ਕਿਰਤ ਤੇ ਰੋਜ਼ਗਾਰ ਮੰਤਰਾਲਾ
ਮੁੰਬਈ ਵਿੱਚ ਭਵਨ ਅਤੇ ਹੋਰ ਨਿਰਮਾਣ ਮਜ਼ਦੂਰਾਂ (ਬੀਓਸੀਡਬਲਿਊ) ਨਾਲ ਸਬੰਧਿਤ ਰਾਸ਼ਟਰੀ ਸੰਮੇਲਨ ਸਮਾਪਤ; ਇਸ ਵਿੱਚ ਨਿਰਮਾਣ ਮਜ਼ਦੂਰਾਂ ਦੀ ਭਲਾਈ ਅਤੇ ਹੁਨਰ ਵਿਕਾਸ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ
ਸਕੱਤਰ ਨੇ ਬੀਓਸੀਡਬਲਿਊ ਨਾਲ ਜੁੜੇ ਭਲਾਈ ਦੇ ਕਦਮਾਂ ਦੇ ਲਾਗੂਕਰਨ ਨੂੰ ਬਿਹਤਰ ਬਣਾਉਣ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਵਿਆਪਕ ਤਾਲਮੇਲ ਅਤੇ ਇੱਕ-ਦੂਜੇ ਤੋਂ ਸਿੱਖਣ ‘ਤੇ ਜ਼ੋਰ ਦਿੱਤਾ
ਬੀਓਸੀਡਬਲਿਊ ਸੰਮੇਲਨ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੁਨਰ ਵਿਕਾਸ, ਡਿਜੀਟਲ ਲੇਬਰ ਚੌਕ ਅਤੇ ਮਜ਼ਦੂਰ ਸਹੂਲਤਾਂ ਨਾਲ ਜੁੜੀਆਂ ਪਹਿਲਕਦਮੀਆਂ ਪੇਸ਼ ਕੀਤੀਆਂ
Posted On:
12 SEP 2026 3:59PM by PIB Chandigarh
ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਨਾਲ ਮਿਲ ਕੇ ਆਯੋਜਿਤ ਕੀਤਾ ਗਿਆ ਭਵਨ ਅਤੇ ਹੋਰ ਨਿਰਮਾਣ ਮਜ਼ਦੂਰਾਂ (ਬੀਓਸੀਡਬਲਿਊ) ਨਾਲ ਸਬੰਧਿਤ ਦੋ-ਦਿਨਾ ਰਾਸ਼ਟਰੀ ਸੰਮੇਲਨ ਅੱਜ ਮੁੰਬਈ ਵਿੱਚ ਸਮਾਪਤ ਹੋਇਆ। 11-12 ਸਤੰਬਰ, 2026 ਨੂੰ ਹੋਏ ਇਸ ਸੰਮੇਲਨ ਵਿੱਚ ਕੇਂਦਰ ਸਰਕਾਰ, ਵੱਖ-ਵੱਖ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ, ਬੀਓਸੀਡਬਲਿਊ ਭਲਾਈ ਬੋਰਡਾਂ ਅਤੇ ਹੋਰ ਸਬੰਧਿਤ ਧਿਰਾਂ ਦੇ ਪ੍ਰਤੀਨਿਧੀਆਂ ਨੇ ਨਿਰਮਾਣ ਮਜ਼ਦੂਰਾਂ ਦੀ ਭਲਾਈ, ਹੁਨਰ ਵਿਕਾਸ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਇਸ ਸੰਮੇਲਨ ਦੇ ਪਹਿਲੇ ਦਿਨ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ‘ਤੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਵੀ ਮੌਜੂਦ ਸਨ।
ਸੰਮੇਲਨ ਦੇ ਦੂਜੇ ਦਿਨ ਆਪਣੇ ਸ਼ੁਰੂਆਤੀ ਸੰਬੋਧਨ ਵਿੱਚ, ਸਕੱਤਰ ਨੇ ਬੀਓਸੀਡਬਲਿਊ ਖੇਤਰ ਵਿੱਚ ਮੌਜੂਦਾ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਧੇਰੇ ਜਵਾਬਦੇਹ, ਸਮਾਵੇਸ਼ੀ ਅਤੇ ਮਜ਼ਬੂਤ ਲੇਬਰ ਈਕੋਸਿਸਟਮ ਬਣਾਉਣ ਲਈ ਸਕਿੱਲ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਅਤੇ ਨੀਤੀਗਤ ਅਤੇ ਪ੍ਰੋਗਰਾਮ ਢਾਂਚੇ ਵਿੱਚ ਮਜ਼ਦੂਰਾਂ ਦੀ ਗਰਿਮਾ ਨੂੰ ਕੇਂਦਰ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਰਤ ਬਜ਼ਾਰ ਵਿੱਚ ਜਾਣਕਾਰੀ ਅਤੇ ਪਹੁੰਚ ਸਬੰਧੀ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਨੌਕਰੀ ਲੱਭਣ ਵਾਲਿਆਂ ਅਤੇ ਰੋਜ਼ਗਾਰਦਾਤਾਵਾਂ ਦਰਮਿਆਨ ਬਿਹਤਰ ਤਾਲਮੇਲ ਬਣਾਉਣ ਵਾਲੀ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜਿਕ ਸੁਰੱਖਿਆ ਅਤੇ ਭਲਾਈ ਨਾਲ ਜੁੜੀਆਂ ਯੋਜਨਾਵਾਂ ਬਣਾਉਂਦੇ ਸਮੇਂ ਮਜ਼ਦੂਰਾਂ ਦੀ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋਣ ਵਾਲੀ ਆਵਾਜਾਈ ਦਾ ਉੱਚਿਤ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਨੇ ਨਿਰਮਾਣ ਮਜ਼ਦੂਰਾਂ ਦੀ ਪੇਸ਼ੇਵਰ ਸਿਹਤ, ਸਰੀਰਕ ਸੁਰੱਖਿਆ ਅਤੇ ਕੰਮ ਵਾਲੀ ਥਾਂ ਨਾਲ ਜੁੜੀਆਂ ਹੋਰ ਚਿੰਤਾਵਾਂ ‘ਤੇ ਵਧੇਰੇ ਧਿਆਨ ਦੇਣ ਦਾ ਸੱਦਾ ਦਿੱਤਾ।
ਸੰਮੇਲਨ ਦੌਰਾਨ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਾਂਝੇ ਕੀਤੇ ਗਏ ਉੱਤਮ ਅਭਿਆਸਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਨਿਰੰਤਰ ਸਹਿਯੋਗ ਅਤੇ ਇੱਕ-ਦੂਜੇ ਤੋਂ ਸਿੱਖਣ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਜ਼ਰਬਿਆਂ ਦੇ ਵਧੇਰੇ ਅਦਾਨ-ਪ੍ਰਦਾਨ ਅਤੇ ਅਕਸਰ ਵਰਚੁਅਲ ਗੱਲਬਾਤ ਨੂੰ ਉਤਸ਼ਾਹਿਤ ਕੀਤਾ।
ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੱਤਰ ਨੇ ਬੀਓਸੀਡਬਲਿਊ ਦੇ ਭਲਾਈ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਮੁੱਖ ਉਪਾਵਾਂ ਦੀ ਰੂਪਰੇਖਾ ਦੱਸੀ। ਇਸ ਵਿੱਚ ਵਰਤਮਾਨ ਵਿੱਚ ਕੀਤੇ ਜਾ ਰਹੇ ਵੱਖ-ਵੱਖ ਉਪਾਵਾਂ ਨੂੰ ਇਕਜੁੱਟ ਕਰਨ ਅਤੇ ਟਿਕਾਊ ਭਲਾਈ ਪਹਿਲਕਦਮੀਆਂ ਨੂੰ ਸਹਾਰਾ ਦੇਣ ਲਈ ਬੀਮਾਕਰਤਾ ਵਿਸ਼ਲੇਸ਼ਣ (actuarial analysis) ਦੀ ਵਧੇਰੇ ਵਰਤੋਂ ਸ਼ਾਮਲ ਹੈ।

ਸੰਮੇਲਨ ਦਾ ਦੂਜਾ ਦਿਨ “ਨਵੀਂ ਕਿਰਤ ਸੰਹਿਤਾ ਦੇ ਮੱਦੇਨਜ਼ਰ ਬੀਓਸੀਡਬਲਿਊ ਭਲਾਈ ਬੋਰਡ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ” ਵਿਸ਼ੇ ‘ਤੇ ਇੱਕ ਸੈਸ਼ਨ ਨਾਲ ਸ਼ੁਰੂ ਹੋਇਆ। ਇਸ ਸੈਸ਼ਨ ਵਿੱਚ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੀਆਂ ਪਹਿਲਕਦਮੀਆਂ ਅਤੇ ਉੱਤਮ ਅਭਿਆਸਾਂ ਬਾਰੇ ਪੇਸ਼ਕਾਰੀ ਦਿੱਤੀ। ਇਨ੍ਹਾਂ ਪੇਸ਼ਕਾਰੀਆਂ ਦਾ ਉਦੇਸ਼ ਭਵਨ ਅਤੇ ਹੋਰ ਨਿਰਮਾਣ ਮਜ਼ਦੂਰਾਂ ਲਈ ਭਲਾਈ ਅਤੇ ਸੇਵਾਵਾਂ ਦੀ ਸਪਲਾਈ ਨੂੰ ਬਿਹਤਰ ਬਣਾਉਣਾ ਸੀ।

ਉੱਤਰ ਪ੍ਰਦੇਸ਼ ਨੇ ਭਵਨ ਨਿਰਮਾਣ ਨਾਲ ਜੁੜੇ ਮਜ਼ਦੂਰਾਂ ਦੇ ਹੁਨਰ ਵਿਕਾਸ ਨਾਲ ਸਬੰਧਿਤ ਆਪਣੇ ਕੰਮ ਬਾਰੇ ਦੱਸਿਆ, ਜਦੋਂ ਕਿ ਰਾਜਸਥਾਨ ਨੇ ਡਿਜੀਟਲ ਲੇਬਰ ਚੌਕਾਂ ਨਾਲ ਜੁੜੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਬਿਹਾਰ ਨੇ ਸ਼੍ਰਮ ਸੇਵਾ ਸੁਵਿਧਾ ਕੇਂਦਰਾਂ ‘ਤੇ ਚਾਨਣਾ ਪਾਇਆ ਅਤੇ ਅਸਾਮ ਨੇ ਨਿਰਮਾਣ ਸਖੀ ਪੋਰਟਲ ਪੇਸ਼ ਕੀਤਾ। ਇਨ੍ਹਾਂ ਪੇਸ਼ਕਾਰੀਆਂ ਤੋਂ ਬਾਅਦ, ਹਿੱਸਾ ਲੈਣ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਧਿਰਾਂ ਦਰਮਿਆਨ ਚਰਚਾ ਹੋਈ, ਜਿਸ ਨਾਲ ਬੀਓਸੀ ਮਜ਼ਦੂਰਾਂ ਨੂੰ ਭਲਾਈ ਅਤੇ ਰੁਜ਼ਗਾਰ-ਸਬੰਧੀ ਸੇਵਾਵਾਂ ਬਿਹਤਰ ਢੰਗ ਨਾਲ ਪਹੁੰਚਾਉਣ ਨਾਲ ਜੁੜੇ ਤਜ਼ਰਬਿਆਂ ਅਤੇ ਤਰੀਕਿਆਂ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ।

ਇਸ ਤੋਂ ਬਾਅਦ ਸੰਮੇਲਨ ਵਿੱਚ ਹੁਨਰ ਵਿਕਾਸ ਅਤੇ ਰੁਜ਼ਗਾਰ ‘ਤੇ ਇੱਕ ਖਾਸ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਹੁਨਰ ਵਿਕਾਸ ਅਤੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵੱਲੋਂ ਭਾਰਤ ਵਿੱਚ ਰੁਜ਼ਗਾਰ ਵਧਣ ਦੀ ਕਹਾਣੀ ਨਾਲ ਸਬੰਧਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਫਿਰ ਇਨ੍ਹਾਂ ‘ਤੇ ਚਰਚਾ ਹੋਈ।
‘ਲੇਬਰ ਸਟੈਕ’ ‘ਤੇ ਵੀ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ ਅਤੇ ਨਿਰਮਾਣ ਖੇਤਰ ਅਤੇ ਉਦਯੋਗਿਕ ਮਜ਼ਦੂਰਾਂ ਦੇ ਉਪਭੋਗਤਾ ਮੁੱਲ ਸੂਚਕਾਂਕ (ਸੀਪੀਆਈ-ਆਈਡਬਲਿਊ) ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿਸ਼ੇ ‘ਤੇ ਇੱਕ ਪੇਸ਼ਕਾਰੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਚਰਚਾ ਵੀ ਹੋਈ।

ਦੋ ਦਿਨਾਂ ਤੱਕ ਚੱਲੇ ਇਸ ਸੰਮੇਲਨ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਤਜ਼ਰਬਿਆਂ ਅਤੇ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ। ਨਾਲ ਹੀ, ਇਸ ਵਿੱਚ ਭਵਨ ਅਤੇ ਹੋਰ ਨਿਰਮਾਣ ਮਜ਼ਦੂਰਾਂ ਦੀ ਭਲਾਈ, ਹੁਨਰ ਵਿਕਾਸ, ਰੁਜ਼ਗਾਰ ਅਤੇ ਸੇਵਾ ਸਪਲਾਈ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ ਗਈ।
***********
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ/ਏਕੇv
(Release ID: 2309638)
ਵਿਜ਼ੀਟਰ ਕਾਊਂਟਰ : 8