ਜਲ ਸ਼ਕਤੀ ਮੰਤਰਾਲਾ
ਉਪ ਰਾਸ਼ਟਰਪਤੀ ਨੇ 9ਵੇਂ ਇੰਡੀਆ ਇੰਟਰਨੈਸ਼ਨਲ ਵਾਟਰ ਵੀਕ 2026 ਦਾ ਉਦਘਾਟਨ ਕੀਤਾ
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਜਲ-ਸੁਰੱਖਿਅਤ ਅਤੇ ਜਲਵਾਯੂ-ਅਨੁਕੂਲ ਭਾਰਤ ਦੇ ਨਿਰਮਾਣ ਲਈ ਸਮੂਹਿਕ ਕਾਰਵਾਈ ਅਤੇ ਨਵੀਨਤਾ ਦਾ ਸੱਦਾ ਦਿੱਤਾ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਜਲ ਸੁਰੱਖਿਆ ਲਈ ਸਹਿਯੋਗ ਅਤੇ ਜਨਤਕ ਭਾਗੀਦਾਰੀ 'ਤੇ ਜ਼ੋਰ ਦਿੱਤਾ
Posted On:
22 SEP 2026 6:27PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 9ਵੇਂ ਇੰਡੀਆ ਇੰਟਰਨੈਸ਼ਨਲ ਵਾਟਰ ਵੀਕ 2026 ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ, ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਸ਼੍ਰੀ ਰਾਜ ਭੂਸ਼ਣ ਚੌਧਰੀ ਮੌਜੂਦ ਸਨ। ਸ਼੍ਰੀ ਅਸ਼ੋਕ ਕੇ.ਕੇ. ਮੀਨਾ, ਸਕੱਤਰ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ; ਸ਼੍ਰੀਮਤੀ ਅਰਚਨਾ ਵਰਮਾ, ਸਕੱਤਰ, ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ; ਸ਼੍ਰੀ ਅਨੁਪਮ ਪ੍ਰਸਾਦ, ਚੇਅਰਮੈਨ, ਕੇਂਦਰੀ ਜਲ ਕਮਿਸ਼ਨ; ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਡੈਲੀਗੇਟ, ਰਾਜਦੂਤ, ਵਿਸ਼ਵ ਜਲ ਖੇਤਰ ਦੇ ਪ੍ਰਮੁੱਖ ਮਾਹਰ, ਸੀਨੀਅਰ ਅਧਿਕਾਰੀ, ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ, ਮਾਹਰ, ਖੋਜਕਰਤਾ, ਉਦਯੋਗ ਪ੍ਰਤੀਨਿਧੀ, ਨਵੀਨਤਾਕਾਰੀ ਅਤੇ ਹੋਰ ਹਿੱਤਧਾਰਕ ਵੀ ਸਮਾਗਮ ਵਿੱਚ ਸ਼ਾਮਲ ਸਨ।

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੁਆਰਾ 22 ਤੋਂ 26 ਸਤੰਬਰ, 2026 ਤੱਕ ਆਯੋਜਿਤ ਇਸ ਪੰਜ-ਦਿਨਾਂ ਸਮਾਗਮ ਦੀ ਥੀਮ "ਜਲਵਾਯੂ-ਅਨੁਕੂਲ਼ ਜਲ ਪ੍ਰਬੰਧਨ" ਹੈ। ਇਸ ਸਮਾਗਮ ਦਾ ਨੌਵਾਂ ਐਡੀਸ਼ਨ ਇੱਕ ਮਹੱਤਵਪੂਰਨ ਪੜਾਅ ਹੈ, ਕਿਉਂਕਿ ਪਿਛਲੇ ਐਡੀਸ਼ਨ, "ਇੰਡੀਆ ਵਾਟਰ ਵੀਕ" ਵਜੋਂ ਆਯੋਜਿਤ ਕੀਤੇ ਗਏ ਸਨ, ਜੋ ਹੁਣ "ਇੰਡੀਆ ਇੰਟਰਨੈਸ਼ਨਲ ਵਾਟਰ ਵੀਕ" ਦੇ ਰੂਪ ਵਿੱਚ ਵਿਕਸਿਤ ਹੋ ਗਿਆ ਹੈ । ਇਹ ਤਬਦੀਲੀ ਇਸਦੀ ਵਧਦੀ ਵਿਸ਼ਵਵਿਆਪੀ ਸ਼ਮੂਲੀਅਤ ਅਤੇ ਸਾਂਝੀਆਂ ਜਲ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਵਧਦੇ ਮਹੱਤਵ ਨੂੰ ਦਰਸਾਉਂਦੀ ਹੈ।
ਨੀਦਰਲੈਂਡ ਅਤੇ ਜਰਮਨੀ ਇਸ ਵਿੱਚ ਭਾਈਵਾਲ ਦੇਸ਼ਾਂ ਵਜੋਂ ਹਿੱਸਾ ਲੈ ਰਹੇ ਹਨ, 14 ਰਾਜ ਭਾਈਵਾਲ ਰਾਜਾਂ ਵਜੋਂ ਅਤੇ ਦੋ ਕੇਂਦਰੀ ਮੰਤਰਾਲੇ ਭਾਈਵਾਲ ਮੰਤਰਾਲੇ ਵਜੋਂ ਸ਼ਾਮਲ ਹਨ। ਇਹ ਸਮਾਗਮ ਸਰਕਾਰਾਂ, ਅੰਤਰਰਾਸ਼ਟਰੀ ਅਤੇ ਬਹੁਪੱਖੀ ਸੰਗਠਨਾਂ, ਖੋਜ ਅਤੇ ਅਕਾਦਮਿਕ ਸੰਸਥਾਵਾਂ, ਉਦਯੋਗ, ਸਿਵਲ ਸਮਾਜ, ਸਟਾਰਟ-ਅੱਪਸ, ਨਵੀਨਤਾਕਾਰੀ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਇੱਕ ਮੰਚ ‘ਤੇ ਲਿਆਉਂਦਾ ਹੈ। ਇਹ ਨੀਤੀਗਤ ਸੰਵਾਦ, ਤਕਨਾਲੋਜੀ ਪ੍ਰਦਰਸ਼ਨ, ਗਿਆਨ ਦੇ ਆਦਾਨ-ਪ੍ਰਦਾਨ, ਨੈੱਟਵਰਕਿੰਗ, ਵਪਾਰਕ ਗੱਠਜੋੜ ਅਤੇ ਨਵੇਂ ਸਹਿਯੋਗ ਲਈ ਇੱਕ ਵਿਆਪਕ ਮੰਚ ਪ੍ਰਦਾਨ ਕਰਦਾ ਹੈ।
ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਜਲਵਾਯੂ ਪਰਿਵਰਤਨ, ਸ਼ਹਿਰੀਕਰਨ ਅਤੇ ਕੁਦਰਤੀ ਸਰੋਤਾਂ 'ਤੇ ਵਧਦੇ ਦਬਾਅ ਕਾਰਨ ਜਲ ਸੁਰੱਖਿਆ ਦੇ ਸਾਹਮਣੇ ਉਤਪੰਨ ਹੋ ਰਹੀਆਂ ਚੁਣੌਤੀਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੀਨਤਾ, ਕੁਸ਼ਲਤਾ ਅਤੇ ਸਮੂਹਿਕ ਕਾਰਵਾਈ ਰਾਹੀਂ ਜਲ ਦਾ ਏਕੀਕ੍ਰਿਤ ਅਤੇ ਟਿਕਾਊ ਪ੍ਰਬੰਧਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਜਲ ਉਪਲਬਧਤਾ ਵਿੱਚ ਸਥਾਨ ਅਤੇ ਸਮੇਂ ਦੇ ਆਧਾਂਰ ‘ਤੇ ਹੋਣ ਵਾਲੇ ਅੰਤਰ ਨੂੰ ਹੱਲ ਕਰਨ ਵਿੱਚ ਨਦੀਆਂ ਦੇ ਆਪਸ ਵਿੱਚ ਜੋੜਨ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜਲ ਸ਼ਕਤੀ ਮੰਤਰਾਲੇ ਦੁਆਰਾ ਕੀਤੇ ਗਏ ਵੱਖ-ਵੱਖ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ। ਝਾਰਖੰਡ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ, ਰਾਜ ਵਿੱਚ ਪੇਂਡੂ ਟੂਟੀ ਪਾਣੀ ਦੀ ਪਹੁੰਚ ਲਗਭਗ 7 ਪ੍ਰਤੀਸ਼ਤ ਤੋਂ ਵਧ ਕੇ 37 ਪ੍ਰਤੀਸ਼ਤ ਹੋ ਗਈ ਹੈ। ਉਨ੍ਹਾਂ ਨੇ ਜਲ ਜੀਵਨ ਮਿਸ਼ਨ ਨੂੰ ਇੱਕ ਪਰਿਵਰਤਨਸ਼ੀਲ ਪ੍ਰੋਗਰਾਮ ਦੱਸਦਿਆਂ ਕਿਹਾ ਕਿ ਇਸਨੇ ਪੇਂਡੂ ਘਰਾਂ ਲਈ ਪੀਣ ਵਾਲੇ ਪਾਣੀ ਦੀ ਪਹੁੰਚ ਵਿੱਚ ਮਹੱਤਵਪੂਰਨ ਵਿਸਤਾਰ ਕੀਤਾ ਹੈ।
ਉਨ੍ਹਾਂ ਨੇ ਅੰਤਰਰਾਜੀ ਨਦੀਆਂ ਦੇ ਜਲ ਦੀ ਵੰਡ ਅਤੇ ਪ੍ਰਬੰਧਨ ਲਈ ਰਾਜਾਂ ਵਿਚਕਾਰ ਸਹਿਯੋਗੀ ਪ੍ਰਬੰਧਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਇੰਡੀਆ ਇੰਟਰਨੈਸ਼ਨਲ ਵਾਟਰ ਵੀਕ 2026 ਦੀ ਵਰਤੋਂ ਗਿਆਨ ਦੇ ਆਦਾਨ-ਪ੍ਰਦਾਨ, ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਿਚਾਰ-ਵਟਾਂਦਰੇ ਨੂੰ ਠੋਸ ਕਾਰਵਾਈ ਵਿੱਚ ਬਦਲਣ ਲਈ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਨੇ ਦੋ ਮਹੱਤਵਪੂਰਨ ਪ੍ਰਕਾਸ਼ਨਾਂ, "ਸਸਟੇਨੇਬਲ ਅਰਬਨ ਰਿਵਰ ਮੈਨੇਜਮੈਂਟ ਫਰੇਮਵਰਕ" ਅਤੇ "ਏਆਈ ਐਂਡ ਐਮਐਲ ਡ੍ਰਾਈਵਨ ਇੰਟੀਗ੍ਰੇਟਿਡ ਰਿਜ਼ਰਵਾਇਰ ਸੈਡੀਮੈਂਟ ਮੈਨੇਜਮੈਂਟ" ਦਾ ਵੀ ਵਿਮੋਚਨ ਕੀਤਾ ।


ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ. ਪਾਟਿਲ ਨੇ ਕਿਹਾ ਕਿ ਜਲ ਸੁਰੱਖਿਆ ਅਤੇ ਜਲਵਾਯੂ ਅਨੁਕੂਲਤਾ ਨੂੰ ਨਾਲ-ਨਾਲ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਜਲਵਾਯੂ ਪਰਿਵਰਤਨ ਦੇ ਬਹੁਤ ਸਾਰੇ ਪ੍ਰਭਾਵ ਹੁਣ ਜਲ ਰਾਹੀਂ ਤੇਜ਼ੀ ਨਾਲ ਅਨੁਭਵ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਜਲ ਦ੍ਰਿਸ਼ਟੀਕੋਣ ੑੑੑ@2047 ਦੇ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਜਲ ਜੀਵਨ ਮਿਸ਼ਨ, ਜਲ ਸੰਚਯ ਜਨ ਭਾਗੀਦਾਰੀ, ਨਮਾਮੀ ਗੰਗੇ, ਅਟਲ ਭੂਜਲ ਯੋਜਨਾ, ਰਾਸ਼ਟਰੀ ਜਲ-ਪ੍ਰਾਪਤੀ ਮੈਪਿੰਗ ਅਤੇ ਪ੍ਰਬੰਧਨ ਪ੍ਰੋਗਰਾਮ, ਕੇਨ-ਬੇਤਵਾ ਲਿੰਕ ਪ੍ਰੋਜੈਕਟ, ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ, ਅਤੇ ਰਾਸ਼ਟਰੀ ਜਲ-ਵਿਗਿਆਨ ਪ੍ਰੋਜੈਕਟ ਵਰਗੀਆਂ ਮੁੱਖ ਪਹਿਲਕਦਮੀਆਂ 'ਤੇ ਚਾਨਣਾ ਪਾਇਆ। ਮੰਤਰੀ ਨੇ ਕਿਹਾ ਕਿ ਜਨਤਕ ਭਾਗੀਦਾਰੀ ਸਾਡੀ ਸਭ ਤੋਂ ਵੱਡੀ ਤਾਕਤ ਹੈ, ਜਿੱਥੇ ਅਸੀਂ ਇੱਕ ਦੂਜੇ ਤੋਂ ਸਿੱਖਦੇ ਹਾਂ ਅਤੇ ਪਾਣੀ ਪ੍ਰਬੰਧਨ ਨੂੰ ਅੱਗੇ ਵਧਾਉਣ ਲਈ ਅਨੁਭਵ ਸਾਂਝੇ ਕਰਦੇ ਹਾਂ। ਉਨ੍ਹਾਂ ਨੇ ਖੋਜ ਅਤੇ ਵਿਕਾਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰਿਮੋਟ ਸੈਂਸਿੰਗ, ਭੂਗੋਲਿਕ ਸੂਚਨਾ ਪ੍ਰਣਾਲੀਆਂ, ਰੀਅਲ-ਟਾਈਮ ਸੈਂਸਰਾਂ ਅਤੇ ਉੱਨਤ ਮਾਡਲਿੰਗ ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਰੇਖਾਂਕਿਤ ਕੀਤਾ । ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਨੂੰ ਮਜ਼ਬੂਤ ਸੰਸਥਾਵਾਂ, ਸਥਾਨਿਕ ਗਿਆਨ ਅਤੇ ਭਾਈਚਾਰਕ ਭਾਗੀਦਾਰੀ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ, ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ ਦੇ ਸਕੱਤਰ, ਸ਼੍ਰੀਮਤੀ ਅਰਚਨਾ ਵਰਮਾ ਨੇ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਵਾਟਰ ਵੀਕ ਸੰਵਾਦ, ਗਿਆਨ ਸਾਂਝਾਕਰਨ, ਤਕਨਾਲੋਜੀ ਪ੍ਰਦਰਸ਼ਨ ਅਤੇ ਭਾਈਵਾਲੀ ਲਈ ਇੱਕ ਮਹੱਤਵਪੂਰਨ ਬਹੁ-ਅਨੁਸ਼ਾਸਨੀ ਗਲੋਬਲ ਪਲੈਟਫਾਰਮ ਵਜੋਂ ਵਿਕਸਿਤ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਲਵਾਯੁ ਅਨੁਕੂਲਤਾ ਨੂੰ ਜਲ ਸਰੋਤਾਂ ਅਤੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ, ਵਿੱਤਪੋਸ਼ਣ, ਵਿਕਾਸ, ਸੰਚਾਲਨ ਅਤੇ ਪ੍ਰਬੰਧਨ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਚਾਰ-ਵਟਾਂਦਰੇ ਤੋਂ ਕਾਰਵਾਈਯੋਗ ਸੁਝਾਅ, ਵੱਡੇ ਪੱਧਰ 'ਤੇ ਲਾਗੂ ਕੀਤੇ ਜਾ ਸਕਣ ਵਾਲੇ ਹੱਲ, ਸਰਵੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ ਅਤੇ ਮਜ਼ਬੂਤ ਸਾਂਝੇਦਾਰੀਆਂ ਸਾਹਮਣੇ ਆਉਣਗੀਆਂ।
ਉਦਘਾਟਨੀ ਸੈਸ਼ਨ ਵਿੱਚ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਜਲ ਯੋਧਿਆਂ ਦੇ ਯੋਗਦਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਸ਼੍ਰੀਮਤੀ ਰਾਮ ਕੁਮਾਰੀ ਨੂੰ ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਪਾਣੀ ਦੀ ਸੰਭਾਲ ਲਈ ਔਰਤਾਂ ਅਤੇ ਭਾਈਚਾਰਿਆਂ ਨੂੰ ਲਾਮਬੰਦ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਨਾਲ ਲਗਭਗ 225 ਪਰਿਵਾਰਾਂ ਲਈ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ। ਮਹਾਰਾਸ਼ਟਰ ਦੇ ਗੜ੍ਹਚਿਰੌਲੀ ਤੋਂ ਸ਼੍ਰੀ ਸੀਤਾਰਾਮ ਮਦਾਵੀ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਾਣੀ ਦੀ ਸੰਭਾਲ, ਪੇਂਡੂ ਵਿਕਾਸ ਅਤੇ ਖੇਤੀਬਾੜੀ ਸਥਿਰਤਾ ਦੇ ਖੇਤਰਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਖੂਹਾਂ, ਖੇਤ ਤਲਾਬਾਂ ਅਤੇ ਹੋਰ ਪਾਣੀ ਸੰਭਾਲ ਪਹਿਲਕਦਮੀਆਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਜਿਹਾਂ ਵਿੱਚ ਭੂਮੀਗਤ ਪਾਣੀ ਦੀ ਉਪਲਬਧਤਾ ਅਤੇ ਸਿੰਚਾਈ ਤੱਕ ਪਹੁੰਚ ਨੂੰ ਬਿਹਤਰ ਹੋਈ ।
ਉਦਘਾਟਨੀ ਸੈਸ਼ਨ ਤੋਂ ਬਾਅਦ, "ਜਲਵਾਯੂ-ਅਨੁਕੂਲ ਜਲ ਪ੍ਰਬੰਧਨ 'ਤੇ ਦੇਸ਼ ਦੇ ਦ੍ਰਿਸ਼ਟੀਕੋਣ" ਵਿਸ਼ੇ 'ਤੇ ਇੱਕ ਉੱਚ-ਪੱਧਰੀ ਮੰਤਰੀ ਪੱਧਰੀ ਪਲੈਨਰੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਭਾਰਤ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਵਿਚਾਰ ਸਾਹਮਣੇ ਆਏ। ਸੈਸ਼ਨ ਵਿੱਚ ਇਸ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਕਿ ਜਲ ਪ੍ਰਬੰਧਨ ਨੂੰ ਸਿਰਫ਼ ਸੰਕਟ ਤੋਂ ਬਾਅਦ ਦੇ ਪ੍ਰਤੀਕਿਰਿਆ ਦੇਣ ਦੀਆਂ ਪ੍ਰਣਾਲੀਆਂ ਤੋਂ ਅੱਗੇ ਵਧਾਕੇ ਅਜਿਹੇ ਪ੍ਰਣਾਲੀਆਂ ਵਿੱਚ ਬਦਲਿਆਂ ਜਾਵੇ ਜੋ ਜੋਖਮਾਂ ਦਾ ਪਹਿਲਾਂ ਤੋਂ ਅਨੁਮਾਨ ਲਗਾ ਸਕਣ, ਤਬਦੀਲੀਆਂ ਦੇ ਅਨੁਕੂਲ ਹੋ ਸਕਣ, ਅਤੇ ਜਲਵਾਯੂ ਅਤਿਅੰਤਤਾਵਾਂ ਤੋਂ ਉਭਰ ਸਕਣ । ਚਰਚਾਵਾਂ ਵਿੱਚ ਜਲਵਾਯੂ ਅਧਾਰਿਤ ਬੁਨਿਆਦੀ ਢਾਂਚਾ, ਹੜ੍ਹ ਅਤੇ ਸੋਕਾ ਪ੍ਰਬੰਧਨ, ਡਿਜੀਟਲ ਹਾਈਡ੍ਰੋਲੋਜੀ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਕੁਦਰਤ-ਅਧਾਰਿਤ ਹੱਲ, ਪਾਣੀ ਦੀ ਵਰਤੋਂ ਕੁਸ਼ਲਤਾ, ਸੰਸਥਾਗਤ ਸਮਰੱਥਾ ਅਤੇ ਅੰਤਰਰਾਸ਼ਟਰੀ ਸਹਿਯੋਗ ਵਰਗੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।
ਮੰਤਰੀ ਪੱਧਰੀ ਪਲੈਨਰੀ ਦੀ ਸ਼ੁਰੂਆਤ ਕਰਦੇ ਹੋਏ, ਸ਼੍ਰੀ ਸੀ.ਆਰ. ਪਾਟਿਲ ਨੇ ਵੈਨੇਜ਼ੁਏਲਾ, ਨੀਦਰਲੈਂਡ ਅਤੇ ਡੈਨਮਾਰਕ ਸਮੇਤ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਹਿਯੋਗ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਸ਼ਵ ਬੈਂਕ ਅਤੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ ਵਰਗੇ ਬਹੁਪੱਖੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਸੂਚਨਾ ਤਕਨਾਲੋਜੀ, ਰਿਮੋਟ ਸੈਂਸਿੰਗ, ਸੰਯੁਕਤ ਖੋਜ, ਸਮਰੱਥਾ ਨਿਰਮਾਣ ਅਤੇ ਪ੍ਰਦਰਸ਼ਨ ਪ੍ਰੋਜੈਕਟਾਂ ਵਿੱਚ ਡੂੰਘੇ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਨੇ ਹਾ ਹੁਣ ਸਿਰਫ ਗਿਆਨ ਦੇ ਆਦਾਨ-ਪ੍ਰਦਾਨ ਤੋਂ ਅੱਗੇ ਵਧਕੇ ਮਿਲਕੇ ਗਿਆਨ ਪੈਦਾ ਕਰਨ ਅਤੇ ਜਲ ਸੰਕਟ ਦਾ ਜਵਾਬ ਦੇਣ ਤੋਂ ਅੱਗੇ ਵਧਕੇ ਸੰਕਟ ਆਉਣ ਤੋਂ ਪਹਿਲਾਂ ਲਚਕੀਲਾਪਣ ਤਿਆਰ ਕਰਨ ਦੀ ਜ਼ਰੂਰਤ ਹੈ ।
ਮੰਤਰੀ ਪੱਧਰੀ ਪਲੈਨਰੀ ਨੂੰ ਸੰਬੋਧਨ ਕਰਦੇ ਹੋਏ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਣਾ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ, ਭਾਰਤ ਨੇ ਸਿੱਖਿਆ ਹੈ ਕਿ ਲਚਕੀਲਾਪਣ ਸਿਰਫ ਬੁਨਿਆਦੀ ਢਾਂਚੇ ਦੇ ਨਿਰਮਾਣ ਤੱਕ ਸੀਮਿਤ ਨਹੀਂ ਹੈ, ਸਗੋਂ ਸਮੇਂ ਦੇ ਨਾਲ ਭਰੋਸੇਯੋਗ ਅਤੇ ਟਿਕਾਊ ਜਲ ਸੇਵਾਵਾਂ ਨੂੰ ਯਕੀਨੀ ਬਣਾਉਣਾ ਵੀ ਇਸ ਦਾ ਹਿੱਸਾ ਹੈ। ਇਸ ਵਿੱਚ ਭਾਈਚਾਰੇ ਦੀ ਯੋਜਨਾਬੰਦੀ, ਸੰਚਾਲਨ ਅਤੇ ਲੰਬੇ ਸਮੇਂ ਦੀ ਸਥਿਰਤਾ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਸਕੱਤਰ ਨੇ ਅੱਗੇ ਕਿਹਾ ਕਿ ਇਸ ਲਈ ਪ੍ਰਭਾਵਸ਼ਾਲੀ ਗ੍ਰੇ-ਵਾਟਰ ਪ੍ਰਬੰਧਨ, ਭੂਮੀਗਤ ਪਾਣੀ ਰੀਚਾਰਜ ਅਤੇ ਜਲ ਸਰੋਤ ਸੁਰੱਖਿਆ ਦੀ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਿਰਮਾਣ ਫੈਸਲਾ ਸਹਾਇਤਾ ਪ੍ਰਣਾਲੀ ਰਾਹੀਂ, ਵਿਭਾਗ ਜ਼ਿਲ੍ਹਿਆਂ ਅਤੇ ਪੰਚਾਇਤਾਂ ਨੂੰ ਸੰਵੇਦਨਸ਼ੀਲ ਜਲ ਸਰੋਤਾਂ ਦੀ ਪਛਾਣ ਕਰਨ ਅਤੇ ਅਜਿਹੇ ਦਖਲਅੰਦਾਜ਼ੀ ਨੂੰ ਤਰਜੀਹ ਦੇਣ ਦੇ ਯੋਗ ਬਣਾ ਰਿਹਾ ਹੈ। ਉਨ੍ਹਾਂ ਕਿਹਾ, "ਹਰ ਬੂੰਦ ਪਾਣੀ ਦੀ ਇੱਕ ਯਾਤਰਾ ਹੁੰਦੀ ਹੈ, ਅਤੇ ਹਰ ਬੂੰਦ ਦਾ ਮੁੱਲ ਹੈ। ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਇਹ ਯਾਤਰਾ ਟਿਕਾਊ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਲ ਚੱਕਰ ਨਿਰਵਿਘਨ ਰਹੇ।"
ਪਨੈਲਰੀ ਨੂੰ ਸੰਬੋਧਨ ਕਰਦੇ ਹੋਏ, ਵੈਨੇਜ਼ੁਏਲਾ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਦੇ ਉਪ ਮੰਤਰੀ, ਸ਼੍ਰੀਮਤੀ ਯੇਸੇਨੀਆ ਕੈਰੋਲੀਨਾ ਮੋਰੇਨੋ ਗੇਰਡੇਲ ਨੇ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਦੇ ਮਹੱਤਵਪੂਰਨ ਮਹੱਤਵ 'ਤੇ ਜ਼ੋਰ ਦਿੱਤਾ, ਖਾਸ ਕਰਕੇ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ। ਉਨ੍ਹਾਂ ਕਿਹਾ ਕਿ ਪਾਣੀ ਤੱਕ ਪਹੁੰਚ ਇੱਕ ਮੌਲਿਕ ਮਨੁੱਖੀ ਅਧਿਕਾਰ ਹੈ ਅਤੇ ਜਲ ਜੀਵਨ, ਸ਼ਾਂਤੀ ਅਤੇ ਖੁਸ਼ਹਾਲੀ ਲਈ ਇੱਕ ਜ਼ਰੂਰੀ ਆਧਾਰ ਹੈ। ਭਾਰਤ ਵਿੱਚ ਡੈਨਮਾਰਕ ਦੇ ਰਾਜਦੂਤ ਮਾਨਯੋਗ ਰੈਸਮਸ ਅਬਿਲਡਗਾਰਡ ਕ੍ਰਿਸਟਨਸਨ, ਭਾਰਤ ਵਿੱਚ ਨੀਦਰਲੈਂਡਜ਼ ਦੇ ਰਾਜਦੂਤ ਸ਼੍ਰੀਮਤੀ ਮਾਰੀਸਾ ਗੇਰਾਰਡਸ, ਵਿਸ਼ਵ ਬੈਂਕ ਦੀ ਦੱਖਣੀ ਏਸ਼ੀਆ ਖੇਤਰੀ ਡਾਇਰੈਕਟਰ ਸ਼੍ਰੀਮਤੀ ਮਾਰਾ ਕੇ. ਵਾਰਵਿਕ ਅਤੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ ਦੇ ਵਾਟਰ ਗਲੋਬਲ ਡਾਇਰੈਕਟਰ ਸ਼੍ਰੀ ਜੇਮਜ਼ ਡਾਲਟਨ ਨੇ ਵੀ ਮੰਤਰੀ-ਪੱਧਰੀ ਪਲੈਨਰੀ ਵਿੱਚ ਹਿੱਸਾ ਲਿਆ।
ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ 22 ਤੋਂ 25 ਸਤੰਬਰ ਤੱਕ ਆਯੋਜਿਤ ਹੋਣ ਵਾਲੀ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਸ਼ਾਮਲ ਸੀ । ਇਹ ਪ੍ਰਦਰਸ਼ਨੀ ਸਰਕਾਰਾਂ, ਤਕਨਾਲੋਜੀ ਪ੍ਰਦਾਤਾਵਾਂ, ਖੋਜ ਸੰਸਥਾਵਾਂ, ਉਦਯੋਗਾਂ, ਸਟਾਰਟਅੱਪਸ ਅਤੇ ਹੋਰ ਹਿੱਤਧਾਰਕਾਂ ਨੂੰ ਟਿਕਾਊ ਅਤੇ ਜਲਵਾਯੂ-ਅਨੁਕੂਲ਼ ਜਲ ਪ੍ਰਬੰਧਨ ਲਈ ਤਕਨਾਲੋਜੀਆਂ, ਉਤਪਾਦਾਂ ਅਤੇ ਵਿਵਹਾਰਿਕ ਹੱਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸਮਰਪਿਤ ਮੰਚ ਪ੍ਰਦਾਨ ਕਰਦੀ ਹੈ।

ਦਿਨ ਵਿੱਚ ਬਾਅਦ ਵਿੱਚ, "ਜਲ, ਭੋਜਨ ਅਤੇ ਊਰਜਾ ਦਾ ਏਕੀਕ੍ਰਿਤ ਪ੍ਰਬੰਧਨ" ਦੇ ਵਿਸ਼ੇ 'ਤੇ ਵਿਸ਼ਵ ਜਲ ਆਗੂਆਂ ਦੀ ਪਹਿਲੀ ਪਲੈਨਰੀ ਆਯੋਜਿਤ ਕੀਤੀ ਹੋਈ । ਇਸ ਵਿੱਚ ਜਲ, ਭੋਜਨ ਅਤੇ ਊਰਜਾ ਪ੍ਰਣਾਲੀਆਂ ਦੀ ਆਪਸੀ ਨਿਰਭਰਤਾ ਅਤੇ ਜਲਵਾਯੂ-ਅਨੁਕੂਲ਼ ਵਿਕਾਸ ਲਈ ਜਲ-ਭੋਜਨ-ਊਰਜਾ ਸਬੰਧ ਨੂੰ ਏਕੀਕ੍ਰਿਤ ਰੂਪ ਵਿੱਚ ਦੇਖਣ ਦੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਵਿਚਾਰ-ਵਟਾਂਦਰੇ ਵਿੱਚ ਜਲ ਅਤੇ ਸਰੋਤ ਸੁਰੱਖਿਆ, ਸਿੰਚਾਈ ਕੁਸ਼ਲਤਾ ਅਤੇ ਜਲ ਉਤਪਾਦਕਤਾ, ਸੂਖਮ-ਸਿੰਚਾਈ, ਸੂਰਜੀ ਊਰਜਾ ਨਾਲ ਚੱਲਣ ਵਾਲੀ ਸਿੰਚਾਈ, ਡਿਜੀਟਲ ਨਿਗਰਾਨੀ, ਸਟੀਕ ਖੇਤੀਬਾੜੀ, ਡੇਟਾ-ਅਧਾਰਿਤ ਫੈਸਲੇ ਲੈਣ ਅਤੇ ਸੰਸਥਾਵਾਂ ਵਿੱਚ ਬਿਹਤਰ ਤਾਲਮੇਲ ਵਰਗੇ ਵਿਸ਼ਿਆਂ ‘ਤੇ ਚਰਚਾ ਹੋਈ ।
ਗਲੋਬਲ ਰਿਵਰ ਸਿਟੀਜ਼ ਅਲਾਇੰਸ 'ਤੇ ਗਲੋਬਲ ਜਲ ਨੇਤਾਵਾਂ ਦੀ ਦੂਜੀ ਪਲੈਨਰੀ ਵਿੱਚ ਸ਼ਹਿਰੀ ਨਦੀਆਂ ਦੇ ਟਿਕਾਊ ਪ੍ਰਬੰਧਨ ਅਤੇ ਜਲਵਾਯੂ-ਅਨੁਕੂਲ਼ ਨਦੀ ਸ਼ਹਿਰਾਂ ਦੇ ਨਿਰਮਾਣ 'ਤੇ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਏਕੀਕ੍ਰਿਤ ਨੀਤੀਗਤ ਢਾਂਚੇ, ਵਿਸ਼ਵਵਿਆਪੀ ਗਿਆਨ ਦੇ ਅਦਾਨ-ਪ੍ਰਦਾਨ, ਸ਼ਹਿਰੀ ਨਦੀ ਪ੍ਰਬੰਧਨ ਯੋਜਨਾਵਾਂ, ਤਕਨੀਕੀ ਅਤੇ ਸੰਸਥਾਗਤ ਨਵੀਨਤਾਵਾਂ, ਅਤੇ ਨਦੀ-ਕੇਂਦ੍ਰਿਤ ਸ਼ਹਿਰੀ ਵਿਕਾਸ ਲਈ ਵਿਕਾਸ ਏਜੰਸੀਆਂ ਅਤੇ ਜਨਤਕ ਅਤੇ ਨਿੱਜੀ ਖੇਤਰ ਦੇ ਹੱਲ ਪ੍ਰਦਾਤਾਵਾਂ ਵਿਚਕਾਰ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਗਿਆ । ਸੈਸ਼ਨ ਵਿੱਚ ਪੰਜ ਸ਼ਹਿਰੀ ਨਦੀ ਪ੍ਰਬੰਧਨ ਯੋਜਨਾਵਾਂ ਵੀ ਲਾਂਚ ਕੀਤੀਆਂ ਗਈਆਂ।
ਇੰਡੀਆ ਇੰਟਰਨੈਸ਼ਨਲ ਵਾਟਰ ਵੀਕ 2026 ਦੇ ਨਾਲ ਦੂਜੇ ਅੰਤਰਰਾਸ਼ਟਰੀ ਵਾਟਰ, ਸੈਨੀਟੇਸ਼ਨ ਅਤੇ ਹਾਈਜੀਨ ਕਾਨਫਰੰਸ 2026 ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨਾਲ ਜਲਵਾਯੂ ਪਰਿਵਰਤਨ ਦੇ ਸੰਦਰਭ ਵਿੱਚ ਪੀਣ ਵਾਲੇ ਪਾਣੀ, ਸੈਨੀਟੇਸ਼ਨ ਅਤੇ ਹਾਈਜੀਨ 'ਤੇ ਧਿਆਨ ਹੋਰ ਮਜ਼ਬੂਤ ਹੋਇਆ ਹੈ। ਇਸ ਕਾਨਫਰੰਸ ਵਿੱਚ, ਨੀਤੀ ਨਿਰਮਾਤਾ, ਖੇਤਰੀ ਮਾਹਰ, ਵਿਕਾਸ ਭਾਈਵਾਲ ਅਤੇ ਹੋਰ ਹਿੱਤਧਾਰਕ ਜਲਵਾਯੂ-ਅਨੁਕੂਲ਼ ਜਲ, ਸੈਨੀਟੇਸ਼ਨ ਅਤੇ ਹਾਈਜੀਨ ਸੇਵਾਵਾਂ, ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਸਥਿਰਤਾ, ਪਾਣੀ ਦੀ ਗੁਣਵੱਤਾ, ਸਵੱਛਤਾ, ਗੰਦੇ ਪਾਣੀ ਦੇ ਪ੍ਰਬੰਧਨ, ਤਕਨਾਲੋਜੀ ਅਤੇ ਭਾਈਚਾਰਕ ਭਾਗੀਦਾਰੀ 'ਤੇ ਚਰਚਾ ਕਰ ਰਹੇ ਹਨ। ਇਹ ਕਾਨਫਰੰਸ ਟਿਕਾਊ ਅਤੇ ਲਚਕੀਲੇ ਜਲ, ਸੈਨੀਟੇਸ਼ਨ ਅਤੇ ਹਾਈਜੀਨ ਸੇਵਾਵਾਂ ਨੂੰ ਵਿਕਸਿਤ ਕਰਨ ਅਤੇ ਟਿਕਾਊ ਵਿਕਾਸ ਟੀਚਾ 6 ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਅਨੁਭਵਾਂ, ਨਵੀਨਤਾਵਾਂ ਅਤੇ ਵੱਡੇ ਪੱਧਰ 'ਤੇ ਲਾਗੂ ਕੀਤੇ ਜਾ ਸਕਣ ਵਾਲੇ ਹੱਲਾਂ ਨੂੰ ਸਾਂਝੇ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ।
ਕਾਨਫਰੰਸ ਦੇ ਤਹਿਤ ਜਲਵਾਯੂ-ਅਨੁਕੂਲ਼ ਜਲ, ਸੈਨੀਟੇਸ਼ਨ ਅਤੇ ਹਾਈਜੀਨ ਸੇਵਾਵਾਂ ਪ੍ਰਦਾਨ ਕਰਨ ਦੇ ਮੁੱਖ ਪਹਿਲੂਆਂ 'ਤੇ ਤਿੰਨ ਥੀਮੈਟਿਕ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ (1) ਜਲ ਸਪਲਾਈ ਪ੍ਰਣਾਲੀਆਂ: ਸੰਚਾਲਨ ਅਤੇ ਰੱਖ-ਰਖਾਅ, ਬੁਨਿਆਦੀ ਢਾਂਚਾ, ਅਤੇ ਸਰੋਤ ਦੀ ਸਥਿਰਤਾ, (2) ਜਲ ਗੁਣਵੱਤਾ, ਸੁਰੱਖਿਆ, ਅਤੇ ਉੱਭਰ ਰਹੇ ਪ੍ਰਦੂਸ਼ਕ, ਅਤੇ (3) ਜਲਵਾਯੂ ਅਨੁਕੂਲਤਾ, ਕੁਦਰਤ-ਅਧਾਰਿਤ ਹੱਲ ਅਤੇ ਸੈਨੀਟੇਸ਼ਨ ਸ਼ਾਮਲ ਸਨ। ਇਨ੍ਹਾਂ ਸੈਸ਼ਨਾਂ ਵਿੱਚ, ਨੀਤੀ ਨਿਰਮਾਤਾਵਾਂ, ਖੇਤਰੀ ਮਾਹਿਰਾਂ, ਖੋਜਕਰਤਾਵਾਂ, ਵਿਕਾਸ ਭਾਈਵਾਲਾਂ ਅਤੇ ਖੇਤਰੀ ਮਾਹਰਾਂ ਨੇ ਟਿਕਾਊ ਅਤੇ ਲਚਕੀਲਾ ਜਲ, ਸੈਨੀਟੇਸ਼ਨ ਅਤੇ ਹਾਈਜੀਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਆਪਣੇ ਖੋਜ ਪੱਤਰ ਅਤੇ ਅਨੁਭਵ ਸਾਂਝੇ ਕੀਤੇ।
ਰਸਮੀ ਵਿਚਾਰ-ਵਟਾਂਦਰੇ ਤੋਂ ਅੱਗੇ ਵਧ ਕੇ, ਇੰਡੀਆ ਇੰਟਰਨੈਸ਼ਨਲ ਵਾਟਰ ਵੀਕ 2026 ਨੂੰ ਨੈੱਟਵਰਕਿੰਗ, ਸੰਸਥਾਗਤ ਅਤੇ ਵਪਾਰਕ ਭਾਈਵਾਲੀ, ਤਕਨਾਲੋਜੀ ਸਹਿਯੋਗ, ਸੰਯੁਕਤ ਖੋਜ, ਗਿਆਨ ਦੇ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਰਕਾਰਾਂ, ਅੰਤਰਰਾਸ਼ਟਰੀ ਸੰਗਠਨਾਂ, ਅਕਾਦਮਿਕ, ਉਦਯੋਗ, ਸਟਾਰਟਅੱਪਸ ਅਤੇ ਭਾਈਚਾਰਿਆਂ ਵਿਚਕਾਰ ਸਹਿਯੋਗ ਲਈ ਇੱਕ ਮੰਚ ਵਜੋਂ ਤਿਆਰ ਕੀਤਾ ਗਿਆ ਹੈ। ਮੰਤਰੀ ਪੱਧਰੀ ਅਤੇ ਗਲੋਬਲ ਵਾਟਰ ਲੀਡਰਾਂ ਦੀਆਂ ਪਲੈਨਰੀਸ, ਦੇਸ਼ ਦੇ ਮੰਚਾਂ, ਵਾਟਰ ਲੀਡਰਾਂ ਦੇ ਮੰਚਾਂ, ਖੇਤਰੀ ਮਾਹਰ ਮੰਚਾਂ, ਥੀਮੈਟਿਕ ਮੰਚਾਂ, ਸਟਾਰਟਅੱਪ ਅਤੇ ਯੁਵਾ ਮੰਚਾਂ, ਇੱਕ ਅੰਤਰਰਾਸ਼ਟਰੀ ਪ੍ਰਦਰਸ਼ਨੀ, ਅਤੇ ਨਾਲ-ਨਾਲ ਆਯੋਜਿਤ ਦੂਜੀ ਅੰਤਰਰਾਸ਼ਟਰੀ ਵਾਟਰ, ਸੈਨੀਟੇਸ਼ਨ ਅਤੇ ਹਾਈਜੀਨ ਕਾਨਫਰੰਸ 2026 ਰਾਹੀਂ, ਇਸ ਸਮਾਗਮ ਦਾ ਉਦੇਸ਼ ਸੰਵਾਦ ਨੂੰ ਕਾਰਵਾਈਯੋਗ ਸੁਝਾਵਾਂ, ਟਿਕਾਊ ਭਾਈਵਾਲੀਆਂ, ਅਤੇ ਪਾਣੀ-ਸੁਰੱਖਿਅਤ ਅਤੇ ਜਲਵਾਯੂ-ਅਨੁਕੂਲ ਭਵਿੱਖ ਲਈ ਵੱਡੇ ਪੱਧਰ 'ਤੇ ਲਾਗੂ ਕਰਨ ਯੋਗ ਹੱਲਾਂ ਵਿੱਚ ਬਦਲਣਾ ਹੈ।
ਪਹਿਲੇ ਦਿਨ ਦਾ ਸਮਾਪਨ "ਟਿਕਾਊ ਜਲ ਪ੍ਰਬੰਧਨ ਲਈ ਸੰਯੁਕਤ ਭਾਰਤ-ਡੈਨਮਾਰਕ ਸਮਾਧਾਨ" ਵਿਸ਼ੇ 'ਤੇ ਕੰਟਰੀ ਫੋਰਮ-1 ਨਾਲ ਹੋਇਆ। ਇਸ ਫੋਰਮ ਨੇ ਤਕਨਾਲੋਜੀ-ਅਧਾਰਿਤ, ਕੁਸ਼ਲਤਾ-ਕੇਂਦ੍ਰਿਤ, ਅਤੇ ਡੇਟਾ-ਅਧਾਰਿਤ ਜਲ ਸਮਾਧਾਨ ਵਿਕਸਿਤ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਸ ਵਿੱਚ ਸ਼ਹਿਰੀ ਹੜ੍ਹ ਅਤੇ ਬਾਰਿਸ਼ ਜਲ ਪ੍ਰਬੰਧਨ, ਜਲਵਾਯੂ ਪਰਿਵਰਤਨ ਤੋਂ ਪੈਦਾ ਹੋਣ ਵਾਲੀਆਂ ਅਤਿਅੰਤਤਾਵਾਂ, ਡਿਜੀਟਲ ਫੈਸਲਾ ਸਹਾਇਤਾ ਪ੍ਰਣਾਲੀਆਂ, ਪੁਲਾੜ ਤਕਨਾਲੋਜੀ, ਡਰੋਨ, ਰੋਬੋਟਿਕਸ ਅਤੇ ਉੱਨਤ ਸਰਵੇਖਣ ਸਮਾਧਾਨਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਚਰਚਾ ਹੋਈ। ਇਸਦਾ ਵਿਆਪਕ ਉਦੇਸ਼ ਸਰਹੱਦ ਪਾਰ ਭਾਈਵਾਲੀ, ਸਾਂਝੇ ਉੱਦਮ, ਸਹਿ-ਨਵੀਨਤਾ, ਨਿਵੇਸ਼ ਦੇ ਮੌਕੇ, ਅਤੇ ਉਦਯੋਗ-ਸਿੱਖਿਆ ਜਗਤ-ਸਰਕਾਰ ਦੇ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ।
ਉਦਘਾਟਨੀ ਦਿਵਸ ਦੇ ਵਿਚਾਰ-ਵਟਾਂਦਰੇ ਤੋਂ ਇੱਕ ਸਾਂਝਾ ਸੰਦੇਸ਼ ਸਾਹਮਣੇ ਆਇਆ ਕਿ ਜਲਵਾਯੂ-ਅਨੁਕੂਲ਼ ਜਲ ਪ੍ਰਬੰਧਨ ਲਈ ਵਿਭਿੰਨ ਖੇਤਰਾਂ, ਸੰਸਥਾਵਾਂ ਅਤੇ ਭੂਗੋਲਿਕ ਸੀਮਾਵਾਂ ਵਿੱਚ ਏਕੀਕਰਣ, ਵਿਗਿਆਨ, ਡੇਟਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਵਧੇਰੇ ਵਰਤੋਂ, ਮਜ਼ਬੂਤ ਸੰਸਥਾਗਤ ਅਤੇ ਭਾਈਚਾਰਕ ਸ਼ਮੂਲੀਅਤ, ਅਤੇ ਨਿਰੰਤਰ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਹੈ। ਇੰਡੀਆ ਇੰਟਰਨੈਸ਼ਨਲ ਵਾਟਰ ਵੀਕ 2026 ਨੀਤੀ ਨੂੰ ਵਿਵਹਾਰ ਨਾਲ, ਖੋਜ ਨੂੰ ਲਾਗੂ ਕਰਨ ਨਾਲ, ਅਤੇ ਨਵੀਨਤਾ ਨੂੰ ਨਿਵੇਸ਼ ਨਾਲ ਜੋੜ ਕੇ ਇਸ ਏਜੰਡੇ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਿਹਾ ਹੈ।
****
ਪੀਐੱਸ/ਐੱਨਡੀ/ਐੱਚਐੱਮ/ਏਕੇ
(Release ID: 2314015)
ਵਿਜ਼ੀਟਰ ਕਾਊਂਟਰ : 2