ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 2030 ਤੱਕ ਭਾਰਤ-ਰੂਸ ਦਰਮਿਆਨ 100 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ਨੂੰ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਆਰਥਿਕ ਸਾਂਝੇਦਾਰੀ ਨੂੰ ਵਧਾਉਣ ਦਾ ਸੱਦਾ ਦਿੱਤਾ


ਸ਼੍ਰੀ ਪੀਯੂਸ਼ ਗੋਇਲ ਨੇ ਫਾਰਮਾਸਿਊਟੀਕਲਸ, ਆਟੋ ਕੰਪੋਨੈਂਟਸ ਅਤੇ ਫੂਡ ਪ੍ਰੋਡਕਟਸ ਦੇ ਖੇਤਰਾਂ ਵਿੱਚ ਰੂਸ ਨੂੰ ਭਾਰਤ ਦੇ ਨਿਰਯਾਤ ਨੂੰ ਵਧਾਉਣ ਦੇ ਮੌਕਿਆਂ 'ਤੇ ਚਰਚਾ ਕੀਤੀ

ਸ਼੍ਰੀ ਗੋਇਲ ਨੇ ਰੂਸ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਰਮਾਣ ਲਈ ਦੇਸ਼ ਦੇ ਪਲੱਗ-ਐਂਡ-ਪਲੇ ਉਦਯੋਗਿਕ ਗਲਿਆਰਿਆਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ

Posted On: 10 SEP 2026 7:10PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਭਾਰਤ-ਰੂਸ ਆਰਥਿਕ ਅਤੇ ਉਦਯੋਗਿਕ ਭਾਈਵਾਲੀ ਨੂੰ ਤੇਜ਼ੀ ਨਾਲ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਉਦਯੋਗ ਨੂੰ 2030 ਤੱਕ ਦੁਵੱਲੇ ਵਪਾਰ ਵਿੱਚ 100 ਬਿਲੀਅਨ ਡਾਲਰ ਅਤੇ ਦੋ-ਪੱਖੀ ਨਿਵੇਸ਼ ਵਿੱਚ 50 ਬਿਲੀਅਨ ਡਾਲਰ ਤੱਕ ਪਹੁੰਚਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ। ਨਵੀਂ ਦਿੱਲੀ ਵਿੱਚ ਰੂਸ ਦੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਐਂਟਨ ਅਲੀਖਾਨੋਵ ਦੇ ਨਾਲ ਸਹਿ-ਚੇਅਰਮੈਨ ਵਜੋਂ 'ਇਨੋਪ੍ਰੋਮ ਇੰਡੀਆ 2026' ਦੀ ਪੂਰਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਮੁਖੀਆਂ ਦੁਆਰਾ ਨਿਰਧਾਰਿਤ ਕੀਤੇ ਗਏ ਟੀਚੇ ਸਰਕਾਰਾਂ ਅਤੇ ਉਦਯੋਗ ਦੋਵੇਂ ਦੇ ਕੰਮ ਲਈ ਮਾਪਦੰਡ ਹੋਣਗੇ।

ਸ਼੍ਰੀ ਗੋਇਲ ਨੇ ਕਿਹਾ ਕਿ ਦੁਵੱਲੇ ਵਪਾਰ ਨੂੰ ਲਗਭਗ 60 ਬਿਲੀਅਨ ਡਾਲਰ ਦੇ ਮੌਜੂਦਾ ਪੱਧਰ ਤੋਂ 100 ਬਿਲੀਅਨ ਡਾਲਰ ਤੱਕ ਵਧਾਉਣ ਲਈ ਅਗਲੇ ਚਾਰ ਵਰ੍ਹਿਆਂ ਵਿੱਚ ਲਗਭਗ 40 ਬਿਲੀਅਨ ਡਾਲਰ ਦੇ ਵਾਧੇ ਅਤੇ ਹਰ ਸਾਲ ਦੋਹਰੇ ਅੰਕਾਂ ਦੀ ਵਿਕਾਸ ਦਰ ਨੂੰ ਕਾਇਮ ਰੱਖਣ ਦੀ ਜ਼ਰੂਰਤ  ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਨਾ ਸਿਰਫ਼ ਸਰਕਾਰਾਂ ਵੱਲੋਂ ਸਗੋਂ ਦੋਵੇਂ ਦੇਸ਼ਾਂ ਦੇ ਉਦਯੋਗਾਂ ਵੱਲੋਂ ਵੀ ਮਹੱਤਵਪੂਰਨ ਯਤਨਾਂ ਦੀ ਜ਼ਰੂਰਤ ਹੋਵੇਗੀ।

ਦੋਵੇਂ ਦੇਸ਼ਾਂ ਦਰਮਿਆਨ ਵਪਾਰ ਵਿੱਚ ਵਿਭਿੰਨਤਾ  ਬਣਾਉਣ ਦੇ ਮੌਕਿਆਂ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਮਾਸ ਅਤੇ ਮਾਸ-ਅਧਾਰਿਤ ਉਤਪਾਦਾਂ ਦਾ ਭਾਰਤੀ ਨਿਰਯਾਤ 36 ਮਿਲੀਅਨ ਡਾਲਰ ਤੋਂ ਵਧ ਕੇ 97 ਮਿਲੀਅਨ ਡਾਲਰ ਹੋ ਗਿਆ, ਜੋ ਕਿ ਲਗਭਗ 170 ਪ੍ਰਤੀਸ਼ਤ ਦਾ ਵਾਧਾ ਹੈ। ਮੱਛੀ ਅਤੇ ਜਲ-ਉਤਪਾਦਾਂ ਦਾ ਨਿਰਯਾਤ 123 ਮਿਲੀਅਨ ਡਾਲਰ ਤੋਂ ਵਧ ਕੇ 159 ਮਿਲੀਅਨ ਡਾਲਰ ਹੋ ਗਿਆ, ਜੋ ਕਿ ਲਗਭਗ 30 ਪ੍ਰਤੀਸ਼ਤ ਦਾ ਵਾਧਾ ਹੈ, ਜਦਕਿ ਖਾਣ ਯੋਗ ਸਬਜ਼ੀਆਂ ਦਾ ਨਿਰਯਾਤ 38 ਮਿਲੀਅਨ ਡਾਲਰ ਤੋਂ ਵਧ ਕੇ 54 ਮਿਲੀਅਨ ਡਾਲਰ ਹੋ ਗਿਆ, ਜੋ ਕਿ 40 ਪ੍ਰਤੀਸ਼ਤ ਦਾ ਵਾਧਾ ਹੈ। ਕੌਫੀ, ਚਾਹ ਅਤੇ ਮਸਾਲਿਆਂ ਦਾ ਨਿਰਯਾਤ 13 ਪ੍ਰਤੀਸ਼ਤ ਵਧ ਕੇ 116 ਮਿਲੀਅਨ ਡਾਲਰ ਹੋ ਗਿਆ ਅਤੇ ਮਿਲਿੰਗ ਉਤਪਾਦਾਂ ਦਾ ਨਿਰਯਾਤ ਲਗਭਗ ਦੁੱਗਣਾ ਹੋ ਗਿਆ।

ਸ਼੍ਰੀ ਗੋਇਲ ਨੇ ਕਿਹਾ ਕਿ ਇਹ ਅੰਕੜੇ ਰੂਸੀ ਬਜ਼ਾਰ ਵਿੱਚ ਭਾਰਤੀ ਕਿਸਾਨਾਂ, ਫੂਡ ਪ੍ਰੋਸੈੱਸਰਾਂ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (MSMEs) ਅਤੇ MSME ਨਿਰਯਾਤਕਾਂ ਦੇ ਉਤਪਾਦਾਂ ਦੀ ਵਧ ਰਹੀ ਮੰਗ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਇਸ ਸੰਭਾਵਨਾ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਵਰਤਿਆ ਗਿਆ ਹੈ। ਦੋਵੇਂ ਅਰਥਵਿਵਸਥਾਵਾਂ ਵਿਚਕਾਰ ਆਪਸੀ ਲਾਭਦਾਇਕ ਵਪਾਰ ਦੀ ਸੰਭਾਵਨਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਉਤਪਾਦ ਹਨ ਜੋ ਰੂਸ ਵਿਸ਼ਵ ਪੱਧਰ 'ਤੇ ਵੱਡੀ ਮਾਤਰਾ ਵਿੱਚ ਆਯਾਤ ਕਰਦਾ ਹੈ ਅਤੇ ਭਾਰਤ ਵੱਡੀ ਮਾਤਰਾ ਵਿੱਚ ਨਿਰਯਾਤ ਕਰਦਾ ਹੈ, ਪਰ ਭਾਰਤ ਅਜੇ ਵੀ ਰੂਸ ਨੂੰ ਮਹੱਤਵਪੂਰਨ ਤੌਰ 'ਤੇ ਨਿਰਯਾਤ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਫਾਰਮਾਸਿਊਟੀਕਲ, ਆਟੋ ਕੰਪੋਨੈਂਟ, ਟਰੈਕਟਰ ਅਤੇ ਖੁਰਾਕ ਉਤਪਾਦਾਂ ਵਿੱਚ ਅਜਿਹੇ ਮੌਕੇ ਜੋਂ ਹੁਣ ਤੱਕ ਅਣਵਰਤੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਗੈਰ-ਊਰਜਾ ਵਪਾਰ ਆਪਣੀ ਸਮਰੱਥਾ ਤੋਂ ਬਹੁਤ ਘੱਟ ਹੈ ਅਤੇ ਇਸ ਪਾੜੇ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਦੁਵੱਲੇ ਵਪਾਰ ਨੂੰ 60 ਬਿਲੀਅਨ ਡਾਲਰ ਤੋਂ ਵਧਾ ਕੇ 100 ਬਿਲੀਅਨ ਡਾਲਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਫਾਰਮਾਸਿਊਟੀਕਲ, ਇੰਜੀਨੀਅਰਿੰਗ ਸਮਾਨ, ਰਸਾਇਣ, ਟੈਕਸਟਾਈਲ, ਖੁਰਾਕ ਉਤਪਾਦਾਂ, ਸਮੁੰਦਰੀ ਉਤਪਾਦਾਂ ਅਤੇ ਆਟੋ ਉਤਪਾਦਾਂ ਦੇ ਭਾਰਤੀ ਨਿਰਯਾਤ ਨੂੰ ਵਧਾ ਕੇ ਦੁਵੱਲੇ ਵਪਾਰ ਨੂੰ ਸੰਤੁਲਿਤ ਕਰਨਾ ਮਹੱਤਵਪੂਰਨ ਹੋਵੇਗਾ।

ਨਿਵੇਸ਼ ਦੇ ਸਬੰਧ ਵਿੱਚ, ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ-ਰੂਸ ਤਰਜੀਹੀ ਨਿਵੇਸ਼ ਪ੍ਰੋਜੈਕਟ ਵਿਧੀ ਵਰਤਮਾਨ ਵਿੱਚ ਉੱਨਤ ਨਿਰਮਾਣ, ਊਰਜਾ, ਖਣਨ, ਰੇਲਵੇ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਖੇਤਰਾਂ ਵਿੱਚ 40 ਸਰਗਰਮ ਨਿਵੇਸ਼ ਪ੍ਰੋਜੈਕਟਾਂ ਨੂੰ ਟ੍ਰੈਕ ਕਰ ਰਹੀ ਹੈ। ਉਨ੍ਹਾਂ ਨੇ ਰੂਸ ਦੇ ਪੱਖ ਨੂੰ ਅਪੀਲ ਕੀਤੀ ਕਿ ਉਹ ਫਾਰਮਾਸਿਊਟੀਕਲ, ਆਈਟੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੇਵਾਵਾਂ, ਇੰਜੀਨੀਅਰਿੰਗ ਅਤੇ ਰੇਲਵੇ ਵਰਗੇ ਖੇਤਰਾਂ ਵਿੱਚ ਰੂਸ ਵਿੱਚ ਭਾਰਤੀ ਨਿਵੇਸ਼ ਲਈ ਹੋਰ ਮੌਕੇ ਪ੍ਰਦਾਨ ਕਰੇ, ਤਾਂ ਜੋ 50 ਬਿਲੀਅਨ ਡਾਲਰ ਦਾ ਨਿਵੇਸ਼ ਟੀਚਾ ਇੱਕ ਬਿਹਤਰ ਦੋ-ਪੱਖੀ ਨਿਵੇਸ਼ ਬਣ ਸਕੇ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਅਤੇ ਰੂਸ ਇੱਕ ਨਵੀਂ ਦੁਵੱਲੀ ਨਿਵੇਸ਼ ਸੰਧੀ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਨਿਵੇਸ਼ ਮੰਜਿਲਾਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਦੋਵੇਂ ਪਾਸਿਆਂ ਦੇ ਨਿਵੇਸ਼ਕਾਂ ਨੂੰ ਜ਼ਰੂਰੀ ਕਾਨੂੰਨੀ ਵਿਸ਼ਵਾਸ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ, ਜਿਸ ਵਿੱਚ ਰੂਸ, ਬੇਲਾਰੂਸ, ਕਜ਼ਾਕਿਸਤਾਨ, ਅਰਮਾਨੀਆ ਅਤੇ ਕਿਰਗਿਜ਼ ਗਣਰਾਜ ਸ਼ਾਮਲ ਹਨ, ਨੇ ਪਿਛਲੇ ਸਾਲ ਰਸਮੀ ਮੁਕਤ ਵਪਾਰ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਭਾਰਤ ਉਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਵਚਨਬੱਧ ਹੈ, ਜਿਸ ਨਾਲ ਉਦਯੋਗਾਂ, ਖਾਸ ਕਰਕੇ ਐੱਮਐੱਸਐੱਮਈ ਲਈ ਨਵੇਂ ਬਜ਼ਾਰ ਖੁੱਲ੍ਹਣਗੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਰਾਸ਼ਟਰੀ ਅਤੇ ਸਥਾਨਕ ਮੁਦਰਾਵਾਂ ਵਿੱਚ ਭੁਗਤਾਨ ਨੂੰ ਮਜ਼ਬੂਤ ​​ਕਰ ਰਹੇ ਹਨ। ਉਨ੍ਹਾਂ ਨੇ ਸਮਝਾਇਆ ਕਿ ਜ਼ਮੀਨ-ਅਧਾਰਿਤ ਵਪਾਰ ਅਕਸਰ ਟੈਰਿਫਾਂ ਦੀ ਬਜਾਏ ਭੁਗਤਾਨ ਰੁਕਾਵਟਾਂ ਦੁਆਰਾ ਵਧੇਰੇ ਹੌਲੀ ਹੋ ਜਾਂਦਾ ਹੈ। ਉਨ੍ਹਾਂ ਨੇ ਦੁਵੱਲੇ ਸਬੰਧਾਂ ਦੀਆਂ ਮਜ਼ਬੂਤ ​​ਨੀਹਾਂ 'ਤੇ ਵੀ ਜ਼ੋਰ ਦਿੱਤਾ, ਜਿਵੇਂ ਕਿ ਅੰਤਰਰਾਸ਼ਟਰੀ ਉੱਤਰ-ਦੱਖਣੀ ਟ੍ਰਾਂਸਪੋਰਟ ਕੌਰੀਡੋਰ ਅਤੇ ਚੇਨਈ-ਵਲਾਦੀਵੋਸਤੋਕ ਮੈਰੀਟਾਈਮ ਕੌਰੀਡੋਰ ਵਿੱਚ ਨਿਵੇਸ਼, ਇਹ ਕਹਿੰਦੇ ਹੋਏ ਕਿ ਸੰਪਰਕ ਸਿਰਫ਼ ਇੱਕ ਬੁਨਿਆਦੀ ਢਾਂਚਾ ਮੁੱਦਾ ਨਹੀਂ ਹੈ, ਸਗੋਂ ਵਪਾਰ ਨੀਤੀ ਦਾ ਇੱਕ ਹਿੱਸਾ ਵੀ ਹੈ।

ਸ਼੍ਰੀ ਗੋਇਲ ਨੇ ਦੋਵੇਂ ਦੇਸ਼ਾਂ ਦੇ ਕਾਰੋਬਾਰੀ ਆਗੂਆਂ ਅਤੇ ਅਧਿਕਾਰੀਆਂ ਨੂੰ ਪੰਜ ਖਾਸ ਬੇਨਤੀਆਂ ਕੀਤੀਆਂ। ਪਹਿਲਾ, ਉਨ੍ਹਾਂ ਨੇ ਕਾਰੋਬਾਰਾਂ ਨੂੰ ਦਿੱਲੀ ਛੱਡਣ ਤੋਂ ਪਹਿਲਾਂ ਘੱਟੋ-ਘੱਟ ਇੱਕ ਸਮਝੌਤਾ ਕਰਨ, ਇੱਕ ਨਵਾਂ ਦੋਸਤ ਅਤੇ ਭਾਈਵਾਲ ਬਣਾਉਣ ਅਤੇ ਘੱਟੋ-ਘੱਟ ਇੱਕ ਠੋਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਦੂਜਾ, ਉਨ੍ਹਾਂ ਨੇ ਕਾਰੋਬਾਰਾਂ ਨੂੰ ਆਪਣੇ ਵਪਾਰ ਅਤੇ ਨਿਵੇਸ਼ ਯੋਜਨਾਵਾਂ ਵਿੱਚ ਊਰਜਾ ਤੋਂ ਪਰੇਖਾਸ ਕਰਕੇ ਫਾਰਮਾਸਿਊਟੀਕਲ, ਇੰਜੀਨੀਅਰਿੰਗ ਸਾਮਾਨ, ਰਸਾਇਣ, ਆਟੋ ਕੰਪੋਨੈਂਟ, ਟਰੈਕਟਰ ਪਾਰਟਸ, ਟੈਕਸਟਾਈਲ, ਖੁਰਾਕ, ਖੇਤੀਬਾੜੀ-ਤਕਨੀਕੀ ਅਤੇ ਸਮੁੰਦਰੀ ਉਤਪਾਦਾਂ ਵਿੱਚ ਇੱਕ ਨਵੀਂ ਲਾਈਨ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਖੇਤਰ 100 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ।

ਤੀਜਾ, ਸ਼੍ਰੀ ਗੋਇਲ ਨੇ ਰੂਸੀ ਉਦਯੋਗ ਨੂੰ ਕਿਹਾ ਕਿ ਉਹ  ਭਾਰਤ ਵਿੱਚ ਸਿਰਫ਼ ਸਾਮਾਨ ਵੇਚਣ ਤੋਂ ਇਲਾਵਾ ਨਿਰਮਾਣ ਦਾ ਵਿਸਤਾਰ ਕਰਨ । ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰੀ ਉਦਯੋਗਿਕ ਗਲਿਆਰੇ ਨਿਵੇਸ਼ ਲਈ ਤਿਆਰ ਹਨ, ਅਤੇ ਗਲੋਬਲ ਭਾਈਵਾਲਾਂ ਲਈ ਪਲੱਗ-ਐਂਡ-ਪਲੇ ਬੁਨਿਆਦੀ ਢਾਂਚਾ ਉਪਲਬਧ ਹੈ। ਉਨ੍ਹਾਂ ਨੇ ਭਾਰਤ ਦੀ ਨੌਜਵਾਨ ਪ੍ਰਤਿਭਾ ਅਤੇ ਹੁਨਰਮੰਦ ਕਾਰਜਬਲ ਨੂੰ ਰੂਸੀ ਕੰਪਨੀਆਂ ਲਈ ਇੱਕ ਮਹੱਤਵਪੂਰਨ ਸਰੋਤ ਦੱਸਿਆ, ਇਹ ਜ਼ਿਕਰ ਕਰਦੇ ਹੋਏ ਕਿ ਰੂਸ ਵਿੱਚ ਅਜਿਹੇ ਹੁਨਰਮੰਦ ਕਾਰਜਬਲ ਨੂੰ ਲੱਭਣਾ ਮੁਸ਼ਕਲ ਹੋ ਸਕਦਾ ਹੈ।

ਚੌਥਾ, ਉਨ੍ਹਾਂ ਭਾਰਤੀ ਉਦਯੋਗ ਨੂੰ ਰੂਸ ਦਾ ਦੌਰਾ ਸਿਰਫ਼ ਸੈਲਾਨੀਆਂ ਵਜੋਂ ਨਹੀਂ ਸਗੋਂ ਨਿਵੇਸ਼ਕਾਂ ਅਤੇ ਨਿਰਯਾਤਕ ਵਜੋਂ ਕਰਨ ਅਤੇ ਦੋਸਤੀਆਂ, ਨਵੀਂ ਭਾਈਵਾਲੀ ਅਤੇ ਨਵੇਂ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਦੀ ਅਪੀਲ ਕੀਤੀ।

ਪੰਜਵਾਂ, ਸ਼੍ਰੀ ਗੋਇਲ ਨੇ ਦੋਵੇਂ ਪਾਸਿਆਂ ਦੇ ਅਧਿਕਾਰੀਆਂ ਨੂੰ ਉਦਯੋਗਾਂ ਦੀ ਗੱਲ ਸੁਣਨ ਅਤੇ ਵਪਾਰ ਅਤੇ ਨਿਵੇਸ਼ ਵਿੱਚ ਰੁਕਾਵਟ ਪਾਉਣ ਵਾਲੇ ਕਾਰਕਾਂ ਦੀ ਪਛਾਣ ਕਰਨ ਲਈ ਸੱਦਾ ਦਿੱਤਾ।  ਉਨ੍ਹਾਂ ਨੇ ਉਨ੍ਹਾਂ ਨੂੰ ਭੁਗਤਾਨ ਪ੍ਰਣਾਲੀਆਂ, ਪ੍ਰਮਾਣੀਕਰਣ ਜ਼ਰੂਰਤਾਂ, ਮਿਆਰਾਂ, ਲੌਜਿਸਟਿਕਸ, ਵੀਜ਼ਾ ਜਾਂ ਪ੍ਰਵਾਨਗੀਆਂ ਨਾਲ ਕਿਸੇ ਵੀ ਮੁੱਦੇ ਦਾ ਮੁਲਾਂਕਣ ਕਰਨ ਲਈ ਕਿਹਾ। ਉਨ੍ਹਾਂ ਨੇ ਰੂਸੀ ਪੱਖ ਨੂੰ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਪੂਰੀ ਪ੍ਰਕਿਰਿਆ ਨੂੰ ਆਸਾਨ, ਸੁਚਾਰੂ ਅਤੇ ਕੁਸ਼ਲ ਬਣਾਉਣ ਵਿੱਚ ਮਦਦ ਕਰਨ ਲਈ ਤਿਆਰ ਹਨ।

ਨਿਵੇਸ਼ ਅਤੇ ਨਿਰਮਾਣ ਸਥਾਨ ਵਜੋਂ ਭਾਰਤ ਦੀਆਂ ਤਾਕਤਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਇੰਡਸਟ੍ਰੀਅਲ ਪਾਰਕ ਸਕੀਮ ਅਤੇ ਸਟਾਰਟਅੱਪ ਇੰਡੀਆ ਵਰਗੀਆਂ ਪਹਿਲਕਦਮੀਆਂ ਦੇ ਤਹਿਤ ਇੱਕ ਵੱਡੇ ਪੱਧਰ 'ਤੇ ਅਤੇ ਤੇਜ਼ੀ ਨਾਲ ਫੈਲ ਰਹੇ ਉਦਯੋਗਿਕ ਨਿਰਮਾਣ ਅਧਾਰ ਦੀ ਪੇਸ਼ਕਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹਵਾਈ ਅੱਡਿਆਂ, ਬੰਦਰਗਾਹਾਂ, ਐਕਸਪ੍ਰੈੱਸਵੇਅ, ਰੇਲਵੇ, ਅੰਦਰੂਨੀ ਜਲ ਮਾਰਗਾਂ, ਬਿਜਲੀ ਬੁਨਿਆਦੀ ਢਾਂਚਾ, ਜਲ ਬੁਨਿਆਦੀ ਢਾਂਚਾ ਅਤੇ ਉਦਯੋਗਿਕ ਪਾਰਕਾਂ ਵਿੱਚ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਆਪਣੀ ਸਮਰੱਥਾ ਨੂੰ ਮਜ਼ਬੂਤ ​​ਕਰਨ ਲਈ ਸਲਾਨਾ 130 ਬਿਲੀਅਨ ਡਾਲਰ ਦਾ ਨਿਵੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਭਾਈਵਾਲਾਂ ਦਾ ਸਵਾਗਤ ਕਰਨ ਲਈ ਭਾਰਤ ਵਿੱਚ ਸਹੀ ਈਕੋਸਿਸਟਮ ਅਤੇ ਬੁਨਿਆਦੀ ਢਾਂਚਾ ਬਣਾਉਣ ਲਈ ਬਹੁਤ ਕੰਮ ਕੀਤਾ ਜਾ ਰਿਹਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਕੋਲ ਪ੍ਰਤਿਭਾ ਅਤੇ ਹੁਨਰ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਕੋਲ ਇੱਕ ਨੌਜਵਾਨ ਅਤੇ ਮਹੱਤਵਾਕਾਂਖੀ ਆਬਾਦੀ ਹੈ ਜੋ ਆਪਣੇ ਵਿਸ਼ਵਵਿਆਪੀ ਭਾਈਵਾਲਾਂ ਨਾਲ ਨਵੀਨਤਾ, ਡਿਜ਼ਾਈਨ, ਸਹਿ-ਡਿਜ਼ਾਈਨ, ਸਹਿ-ਸਿਰਜਣਾ ਅਤੇ ਸਹਿ-ਨਿਰਮਾਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਰੂਸ ਕੋਲ ਇੰਜੀਨੀਅਰਿੰਗ ਵਿੱਚ ਖਾਸ ਕਰਕੇ ਏਅਰੋਸਪੇਸ, ਧਾਤੂ ਵਿਗਿਆਨ, ਪ੍ਰਮਾਣੂ ਤਕਨਾਲੋਜੀ ਅਤੇ ਮਾਈਨਿੰਗ ਦੇ ਖੇਤਰਾਂ ਵਿੱਚ ਦਹਾਕਿਆਂ ਦਾ ਸ਼ਾਨਦਾਰ ਤਜਡਰਬਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਰੂਸ ਦੀਆਂ ਤਾਕਤਾਂ ਨੂੰ ਇਕੱਠਾ ਕਰਕੇ, ਉਨ੍ਹਾਂ ਦਾ ਸਬੰਧ ਵਪਾਰ ਤੋਂ ਪਰ੍ਹੇ ਜਾਵੇਗਾ ਅਤੇ ਦੋਵੇਂ ਅਰਥਵਿਵਸਥਾਵਾਂ ਨੂੰ ਮਜ਼ਬੂਤ ​​ਕਰੇਗਾ।

ਲੰਬੇ ਸਮੇਂ ਤੋਂ ਚੱਲ ਰਹੇ ਭਾਰਤ-ਰੂਸ ਸਬੰਧਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਇਸਨੇ ਬਦਲਦੀ ਦੁਨੀਆ ਦੇ ਸੱਤ ਦਹਾਕਿਆਂ ਦੇ ਉਤਰਾਅ-ਚੜ੍ਹਾਅ ਨੂੰ ਪਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਦੋਵੇਂ ਦੇਸ਼ਾਂ ਦੇ ਸਾਹਮਣੇ ਚੁਣੌਤੀ ਨਾ ਸਿਰਫ਼ ਕੰਮ ਨੂੰ ਜਾਰੀ ਰੱਖਣਾ ਹੈ, ਸਗੋਂ ਇਸ ਨੂੰ ਹੋਰ ਤੇਜ਼ ਕਰਨਾ ਵੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, "ਭਾਰਤ-ਰੂਸ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਵਿਸ਼ਵਾਸ ਹੈ। ਇਹ ਵਿਸ਼ਵਾਸ ਸਾਡੇ ਸਾਂਝੇ ਯਤਨਾਂ ਨੂੰ ਦਿਸ਼ਾ ਅਤੇ ਗਤੀ ਦਿੰਦਾ ਹੈ ਅਤੇ ਇੱਕ ਲਾਂਚਪੈਡ ਵਜੋਂ ਕੰਮ ਕਰਦਾ ਹੈ ਜੋ ਨਵੇਂ ਸੁਪਨਿਆਂ ਅਤੇ ਇੱਛਾਵਾਂ ਨੂੰ ਪ੍ਰੇਰਿਤ ਕਰਦਾ ਹੈ।"

ਸ਼੍ਰੀ ਗੋਇਲ ਨੇ ਕਿਹਾ ਕਿ ਪਹਿਲੀ ਵਾਰ ਭਾਰਤ ਵਿੱਚ ਇਨੋਪਰੋਮ ਦਾ ਆਯੋਜਨ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ, ਇਨੋਪਰੋਮ, ਇੱਕ ਵਿਸ਼ਵਵਿਆਪੀ ਉਦਯੋਗਿਕ ਤਕਨਾਲੋਜੀ ਪ੍ਰਦਰਸ਼ਨੀ, ਦੁਨੀਆ ਨੂੰ ਰੂਸੀ ਇੰਜੀਨੀਅਰਿੰਗ ਅਤੇ ਨਿਰਮਾਣ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਇੱਕ ਪਲੈਟਫਾਰਮ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਲੈਟਫਾਰਮ ਨੂੰ ਭਾਰਤ ਵਿੱਚ ਲਿਆਉਣਾ ਦੋਵੇਂ ਦੇਸ਼ਾਂ ਦੀ ਮੌਜੂਦਾ ਸਥਿਤੀ ਅਤੇ "ਪ੍ਰੋਟੋਕੋਲ ਤੋਂ ਪ੍ਰੋਡਕਸ਼ਨ ਅਤੇ ਇਰਾਦੇ ਤੋਂ ਉਦਯੋਗ" ਵੱਲ ਜਾਣ ਦੀ ਉਨ੍ਹਾਂ ਦੀ ਤਿਆਰੀ ਨੂੰ ਦਰਸਾਉਂਦਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਦੋਵੇਂ ਮੰਤਰਾਲੇ ਪਿਛਲੇ ਕੁਝ ਮਹੀਨਿਆਂ ਤੋਂ ਆਰਥਿਕ ਅਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਰੂਸ ਦੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਐਂਟਨ ਅਲੀਖਾਨੋਵ ਦੀ ਫੇਰੀ ਇਸ ਪ੍ਰਗਤੀ ਨੂੰ ਤੇਜ਼ ਕਰੇਗੀ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਗੋਇਲ ਨੇ ਮੰਤਰੀ ਅਲੀਖਾਨੋਵ ਅਤੇ ਪੂਰੇ ਰੂਸੀ ਵਫ਼ਦ ਦਾ ਉਨ੍ਹਾਂ ਦੀ ਭਾਈਵਾਲੀ ਲਈ ਧੰਨਵਾਦ ਕੀਤਾ ਅਤੇ ਇਨੋਪਰੋਮ ਇੰਡੀਆ 2026 ਅਤੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਾਰੋਬਾਰਾਂ ਦੀ ਸਫਲਤਾ ਦੀ ਕਾਮਨਾ ਕੀਤੀ।

***********

ਅਭਿਸ਼ੇਕ ਦਿਆਲ/ਇਸ਼ਿਤਾ ਬਿਸਬਾਸ/ ਏਕੇ


(Release ID: 2309301) ਵਿਜ਼ੀਟਰ ਕਾਊਂਟਰ : 2