ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਦੀਆਂ ਮੁੱਖ ਯੋਜਨਾਵਾਂ ਕਾਰਨ ਬੇਰੁਜ਼ਗਾਰੀ ਦਰ 6 ਫੀਸਦੀ ਤੋਂ ਘਟ ਕੇ 3.2 ਫੀਸਦੀ ਹੋਈ: ਕੇਂਦਰੀ ਮੰਤਰੀ ਡਾ. ਐੱਲ ਮੁਰੂਗਨ


ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਚੇੱਨਈ ਵਿਖੇ 20ਵੇਂ ਰੋਜ਼ਗਾਰ ਮੇਲੇ ਵਿੱਚ 285 ਨਵ ਨਿਯੁਕਤ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

Posted On: 19 SEP 2026 8:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ 45 ਥਾਵਾਂ ‘ਤੇ ਆਯੋਜਿਤ 20ਵੇਂ ਰੁਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ ਅਤੇ 51,000 ਤੋਂ ਵੱਧ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। 

   

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਚੇੱਨਈ ਦੇ ਡੀ.ਜੀ. ਵੈਸ਼ਣਵ ਕਾਲਜ ਵਿਖੇ ਆਯੋਜਿਤ ਰੋਜ਼ਗਾਰ ਮੇਲੇ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਅਦਾਰਿਆਂ ਅਤੇ ਸੰਗਠਨਾਂ ਲਈ ਚੁਣੇ ਹੋਏ 285 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨੇ ਇਨਕਮ ਟੈਕਸ ਵਿਭਾਗ, ਕਰਮਚਾਰੀ ਰਾਜ ਬੀਮਾ ਨਿਗਮ (ESIC), ਏਅਰਪੋਰਟਸ ਅਥਾਰਿਟੀ ਆਫ ਇੰਡੀਆ, ਰੱਖਿਆ ਮੰਤਰਾਲਾ, ਡਾਕ ਵਿਭਾਗ, ਜਵਾਹਰ ਲਾਲ ਇੰਸਟੀਟਿਊਟ ਆਫ ਪੋਸਟ ਗ੍ਰੈਜੂਏਟ ਐਂਡ ਰਿਸਰਚ (JIPMER) ਅਤੇ ਦੱਖਣੀ ਰੇਲਵੇ ਸਮੇਤ ਮਹੱਤਵਪੂਰਨ ਸੰਸਥਾਵਾਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਨੇ ਕਿਹਾ ਕਿ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਵਾਲੇ ਨਵ-ਨਿਯੁਕਤ ਨੌਜਵਾਨ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਿਰਫ਼ ਰੁਜ਼ਗਾਰ ਹਾਸਲ ਕਰਨ ਦੇ ਰੂਪ ਵਿੱਚ ਨਾ ਦੇਖਣ, ਸਗੋਂ ਇਸ ਨੂੰ ਰਾਸ਼ਟਰ ਦੀ ਸੇਵਾ ਅਤੇ ਦੇਸ਼ ਦੇ ਸੰਪੂਰਨ ਵਿਕਾਸ ਵਿੱਚ ਯੋਗਦਾਨ ਦੇਣ ਦੇ ਮੌਕੇ ਵਜੋਂ ਦੇਖਣ।

ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਸਿਰਫ਼ ਨਿਯੁਕਤੀ ਦਾ ਆਦੇਸ਼ ਨਹੀਂ ਹੈ, ਸਗੋਂ ਰਾਸ਼ਟਰ ਦੀ ਸੇਵਾ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ ਨਾਗਰਿਕਾਂ ਦੇ ਨਾਲ ਗੱਲਬਾਤ ਕਰਨ ਸਮੇਂ ਸਰਕਾਰ ਦੇ ਨੁਮਾਇੰਦੇ ਅਤੇ ਸਰਕਾਰ ਦਾ ਚਿਹਰਾ ਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਮਾਨਦਾਰੀ, ਜਵਾਬਦੇਹੀ, ਹਮਦਰਦੀ ਅਤੇ ਜਨਤਾ ਪ੍ਰਤੀ ਮਨੁੱਖਤਾ ਦਾ ਦ੍ਰਿਸ਼ਟੀਕੋਣ ਸਰਕਾਰੀ ਸੇਵਾ ਦਾ ਅਨਿਖੱੜਵਾਂ ਹਿੱਸਾ ਹੋਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਵਿਭਿੰਨ ਪ੍ਰਮੁੱਖ ਪਹਿਲਕਦਮੀਆਂ, ਜਿਨ੍ਹਾਂ ਵਿੱਚ ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ, ਸਟੈਂਡਅੱਪ ਇੰਡੀਆ ਅਤੇ ਮੁਦਰਾ ਲੋਨ ਯੋਜਨਾਵਾਂ ਸ਼ਾਮਲ ਹਨ, ਨੇ ਨੌਜਵਾਨਾਂ ਨੂੰ ਸਿਰਫ਼ ਰੁਜ਼ਗਾਰ ਦੀ ਭਾਲ ਕਰਨ ਵਾਲਾ ਹੀ ਨਹੀਂ, ਸਗੋਂ ਰੁਜ਼ਗਾਰ ਦੇਣ ਵਾਲਾ ਬਣਨ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਚੁੱਕੇ ਗਏ ਵੱਖ-ਵੱਖ ਕਦਮਾਂ ਦੇ ਸਿੱਟੇ ਵਜੋਂ ਬੇਰੁਜ਼ਗਾਰੀ ਦਰ 6 ਫੀਸਦੀ ਤੋਂ ਘਟ ਕੇ 3.2 ਫੀਸਦੀ ਹੋ ਗਈ ਹੈ।

ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਨੇ ਦੱਸਿਆ ਕਿ ਦੇਸ਼ ਵਿੱਚ ਸਟਾਰਟਅੱਪਸ ਦੀ ਗਿਣਤੀ, ਜੋ ਕਿ 2014 ਵਿੱਚ ਲਗਭਗ 400 ਸੀ, ਵਧ ਕੇ 2.5 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਟਾਰਟਅੱਪਸ ਦੇ ਸੰਸਥਾਪਕਾਂ ਦੀ ਇੱਕ ਵੱਡੀ ਗਿਣਤੀ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ।

ਉਨ੍ਹਾਂ ਨੇ ਲਗਾਤਾਰ ਸਿੱਖਣ, ਨਵੀਆਂ ਤਕਨੀਕਾਂ ਨੂੰ ਅਪਣਾਉਣ ਅਤੇ ਪੇਸ਼ੇਵਰ ਹੁਨਰ ਨੂੰ ਨਿਯਮਿਤ ਤੌਰ ‘ਤੇ ਉੱਨਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪੁਲਾੜ ਤਕਨਾਲੋਜੀ ਅਤੇ ਪਰਮਾਣੂ ਊਰਜਾ ਵਰਗੇ ਉੱਭਰਦੇ ਖੇਤਰਾਂ ਵਿੱਚ ਨੌਜਵਾਨਾਂ ਲਈ ਵਧ ਰਹੇ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੁਲਾੜ, ਰੱਖਿਆ, ਸਿੱਖਿਆ, ਸ਼ਾਸਨ ਅਤੇ ਲੋਕ ਪ੍ਰਸ਼ਾਸਨ ਸਮੇਤ  ਵੱਖ-ਵੱਖ ਖੇਤਰਾਂ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵੀ ਲਗਾਤਾਰ ਵਧ ਰਹੀ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਰੋਜ਼ਗਾਰ ਮੇਲਿਆਂ ਰਾਹੀਂ 12.75 ਲੱਖ ਤੋਂ ਵੱਧ ਨਿਯੁਕਤੀ ਪੱਤਰ ਵੰਡੇ ਗਏ ਹਨ। ਇਹ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਸਰਕਾਰ ਦੇ ਨਿਰੰਤਰ ਜ਼ੋਰ ਨੂੰ ਦਰਸਾਉਂਦਾ ਹੈ।

ਬਾਅਦ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਨੇ ਕਿਹਾ ਕਿ ਤਮਿਲ  ਨਾਡੂ ਵਿੱਚ ਨਵੋਦਯ ਵਿਦਿਆਲਿਆ ਵੰਚਿਤਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਵਾਉਣਗੇ, ਮਾਤ੍ਰਭਾਸ਼ਾ ਵਿੱਚ ਮੁੱਢਲੀ ਸਿੱਖਿਆ ਦੀ ਸਹੂਲਤ ਪ੍ਰਦਾਨ ਕਰਨਗੇ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਸਿੱਖਣ ਦੇ ਮੌਕੇ ਦੇਣਗੇ।

ਪ੍ਰੋਗਰਾਮ ਵਿੱਚ ਤਾਮਿਲ ਨਾਡੂ ਅਤੇ ਪੁਡੂਚੇਰੀ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਸ਼੍ਰੀ ਸੁਨੀਲ ਬਾਜਪਾਈ ਸਮੇਤ ਹੋਰ ਸੀਨੀਅਰ ਅਧਿਕਾਰੀ, ਨਵੇਂ ਨਿਯੁਕਤ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

   

***

ਏਡੀ /ਆਰਜੇ/ਏਕੇ


(Release ID: 2312821) ਵਿਜ਼ੀਟਰ ਕਾਊਂਟਰ : 3