ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਅਤੇ ਕਾਠਮਾਂਡੂ ਯੂਨੀਵਰਸਿਟੀ ਭਾਸ਼ਾ ਏਆਈ ਵਿੱਚ ਸਹਿਯੋਗ ਦੀ ਰਾਹ ਲੱਭਣ ਵਿੱਚ ਜੁਟੇ ਚਰਚਾਵਾਂ ਵਿੱਚ ਨੇਪਾਲੀ ਅਤੇ ਸਥਾਨਕ ਭਾਸ਼ਾਵਾਂ, ਭਾਸ਼ਾ ਸਬੰਧੀ ਡੇਟਾ, ਲਿਪੀਆਂ ਅਤੇ ਵੌਇਸ ਅਧਾਰਿਤ ਹੱਲਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਚਰਚਾਵਾਂ ਵਿੱਚ ਨੇਪਾਲੀ ਅਤੇ ਸਥਾਨਕ ਭਾਸ਼ਾਵਾਂ, ਭਾਸ਼ਾ ਸਬੰਧੀ ਡੇਟਾ, ਲਿਪੀਆਂ ਅਤੇ ਵੌਇਸ ਅਧਾਰਿਤ ਹੱਲਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
Posted On:
02 SEP 2026 3:42PM by PIB Chandigarh
ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਨੇ ਕਾਠਮਾਂਡੂ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਡੀਪੀਆਈ-ਏਆਈ) ਕੇਂਦਰ ਦੀ ਟੀਮ ਦੇ ਨਾਲ ਇੱਕ ਸੰਵਾਦਾਤਮਕ ਸੈਸ਼ਨ ਆਯੋਜਿਤ ਕੀਤਾ, ਜਿਸ ਤੋਂ ਬਾਅਦ ਚਾਂਸਲਰ ਦੇ ਨਾਲ ਇੱਕ ਮੀਟਿੰਗ ਹੋਈ। ਇਸ ਸੈਸ਼ਨ ਦਾ ਮੁੱਖ ਉਦੇਸ਼ ਨੇਪਾਲ ਦੇ ਲਈ ਭਾਸ਼ਾ ਤਕਨਾਲੋਜੀਆਂ ਨੂੰ ਮਜ਼ਬੂਤ ਕਰਨ ਵਿੱਚ ਸਾਂਝੀ ਦਿਲਚਸਪੀ ਦੇ ਨਾਲ ਭਾਸ਼ਾ ਏਆਈ ਵਿੱਚ ਸੰਯੁਕਤ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਉਣਾ ਸੀ।

ਇਨ੍ਹਾਂ ਚਰਚਾਵਾਂ ਵਿੱਚ ਮੌਜੂਦਾ ਭਾਸ਼ਾ ਮਾਡਲਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਏਆਈ ਵਿੱਚ ਘੱਟ ਪ੍ਰਤੀਨਿਧਤਾ ਵਾਲੀਆਂ ਭਾਸ਼ਾਵਾਂ ਲਈ ਨਵੇਂ ਮਾਡਲ ਬਣਾਉਣ ਦੇ ਮੌਕਿਆਂ ਨੂੰ ਉਜਾਗਰ ਕੀਤਾ ਗਿਆ। ਨੇਪਾਲੀ, ਨੇਵਾਰੀ, ਤਮਾਂਗ ਅਤੇ ਗੁਰੂੰਗ ਭਾਸ਼ਾਵਾਂ ਦੇ ਨਾਲ-ਨਾਲ ਪ੍ਰਚਲਿਤ ਲਿਪੀ ਅਤੇ ਰੰਜਨਾ ਲਿਪੀ ਜਿਹੀਆਂ ਰਵਾਇਤੀ ਲਿਪੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਤਾਂ ਜੋ ਨੇਪਾਲੀ ਦੀ ਭਾਸ਼ਾਈ ਵਿਭਿੰਨਤਾ ਨੂੰ ਡਿਜੀਟਲ ਅਤੇ ਏਆਈ ਈਕੋਸਿਸਟਮ ਵਿੱਚ ਸ਼ਾਮਲ ਕਰਨ ਦੇ ਮਹੱਤਵ ਨੂੰ ਸਮਝਿਆ ਜਾ ਸਕੇ।

ਚਰਚਾ ਦਾ ਇੱਕ ਅਹਿਮ ਹਿੱਸਾ ਭਾਸ਼ਾ ਡੇਟਾ ਦੀ ਚੁਣੌਤੀ ‘ਤੇ ਕੇਂਦ੍ਰਿਤ ਸੀ। ਉੱਚ ਗੁਣਵੱਤਾ ਵਾਲੇ ਪ੍ਰਤੀਨਿਧੀ ਡੇਟਾਸੈੱਟ ਬਣਾਉਣ ਲਈ ਵੱਖ-ਵੱਖ ਭਾਸ਼ਾਵਾਂ, ਬੁਲਾਰਿਆਂ ਅਤੇ ਲਿਪੀਆਂ ਵਿੱਚ ਨਿਰੰਤਰ ਸੰਗ੍ਰਹਿ ਅਤੇ ਡੇਟਾ ਦੀ ਸੰਭਾਲ ਜ਼ਰੂਰੀ ਹੈ। ਚਰਚਾ ਵਿੱਚ ਅਨੁਵਾਦ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਅਤੇ ਭਾਸ਼ਾ ਮਾਡਲ ਨੂੰ ਟ੍ਰੇਂਡ ਕਰਨ, ਰਿਫਾਈਨ ਕਰਨ ਅਤੇ ਉਨ੍ਹਾਂ ਦਾ ਵਿਸਥਾਰ ਕਰਨ ਲਈ ਜ਼ਰੂਰੀ ਕੰਪਿਊਟਿੰਗ ਜ਼ਰੂਰਤਾਂ ਨੂੰ ਜੁਟਾਉਣ ‘ਤੇ ਵੀ ਗੱਲ ਹੋਈ।
ਇਸ ਪ੍ਰੋਜੈਕਟ ਵਿੱਚ ਮਾਡਲ ਵਿਕਾਸ ਤੋਂ ਅੱਗੇ ਵਧ ਕੇ ਅਸਲ ਦੁਨੀਆ ਵਿੱਚ ਇਸ ਦੀ ਵਰਤੋਂ ‘ਤੇ ਵੀ ਧਿਆਨ ਦਿੱਤਾ ਗਿਆ, ਜਿਸ ਵਿੱਚ ਵੌਇਸ-ਫਸਟ ਹੱਲਾਂ ਦੀ ਸੰਭਾਵਨਾ ਵੀ ਸ਼ਾਮਲ ਸੀ। ਇਸ ਦਾ ਮੁੱਖ ਉਦੇਸ਼ ਭਾਸ਼ਾ ਡੇਟਾ, ਮਾਡਲ ਅਤੇ ਤਕਨਾਲੋਜੀ ਨੂੰ ਅਜਿਹੀਆਂ ਐਪਲੀਕੇਸ਼ਨਾਂ ਨਾਲ ਜੋੜਨਾ ਸੀ ਜੋ ਸਥਾਨਕ ਭਾਸ਼ਾਵਾਂ ਵਿੱਚ ਸਾਰਥਕ ਡਿਜੀਟਲ ਅਨੁਭਵ ਪ੍ਰਦਾਨ ਕਰ ਸਕਣ।

ਇੱਕ ਅਕਾਦਮਿਕ ਅਤੇ ਖੋਜ ਸੰਸਥਾਨ ਦੇ ਰੂਪ ਵਿੱਚ, ਕਾਠਮਾਂਡੂ ਯੂਨੀਵਰਸਿਟੀ ਆਪਣੇ ਡੀਪੀਆਈ-ਏਆਈ ਕੇਂਦਰ ਰਾਹੀਂ ਖੋਜ, ਨਵੀਨਤਾ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਕੀਮਤੀ ਸਮਰੱਥਾਵਾਂ ਪ੍ਰਦਾਨ ਕਰਦਾ ਹੈ। ਇਸ ਸੰਵਾਦ ਨੇ ਦ੍ਰਿਸ਼ਟੀਕੋਣਾਂ ਦੇ ਅਦਾਨ-ਪ੍ਰਦਾਨ ਅਤੇ ਉਨ੍ਹਾਂ ਖੇਤਰਾਂ ਦਾ ਪਤਾ ਲਗਾਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਜਿੱਥੇ ਤਕਨਾਲੋਜੀ, ਖੋਜ ਅਤੇ ਸਥਾਨਕ ਭਾਸ਼ਾ ਦੀ ਮੁਹਾਰਤ ਨੇਪਾਲ ਲਈ ਭਾਸ਼ਾ ਏਆਈ ਨੂੰ ਅੱਗੇ ਵਧਾਉਣ ਲਈ ਇਕੱਠੇ ਆ ਸਕਦੀਆਂ ਹਨ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਬਾਰੇ:
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (ਐੱਮਈਆਈਟੀਵਾਈ) ਦੇ ਤਹਿਤ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੁਆਰਾ ਸੰਚਾਲਿਤ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ), ਏਆਈ-ਸੰਚਾਲਿਤ ਬਹੁਭਾਸ਼ੀ ਡਿਜੀਟਲ ਸਮਾਵੇਸ਼ ਲਈ ਭਾਰਤ ਦਾ ਰਾਸ਼ਟਰੀ ਮੰਚ ਹੈ। ਭਾਸ਼ਿਣੀ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਸੰਚਾਲਿਤ ਕਰਦਾ ਹੈ, 9 ਅਰਬ ਤੋਂ ਵੱਧ ਸੰਚਿਤ ਏਆਈ ਅਨੁਮਾਨਾਂ ਨੂੰ ਸਮਰੱਥ ਬਣਾਉਂਦਾ ਹੈ, ਹਰ ਦਿਨ 24 ਮਿਲੀਅਨ ਤੋਂ ਵੱਧ ਏਆਈ ਅਨੁਮਾਨਾਂ ਨੂੰ ਸੰਸਾਧਿਤ ਕਰਦਾ ਹੈ, ਅਤੇ 36 ਭਾਰਤੀ ਟੈਕਸਟ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਨੂੰ ਸਹਿਯੋਗ ਮੁਹੱਈਆ ਕਰਦਾ ਹੈ, ਜਿਸ ਨਾਲ ਭਾਸ਼ਾ ਏਆਈ ਰਾਹੀਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਧੇਰੇ ਪਹੁੰਚਯੋਗ ਹੋ ਜਾਂਦੀ ਹੈ।
ਕਾਠਮਾਂਡੂ ਯੂਨੀਵਰਸਿਟੀ (ਕੇਯੂ) ਬਾਰੇ:
ਕਾਠਮਾਂਡੂ ਯੂਨੀਵਰਸਿਟੀ (ਕੇਯੂ) ਇੱਕ ਖੁਦਮੁਖਤਿਆਰ, ਗੈਰ-ਲਾਭਕਾਰੀ, ਸਵੈ-ਵਿੱਤਪੋਸ਼ਿਤ, ਜਨਤਕ ਸੰਸਥਾਨ ਹੈ ਜਿਸ ਦੀ ਸਥਾਪਨਾ ਸੰਸਦ ਦੇ ਇੱਕ ਐਕਟ ਦੁਆਰਾ 1991 ਵਿੱਚ ਕੀਤੀ ਗਈ ਸੀ। ਕਲਾਸੀਕਲ ਅਤੇ ਵਪਾਰਕ ਵਿਸ਼ਿਆਂ ਵਿੱਚ ਅਕਾਦਮਿਕ ਉੱਤਮਤਾ ਲਈ ਸਮਰਪਿਤ, ਇਹ ਯੂਨੀਵਰਸਿਟੀ ਖੋਜ, ਤਕਨੀਕੀ ਸਾਖਰਤਾ, ਅਗਵਾਈ ਅਤੇ ਭਾਈਚਾਰਕ ਭਾਗੀਦਾਰੀ ‘ਤੇ ਵਿਸ਼ੇਸ ਬਲ ਦਿੰਦੀ ਹੈ। ਗਿਆਨ ਅਤੇ ਤਕਨਾਲੋਜੀ ਨੂੰ ਮਨੁੱਖੀ ਜਾਤੀ ਦੀ ਸੇਵਾ ਵਿੱਚ ਲਿਆਉਣ ਦੀ ਇਸ ਦੀ ਕਲਪਨਾ, ਨਾਲ ਹੀ ਗਿਆਨ ਅਤੇ ਹੁਨਰ ਨੂੰ “ਯੂਨੀਵਰਸਿਟੀ ਕੈਂਪਸ ਤੋਂ ਭਾਈਚਾਰੇ ਤੱਕ” ਲਿਜਾਣ ਦੇ ਇਸ ਦੇ ਲੋਕਾਚਾਰ ਅਤੇ ਅਕਾਦਮਿਕ ਮੁਹਾਰਤ ਨੂੰ ਸਾਰਥਕ ਸਮਾਜਿਕ ਪ੍ਰਭਾਵ ਵਿੱਚ ਬਦਲਣ ਦੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
************
ਵਿਨੋਦ ਕੁਮਾਰ/ਕਨਿਸ਼ਕ ਸ਼ਰਮਾ/ਏਕੇ
(Release ID: 2306388)
ਵਿਜ਼ੀਟਰ ਕਾਊਂਟਰ : 3