ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਨੇ ਮਹਾਰਾਸ਼ਟਰ ਮੰਤਰਾਲੇ ਵਿੱਚ ਵਰਕਸ਼ਾਪ ਦਾ ਆਯੋਜਨ ਕੀਤਾ; ਸਮਾਵੇਸ਼ੀ ਡਿਜੀਟਲ ਸ਼ਾਸਨ ਲਈ ਬਹੁ-ਭਾਸ਼ਾਈ ਏਆਈ ਨੂੰ ਹੁਲਾਰਾ
ਡਿਜੀਟਲ ਸੇਵਾਵਾਂ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਭਾਸ਼ਾ ਏਆਈ ਦੀ ਸਮਰੱਥਾ ਦਾ ਪਤਾ ਲਗਾਇਆ ਗਿਆ
Posted On:
10 SEP 2026 12:51PM by PIB Chandigarh
ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਨੇ ਮਹਾਰਾਸ਼ਟਰ ਮੰਤਰਾਲੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਡਿਜੀਟਲ ਸੇਵਾਵਾਂ, ਸਰਕਾਰੀ ਸੂਚਨਾਵਾਂ ਅਤੇ ਨਾਗਰਿਕਾਂ ਦੇ ਲਈ ਉਪਯੋਗੀ ਅਭਿਆਸਾਂ ਤੱਕ ਪਸੰਦੀਦਾ ਭਾਸ਼ਾਵਾਂ ਵਿੱਚ ਪਹੁੰਚ ਨੂੰ ਮਜ਼ਬੂਤ ਕਰਨ ਵਿੱਚ ਬਹੁ-ਭਾਸ਼ਾਈ ਅਤੇ ਆਵਾਜ਼-ਅਧਾਰਿਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਮਰੱਥਾ ਦਾ ਪਤਾ ਲਗਾਉਣਾ ਸੀ।
ਇਸ ਚਰਚਾ ਦਾ ਮੁੱਖ ਉਦੇਸ਼ ਸਮਾਵੇਸ਼ੀ, ਪਹੁੰਚਯੋਗ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸ਼ਾਸਨ ਨੂੰ ਸਮਰੱਥ ਬਣਾਉਣ ਵਿੱਚ ਭਾਸ਼ਾ ਏਆਈ ਦੀ ਭੂਮਿਕਾ, ਵਿਸ਼ੇਸ਼ ਤੌਰ ‘ਤੇ ਮਰਾਠੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਭਾਸ਼ਾ ਤਕਨਾਲੋਜੀਆਂ ਨੂੰ ਨਾਗਰਿਕਾਂ ਦੇ ਨੇੜੇ ਲਿਆਉਣ ‘ਤੇ ਚਾਨਣਾ ਪਾਇਆ ਸੀ। ਇਸ ਵਿੱਚ ਉਨ੍ਹਾਂ ਡਿਜੀਟਲ ਪ੍ਰਣਾਲੀਆਂ ਦੇ ਨਿਰਮਾਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਜੋ ਲੋਕਾਂ ਦੁਆਰਾ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਕੀਤੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਸਮਝ ਸਕਣ, ਕਾਰਵਾਈ ਕਰ ਸਕਣ ਅਤੇ ਉਨ੍ਹਾਂ ਵਿੱਚ ਗੱਲਬਤ ਕਰ ਸਕਣ।

ਭਾਸ਼ਿਣੀ ਟੀਮ ਨੇ ਸਪੀਚ ਰੀਕੋਗਨੀਸ਼ਨ (ਬੋਲੀ ਦੀ ਪਛਾਣ), ਸਪੀਚ-ਟੂ-ਟੈਕਸਟ, ਟੈਕਸਟ-ਟੂ-ਸਪੀਚ, ਅਨੁਵਾਦ ਅਤੇ ਆਵਾਜ਼-ਅਧਾਰਿਤ ਗੱਲਬਾਤ ਦੇ ਲਾਈਵ ਪ੍ਰਦਰਸ਼ਨਾਂ ਰਾਹੀਂ ਆਪਣੀਆਂ ਬਹੁ-ਭਾਸ਼ਾਈ AI ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਨੇ ਇਹ ਦਰਸਾਇਆ ਕਿ ਇਨ੍ਹਾਂ ਤਕਨੀਕਾਂ ਨੂੰ ਜਨਤਕ ਸੇਵਾਵਾਂ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ ਤਾਂ ਜੋ ਨਾਗਰਿਕਾਂ ਅਤੇ ਡਿਜੀਟਲ ਪ੍ਰਣਾਲੀਆਂ ਵਿਚਕਾਰ ਵਧੇਰੇ ਸੁਚਾਰੂ ਅਤੇ ਸਮਾਵੇਸ਼ੀ ਗੱਲਬਾਤ ਨੂੰ ਸੰਭਵ ਬਣਾਇਆ ਜਾ ਸਕੇ।
ਵਰਕਸ਼ਾਪ ਦਾ ਮੁੱਖ ਕੇਂਦਰ ਬਿੰਦੂ ਸਥਾਨਕ ਪ੍ਰਾਸੰਗਿਕ ਏਆਈ ਪ੍ਰਣਾਲੀਆਂ ਦੇ ਵਿਕਾਸ ਵਿੱਚ ਉੱਚ ਗੁਣਵੱਤਾ ਵਾਲੇ ਅਤੇ ਪ੍ਰਤੀਨਿਧੀ ਭਾਸ਼ਾ ਡੇਟਾ ਦੇ ਮਹੱਤਵ ‘ਤੇ ਸੀ। ਚਰਚਾਵਾਂ ਵਿੱਚ ਭਾਸ਼ਾ ਮਾਹਰਾਂ, ਸਰਕਾਰੀ ਸੰਸਥਾਵਾਂ, ਅਕਾਦਮਿਕਾਂ ਅਤੇ ਭਾਈਚਾਰਿਆਂ ਦੀ ਵਧੇਰੇ ਭਾਗੀਦਾਰੀ ਦੇ ਮੌਕਿਆਂ ‘ਤੇ ਚਾਨਣਾ ਪਾਇਆ ਗਿਆ ਤਾਂ ਜੋ ਭਾਸ਼ਾ ਡੇਟਾਸੈੱਟ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਮਰਾਠੀ ਅਤੇ ਹੋਰ ਭਾਰਤੀ ਭਾਸ਼ਾਵਾਂ ਲਈ ਭਾਸ਼ਾ ਏਆਈ ਨੂੰ ਅੱਗੇ ਵਧਾਇਆ ਜਾ ਸਕੇ। ਇਸ ਸੰਦਰਭ ਵਿੱਚ, ਭਾਸ਼ਿਣੀ ਦੀ ਕਰਾਉਡ ਸੋਰਸਿੰਗ ਪਹਿਲਕਦਮੀ, ਭਾਸ਼ਾਦਾਨ, ਨਾਗਰਿਕਾਂ ਨੂੰ ਭਾਸ਼ਾ ਡੇਟਾ ਦਾ ਯੋਗਦਾਨ ਕਰਨ ਅਤੇ ਮਜ਼ਬੂਤ ਭਾਸ਼ਾਈ ਸਰੋਤ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਮੰਚ ਪ੍ਰਦਾਨ ਕਰਦੀ ਹੈ।

ਇਸ ਸੰਵਾਦ ਵਿੱਚ ਵਿਭਾਗ-ਵਿਸ਼ੇਸ਼ ਭਾਸ਼ਾ ਏਆਈ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਵਿਭਾਗਾਂ ਵਿੱਚ ਵਰਤੀ ਜਾਣ ਵਾਲੀ ਵਿਸ਼ੇਸ਼ ਸ਼ਬਦਾਵਲੀ ਨੂੰ ਸ਼ਾਮਲ ਕਰਨਾ ਵੀ ਸ਼ਾਮਲ ਸੀ। ਅਜਿਹੀਆਂ ਸਮਰੱਥਾਵਾਂ ਸਰਕਾਰੀ ਕੰਟੈਂਟ ਦੀ ਸਮਝ ਅਤੇ ਪ੍ਰੋਸੈੱਸਿੰਗ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ, ਨਾਲ ਹੀ ਜਨਤਕ ਸੇਵਾਵਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਬਹੁ-ਭਾਸ਼ਾਈ ਸੰਚਾਰ ਨੂੰ ਸਮਰੱਥ ਬਣਾ ਸਕਦੀਆਂ ਹਨ।
ਚਰਚਾਵਾਂ ਵਿੱਚ ਮਹਾਰਾਸ਼ਟਰ ਕੇਂਦ੍ਰਿਤ ਬਹੁ-ਭਾਸ਼ਾਈ ਏਆਈ ਈਕੋਸਿਸਟਮ ਦੀਆਂ ਸੰਭਾਵਨਾਵਾਂ ਦਾ ਹੋਰ ਜ਼ਿਆਦਾ ਵਿਸਥਾਰ ਤੋਂ ਪਤਾ ਲਗਾਇਆ ਗਿਆ। ਇਸ ਵਿੱਚ ਪ੍ਰਸਤਾਵਿਤ ਮਹਾਭਾਸ਼ਿਣੀ ਧਾਰਨਾ ਵੀ ਸ਼ਾਮਲ ਹੈ, ਤਾਂ ਜੋ ਟੂਰਿਜ਼ਮ, ਟ੍ਰਾਂਸਪੋਰਟ ਅਤੇ ਹੋਰ ਜਨਤਕ ਸੇਵਾਵਾਂ ਵਰਗੇ ਖੇਤਰਾਂ ਵਿੱਚ ਭਾਸ਼ਾ-ਸਮਾਵੇਸ਼ੀ ਤਜ਼ਰਬਿਆਂ ਨੂੰ ਹੁਲਾਰਾ ਦਿੱਤਾ ਜਾ ਸਕੇ। ਵਰਕਸ਼ਾਪ ਨੇ ਮਹਾਰਾਸ਼ਟਰ ਸਰਕਾਰ ਅਤੇ ਭਾਸ਼ਿਣੀ ਦੇ ਦਰਮਿਆਨ ਤਰਜੀਹੀ ਵਰਤੋਂ ਦੇ ਮਾਮਲਿਆਂ ਅਤੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ।
ਵਰਕਸ਼ਾਪ ਵਿੱਚ ਸਰਕਾਰੀ ਅਧਿਕਾਰੀਆਂ, ਭਾਸ਼ਾ ਮਾਹਰਾਂ ਅਤੇ ਹਿਤਧਾਰਕਾਂ ਨੂੰ ਇਕੱਠਾ ਕੀਤਾ ਗਿਆ ਤਾਂ ਜੋ ਉਹ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰ ਸਕਣ ਅਤੇ ਭਾਸ਼ਾ ਤਕਨਾਲੋਜੀ, ਡੇਟਾਸੈੱਟ, ਖੋਜ ਅਤੇ ਭਾਸ਼ਾ ਏਆਈ ਦੀਆਂ ਰੀਅਲ-ਵਰਲਡ ਐਪਲੀਕੇਸ਼ਨਾਂ ਦੇ ਅਭਿਆਸਾਂ ਵਿੱਚ ਸਹਿਯੋਗ ਦੇ ਮੌਕਿਆਂ ਦੀ ਪਛਾਣ ਕਰ ਸਕਣ।

ਮਹਾਰਾਸ਼ਟਰ ਮੰਤਰਾਲੇ ਵਿਖੇ ਆਯੋਜਿਤ ਇਹ ਪ੍ਰੋਗਰਾਮ ਸਮਾਵੇਸ਼ੀ ਬਹੁ-ਭਾਸ਼ਾਈ ਡਿਜੀਟਲ ਈਕੋਸਿਸਟਮ ਦੇ ਨਿਰਮਾਣ ਵਿੱਚ ਕੇਂਦਰ-ਰਾਜ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ, ਜਿੱਥੇ ਭਾਸ਼ਾ ਪਹੁੰਚ, ਭਾਗੀਦਾਰੀ ਅਤੇ ਡਿਜੀਟਲ ਸਸ਼ਕਤੀਕਰਣ ਦਾ ਸਾਧਨ ਬਣ ਜਾਂਦੀ ਹੈ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਦੇ ਬਾਰੇ:
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਅਧੀਨ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (DIBD) ਏਆਈ-ਸੰਚਾਲਿਤ ਬਹੁ-ਭਾਸ਼ਾਈ ਡਿਜੀਟਲ ਸਮਾਵੇਸ਼ ਲਈ ਇੱਕ ਰਾਸ਼ਟਰੀ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ। ਭਾਸ਼ਿਣੀ 36 ਇੰਡੀਅਨ ਟੈਕਸਟ ਭਾਸ਼ਾਵਾਂ, 23 ਇੰਡੀਅਨ ਆਵਾਜ਼-ਅਧਾਰਿਤ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਦੀ ਸਹਾਇਤਾ ਕਰਦਾ ਹੈ, 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਸੰਚਾਲਿਤ ਕਰਦਾ ਹੈ, 9 ਬਿਲੀਅਨ ਤੋਂ ਵੱਧ ਸੰਚਤ ਏਆਈ ਸੰਦਰਭਾਂ ਨੂੰ ਸਮਰੱਥ ਕਰ ਚੁੱਕਿਆ ਹੈ। ਇਹ ਹਰ ਰੋਜ਼ 24 ਮਿਲੀਅਨ ਤੋਂ ਵੱਧ ਏਆਈ ਅਨੁਮਾਨਾਂ ਦੀ ਪ੍ਰਕਿਰਿਆ ਕਰਦਾ ਹੈ, ਜਿਸ ਨਾਲ ਭਾਸ਼ਾ ਏਆਈ ਰਾਹੀਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਮਦਦ ਮਿਲਦੀ ਹੈ। ਨੈਸ਼ਨਲ ਹੱਬ ਫਾਰ ਲੈਂਗਵੇਜ਼ ਟੈਕਨੋਲੋਜੀ (NHLT) ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ) ਵਿੱਚ ਸਭ ਤੋਂ ਵੱਡੇ ਇੰਫੇਰੈਂਸਿੰਗ ਪਲੈਟਫਾਰਮਾਂ ਵਿੱਚੋਂ ਇੱਕ ਹੈ, ਜੋ ਸਰਕਾਰੀ ਅਤੇ ਜਨਤਕ ਡਿਜੀਟਲ ਸੇਵਾਵਾਂ ਵਿੱਚ ਭਾਸ਼ਾ ਏਆਈ ਦੀ ਵਧ ਰਹੀ ਵਰਤੋਂ ਵਿੱਚ ਸਹਾਇਤਾ ਕਰਦਾ ਹੈ।
****
ਵਿਨੋਦ ਕੁਮਾਰ / ਕਨਿਸ਼ਕ ਸ਼ਰਮਾ /ਏਕੇ
(Release ID: 2308851)
ਵਿਜ਼ੀਟਰ ਕਾਊਂਟਰ : 5