ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਪੈਰਿਸ ਵਿੱਚ ਅੰਤਰਰਾਸ਼ਟਰੀ ਪੁਲਾੜ ਸਿਖ਼ਰ ਸੰਮੇਲਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਕਿਹਾ- ਪੁਲਾੜ ਦੀਆਂ ਸੰਭਾਵਨਾਵਾਂ ਅਥਾਹ ਹਨ ਅਤੇ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ

ਸ਼੍ਰੀ ਮੋਦੀ ਨੇ ਕਿਹਾ- ਸਾਡੇ ਬਦਲ ਸਪੱਸ਼ਟ ਹੋਣੇ ਚਾਹੀਦੇ ਹਨ: ਟਕਰਾਅ ਦੀ ਥਾਂ ਸਹਿਯੋਗ, ਥੋੜ੍ਹੇ ਸਮੇਂ ਦੇ ਲਾਭ ਦੀ ਥਾਂ ਟਿਕਾਊਪਣ ਅਤੇ ਨਿਕਾਸੀ ਦੀ ਬਜਾਏ ਸ਼ਾਮਲ ਸਮਾਵੇਸ਼

ਅਸੀਂ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ, ਸੰਵਾਦ ਅਤੇ ਬਹੁਪੱਖੀ ਸਹਿਯੋਗ ’ਤੇ ਆਧਾਰਿਤ ਸੁਰੱਖਿਅਤ, ਸ਼ਾਂਤੀਪੂਰਨ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦੇ ਹਾਂ

ਸਾਡੀ ਪੁਲਾੜ ਯਾਤਰਾ ਦੇ ਕੇਂਦਰ ਵਿੱਚ ਰਹੇ ਇਸਰੋ ਨੂੰ ਉੱਤਮਤਾ ਅਤੇ ਲਾਗਤ-ਪ੍ਰਭਾਵਸ਼ਾਲੀ ਮਿਸ਼ਨਾਂ ਲਈ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਮਿਲੀ ਹੈ

ਪ੍ਰਧਾਨ ਮੰਤਰੀ ਨੇ ਕਿਹਾ- ਪੈਰਿਸ ਵਿੱਚ ਆਯੋਜਿਤ ਪੁਲਾੜ ਸਿਖ਼ਰ ਸੰਮੇਲਨ ਇੱਕ ਸਪੱਸ਼ਟ ਸੁਨੇਹਾ ਦੇਵੇ: ਅਸੀਂ ਸਮੁੱਚੀ ਮਨੁੱਖਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਲ਼-ਮਿਲ ਕੇ ਪੁਲਾੜ ਖੋਜ ਕਰਾਂਗੇ, ਮਿਲ ਕੇ ਨਵੀਨਤਾ ਕਰਾਂਗੇ ਅਤੇ ਮਿਲ ਕੇ ਇਸ ਦੀ ਰਾਖੀ ਕਰਾਂਗੇ

Posted On: 10 SEP 2026 3:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਫਰਾਂਸ ਦੇ ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸਿਖ਼ਰ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਸਮੇਂ ਸਿਰ ਕੀਤੀ ਪਹਿਲ ਅਤੇ ਉਨ੍ਹਾਂ ਦੇ ਨਿੱਘੇ ਸੱਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਇਸ ਇਤਿਹਾਸਕ ਸੰਮੇਲਨ ਵਿੱਚ ਹਿੱਸਾ ਲੈਣ ’ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਪਹਿਲੇ ਅੰਤਰਰਾਸ਼ਟਰੀ ਪੁਲਾੜ ਸਿਖ਼ਰ ਸੰਮੇਲਨ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬ੍ਰਹਿਮੰਡ ਪ੍ਰਤੀ ਮਨੁੱਖਤਾ ਦੇ ਅਟੁੱਟ ਆਕਰਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਾੜ ਨੇ ਸਦੀਆਂ ਤੋਂ ਮਨੁੱਖੀ ਕਲਪਨਾ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹੱਦ ਹੁਣ ਧਰਤੀ ’ਤੇ ਜਲਵਾਯੂ ਅਤੇ ਫ਼ਸਲਾਂ ਤੋਂ ਲੈ ਕੇ ਮਹਾਸਾਗਰਾਂ ਅਤੇ ਭਾਈਚਾਰਿਆਂ ਤੱਕ ਰੋਜ਼ਾਨਾ ਜੀਵਨ ਨੂੰ ਸੰਚਾਲਿਤ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪੁਲਾੜ ਦੀਆਂ ਸੰਭਾਵਨਾਵਾਂ ਅਥਾਹ ਹਨ ਅਤੇ ਇਸ ਪ੍ਰਤੀ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।

ਸ਼੍ਰੀ ਮੋਦੀ ਨੇ ਬ੍ਰਹਿਮੰਡ ਦੀ ਵਧਦੀ ਗੁੰਝਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ੍ਰਹਿਆਂ ਦੇ ਪੰਧਾਂ 'ਤੇ ਹੁਣ ਭੀੜ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਵਿਕਾਸ ਦੇ ਨਾਲ ਹੀ ਇਸ ਵਿੱਚ ਵਧੇਰੇ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਪੱਧਰੀ ਭਾਈਵਾਲੀਆਂ ਵਿੱਚ ਥੋੜ੍ਹੇ ਸਮੇਂ ਦੇ ਲਾਭਾਂ ਦੀ ਬਜਾਏ ਲੰਬੇ ਸਮੇਂ ਦੇ ਟਿਕਾਊਪਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਬਦਲ ਸਪੱਸ਼ਟ ਹੋਣੇ ਚਾਹੀਦੇ ਹਨ: ਟਕਰਾਅ ਦੀ ਥਾਂ ਸਹਿਯੋਗ, ਥੋੜ੍ਹੇ ਸਮੇਂ ਦੇ ਲਾਭ ਦੀ ਥਾਂ ਟਿਕਾਊਪਣ ਅਤੇ ਨਿਕਾਸੀ ਦੀ ਥਾਂ ਸਮਾਵੇਸ਼ ਨੂੰ ਅਪਣਾਇਆ ਜਾਣਾ ਚਾਹੀਦਾ ਹੈ।

ਪੁਲਾੜ ਪ੍ਰਤੀ ਭਾਰਤ ਦੇ ਦਾਰਸ਼ਨਿਕ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਦ੍ਰਿਸ਼ਟੀਕੋਣ ‘ਵਸੁਧੈਵ ਕੁਟੁੰਬਕਮ’ ਦੇ ਸਿਧਾਂਤ ’ਤੇ ਆਧਾਰਿਤ ਹੈ, ਜਿਸ ਦਾ ਅਰਥ ਹੈ ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ। ਉਨ੍ਹਾਂ ਏਕਤਾ ਦੀ ਇਸ ਭਾਵਨਾ ਨੂੰ ਧਰਤੀ ਤੋਂ ਪਰੇ ਇੱਕ ਸੁਰੱਖਿਅਤ ਪੁਲਾੜ ਖੇਤਰ ਯਕੀਨੀ ਬਣਾਉਣ ਦੇ ਪੱਖ ਵਿੱਚ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ, ਸੰਵਾਦ ਅਤੇ ਬਹੁਪੱਖੀ ਸਹਿਯੋਗ ’ਤੇ ਆਧਾਰਿਤ ਸੁਰੱਖਿਅਤ, ਸ਼ਾਂਤੀਪੂਰਨ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦੇ ਹਾਂ।

ਪ੍ਰਧਾਨ ਮੰਤਰੀ ਨੇ ਪਾਰਦਰਸ਼ੀ ਖੋਜ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵਿਸ਼ਵ ਪੱਧਰੀ ਯਾਤਰਾ ਸਰਵਵਿਆਪਕ ਭਲੇ ਦੇ ਦਰਸ਼ਨ ਨੂੰ ਪੂਰੀ ਤਰ੍ਹਾਂ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੀ ਨੈਤਿਕ ਸਾਂਝ ਆਲਮੀ ਤਰੱਕੀ ਲਈ ਸਰਵਉੱਚ ਮਹੱਤਵ ਰੱਖਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵਿਗਿਆਨਕ ਅੰਕੜਿਆਂ ਦੀ ਵਰਤੋਂ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲੋਕ ਹਿੱਤ ਵਿੱਚ ਕੀਤੀ ਜਾਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਪੁਲਾੜ ਦੇ ਖੇਤਰ ਵਿੱਚ ਭਾਰਤ ਦੀ ਮਹੱਤਵਪੂਰਨ ਤਰੱਕੀ ਦਾ ਜ਼ਿਕਰ ਕਰਦਿਆਂ ਮੌਸਮ ਦੀ ਭਵਿੱਖਬਾਣੀ, ਆਫ਼ਤ ਪ੍ਰਬੰਧਨ ਅਤੇ ਨੈਵੀਗੇਸ਼ਨ ਵਿੱਚ ਉਪਗ੍ਰਹਿ ਤਕਨਾਲੋਜੀ ਦੇ ਵਿਹਾਰਕ ਲਾਭਾਂ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉੱਨਤ ਸਮਰੱਥਾਵਾਂ ਤੋਂ ਕਿਸਾਨਾਂ ਅਤੇ ਮਛੇਰਿਆਂ ਸਮੇਤ ਆਮ ਲੋਕ ਸਿੱਧੇ ਤੌਰ ’ਤੇ ਲਾਭ ਪ੍ਰਾਪਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯਾਤਰਾ ਦੇ ਕੇਂਦਰ ਵਿੱਚ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ-ਇਸਰੋ ਨੇ ਉੱਤਮਤਾ ਅਤੇ ਲਾਗਤ-ਪ੍ਰਭਾਵਸ਼ਾਲੀ ਮਿਸ਼ਨਾਂ ਰਾਹੀਂ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਹਾਸਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਲਾਂਚਿੰਗ ਸੇਵਾਵਾਂ ਵਿੱਚ ਭਾਰਤ ਦੀ ਵਿਆਪਕ ਭਾਗੀਦਾਰੀ ਦਾ ਵੇਰਵਾ ਦਿੰਦਿਆਂ ਘਰੇਲੂ ਰਾਕੇਟਾਂ ਰਾਹੀਂ 34 ਦੇਸ਼ਾਂ ਦੇ 430 ਤੋਂ ਵੱਧ ਪੇਲੋਡ ਸਫਲਤਾਪੂਰਵਕ ਲਾਂਚ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਇਨ੍ਹਾਂ ਸਹਿਯੋਗਾਤਮਕ ਵਿਗਿਆਨਕ ਯਤਨਾਂ ਦੀ ਵਿਆਪਕ ਆਲਮੀ ਉਪਯੋਗਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸਰੋ ਦੀਆਂ ਤਕਨਾਲੋਜੀਆਂ ਅਤੇ ਭਾਈਵਾਲੀਆਂ ਨਾ ਸਿਰਫ਼ ਭਾਰਤ, ਬਲਕਿ ਸਮੁੱਚੀ ਦੁਨੀਆ ਲਈ ਲਾਭਦਾਇਕ ਸਾਬਤ ਹੋ ਰਹੀਆਂ ਹਨ।

ਇਸ ਸੰਸਥਾਗਤ ਸਫਲਤਾ ਦਾ ਸਿਹਰਾ ਦੇਸ਼ ਦੇ ਮਨੁੱਖੀ ਸਰੋਤਾਂ ਦੇ ਅਣਥੱਕ ਯਤਨਾਂ ਨੂੰ ਦਿੰਦਿਆਂ ਪ੍ਰਧਾਨ ਮੰਤਰੀ ਨੇ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਤਕਨੀਸ਼ੀਅਨਾਂ ਦੀਆਂ ਪੀੜ੍ਹੀਆਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਪ੍ਰਤੀ ਸ਼ਰਧਾ ਭਾਵਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੀ ਅਣਥੱਕ ਯਤਨਾਂ ਨਾਲ ਪੁਲਾੜ ਯਾਤਰਾ ਕਰਨ ਵਾਲੇ ਦੇਸ਼ਾਂ ਵਿੱਚ ਇਸਰੋ ਨੂੰ ਮਾਣਮੱਤਾ ਸਥਾਨ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦਿਨ-ਰਾਤ ਕੰਮ ਕਰਦਿਆਂ ਉਨ੍ਹਾਂ ਨੇ ਹਰ ਮਿਸ਼ਨ ਅਤੇ ਹਰ ਸਫਲਤਾ ਦੇ ਨਾਲ ਇਸਰੋ ਦੀ ਆਲਮੀ ਵੱਕਾਰ ਨੂੰ ਵਧਾਇਆ ਹੈ।

ਪੁਲਾੜ ਦੇ ਖੇਤਰ ਵਿੱਚ ਹਾਸਲ ਕੀਤੀਆਂ ਮਹੱਤਵਪੂਰਨ ਉਪਲਬਧੀਆਂ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਦਿਤਿਆ-ਐੱਲ1 ਅਜੇ ਸੂਰਜ ਦੇ ਰਹੱਸਾਂ ਨੂੰ ਉਜਾਗਰ ਕਰ ਰਿਹਾ ਹੈ, ਜਦਕਿ ਭਾਰਤ ਦਾ ਇੱਕ ਪੁਲਾੜ ਯਾਤਰੀ ਪਿਛਲੇ ਸਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਪਹੁੰਚਿਆ ਸੀ। ਇਤਿਹਾਸਕ ਚੰਦਰਮਾ ਲੈਂਡਿੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੇ ਇੱਕ ਨਵਾਂ ਵਿਸ਼ਵ ਪੱਧਰੀ ਮਿਆਰ ਸਥਾਪਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਚੰਦਰਯਾਨ-3 ਮੁਹਿੰਮ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉੱਤਰਨ ਵਾਲਾ ਪਹਿਲਾ ਦੇਸ਼ ਬਣਿਆ।

ਪੁਲਾੜ ਵਿੱਚ ਭਾਰਤ ਦੇ ਖਾਹਿਸ਼ੀ ਭਵਿੱਖਮੁਖੀ ਟੀਚਿਆਂ ਦੀ ਰੂਪ-ਰੇਖਾ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨੇ 2035 ਤੱਕ ਸਵਦੇਸ਼ੀ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤੱਕ ਇੱਕ ਪੁਲਾੜ ਯਾਤਰੀ ਨੂੰ ਚੰਦਰਮਾ ’ਤੇ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਸਾਡਾ ਸਪੱਸ਼ਟ ਮਾਰਗਦਰਸ਼ਕ ਸਿਧਾਂਤ ਰਿਹਾ ਹੈ ਅਤੇ ਇਨ੍ਹਾਂ ਲੰਬੇ ਸਮੇਂ ਦੇ ਯਤਨਾਂ ਦਾ ਇੱਕੋ ਵਿਆਪਕ ਮੰਤਵ ਹੈ ਕਿ ਇਨ੍ਹਾਂ ਦਾ ਲਾਭ ਸਮੁੱਚੀ ਮਨੁੱਖਤਾ ਤੱਕ ਪਹੁੰਚਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਘਰੇਲੂ ਵਪਾਰਕ ਮਾਹੌਲ ਦੇ ਤੇਜ਼ੀ ਨਾਲ ਵਿਕਸਤ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦਾ ਨਿੱਜੀ ਪੁਲਾੜ ਖੇਤਰ ਵੀ ਸੰਸਥਾਗਤ ਏਜੰਸੀਆਂ ਦੇ ਨਾਲ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਉੱਭਰਦੇ ਸਟਾਰਟਅੱਪਸ ਅਤੇ ਸਥਾਪਤ ਸੰਗਠਨਾਂ ਦਰਮਿਆਨ ਗਤੀਸ਼ੀਲ ਤਾਲਮੇਲ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉੱਦਮਸ਼ੀਲਤਾ ਦੀ ਊਰਜਾ ਹੁਣ ਇਸਰੋ ਦੀ ਉੱਤਮਤਾ ਨਾਲ ਜੁੜ ਰਹੀ ਹੈ।

ਪ੍ਰਧਾਨ ਮੰਤਰੀ ਨੇ ਫਰਾਂਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਸਬੰਧਾਂ ਦੇ ਮਹੱਤਵ ਬਾਰੇ ਕਿਹਾ ਕਿ 1960 ਦੇ ਦਹਾਕੇ ਵਿੱਚ ਥੁੰਬਾ ਵਿਖੇ ਭਾਰਤੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਫਰਾਂਸ ਪੁਲਾੜ ਦੇ ਖੇਤਰ ਵਿੱਚ ਇੱਕ ਭਰੋਸੇਮੰਦ ਭਾਈਵਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਮੌਜੂਦਾ ਸਾਂਝੀਆਂ ਪਹਿਲਕਦਮੀਆਂ ਵਿੱਚ ਉੱਚ ਪੱਧਰੀ ਖੋਜ ਤੋਂ ਠੋਸ ਸਮਾਜਿਕ ਲਾਭ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੋਵਾਂ ਦੇਸ਼ਾਂ ਦਾ ਸਹਿਯੋਗ ਧਰਤੀ ਦੇ ਨਿਰੀਖਣ ਅਤੇ ਉੱਨਤ ਤਕਨਾਲੋਜੀਆਂ ਤੱਕ ਫੈਲਿਆ ਹੋਇਆ ਹੈ, ਜੋ ਵਿਗਿਆਨਕ ਉੱਤਮਤਾ ਨੂੰ ਮਨੁੱਖੀ ਮੰਤਵਾਂ ਨਾਲ ਜੋੜਦਾ ਹੈ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਹਿੱਸੇਦਾਰਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਭਾਰਤ ਦੇ ਆਉਣ ਵਾਲੇ ਪੁਲਾੜ ਖੋਜ ਅਭਿਆਨਾਂ ਵਿੱਚ ਆਲਮੀ ਭਾਈਚਾਰੇ ਨੂੰ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਬ੍ਰਹਿਮੰਡ ਦੀ ਖੋਜ ਦੇ ਅਗਲੇ ਪੜਾਅ ਵਿੱਚ ਦੁਨੀਆ ਭਰ ਦੇ ਭਾਈਵਾਲਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਲਈ ਮਿਲ ਕੇ ਕੰਮ ਕਰਨ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਫਰਾਂਸ ਅਤੇ ਦੁਨੀਆ ਨੂੰ ਭਾਰਤ ਦੀ ਪੁਲਾੜ ਯਾਤਰਾ ਵਿੱਚ ਸਹਿਯਾਤਰੀ ਬਣਨ ਲਈ ਸੱਦਾ ਦਿੰਦੇ ਹਾਂ।

ਆਪਣੇ ਵੀਡੀਓ ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਸੰਮੇਲਨ ਦੇ ਸਾਰੇ ਵਿਸ਼ੇਸ਼ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਹਿਯੋਗਾਤਮਕ ਖੋਜ ਅਤੇ ਨਵੀਨਤਾ ਰਾਹੀਂ ਖਗੋਲੀ ਵਾਤਾਵਰਣ ਦੀ ਰਾਖੀ ਕਰਨ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪੈਰਿਸ ਵਿੱਚ ਆਯੋਜਿਤ ਪੁਲਾੜ ਸੰਮੇਲਨ ਇੱਕ ਸਪੱਸ਼ਟ ਸੁਨੇਹਾ ਦੇਵੇ: ਅਸੀਂ ਸਾਰੇ ਮਿਲ ਕੇ ਸਮੁੱਚੀ ਮਨੁੱਖਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੁਲਾੜ ਦੀ ਖੋਜ ਕਰਾਂਗੇ, ਰਲ਼-ਮਿਲ ਕੇ ਨਵੀਨਤਾ ਕਰਾਂਗੇ ਅਤੇ ਪੁਲਾੜ ਦੀ ਰਾਖੀ ਕਰਾਂਗੇ।

***********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2309018) ਵਿਜ਼ੀਟਰ ਕਾਊਂਟਰ : 7