ਰੇਲ ਮੰਤਰਾਲਾ
azadi ka amrit mahotsav

ਰੇਲਵੇ ਬੋਰਡ ਦੇ ਚੇਅਰਮੈਨ ਨੇ ਆਈਆਰਸੀਟੀਸੀ ਵਾਰ ਰੂਮ ਦੇ ਕੰਮਕਾਜ ਦੀ ਸਮੀਖਿਆ ਕੀਤੀ;


ਖਾਣ-ਪੀਣ ਦੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਯਾਤਰੀਆਂ ਤੋਂ ਮਿਲਣ ਵਾਲੀ ਫੀਡਬੈਕ ਅਤੇ ਰਸੋਈ ਦੀ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ

ਰਸੋਈ ਦੀ ਰੀਅਲ-ਟਾਈਮ ਨਿਗਰਾਨੀ, ਪ੍ਰਭਾਵਸ਼ਾਲੀ ਨਿਰੀਖਣ, ਕਮੀਆਂ ’ਤੇ ਤੁਰੰਤ ਕਾਰਵਾਈ ਅਤੇ ‘ਰੇਲ ਮਦਦ’ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਬਾਰੀਕੀ ਨਾਲ ਨਿਗਰਾਨੀ ’ਤੇ ਧਿਆਨ

Posted On: 24 AUG 2026 6:46PM by PIB Chandigarh

ਰੇਲਵੇ ਬੋਰਡ (ਰੇਲ ਮੰਤਰਾਲਾ) ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੀ ਸਤੀਸ਼ ਕੁਮਾਰ ਨੇ ਕੱਲ੍ਹ ਆਈ.ਆਰ.ਸੀ.ਟੀ.ਸੀ.  ਦਫ਼ਤਰ ਵਿਖੇ ਆਈ.ਆਰ.ਸੀ.ਟੀ.ਸੀ. ਵਾਰ ਰੂਮ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਤੋਂ ਫੀਡਬੈਕ ਲੈਣ, ਰਸੋਈਆਂ ਦੀ ਨਿਗਰਾਨੀ ਕਰਨ ਅਤੇ ਖਾਣ-ਪੀਣ ਦੀਆਂ ਸੇਵਾਵਾਂ ਵਿੱਚ ਗੁਣਵੱਤਾ ਯਕੀਨੀ ਬਣਾਉਣ ਵਾਲੀਆਂ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ।

ਸਮੀਖਿਆ ਦੌਰਾਨ, ਰੇਲਵੇ ਬੋਰਡ ਦੇ ਚੇਅਰਮੈਨ (ਸੀਆਰਬੀ) ਨੇ ਨਿਗਰਾਨੀ ਅਤੇ ਫੀਡਬੈਕ ਨਾਲ ਜੁੜੀਆਂ ਗਤੀਵਿਧੀਆਂ ਲਈ ਬਣੀ ਵਿਸ਼ੇਸ਼ ਟੀਮ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਨਿਗਰਾਨੀ ਪ੍ਰਣਾਲੀ ਨੂੰ ਵਧੇਰੇ ਜਵਾਬਦੇਹ, ਤਕਨਾਲੋਜੀ-ਆਧਾਰਿਤ ਅਤੇ ਨਤੀਜਾ ਮੁਖੀ ਬਣਾਉਣ ਲਈ ਮੌਜੂਦਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।

ਸ਼੍ਰੀ ਸਤੀਸ਼ ਕੁਮਾਰ ਨੇ ਯਾਤਰੀਆਂ ਨੂੰ ਇੱਕੋ ਕਲਿੱਕ ਰਾਹੀਂ ਸੁਖਾਲੇ ਅਤੇ ਸੁਵਿਧਾਜਨਕ ਢੰਗ ਨਾਲ ਸੰਬੰਧਿਤ ਪ੍ਰਣਾਲੀ ਨਾਲ ਸੰਪਰਕ ਕਰਨ ਦੇ ਯੋਗ ਬਣਾਉਣ ਲਈ ‘ਰੇਲ ਮਦਦ’ ਇੰਟਰਫੇਸ ਨੂੰ ਹੋਰ ਵਧੇਰੇ ਆਟੋਮੇਟਿਡ ਕਰਨ ਦਾ ਨਿਰਦੇਸ਼ ਦਿੱਤਾ। ‘ਰੇਲ ਮਦਦ’ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਬਾਰੀਕੀ ਨਾਲ ਨਿਗਰਾਨੀ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਵਿੱਚ ਲੋੜ ਪੈਣ 'ਤੇ ਯਾਤਰੀਆਂ ਨਾਲ ਸਿੱਧੀ ਗੱਲਬਾਤ ਕਰਨਾ ਵੀ ਸ਼ਾਮਲ ਹੈ ਤਾਂ ਜੋ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਅਤੇ ਉਹਨਾਂ ਦਾ ਹੱਲ ਕੀਤਾ ਜਾ ਸਕੇ।

ਨਿਰੀਖਣ ਕਰਨ ਵਾਲੀਆਂ ਏਜੰਸੀਆਂ ਦੀ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ, ਸੀਆਰਬੀ ਨੇ ਨਿਰਦੇਸ਼ ਦਿੱਤਾ ਕਿ ਹਰੇਕ ਏਜੰਸੀ ਨੂੰ ਨਿਰੀਖਣ ਦੌਰਾਨ ਪਾਈਆਂ ਗਈਆਂ ਕਮੀਆਂ ਅਤੇ ਆਪਣੇ ਕੰਮਕਾਜ ਦਾ ਵੇਰਵਾ ਯੋਜਨਾਬੱਧ ਢੰਗ ਨਾਲ ਪੋਸਟ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਕੰਮ ਦੀ ਲਗਾਤਾਰ ਨਿਗਰਾਨੀ ਅਤੇ ਮੁਲਾਂਕਣ ਕੀਤਾ ਜਾ ਸਕੇ।

ਰਸੋਈ ਦੀ ਰੀਅਲ-ਟਾਈਮ ਨਿਗਰਾਨੀ ਨੂੰ ਮਜ਼ਬੂਤ ਕਰਨਾ

ਇਸ ਸਮੀਖਿਆ ਵਿੱਚ ਰੇਲਵੇ ਦੀ ਖਾਣ-ਪੀਣ ਦੀ ਸੇਵਾ ਦੀ ਰਸੋਈ ਦੀ ਕੈਮਰਾ-ਆਧਾਰਿਤ ਨਿਗਰਾਨੀ ਨੂੰ ਵਧਾਉਣ ’ਤੇ ਵੀ ਧਿਆਨ ਦਿੱਤਾ ਗਿਆ। ਫ਼ਿਲਹਾਲ ਰਸੋਈ ਦੇ ਕੰਮਕਾਜ ਦੀ ਨਿਗਰਾਨੀ ਲਈ ਚਾਰ ਕੈਮਰਾ ਫੀਡ ਉਪਲਬਧ ਹਨ। ਸੀ.ਆਰ.ਬੀ. ਨੇ ਰਸੋਈ ਦੀਆਂ ਗਤੀਵਿਧੀਆਂ ਦੀ ਬਿਹਤਰ ਅਤੇ ਵਧੇਰੇ ਅਸਰਦਾਰ ਨਿਗਰਾਨੀ ਲਈ, ਕੱਚੇ ਮਾਲ ਦੇ ਭੰਡਾਰਨ ਖੇਤਰ ਵਿੱਚ ਵਾਧੂ ਕੈਮਰੇ ਅਤੇ ਇੱਕ ਪੀ.ਟੀ.ਜ਼ੈੱਡ. (ਪੈਨ-ਟਿਲਟ-ਜ਼ੂਮ) ਕੈਮਰਾ ਲਗਾਉਣ ਦਾ ਨਿਰਦੇਸ਼ ਦਿੱਤਾ।

ਕੈਮਰਾ-ਆਧਾਰਿਤ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਰਸੋਈ ਦੀ ਸਥਿਤੀ ਅਤੇ ਕੰਮਕਾਜ ਦਾ ਮੁਲਾਂਕਣ ਕਰਨ ਲਈ ਵੀ ਕੀਤੀ ਜਾ ਰਹੀ ਹੈ। ਜਿੱਥੇ ਖ਼ਰਾਬ ਸਥਿਤੀ ਦੇਖੀ ਜਾਂਦੀ ਹੈ, ਉੱਥੇ ਢੁਕਵੇਂ ਨੋਟਿਸ ਅਤੇ ਸੁਧਾਰਾਤਮਕ ਕਾਰਵਾਈ ਸ਼ੁਰੂ ਕੀਤੀ ਜਾਣੀ ਹੈ। ਸਮੀਖਿਆ ਦੌਰਾਨ, ਦੱਖਣ ਮੱਧ ਰੇਲਵੇ ਦੇ ਅਨੰਤਪੁਰ ਵਿੱਚ ਇੱਕ ਰਸੋਈ ਵਿੱਚ ਨਿਰੀਖਣ ਅਤੇ ਵੀਡੀਓ ਨਿਗਰਾਨੀ ਦੇ ਆਧਾਰ ’ਤੇ ਸੁਧਾਰ ਦੀ ਲੋੜ ਪਾਈ ਗਈ।

ਰੋਟੀ ਅਤੇ ਪਰੌਂਠਾ ਬਣਾਉਣ ਦੀ ਪ੍ਰਕਿਰਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਕਿਉਂਕਿ ਇਸ ਖੇਤਰ ਵਿੱਚ ਡੂੰਘਾਈ ਨਾਲ ਸਮੀਖਿਆ ਦੀ ਲੋੜ ਸੀ। ਸੀਆਰਬੀ ਨੇ ਰੋਟੀ ਅਤੇ ਪਰੌਂਠਾ ਬਣਾਉਣ ਦੀ ਪੂਰੀ ਪ੍ਰਕਿਰਿਆ ਦੀ ਚੰਗੀ ਤਰ੍ਹਾਂ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਕਮੀਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਗੁਣਵੱਤਾ ਵਿੱਚ ਇਕਸਾਰਤਾ ਯਕੀਨੀ ਬਣਾਈ ਜਾ ਸਕੇ।

ਮਜ਼ਬੂਤ ​​ਤੀਜੀ-ਧਿਰ ਨਿਰੀਖਣ ਅਤੇ ਰੋਕਥਾਮ ਕਾਰਵਾਈ

ਸ਼੍ਰੀ ਸਤੀਸ਼ ਕੁਮਾਰ ਨੇ ਖਾਣ-ਪੀਣ ਦੀ ਸੇਵਾ ਦੇ ਮਾਪਦੰਡਾਂ ਨੂੰ ਬਣਾਏ ਰੱਖਣ ਵਿੱਚ ਤੀਜੀ-ਧਿਰ ਨਿਰੀਖਣ ਏਜੰਸੀਆਂ ਦੀ ਭੂਮਿਕਾ ਦੀ ਵੀ ਸਮੀਖਿਆ ਕੀਤੀ। ਭਾਵੇਂ ਵੱਖ-ਵੱਖ ਥਾਵਾਂ ’ਤੇ ਤੀਜੀ-ਧਿਰ ਨਿਰੀਖਣ ਦੀ ਪ੍ਰਬੰਧ ਮੌਜੂਦ ਹਨ, ਪਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਨਿਰੀਖਣ ਪ੍ਰਭਾਵਸ਼ਾਲੀ, ਅਰਥਪੂਰਨ ਅਤੇ ਨਤੀਜਿਆਂ ’ਤੇ ਕੇਂਦਰਿਤ ਹੋਣ। ਜਿਨ੍ਹਾਂ ਏਜੰਸੀਆਂ ਦਾ ਕੰਮ ਲਗਾਤਾਰ ਖ਼ਰਾਬ ਪਾਇਆ ਜਾਵੇ, ਉਨ੍ਹਾਂ ਵਿਰੁੱਧ ਯੋਗ ਕਾਰਵਾਈ ਲਈ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਸੂਚੀ ਤੋਂ ਹਟਾਉਣ ਵਰਗੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਨਿਰੀਖਣ ਪ੍ਰਣਾਲੀ ਤੋਂ ਜ਼ਰੂਰੀ ਗੁਣਵੱਤਾ ਸੰਬੰਧੀ ਭਰੋਸਾ ਮਿਲਣਾ ਯਕੀਨੀ ਬਣਾਇਆ ਜਾ ਸਕੇ।

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)-ਅਧਾਰਿਤ ਨਿਗਰਾਨੀ ਅਤੇ ਖੋਜ ਪ੍ਰਣਾਲੀਆਂ ਦੀ ਵਰਤੋਂ ’ਤੇ ਵੀ ਚਰਚਾ ਹੋਈ। ਸੀਆਰਬੀ ਨੇ ਨਿਰਦੇਸ਼ ਦਿੱਤਾ ਕਿ ਚੂਹੇ, ਕਾਕਰੋਚ ਅਤੇ ਹੋਰ ਸੰਕਰਮਣਾਂ ਲਈ ਏਆਈ-ਅਧਾਰਿਤ ਚੌਕਸੀ ਪ੍ਰਣਾਲੀਆਂ ਸਿਰਫ਼ ਪਤਾ ਲਗਾਉਣ ਤੱਕ ਹੀ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ। ਅਜਿਹੀਆਂ ਘਟਨਾਵਾਂ ਤੋਂ ਬਾਅਦ ਢੁਕਵੇਂ ਚੇਤਾਵਨੀ ਪੱਤਰ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਰੋਕਥਾਮ ਵਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਪਛਾਣੀਆਂ ਗਈਆਂ ਖ਼ਾਮੀਆਂ ਨੂੰ ਸਮਾਂ ਰਹਿੰਦੇ ਠੀਕ ਕੀਤਾ ਜਾ ਸਕੇ।

ਸਮੀਖਿਆ ਵਿੱਚ ਰੇਲਵੇ ਦੀਆਂ ਖਾਣ-ਪੀਣ ਸੇਵਾਵਾਂ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਨਿਰੀਖਣ, ਮਜ਼ਬੂਤ ​​ਤਕਨਾਲੋਜੀ-ਅਧਾਰਿਤ ਨਿਗਰਾਨੀ ਅਤੇ ਤੁਰੰਤ ਅਗਲੇਰੀ( ਫਾਲੋ-ਅੱਪ) ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਯਾਤਰੀਆਂ ਦੇ ਵਿਸ਼ਵਾਸ ਨੂੰ ਵਧਾਉਣਾ, ਭੋਜਨ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਦੇ ਮਾਪਦੰਡਾਂ ਨੂੰ ਬਿਹਤਰ ਕਰਨਾ ਅਤੇ ਪੂਰੇ ਭਾਰਤੀ ਰੇਲਵੇ ਵਿੱਚ ਵਧੇਰੇ ਜਵਾਬਦੇਹ ਅਤੇ ਯਾਤਰੀ- ਕੇਂਦਰਿਤ ਖਾਣ-ਪੀਣ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ।

******

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(Release ID: 2305827) ਵਿਜ਼ੀਟਰ ਕਾਊਂਟਰ : 13