ਐੱਸ.ਐੱਮ.ਈ. ਅਨੁਪਾਲਨ ਕੈਲੰਡਰ 2027 ਲਾਂਚ ਕੀਤਾ ਅਤੇ ਆਈ.ਸੀ.ਐੱਸ.ਆਈ. ਐੱਮ.ਐੱਸ.ਐੱਮ.ਈ. ਅਤੇ ਸਟਾਰਟ-ਅੱਪ ਉਤਪ੍ਰੇਰਕ ਸਮੇਤ ਐੱਮ.ਐੱਸ.ਐੱਮ.ਈ. ਅਤੇ ਸਟਾਰਟ-ਅੱਪਸ ਲਈ ਆਈ.ਸੀ.ਐੱਸ.ਆਈ. ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸ਼ਹੀਦ ਕੀ ਬੇਟੀ ਪਹਿਲ ਦੇ ਅਧੀਨ ਰਾਸ਼ਟਰੀ ਰੱਖਿਆ ਫੰਡ ਅਤੇ ਰੱਖਿਆ ਮੰਤਰਾਲੇ ਦੇ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਆਈ.ਸੀ.ਐੱਸ.ਆਈ. ਦੇ ਯੋਗਦਾਨ ਦੀ ਵੀ ਸ਼ਲਾਘਾ ਕਰਦਿਆਂ ਕਿਹਾ, "ਜਦੋਂ ਇਰਾਦਾ ਚੰਗਾ ਹੋਵੇਗਾ, ਤਾਂ ਸਭ ਕੁਝ ਚੰਗਾ ਹੋਵੇਗਾ।"

ਅੰਤ ਵਿੱਚ, ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਆਈ.ਸੀ.ਐੱਸ.ਆਈ. ਨੂੰ ਇਸ ਪੇਸ਼ੇ ਵਿੱਚ ਜਤਾਏ ਗਏ ਵਿਸ਼ਵਾਸ ਨੂੰ ਬਣਾਏ ਰੱਖਣ ਅਤੇ ਇੱਕ ਮਜ਼ਬੂਤ, ਆਤਮ-ਨਿਰਭਰ ਅਤੇ ਵਿਕਸਿਤ ਭਾਰਤ @2047 ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ—ਦੂਜਿਆਂ ਲਈ ਸ਼ਰਤਾਂ ਤੈਅ ਕਰਨ ਲਈ ਨਹੀਂ, ਬਲਕਿ "ਤਾਂ ਜੋ ਕੋਈ ਵੀ ਸਾਨੂੰ ਅਣਚਾਹੀਆਂ ਸ਼ਰਤਾਂ ਨਾ ਸੌਂਪ ਸਕੇ।" ਉਹਨਾਂ ਨੇ “ਸਤਯਮ ਵਦ, ਧਰਮਮ ਚਰ” ਦੇ ਸਦੀਵੀ ਨੈਤਿਕ ਸਿਧਾਂਤਾਂ ਦਾ ਵੀ ਸੱਦਾ ਕੀਤਾ ਅਤੇ ਆਈ.ਸੀ.ਐੱਸ.ਆਈ. ਭਾਈਚਾਰੇ ਨੂੰ ਇਸ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ।

ਇਸ ਮੌਕੇ 'ਤੇ ਆਈ.ਸੀ.ਐੱਸ.ਆਈ. ਦੇ ਪ੍ਰਧਾਨ ਸੀ.ਐੱਸ. ਪਵਨ ਚਾਂਡਕ; ਰਾਜਸਭਾ ਦੀ ਸਾਬਕਾ ਸੰਸਦ ਮੈਂਬਰ ਡਾ. ਸੋਨਲ ਮਾਨ ਸਿੰਘ; ਆਈ.ਸੀ.ਐੱਸ.ਆਈ. ਦੇ ਸਕੱਤਰ ਸੀ.ਐੱਸ. ਆਸ਼ੀਸ਼ ਮੋਹਨ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

*************

ਪੀਆਰ/ਏਐੱਸਐੱਮ/ਵੀਐੱਮਜੇ


(Release ID: 2319154) ਵਿਜ਼ੀਟਰ ਕਾਊਂਟਰ : 4