ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਵਿਸ਼ਵ ਪੱਧਰ ’ਤੇ ਪ੍ਰਾਸੰਗਿਕ ਬਣੇ ਰਹਿਣ ਲਈ ਹੁਨਰ ਦੇ ਨਾਲ-ਨਾਲ ‘ਸੋਚਣ ਦੀ ਸਮਰੱਥਾ ਦਾ ਵਿਕਾਸ’ ਵੀ ਜ਼ਰੂਰੀ: ਕੇਂਦਰੀ ਮੰਤਰੀ ਜਿਤੇਂਦਰ ਸਿੰਘ


ਤੇਜ਼ੀ ਨਾਲ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਮਰੱਥਾ ਨਿਰਮਾਣ ਨੂੰ ਸਮੂਹਿਕ ਅਤੇ ਸਮੁੱਚੇ ਸਮਾਜ ਦੇ ਦ੍ਰਿਸ਼ਟੀਕੋਣ ਵਿੱਚ ਬਦਲਣਾ ਪਵੇਗਾ: ਡਾ. ਜਿਤੇਂਦਰ ਸਿੰਘ

ਰਾਸ਼ਟਰੀ ਸਮਰੱਥਾ ਨਿਰਮਾਣ ਲਈ ਸਰਕਾਰ, ਨਿੱਜੀ ਖੇਤਰ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ: ਡਾ. ਜਿਤੇਂਦਰ ਸਿੰਘ

ਭਾਰਤ ਵਿੱਚ ਖੋਜ ਅਤੇ ਨਵੀਨਤਾ ਲਈ ਪਰਉਪਕਾਰ ਦੀ ਸੰਸਕ੍ਰਿਤੀ ਵਿਕਸਤ ਕਰਨ ਦੀ ਲੋੜ ਹੈ: ਡਾ. ਜਿਤੇਂਦਰ ਸਿੰਘ

Posted On: 26 AUG 2026 4:12PM by PIB Chandigarh

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਦੇ ਨਾਲ-ਨਾਲ ਪੀਐੱਮਓ, ਪ੍ਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੂੰ ਗਲੋਬਲ ਪੱਧਰ ’ਤੇ ਪ੍ਰਾਸੰਗਿਕ ਬਣਾਏ ਰੱਖਣ ਲਈ ਹੁਨਰ ਦੇ ਨਾਲ-ਨਾਲ ਸੋਚਣ ਦੀ ਸਮਰੱਥਾ ਦਾ ਵਿਕਾਸ ਵੀ ਜ਼ਰੂਰੀ ਹੈ। ਡਾ. ਸਿੰਘ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੇ ਤਕਨੀਕੀ ਅਤੇ ਗਲੋਬਲ ਮਾਹੌਲ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਮਰੱਥਾ ਨਿਰਮਾਣ ਨੂੰ ਵਿਅਕਤੀਗਤ ਅਤੇ ਹੁਨਰ-ਆਧਾਰਿਤ ਦ੍ਰਿਸ਼ਟੀਕੋਣ ਤੋਂ ਅੱਗੇ ਵਧਾ ਕੇ ਸਮੂਹਿਕ ਅਤੇ ਪੂਰੇ ਸਮਾਜ ਦੇ ਯਤਨਾਂ ਵਿੱਚ ਬਦਲਣਾ ਹੋਵੇਗਾ।

ਸਮਰੱਥਾ ਨਿਰਮਾਣ ’ਤੇ ਆਯੋਜਿਤ ਇੱਕ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਤਕਨੀਕੀ ਅਤੇ ਸਮਾਜਿਕ ਵਿਕਾਸ ਦੀ ਰਫ਼ਤਾਰ ਵਿੱਚ ਕਾਫ਼ੀ ਤੇਜ਼ੀ ਆਈ ਹੈ, ਜਿਸ ਨਾਲ ਨਿਰੰਤਰ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖੀ ਗਈ ਕੋਈ ਚੀਜ਼ ਕੱਲ੍ਹ ਤੱਕ ਪੁਰਾਣੀ ਹੋ ਸਕਦੀ ਹੈ। ਇਸ ਲਈ ਲੋਕਾਂ ਅਤੇ ਸੰਸਥਾਵਾਂ ਨੂੰ ਲਗਾਤਾਰ ਸਿੱਖਦੇ ਰਹਿਣ ਅਤੇ ਬਦਲਦੇ ਹਾਲਾਤਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਣ ਦੀ ਸਮਰੱਥਾ ਵਿਕਸਤ ਕਰਨੀ ਹੋਵੇਗੀ।

ਡਾ. ਸਿੰਘ ਨੇ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਮੂਹਿਕ ਸਮਰੱਥਾ ਨਿਰਮਾਣ ਦੇ ਵਧਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾਵਾਂ ਨੂੰ ਏਕੀਕ੍ਰਿਤ ਢੰਗ ਨਾਲ ਕੰਮ ਕਰਨਾ ਅਤੇ ਸੰਗਠਨਾਤਮਕ ਸੀਮਾਵਾਂ ਤੋਂ ਪਾਰ ਤਾਲਮੇਲ ਕਾਇਮ ਕਰਨਾ ਸਿੱਖਣਾ ਹੋਵੇਗਾ, ਤਾਂ ਜੋ ਨਵੀਂਆਂ ਚੁਣੌਤੀਆਂ ’ਤੇ  ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ ਜਾ ਸਕੇ ਅਤੇ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਸਥਾਗਤ ਤਾਲਮੇਲ ਦੇ ਨਾਲ-ਨਾਲ ਸਮੁੱਚੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਜੋੜਨ ਦੀ ਦਿਸ਼ਾ ਵੱਲ ਅੱਗੇ ਵਧਣਾ ਚਾਹੀਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮਰੱਥਾ ਨਿਰਮਾਣ ਸਿਰਫ਼ ਹੁਨਰ ਵਿਕਸਤ ਕਰਨ ਜਾਂ ਵਿਅਕਤੀਆਂ ਨੂੰ ਸੌਂਪੇ ਗਏ ਕੰਮਾਂ ਲਈ ਤਿਆਰ ਕਰਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ‘ਸੋਚਣ ਦੀ ਸਮਰੱਥਾ ਦਾ ਨਿਰਮਾਣ’ ਕਰਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਹੀ ਮਾਨਸਿਕਤਾ ਵਿਕਸਤ ਕਰਨਾ ਵਿਅਕਤੀਆਂ ਅਤੇ ਸੰਸਥਾਵਾਂ ਲਈ ਹਾਲਾਤਾਂ ਦੇ ਅਨੁਕੂਲ ਢਲਣ, ਨਵੀਨਤਾ ਲਿਆਉਣ ਅਤੇ ਪ੍ਰਾਸੰਗਿਕ ਬਣੇ ਰਹਿਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਪ੍ਰਾਸੰਗਿਕ ਬਣੇ ਰਹਿਣ ਲਈ ਭਾਰਤ ਨੂੰ ਵਿਸ਼ਵ ਮਿਆਰਾਂ ਅਤੇ ਰਣਨੀਤੀਆਂ ਦੇ ਅਨੁਕੂਲ ਅੱਗੇ ਵਧਣਾ ਹੋਵੇਗਾ।

ਮੰਤਰੀ ਡਾ. ਸਿੰਘ ਨੇ ਕਿਹਾ ਕਿ ਸਰਕਾਰ ਤੋਂ ਸਭ ਕੁਝ ਇਕੱਲਿਆਂ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਹੋਰ ਹਿੱਸੇਦਾਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਜ਼ਰੂਰੀ ਹੈ। ਪੁਲਾੜ ਅਤੇ ਪ੍ਰਮਾਣੂ ਊਰਜਾ ਵਰਗੇ ਖੇਤਰਾਂ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਣ ਦੇ ਭਾਰਤ ਦੇ ਤਜਰਬੇ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨਾਲ ਕੰਮ ਕਰਨਾ ਸਿੱਖਣਾ ਹੋਵੇਗਾ ਅਤੇ ਈਕੋਸਿਸਟਮ ਵਿਕਸਤ ਕਰਨਾ ਹੋਵੇਗਾ, ਜਿਸ ਵਿੱਚ ਵੱਖ-ਵੱਖ ਹਿੱਸੇਦਾਰ ਸਾਂਝੇ ਰਾਸ਼ਟਰੀ ਟੀਚੇ ਲਈ ਯੋਗਦਾਨ ਪਾਉਣ।

ਡਾ. ਜਿਤੇਂਦਰ ਸਿੰਘ ਨੇ ਸ਼ਾਸਨ ਵਿੱਚ ਵਿਵਹਾਰਕਤਾ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਪਣੇ ਫ਼ਰਜ਼ ਨਿਭਾਉਂਦੇ ਸਮੇਂ ਸਿਰਫ਼ ਨਿਯਮਾਂ ਤੱਕ ਸੀਮਤ ਰਹਿਣ ਦੀ ਬਜਾਏ ਵਿਹਾਰਕ ਦ੍ਰਿਸ਼ਟੀਕੋਣ ਅਪਣਾਉਣਾ ਸਿੱਖਣਾ ਚਾਹੀਦਾ ਹੈ। ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਢੁਕਵੇਂ ਪੱਧਰ ਦੀ ਵਿਵਹਾਰਕਤਾ ਜ਼ਰੂਰੀ ਹੈ ਅਤੇ ਇਸ ਲਈ ਸੋਚ ਵਿੱਚ ਤਬਦੀਲੀ ਜ਼ਰੂਰੀ ਹੈ।

ਮੰਤਰੀ ਨੇ ਸਮਰੱਥਾ ਨਿਰਮਾਣ ਵਿੱਚ ਨਿਰੰਤਰ ਸਿਖਲਾਈ ਪਲੇਟਫ਼ਾਰਮਾਂ ਦੀ ਵਧਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਆਈਜੀਓਟੀ(iGOT) ਪਲੇਟਫ਼ਾਰਮ ’ਤੇ 40 ਲੱਖ ਤੋਂ ਵੱਧ ਰਜਿਸਟਰਡ ਲੋਕ ਹਨ ਜੋ ਸਰਕਾਰੀ ਅਧਿਕਾਰੀਆਂ ਨੂੰ ਨਿਰੰਤਰ ਸਿੱਖਣ ਦਾ ਪਲੇਟਫ਼ਾਰਮ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਨੇ ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ ਅਤੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਵੀ ਜ਼ਿਕਰ ਕੀਤਾ ਅਤੇ ਇਨ੍ਹਾਂ ਨੂੰ  ਸ਼ਾਸਨ ਅਤੇ ਸਮਰੱਥਾ ਨਿਰਮਾਣ ਨਾਲ ਜੁੜੀਆਂ ਸੰਸਥਾਵਾਂ ਦੇ ਵਿਸ਼ਾਲ ਈਕੋਸਿਸਟਮ ਦਾ ਹਿੱਸਾ ਦੱਸਿਆ ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਨੂੰ ਇੱਕ ਵੱਡੇ ਈਕੋਸਿਸਟਮ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੌਟਿਲਯ ਕੇਂਦਰ ਭਾਰਤ ਦੇ ਇਤਿਹਾਸਕ ਅਤੇ ਰਵਾਇਤੀ ਗਿਆਨ ਨੂੰ ਸਮਕਾਲੀ ਰਾਜ ਸਮਰੱਥਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦ੍ਰਿਸ਼ਟੀਕੋਣ ਵਿਸ਼ਾਲ ਗਲੋਬਲ ਦੱਖਣ ਲਈ ਵੀ ਸਮਰੱਥਾ ਨਿਰਮਾਣ ਦਾ ਪਲੇਟਫ਼ਾਰਮ ਮੁਹੱਈਆ ਕਰਵਾ ਸਕਦਾ ਹੈ।

ਖੋਜ ਅਤੇ ਨਵੀਨਤਾ ਵਿੱਚ ਗ਼ੈਰ-ਸਰਕਾਰੀ ਭਾਗੀਦਾਰੀ ਵਧਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਨੈਸ਼ਨਲ ਰਿਸਰਚ ਫਾਊਂਡੇਸ਼ਨ (ਐੱਨਆਰਐੱਫ ) ਅਤੇ 1 ਲੱਖ ਕਰੋੜ ਦੀ ਆਰਡੀਆਈ ਫੰਡਿੰਗ ਪਹਿਲਕਦਮੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਅਜਿਹਾ ਮਾਹੌਲ ਤਿਆਰ ਕਰਨ  ਦੇ ਯਤਨ ਹਨ ਜਿਸ ਵਿੱਚ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਨਿੱਜੀ ਭਾਈਵਾਲੀ ਅਤੇ ਸਰੋਤਾਂ ਦੀ ਭੂਮਿਕਾ ਵਧ ਸਕੇ।

ਡਾ. ਜਿਤੇਂਦਰ ਸਿੰਘ ਨੇ ਭਾਰਤ ਵਿੱਚ ਖੋਜ ਲਈ ਮਜ਼ਬੂਤ ਪਰਉਪਕਾਰ ਦੀ ਸੰਸਕ੍ਰਿਤੀ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਮਨੁੱਖੀ ਕੰਮਾਂ ਲਈ ਪਰੋਪਕਾਰ ਪਹਿਲਾਂ ਤੋਂ ਕੀਤਾ ਜਾਂਦਾ ਰਿਹਾ ਹੈ, ਪਰ ਰਵਾਇਤੀ ਤੌਰ ’ਤੇ ਖੋਜ ਨੂੰ ਓਨਾ ਮਹੱਤਵ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਖੋਜ ਨੂੰ ਸਮਰਥਨ ਦੇਣਾ ਵੀ ਸਮਾਜ ਦੀ ਸੇਵਾ ਅਤੇ ਯੋਗਦਾਨ ਦੇ ਇੱਕ ਰੂਪ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਕਿ ਲੋੜੀਂਦਾ ਈਕੋਸਿਸਟਮ ਵਿਕਸਤ ਕਰਨ ਲਈ ਭਾਰਤ ਨੂੰ ਸਾਰੇ ਸਰੋਤਾਂ ਤੋਂ ਵੱਡੇ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਉੱਦਮੀ ਪ੍ਰਤਿਭਾ ਨੂੰ ਉਦਮਤਾ ਨਾਲ ਜੋੜ ਰਹੇ ਹਨ ਅਤੇ ਉਨ੍ਹਾਂ ਲਈ ਸਹੀ ਮਾਹੌਲ ਤਿਆਰ ਕਰਨ ਨਾਲ ਨਵੀਨਤਾ ਨੂੰ ਤੇਜ਼ ਕਰਨ ਅਤੇ ਉੱਭਰਦੇ ਖੇਤਰਾਂ ਵਿੱਚ ਮਜ਼ਬੂਤ ਸਮਰੱਥਾਵਾਂ ਦੇ ਨਿਰਮਾਣ ਵਿੱਚ ਮਦਦ ਮਿਲ ਸਕਦੀ ਹੈ।

ਡਾ. ਜਿਤੇਂਦਰ ਸਿੰਘ ਨੇ ਸਮਰੱਥਾ ਨਿਰਮਾਣ ਅਤੇ ਗਿਆਨ ਦੇ ਲੈਣ-ਦੇਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਗਲੋਬਲ ਸਾਊਥ ਦੇ ਦੇਸ਼ਾਂ ਵਿਚਕਾਰ ਵਧਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅਜਿਹੀਆਂ ਪਹਿਲਕਦਮੀਆਂ ਹੋਰ ਦੇਸ਼ਾਂ ਨੂੰ ਵੀ ਇਕੱਠੇ ਕਰ ਸਕਦੀਆਂ ਹਨ ਅਤੇ ਗਿਆਨ, ਤਜਰਬੇ ਅਤੇ ਸਮਰੱਥਾ ਨਿਰਮਾਣ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਸਾਂਝਾ ਕਰਨ ਲਈ ਵਿਸ਼ਾਲ ਨੈੱਟਵਰਕ ਵਿਕਸਤ ਕਰ ਸਕਦੀਆਂ ਹਨ।

ਅੰਤ ਵਿੱਚ, ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਮਰੱਥਾ ਨਿਰਮਾਣ ਦਾ ਸਾਂਝਾ ਉਦੇਸ਼ ਵਿਅਕਤੀਆਂ, ਸੰਸਥਾਵਾਂ, ਸਰਕਾਰ, ਉਦਯੋਗ ਅਤੇ ਸਮਾਜ ਨੂੰ ਭਾਰਤ ਦੀ ਤਰੱਕੀ  ਅਤੇ ਵਿਸ਼ਵ-ਵਿਆਪੀ ਪ੍ਰਾਸੰਗਿਕਤਾ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਦੇ ਯੋਗ ਬਣਾਉਣਾ ਹੋਣਾ ਚਾਹੀਦਾ ਹੈ।

ਫ਼ੋਟੋ: ਬੁੱਧਵਾਰ ਨੂੰ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਨਾਲੰਦਾ ਯੂਨੀਵਰਸਿਟੀ ਵੱਲੋਂ ਆਯੋਜਿਤ ‘ਸਮਰੱਥਾ ਨਿਰਮਾਣ ’ਤੇ ਰਾਊਂਡਟੇਬਲ’ ਦੌਰਾਨ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਸੰਬੋਧਨ ਕਰਦੇ ਹੋਏ।

******

ਐੱਨਕੇਆਰ/ਏਕੇ/ਏਵੀ


(Release ID: 2306255) ਵਿਜ਼ੀਟਰ ਕਾਊਂਟਰ : 15