ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੇਂਦਰੀ ਵਾਤਾਵਰਣ ਮੰਤਰੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨੇ ਗਾਂਧੀਨਗਰ ਵਿੱਚ ਵਰਲਡ ਸਰਕੂਲਰ ਇਕੌਨਮੀ ਫੋਰਮ (WCEF) 2026 ਦਾ ਉਦਘਾਟਨ ਕੀਤਾ


ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਨੇ ਕਿਹਾ ਕਿ WCEF2026 ਨੂੰ ਵਿਸ਼ਵ ਲਈ ਵਿਵਹਾਰਕ ਸਰਕੂਲਰ ਸਮਾਧਾਨ ਵਿਕਸਿਤ ਕਰਕੇ ਵਸੂਧੈਵ ਕੁਟੁੰਬਕਮ ਦੀ ਭਾਵਨਾ ਨੂੰ ਮੂਰਤ ਰੂਪ ਦੇਣਾ ਚਾਹੀਦਾ ਹੈ

ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਦੀ ਸਰਕੂਲਰਤਾ ਦਾ ਵਿਚਾਰ ਪਰੰਪਰਾ ਵਿੱਚ ਸ਼ਾਮਲ ਹੈ: ਬਦਲਣ ਤੋਂ ਪਹਿਲਾਂ ਮੁਰੰਮਤ ਕਰੋ, ਸੁੱਟਣ ਤੋਂ ਪਹਿਲਾਂ ਮੁੜ ਵਰਤੋਂ ਕਰੋ: ਵੇਸਟ ਬਣਨ ਤੋਂ ਪਹਿਲਾਂ ਮੁੜ ਪ੍ਰਾਪਤ ਕਰੋ

ਕੇਂਦਰੀ ਵਾਤਵਰਣ ਮੰਤਰੀ ਨੇ ਕਿਹਾ ਕਿ ਸਰਕੂਲਰਤਾ ਮੂਲ ਤੌਰ ‘ਤੇ ਸਹਿਯੋਗਾਤਮਕ ਹੈ-ਗਿਆਨ, ਤਕਨਾਲੋਜੀ, ਵਿੱਤ ਅਤੇ ਜ਼ਿੰਮੇਵਾਰੀ ਨੂੰ ਸਰਹੱਦਾਂ ਅਤੇ ਖੇਤਰਾਂ ਤੋਂ ਪਰ੍ਹੇ ਜਾਣਾ ਚਾਹੀਦਾ ਹੈ

Posted On: 15 SEP 2026 12:20PM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਨੇ ਅੱਜ ਗਾਂਧੀਨਗਰ ਵਿੱਚ ਵਰਲਡ ਸਰਕੂਲਰ ਇਕੌਨਮੀ ਫੋਰਮ 2026 ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ। ਇਹ ਫੋਰਮ 15 ਤੋਂ 18 ਸਤੰਬਰ ਤੱਕ ‘ਸਰਕੂਲਰ ਇਕੌਨਮੀ: ਜਨ ਅਤੇ ਸਮ੍ਰਿੱਧੀ ਲਈ ਪਰਿਵਰਤਨ’ ਵਿਸ਼ੇ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਦਘਾਟਨੀ ਸੈਸ਼ਨ ਵਿੱਚ ਮੌਜੂਦ ਹੋਰ ਪਤਵੰਤਿਆਂ ਵਿੱਚ ਗੁਜਰਾਤ ਦੇ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਅਰਜੁਨਭਾਈ ਮੋਡਵਾਡੀਆ; ਗੁਜਰਾਤ ਦੇ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਪ੍ਰਵੀਣਭਾਈ ਮਾਲੀ; ਭਾਰਤ ਵਿੱਚ ਫਿਨਲੈਂਡ ਦੇ ਰਾਜਦੂਤ ਮਹਾਮਹਿਮ ਸ਼੍ਰੀ ਮਿਕੋ ਕਿਵਿਕੋਸਕੀ; ਨੀਦਰਲੈਂਡ ਦੇ ਵਿੱਤੀ ਮਾਮਲੇ ਅਤੇ ਜਲਵਾਯੂ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ (ਸਰਕੂਲਰ ਇਕੌਨਮੀ) ਸੁਸ਼੍ਰੀ ਮੈਰੀਕੇ ਸਪਾਇਕਰਬੋਅਰ; SITRA ਦੇ ਪ੍ਰਧਾਨ ਸ਼੍ਰੀ ਅਤੇ ਜਾਸਕੇਲੇਨੇਨ, ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਸ਼੍ਰੀ ਭੂਪੇਂਦਰਭਾਈ ਪਟੇਲ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਪਹਿਲੀ ਵਾਰ ਵਿਸ਼ਵ ਸਰਕੂਲਰ ਇਕੋਨੋਮੀ ਫੋਰਮ (WCEF) ਦੀ ਮੇਜ਼ਬਾਨੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਭਾਰਤ ਦੀ ਵਧਦੀ ਵਿਸ਼ਵਵਿਆਪੀ ਲੀਡਰਸ਼ਿਪ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ LiFE ਵਿਸ਼ਵਵਿਆਪੀ ਸਰਕੂਲਰ ਇਕੌਨਮੀ ਦੀ ਨੀਂਹ ਵਜੋਂ ਉੱਭਰ ਰਿਹਾ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਮੰਚ ਵਿਸ਼ਵ ਲਈ ਵਿਵਹਾਰਕ ਸਰਕੂਲਰ ਅਰਥਵਿਵਸਥਾ ਅਭਿਆਸਾਂ ਨੂੰ ਪ੍ਰਦਰਸ਼ਿਤ ਕਰੇਗਾ।

ਮੁੱਖ ਮੰਤਰੀ ਨੇ ਵਿਕਾਸ ਅਤੇ ਵਾਤਾਵਰਨ ਦਰਮਿਆਨ ਸੰਤੁਲਨ ਬਣਾਏ ਰੱਖਦੇ ਹੋਏ ਗੁਜਰਾਤ ਵੱਲੋਂ ਵਾਤਾਵਰਨ ਸੰਭਾਲ ਦੀ ਦਿਸ਼ਾ ਵਿੱਚ ਕੀਤੀ ਗਈ ਤਰੱਕੀ 'ਤੇ ਚਾਨਣਾ ਪਾਇਆ। ਰਵਾਇਤੀ ਸਰਕੂਲਰ ਪ੍ਰਥਾਵਾਂ ਦੀ ਉਦਾਹਰਨ ਦਿੰਦੇ ਹੋਏ, ਉਨ੍ਹਾਂ ਨੇ ਸੋਮਨਾਥ ਮੰਦਿਰ ਵਿੱਚ ਚੜ੍ਹਾਏ ਗਏ ਪ੍ਰਸਾਦ ਨੂੰ ਰੀਸਾਈਕਲ ਕਰਕੇ ਸਥਾਨਕ ਭਾਈਚਾਰਿਆਂ ਲਈ ਆਜੀਵਿਕਾ ਦੇ ਸਾਧਨ ਪੈਦਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁੜ ਵਰਤੋਂ ਦੀ ਸੰਸਕ੍ਰਿਤੀ ਅਤੇ ਵੇਸਟ ਟੂ ਵੈਲਥ ਵਿੱਚ ਬਦਲਣ ਦਾ ਸੰਕਲਪ ਲੰਬੇ ਸਮੇਂ ਤੋਂ ਭਾਰਤੀ ਪਰੰਪਰਾਵਾਂ ਦਾ ਅਟੁੱਟ ਅੰਗ ਰਿਹਾ ਹੈ, ਅਤੇ ਉਨ੍ਹਾਂ ਨੇ WCEF ਨੂੰ 'ਵਸੁਧੈਵ ਕੁਟੁੰਬਕਮ' ਦੀ ਭਾਵਨਾ ਨੂੰ ਅਪਣਾਉਂਦੇ ਹੋਏ ਵਿਸ਼ਵ ਲਈ ਵਿਵਹਾਰਕ ਸਰਕੂਲਰ ਹੱਲ ਵਿਕਸਿਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ‘ਤੇ ਆਪਣੇ ਮੁੱਖ ਭਾਸ਼ਣ ਵਿੱਚ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਲਈ ਸਰਕੂਲਰ ਇਕੌਨਮੀ ਕੋਈ ਨਵਾਂ ਟੀਚਾ ਨਹੀਂ ਹੈ; ਸਗੋਂ ਇਹ ਇੱਕ ਪੁਰਾਣੇ ਗਿਆਨ ਨੂੰ ਦੇਖਣ ਦਾ ਨਵਾਂ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਸਰੋਤਾਂ ਦੀ ਮੁੜ ਵਰਤੋਂ, ਮੁਰੰਮਤ ਅਤੇ ਸਨਮਾਨ ਦੇ ਸਿਧਾਂਤ ਭਾਰਤ ਦੇ ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਡੂੰਘਾਈ ਨਾਲ ਸਮਾਏ ਹੋਏ ਹਨ। ਉਨ੍ਹਾਂ ਨੇ ਕਿਹਾ, “ਨੀਤੀਗਤ ਭਾਸ਼ਾ ਵਿੱਚ ਜਿਸ ਨੂੰ ਅਸੀਂ ਹੁਣ ਸਰਕੂਲਰਤਾ ਕਹਿੰਦੇ ਹਾਂ, ਉਹ ਕਦੇ ਭਾਰਤੀ ਜੀਵਨ ਵਿੱਚ ਇੱਕ ਆਮ ਗਿਆਨ ਹੋਇਆ ਕਰਦਾ ਸੀ- ਬਦਲਣ ਤੋਂ ਪਹਿਲਾਂ ਮੁਰੰਮਤ ਕਰੋ, ਸੁੱਟਣ ਤੋਂ ਪਹਿਲਾਂ ਮੁੜ ਵਰਤੋਂ ਕਰੋ ਅਤੇ ਵੇਸਟ ਬਣਨ ਤੋਂ ਪਹਿਲਾਂ ਰੀਸਾਈਕਲ ਕਰੋ।” ਮੰਤਰੀ ਨੇ ਕਿਹਾ ਕਿ ਚੋਣ ਵਿਕਾਸ ਅਤੇ ਵਾਤਾਵਰਣ ਦਰਮਿਆਨ ਨਹੀਂ ਹੈ, ਸਗੋਂ ਵਿਕਾਸ ਨੂੰ ਵਧੇਰੇ ਸਰੋਤ-ਕੁਸ਼ਲ, ਲਚਕੀਲਾ ਅਤੇ ਟਿਕਾਊ ਬਣਾਉਣ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ, “ਸਰਕੂਲਰ ਇਕੌਨਮੀ ਦਾ ਸਹੀ ਮਾਪ ਇਹ ਨਹੀਂ ਹੋਵੇਗਾ ਕਿ ਅਸੀਂ ਕਿੰਨਾ ਵੇਸਟ ਰੀਸਾਈਕਲ ਕਰਦੇ ਹਾਂ, ਸਗੋਂ ਇਹ ਹੋਵੇਗਾ ਕਿ ਅਸੀਂ ਕਿੰਨਾ ਘੱਟ ਮੁੱਲ ਬਰਬਾਦ ਹੋਣ ਦਿੰਦੇ ਹਾਂ।” ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ WCEF 2026  ਇੱਕ ਸਰਕੂਲਰ ਭਵਿੱਖ ਲਈ ਸਾਂਝੇਦਾਰੀ ਅਤੇ ਸਮਾਧਾਨ ਤਿਆਰ ਕਰੇਗਾ।

ਸ਼੍ਰੀ ਯਾਦਵ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਰੈਗੂਲੇਟਰੀ ਸੁਧਾਰਾਂ ਅਤੇ ਡਿਜੀਟਲ ਪਾਲਣਾ ਪ੍ਰਣਾਲੀਆਂ ਰਾਹੀਂ ਸਰਕੂਲਰ ਇਕੌਨਮੀ ਦੀ ਦਿਸ਼ਾ ਵਿੱਚ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਖੇਤਰ-ਵਿਸ਼ੇਸ਼ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਨੂੰ ਮਜ਼ਬੂਤ ਕਰਨਾ ਅਤੇ ਵਿਸਤਾਰਿਤ ਉਤਪਾਦਕ ਜ਼ਿੰਮੇਵਾਰੀ (ਈਪੀਆਰ) ਦੀ ਸ਼ੁਰੂਆਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ “ਰਹਿੰਦ-ਖੂੰਹਦ ਨੂੰ ਹੁਣ ਕਿਸੇ ਉਤਪਾਦ ਦੀ ਯਾਤਰਾ ਦਾ ਅੰਤ ਨਹੀਂ, ਸਗੋਂ ਇੱਕ ਨਵੇਂ ਸਰੋਤ ਚੱਕਰ ਦੀ ਸ਼ੁਰੂਆਤ ਦੇ ਰੂਪ ਵਿੱਚ ਦੇਖਿਆ ਜਾਵੇ।” ਉਨ੍ਹਾਂ ਨੇ ਦੱਸਿਆ ਕਿ ਅਗਸਤ 2026 ਤੱਕ, ਵੱਖ-ਵੱਖ ਈਪੀਆਰ ਢਾਂਚਿਆਂ ਦੇ ਤਹਿਤ 83,000 ਤੋਂ ਵੱਧ ਉਤਪਾਦਕ ਅਤੇ 4,802 ਰੀਸਾਈਕਲਰ ਰਜਿਸਟਰਡ ਸਨ, ਜੋ ਲਗਭਗ 482.24 ਲੱਖ ਮੀਟ੍ਰਿਕ ਟਨ ਰਹਿੰਦ-ਖੂੰਹਦ ਨੂੰ ਨਿਯੰਤ੍ਰਿਤ ਰਹਿੰਦ-ਖੂੰਹਦ ਧਾਰਾਵਾਂ ਵਿੱਚ ਪ੍ਰੋਸੈੱਸ ਕਰ ਰਹੇ ਸਨ।

ਮੰਤਰੀ ਜੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਫ਼ ਨਿਯਮ ਨਾਲ ਸਰਕੂਲਰ ਇਕੌਨਮੀ ਦਾ ਨਿਰਮਾਣ ਨਹੀਂ ਹੋ ਸਕਦਾ ਅਤੇ ਸਰਕੂਲਰਤਾ ਦੀ ਸ਼ੁਰੂਆਤ ਲੋਕਾਂ ਦੇ ਉਪਭੋਗ ਦੇ ਤਰੀਕੇ ਨਾਲ ਵੀ ਹੋਣੀ ਚਾਹੀਦੀ ਹੈ। ਲਾਈਫਸਟਾਈਲ ਫਾਰ ਇਨਵਾਇਰਨਮੈਂਟ (LiFE)  ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕੂਲਰ ਇਕੌਨਮੀ ਦਾ ਨਿਰਮਾਣ ਸਿਰਫ਼ ਰੀਸਾਈਕਲ ਪਲਾਂਟਾਂ ਵਿੱਚ ਨਹੀਂ ਹੋ ਸਕਦਾ, ਸਗੋਂ ਇਸ ਦੀ ਸ਼ੁਰੂਆਤ ਬਜ਼ਾਰ ਤੋਂ ਹੋਣੀ ਚਾਹੀਦੀ ਹੈ, ਘਰਾਂ ਵਿੱਚ ਜਾਰੀ ਰਹਿਣੀ ਚਾਹੀਦੀ ਹੈ ਅਤੇ ਅੰਤ ਵਿੱਚ ਰੋਜ਼ਾਨਾ ਜੀਵਨ ਦੀ ਆਦਤ ਬਣ ਜਾਣੀ ਚਾਹੀਦੀ ਹੈ। ਸਰਕੂਲਰਤਾ ਨੂੰ ਮੂਲ ਰੂਪ ਨਾਲ ਸਹਿਯੋਗਾਤਮਕ ਦੱਸਦੇ ਹੋਏ ਮੰਤਰੀ ਜੀ ਨੇ ਕਿਹਾ ਕਿ ਕੋਈ ਵੀ ਦੇਸ਼, ਕੰਪਨੀ ਅਤੇ ਭਾਈਚਾਰਾ ਇਕੱਠੇ ਇਸ ਚੱਕਰ ਨੂੰ ਪੂਰਾ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੇ ਸਰਹੱਦਾਂ ਅਤੇ ਖੇਤਰਾਂ ਤੋਂ ਪਰ੍ਹੇ ਗਿਆਨ, ਤਕਨਾਲੋਜੀ, ਵਿੱਤ ਅਤੇ ਜ਼ਿੰਮੇਵਾਰੀ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਰਕੂਲਰ ਇਕੌਨਮੀ ‘ਤੇ ਭਾਰਤ ਦੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਜਾਗਰ ਕੀਤਾ, ਜਿਸ ਵਿੱਚ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਸ਼ੁਰੂ ਕੀਤਾ ਗਿਆ ਸਰੋਤ ਕੁਸ਼ਲਤਾ ਅਤੇ ਸਰਕੂਲਰ ਇਕੌਨਮੀ ਉਦਯੋਗ ਗਠਬੰਧਨ ( RECEIC) ਵੀ ਸ਼ਾਮਲ ਹੈ । ਮੰਤਰੀ ਜੀ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਨੇ ਸਰਕੂਲਰ ਇਕੌਨਮੀ ਨੂੰ ਟਿਕਾਊ ਜੀਵਨ ਸ਼ੈਲੀ, ਈਕੋਸਿਸਟਮ ਬਹਾਲੀ ਅਤੇ ਅਨੁਕੂਲ ਦੇ ਨਾਲ ਆਪਸੀ ਜੁੜੀਆਂ ਤਰਜੀਹਾਂ ਦੇ ਰੂਪ ਵਿੱਚ ਕਿਵੇਂ ਰੱਖਿਆ ਹੈ।

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਅਰਜੁਨਭਾਈ ਮੋਡਵਾਡੀਆ ਨੇ ਮਹਾਤਮਾ ਗਾਂਧੀ ਦੇ ਇਸ ਸੰਦੇਸ਼ ਨੂੰ ਯਾਦ ਕੀਤਾ ਕਿ ਧਰਤੀ ‘ਤੇ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਸਰੋਤ ਹਨ, ਲੇਕਿਨ ਸਾਰਿਆਂ ਦੀ ਲਾਲਸਾ ਨੂੰ ਨਹੀਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਸਰਕੂਲਰ ਇਕੌਨਮੀ ਦੀ ਨੀਂਹ ਰੱਖੀ ਸੀ, ਜਿਸ ਨੂੰ ਹੁਣ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਦੀ ਅਗਵਾਈ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਨਾਲ ਰਾਜ ਸਰਕੂਲਰ ਪਰਿਵਰਤਨ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਹੋ ਰਿਹਾ ਹੈ। ਉਨ੍ਹਾਂ ਨੇ ਟਿਕਾਊ ਅਤੇ ਮਜ਼ਬੂਤ ਭਵਿੱਖ ਦੇ ਨਿਰਮਾਣ ਲਈ ਵੇਸਟ ਨੂੰ ਸਰੋਤਾਂ ਵਿੱਚ ਅਤੇ ਸਰੋਤਾਂ ਨੂੰ ਮੁੱਲ ਵਿੱਚ ਪਰਿਵਰਤਿਤ ਕਰਨ ਦਾ ਸੱਦਾ ਦਿੱਤਾ।

ਮਹਾਮਹਿਮ ਸ਼੍ਰੀ ਮਿੱਕੋ ਕਿਵਿਕੌਸਕੀ ਨੇ ਕਿਹਾ ਕਿ ਸਰਕੂਲੈਰਿਟੀ ਕੋਈ ਵੱਖਰਾ ਵਾਤਾਵਰਣਿਕ ਏਜੰਡਾ ਨਹੀਂ ਹੈ, ਸਗੋਂ ਵਿਕਾਸ ਬਾਰੇ ਸੋਚਣ ਦਾ ਇੱਕ ਬੁਨਿਆਦੀ ਤਰੀਕਾ ਹੈ ਅਤੇ ਇਹ ਫਿਨਲੈਂਡ ਦੀ ਰਾਸ਼ਟਰੀ ਨੀਤੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਉਨ੍ਹਾਂ ਨੇ 2035 ਤੱਕ ਸਰੋਤਾਂ ਦੀ ਖਪਤ ਨੂੰ 2015 ਦੇ ਪੱਧਰ ਤੋਂ ਹੇਠਾਂ ਲਿਆਉਣ ਦੀ ਫਿਨਲੈਂਡ ਦੀ ਇੱਛਾ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਭਾਰਤ ਵਿੱਚ ਕੰਮ ਕਰ ਰਹੀਆਂ 100 ਤੋਂ ਵੱਧ ਫਿਨਿਸ਼ ਕੰਪਨੀਆਂ ਟਿਕਾਊ ਤਕਨਾਲੋਜੀਆਂ ਅਤੇ ਸਰਕੂਲਰ ਸਿਧਾਂਤਾਂ 'ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਉਤਪਾਦਨ ਦੀ ਪ੍ਰਕਿਰਿਆ 'ਤੇ ਮੁੜ ਵਿਚਾਰ ਕਰਕੇ ਅਤੇ ਮੁੱਲ ਨੂੰ ਯਥਾ ਸੰਭਵ ਬਣਾਏ ਰੱਖਣ ਦੇ ਤਰੀਕਿਆਂ 'ਤੇ ਜ਼ੋਰ ਦਿੰਦੇ ਹੋਏ ਸਰਕੂਲੈਰਿਟੀ ਨੂੰ ਉਤਪਾਦਨ ਦੇ ਸ਼ੁਰੂਆਤੀ ਪੜਾਅ ਵਿੱਚ ਲੈ ਕੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ "ਸਭ ਤੋਂ ਵਧੀਆ ਵੇਸਟ  ਉਹ ਹੈ ਜੋ ਕਦੇ ਪੈਦਾ ਹੀ ਨਾ ਹੋਵੇ"। ਉਨ੍ਹਾਂ ਨੇ ਡਿਜੀਟਲੀਕਰਣ ਅਤੇ ਟਿਕਾਊਪਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤ-ਫਿਨਲੈਂਡ ਸਬੰਧਾਂ ਨੂੰ ਇੱਕ ਰਣਨੀਤਕ ਸਾਂਝੇਦਾਰੀ ਵਿੱਚ ਵਿਸਤਾਰਿਤ ਕਰਨ ਦਾ ਜ਼ਿਕਰ ਕੀਤਾ।

ਸੁਸ਼੍ਰੀ ਮੈਰੀਕੇ ਸਪਾਇਕਰਬੋਅਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕੂਲਰ ਟ੍ਰਾਂਜ਼ਿਸ਼ਨ ਡੱਚ ਉਦਯੋਗਿਕ ਨੀਤੀ ਦਾ ਅਨਿੱਖੜਵਾਂ ਅੰਗ ਹੈ ਅਤੇ ਦੇਸ਼ 2050 ਤੱਕ ਪੂਰੀ ਤਰ੍ਹਾਂ ਸਰਕੂਲਰ ਇਕੌਨਮੀ ਬਣਨ ਦੀ ਇੱਛਾ ਰੱਖਦਾ ਹੈ। ਉਨ੍ਹਾਂ ਨੇ ਸਮੱਗਰੀ ਦੀ ਖਪਤ ਨੂੰ ਘਟਾਉਣ ਵਿੱਚ ਹੋਈ ਪ੍ਰਗਤੀ, ਸਰਕੂਲਰ ਇਕੌਨਮੀ ਨਾਲ ਸਬੰਧਿਤ ਕਾਨੂੰਨਾਂ ਅਤੇ ਈਪੀਆਰ (EPR) ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਯਤਨਾਂ 'ਤੇ ਚਾਨਣਾ ਪਾਇਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕੂਲਰ ਵੈਲਿਊ ਚੇਨਸ ਦੇ ਨਿਰਮਾਣ ਲਈ ਅੰਤਰਰਾਸ਼ਟਰੀ ਸਹਿਯੋਗ ਲਾਜ਼ਮੀ ਹੈ। ਡਬਲਿਊਸੀਈਐੱਫ (WCEF) 2026 ਵਿੱਚ 20 ਤੋਂ ਵੱਧ ਡੱਚ ਕੰਪਨੀਆਂ ਅਤੇ ਸੰਸਥਾਵਾਂ ਦੀ ਭਾਗੀਦਾਰੀ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਵੱਡੀਆਂ ਕੰਪਨੀਆਂ ਦੇ ਨਾਲ-ਨਾਲ ਸਟਾਰਟਅੱਪਸ ਵਿੱਚ ਸਰਕੂਲੇਰਿਟੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਊਰਜਾ ਅਤੇ ਅਭਿਲਾਸ਼ਾ ਦੀ ਪ੍ਰਸ਼ੰਸਾ ਕੀਤੀ।

ਪਤਵੰਤਿਆਂ ਨੇ WCEF2026 ਪ੍ਰਦਰਸ਼ਨੀ ਦਾ ਉਦਘਾਟਨ ਅਤੇ ਸਮੀਖਿਆ ਕੀਤੀ, ਜਿਸ ਵਿੱਚ 135 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਕ ਵਿਵਹਾਰਕ ਸਰਕੂਲਰ ਹੱਲਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਮੰਚ ਵਿੱਚ 62 ਦੇਸ਼ਾਂ ਦੇ 3600 ਤੋਂ ਵੱਧ ਵੱਖ-ਵੱਖ ਖੇਤਰਾਂ ਦੇ ਹਿੱਤਧਾਰਕ ਹਿੱਸਾ ਲੈ ਰਹੇ ਹਨ,  ਜਿਨ੍ਹਾਂ ਵਿੱਚ ਵਪਾਰਕ ਆਗੂ, ਉੱਦਮੀ, ਨਵੀਨਤਾਕਾਰੀ, ਖੋਜਕਰਤਾ, ਨੀਤੀ ਨਿਰਮਾਤਾ, ਸਿੱਖਿਆ ਸ਼ਾਸਤਰੀ, ਪਰਿਵਰਤਨਕਾਰੀ ਅਤੇ ਹੋਰ ਸ਼ਾਮਲ ਹਨ। ਉਦਘਾਟਨੀ ਸੈਸ਼ਨ ਦੌਰਾਨ  ਪਤਵੰਤਿਆਂ ਨੇ ਦੋ ਸਰਕੂਲਰੀ ਪ੍ਰਕਾਸ਼ਨਾਂ ਦੀ ਵੀ ਰਿਲੀਜ਼ ਕੀਤੀ। ਇਹ ਪ੍ਰਕਾਸ਼ਨ ਹਨ: 'ਟ੍ਰੀਟ ਕੀਤੇ ਸੀਵਰੇਜ ਦੀ ਮੁੜ ਵਰਤੋਂ ਲਈ ਸਰਵੋਤਮ ਅਭਿਆਸ' ਅਤੇ 'ਟਿਕਾਊਪਣ ਨੂੰ ਉਤਸ਼ਾਹਿਤ ਕਰਨਾ - ਭਾਰਤ ਦੀ ਸਰਕੂਲਰ ਇਕੌਨਮੀ ਅਤੇ ਈਪੀਆਰ ਪਹਿਲਕਦਮੀਆਂ ਲਈ ਇੱਕ ਮਾਰਗਦਰਸ਼ਿਕਾ'।

 

 

ਇਹ ਪ੍ਰੋਗਰਾਮ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ), ਫਿਨਿਸ਼ ਇਨੋਵੇਸ਼ਨ ਫੰਡ ਸਿਟਰਾ (ਸਿਟਰਾ), ਫਿਨਲੈਂਡ ਸਰਕਾਰ, ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫ ਐਂਡ ਸੀਸੀ), ਭਾਰਤ ਸਰਕਾਰ, ਗੁਜਰਾਤ ਸਰਕਾਰ ਅਤੇ ਗੁਜਰਾਤ ਪ੍ਰਦੂਸ਼ਣ ਕੰਟਰੋਲ ਬੋਰਡ (ਜੀਪੀਸੀਬੀ) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ।

*****

ਵੀਐੱਮ/ਏਕੇ


(Release ID: 2310489) ਵਿਜ਼ੀਟਰ ਕਾਊਂਟਰ : 3