ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

APEDA ਨੇ ਤ੍ਰਿਪੁਰਾ ਤੋਂ ਐੱਨਪੀਓਪੀ ਪ੍ਰਮਾਣਿਤ 18 ਮੀਟ੍ਰਿਕ ਟਨ ਰਵਾਇਤੀ ਚੌਲਾਂ ਨੂੰ ਔਸਟ੍ਰੀਆ ਅਤੇ ਨੀਦਰਲੈਂਡ ਨਿਰਯਾਤ ਕਰਨ ਵਿੱਚ ਸਹਾਇਤਾ ਕੀਤੀ


ਤ੍ਰਿਪੁਰਾ ਤੋਂ ਐਰੋਮੈਟਿਕ ਕਾਲੀ ਖਾਸਾ, ਐਰੋਮੈਟਿਕ ਹਰਿਨਾਰਾਇਣ, ਬਿਰੋਨ ਅਤੇ ਮੈਮੀ ਹਾਂਗਾ ਚੌਲਾਂ ਨੂੰ ਯੂਰੋਪੀਅਨ ਬਜ਼ਾਰਾਂ ਵਿੱਚ ਨਿਰਯਾਤ ਕਰਨ ਲਈ ਇਕੱਠਾ ਕੀਤਾ

ਤ੍ਰਿਪੁਰਾ ਦੇ ਜੈਵਿਕ ਚੌਲ ਨਿਰਯਾਤ ਨਾਲ ਕਿਸਾਨਾਂ ਅਤੇ ਕਿਸਾਨ ਭਾਈਚਾਰਿਆਂ ਲਈ ਨਵੇਂ ਬਜ਼ਾਰ ਦੇ ਮੌਕੇ ਖੁੱਲ੍ਹ ਗਏ ਹਨ

Posted On: 03 SEP 2026 11:45AM by PIB Chandigarh

ਐੱਨਪੀਓਪੀ ਪ੍ਰਮਾਣਿਤ ਚਾਰ ਕਿਸਮਾਂ ਦੀ 18 ਮੀਟ੍ਰਿਕ ਟਨ ਚੌਲਾਂ ਦੀ ਖੇਪ 2 ਸਤੰਬਰ, 2026 ਨੂੰ ਤ੍ਰਿਪੁਰਾ ਤੋਂ ਔਸਟ੍ਰੀਆ ਅਤੇ ਨੀਦਰਲੈਂਡ ਨੂੰ ਨਿਰਯਾਤ ਲਈ ਰਵਾਨਾ ਕੀਤਾ ਗਿਆ। ਇਸ ਕੰਮ ਵਿੱਚ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਮਪੈਂਟ ਅਥਾਰਿਟੀ (ਅਪੀਡਾ) ਦੁਆਰਾ ਸਹਾਇਤਾ ਕੀਤੀ ਗਈ ਸੀ। ਇਹ ਨਿਰਯਾਤ ਸਥਾਨਕ ਕਿਸਾਨਾਂ ਲਈ ਨਵੇਂ ਬਜ਼ਾਰ ਦੇ ਮੌਕੇ ਪੈਦਾ ਕਰਨ ਅਤੇ ਸੰਗਠਿਤ ਅਤੇ ਨਿਰਯਾਤ-ਮੁਖੀ ਉਤਪਾਦਨ ਰਾਹੀਂ ਤ੍ਰਿਪੁਰਾ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਐੱਨਪੀਓਪੀ ਪ੍ਰਮਾਣਿਤ ਰਵਾਇਤੀ ਚੌਲਾਂ ਦੀ ਇਸ ਖੇਪ ਵਿੱਚ ਚਾਰ ਕਿਸਮਾਂ ਸ਼ਾਮਲ ਹਨ: ਐਰੋਮੈਟਿਕ ਕਾਲੀ ਖਾਸਾ ਚੌਲ, ਐਰੋਮੈਟਿਕ ਹਰਿਨਾਰਾਇਣ ਚੌਲ, ਬਿਰੋਨ ਚੌਲ (ਸਫੇਦ ਚਿਪਚਿਪੇ ਚੌਲ) ਅਤੇ ਮੈਮੀ ਹਾਂਗਾ ਚੌਲ (ਕਾਲੇ ਚੌਲ)। ਇਹ ਚੌਲ ਤ੍ਰਿਪੁਰਾ ਰਾਜ ਜੈਵਿਕ ਖੇਤੀਬਾੜੀ ਵਿਕਾਸ ਏਜੰਸੀ (ਟੀਐੱਸਓਐੱਫਡੀਏ) ਦੁਆਰਾ ਸਮਰਥਿਤ ਤ੍ਰਿਪੁਰਾ ਦੀਆਂ ਕਿਸਾਨ ਉਤਪਾਦਕ ਕੰਪਨੀਆਂ (ਐੱਫਪੀਸੀ) ਤੋਂ ਇਕੱਠੇ ਕੀਤੇ ਗਏ ਹਨ। ਇਸ ਦਾ ਨਿਰਯਾਤ ਸੋਨੀਪਤ ਸਥਿਤ ਮੈਸਰਜ਼ ਪ੍ਰਤਿਥੀ ਆਰਗੈਨਿਕ ਫੂਡਸ ਦੁਆਰਾ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤੀ ਜੈਵਿਕ ਖੇਤੀਬਾੜੀ ਉਤਪਾਦਾਂ ਦਾ ਵਿਸ਼ਵ ਪੱਧਰੀ ਮੋਹਰੀ ਨਿਰਯਾਤਕ ਹੈ।

ਇਸ ਪਹਿਲ ਨਾਲ ਸਥਾਨਕ ਉਤਪਾਦਕਾਂ ਅਤੇ ਖੇਤੀਬਾੜੀ ਉਤਪਾਦਕ ਸੰਗਠਨਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਪ੍ਰਮਾਣਿਤ ਜੈਵਿਕ ਉਤਪਾਦਾਂ ਦੀ ਵਧ ਰਹੀ ਆਲਮੀ ਮੰਗ ਵਿੱਚ ਰਾਜ ਦੀ ਭਾਗੀਦਾਰੀ ਮਜ਼ਬੂਤ ਹੁੰਦੀ ਹੈ। ਇਸ ਨਿਰਯਾਤ ਦੇ ਮੌਕੇ ਨਾਲ ਹਿੱਸੇਦਾਰ ਕਿਸਾਨਾਂ ਨੂੰ ਘਰੇਲੂ ਬਜ਼ਾਰ ਦੇ ਮੁਕਾਬਲੇ 40 ਪ੍ਰਤੀਸ਼ਤ ਤੱਕ ਵੱਧ ਮੁੱਲ ਪ੍ਰਾਪਤ ਹੋਣ ਦੀ ਉਮੀਦ ਹੈ, ਜਿਸ ਨਾਲ ਕਿਸਾਨਾਂ ਨੂੰ ਸੰਗਠਿਤ ਅਤੇ ਨਿਰਯਾਤ-ਮੁਖੀ ਉਤਪਾਦਨ ਵਿੱਚ ਹਿੱਸਾ ਲੈਣ ਲਈ ਮਹੱਤਵਪੂਰਨ ਆਰਥਿਕ ਪ੍ਰੋਤਸਾਹਨ ਮਿਲੇਗਾ।

ਇਸ ਆਯੋਜਨ ਦਾ ਉਦੇਸ਼ ਪਿਛਲੇ ਮਹੀਨੇ ਤ੍ਰਿਪੁਰਾ ਵਿੱਚ ਅਪੀਡਾ ਦੁਆਰਾ ਆਯੋਜਿਤ ਰਿਵਰਸ  ਬਾਇਰ-ਸੈਲਰ ਮੀਟ (RBSM) ਨੂੰ ਅੱਗੇ ਵਧਾਉਣਾ ਹੈ, ਜਿਸ ਨੇ ਸੰਭਾਵੀ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ ਸਥਾਨਕ ਉਤਪਾਦਕਾਂ ਨੂੰ ਇਕੱਠੇ ਲਿਆਉਣ ਅਤੇ ਬਜ਼ਾਰ ਤੱਕ ਪਹੁੰਚ ਲਈ ਸੰਪਰਕ ਸਥਾਪਿਤ ਕਰਨ ਵਿੱਚ ਮਦਦ ਕੀਤੀ। ਮੌਜੂਦਾ ਨਿਰਯਾਤ ਖੇਪ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਤਰ੍ਹਾਂ ਦੇ ਖਰੀਦਾਰ-ਵਿਕ੍ਰੇਤਾ ਸੰਵਾਦ ਕਿਸਾਨਾਂ ਅਤੇ ਕਿਸਾਨ ਅਤੇ ਪਸ਼ੂਪਾਲਕ ਭਾਈਚਾਰਿਆਂ ਦੇ ਲਈ ਠੋਸ ਅੰਤਰਰਾਸ਼ਟਰੀ ਵਪਾਰ ਮੌਕਿਆਂ ਵਿੱਚ ਤਬਦੀਲ ਹੋ ਗਏ ਹਨ।

ਤ੍ਰਿਪੁਰਾ ਦੇ ਐੱਨਪੀਓਪੀ ਪ੍ਰਮਾਣਿਤ ਚੌਲ ਦਾ ਔਸਟ੍ਰੀਆ ਅਤੇ ਨੀਦਰਲੈਂਡ ਨੂੰ ਨਿਰਯਾਤ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਅਜਿਹੇ ਅੰਤਰਰਾਸ਼ਟਰੀ ਬਜ਼ਾਰ ਹਨ ਜਿੱਥੇ ਗੁਣਵੱਤਾ, ਭੋਜਨ ਸੁਰੱਖਿਆ, ਪ੍ਰਮਾਣੀਕਰਣ ਅਤੇ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਮਹੱਤਵਪੂਰਨ ਵਿਚਾਰਯੋਗ ਵਿਸ਼ੇ ਹਨ।

ਤ੍ਰਿਪੁਰਾ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼੍ਰੀ ਰਤਨ ਲਾਲ ਨਾਥ, ਅਪੀਡਾ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਅਤੇ ਤ੍ਰਿਪੁਰਾ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਅਪੂਰਬਾ ਰਾਏ ਨੇ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਮਾਰੋਹ ਵਿੱਚ ਅਪੀਡਾ ਦੇ ਸਕੱਤਰ ਡਾ. ਸਰਸਵਤੀ ਬੋਸ, ਨਾਬਾਰਡ ਦੇ ਜਨਰਲ ਮੈਨੇਜਰ ਸ਼੍ਰੀਮਤੀ ਤਨੁਸ਼੍ਰੀ ਭੱਟਾਚਾਰਿਆ, ਖੇਤੀਬਾੜੀ ਡਾਇਰੈਕਟਰ ਸ਼੍ਰੀ ਫਨੀਭੂਸ਼ਣ ਜਮਾਤਿਆ (Phanibhusan Jamatia) ਅਤੇ ਟੀਐੱਸਓਐੱਫਡੀਏ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਰਾਜੀਬ ਦੇਬਬਰਮਾ, ਅਪੀਡਾ ਦੇ ਅਧਿਕਾਰੀ, ਨਿਰਯਾਤਕ, ਲੌਜਿਸਟਿਕਸ ਭਾਗੀਦਾਰਾਂ ਦੇ ਪ੍ਰਤੀਨਿਧੀ ਅਤੇ ਖੇਤਰ ਦੇ ਪ੍ਰਗਤੀਸ਼ੀਲ ਚੌਲ ਕਿਸਾਨ ਵੀ ਮੌਜੂਦ ਸਨ। 

ਇਸ ਮੌਕੇ ‘ਤੇ ਸ਼੍ਰੀ ਰਤਨ ਲਾਲ ਨਾਥ ਨੇ ਕਿਹਾ ਕਿ ਤ੍ਰਿਪੁਰਾ ਤੋਂ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਐੱਨਪੀਓਪੀ ਪ੍ਰਮਾਣਿਤ ਰਵਾਇਤੀ ਚੌਲਾਂ ਦਾ ਨਿਰਯਾਤ ਰਾਜ ਲਈ ਮਾਣ ਦਾ ਪਲ ਹੈ ਅਤੇ ਇਹ ਕਿਸਾਨਾਂ, ਕਿਸਾਨ ਉਤਪਾਦਕ ਕੰਪਨੀਆਂ ਅਤੇ ਹੋਰ ਹਿਤਧਾਰਕਾਂ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਜੈਵਿਕ ਅਤੇ ਰਵਾਇਤੀ ਖੇਤੀਬਾੜੀ ਉਤਪਾਦਾਂ ਵਿੱਚ ਤ੍ਰਿਪੁਰਾ ਦੀਆਂ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਕਿਸਾਨਾਂ ਨੂੰ ਨਵੇਂ ਬਜ਼ਾਰਾਂ ਤੱਕ ਪਹੁੰਚ ਬਣਾਉਣੀ, ਬਿਹਤਰ ਕੀਮਤਾਂ ਪ੍ਰਾਪਤ ਕਰਨ ਅਤੇ ਸਥਾਈ ਆਜੀਵਿਕਾ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਜੈਵਿਕ ਖੇਤੀ ਦੀ ਵਿਧੀ ਨੂੰ ਮਜ਼ਬੂਤ ਕਰਨ ਅਤੇ ਉਤਪਾਦਕਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਦੇਣ ਲਈ ਵਚਨਬੱਧ ਹੈ।

ਅਪੀਡਾ ਦੇ ਚੇਅਰਮੈਨ, ਸ਼੍ਰੀ ਅਭਿਸ਼ੇਕ ਦੇਵ ਨੇ ਕਿਹਾ ਕਿ ਤ੍ਰਿਪੁਰਾ ਤੋਂ ਐੱਨਪੀਓਪੀ ਪ੍ਰਮਾਣਿਤ ਰਵਾਇਤੀ ਚੌਲਾਂ ਦਾ ਨਿਰਯਾਤ ਭਾਰਤ ਵਿੱਚ ਵਧ ਰਹੇ ਜੈਵਿਕ ਅਤੇ ਖੇਤੀਬਾੜੀ ਨਿਰਯਾਤ ਵਿੱਚ ਉੱਤਰ ਪੂਰਬੀ ਖੇਤਰ ਦੇ ਅਥਾਹ ਯੋਗਦਾਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਐੱਫਪੀਸੀ (ਖੇਤੀਬਾੜੀ ਉਤਪਾਦਕ ਸੰਗਠਨਾਂ) ਅਤੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜ ਕੇ ਅਤੇ ਪ੍ਰਮਾਣਿਕਤਾ, ਪਤਾ ਲਗਾਉਣ ਦੀ ਸਮਰੱਥਾ ਅਤੇ ਗੁਣਵੱਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਕੇ, ਅਪੀਡਾ ਸਥਾਈ ਅਤੇ ਸੰਗਠਿਤ ਨਿਰਯਾਤ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਪੀਡਾ ਤ੍ਰਿਪੁਰਾ ਸਰਕਾਰ ਅਤੇ ਹੋਰ ਹਿਤਧਾਰਕਾਂ ਦੇ ਨਾਲ ਮਿਲ ਕੇ ਰਾਜ ਦੇ ਅਨੋਖੇ ਖੇਤੀਬਾੜੀ ਉਤਪਾਦਾਂ ਨੂੰ ਆਲਮੀ ਬਜ਼ਾਰਾਂ ਵਿੱਚ ਹੁਲਾਰਾ ਦੇਣ ਲਈ ਨਿਰੰਤਰ ਯਤਨਸ਼ੀਲ ਰਹੇਗਾ।

ਇਹ ਆਯੋਜਨ ਅਪੀਡਾ, ਤ੍ਰਿਪੁਰਾ ਸਰਕਾਰ ਅਤੇ ਆਰਗੈਨਿਕ ਵੈਲਿਊ ਚੇਨ ਦੇ ਸਾਰੇ ਹਿਤਧਾਰਕਾਂ ਦੇ ਤਾਲਮੇਲ ਵਾਲੇ ਯਤਨਾਂ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਰਾਜ ਤੋਂ ਪ੍ਰਮਾਣਿਤ ਜੈਵਿਕ ਉਤਪਾਦਾਂ ਦੇ ਨਿਰਯਾਤ ਦਾ ਵਿਸਤਾਰ ਕਰਨਾ, ਕਿਸਾਨਾਂ ਦੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਅਤੇ ਉਤਪਾਦਕਾਂ ਲਈ ਸਥਾਈ ਨਿਰਯਾਤ ਮੌਕੇ ਪੈਦਾ ਕਰਨਾ ਹੈ।

***************

ਅਭਿਸ਼ੇਕ ਦਿਆਲ / ਗਰਿਮਾ ਸਿੰਘ / ਇਸ਼ਿਤਾ ਬਿਸਵਾਸ / ਏਕੇ


(Release ID: 2306624) ਵਿਜ਼ੀਟਰ ਕਾਊਂਟਰ : 17