ਵਣਜ ਤੇ ਉਦਯੋਗ ਮੰਤਰਾਲਾ
ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਭਾਰਤ-ਬ੍ਰਾਜ਼ੀਲ ਵਪਾਰ ਨਿਗਰਾਨੀ ਵਿਧੀ ਦੀ 8ਵੀਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ
ਭਾਰਤ ਅਤੇ ਬ੍ਰਾਜ਼ੀਲ ਨੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ: 2030 ਤੱਕ ਦੁਵੱਲੇ ਵਪਾਰ ਦਾ ਟੀਚਾ 30 ਅਰਬ ਅਮਰੀਕੀ ਡਾਲਰ ਰੱਖਿਆ ਗਿਆ
ਭਾਰਤ-ਮਰਕਾਸੁਰ ਸੰਦਰਭ ਸ਼ਰਤਾਂ ਦੀ ਸਮੀਖਿਆ ਕੀਤੀ ਗਈ; ਭਾਰਤ ਅਤੇ ਬ੍ਰਾਜ਼ੀਲ ਨੇ ਭਾਰਤੀ ਫਾਰਮਾਸਿਊਟੀਕਲ ਉਤਪਾਦਾਂ ਲਈ ਵਧੇਰੇ ਬਜ਼ਾਰ ਪਹੁੰਚ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ
ਭਾਰਤ ਅਤੇ ਬ੍ਰਾਜ਼ੀਲ ਨੇ ਖੇਤੀਬਾੜੀ ਬਜ਼ਾਰ ਪਹੁੰਚ ਅਤੇ ਵਪਾਰ ਪਹੁੰਚਯੋਗਤਾ ਨੂੰ ਅੱਗੇ ਵਧਾਇਆ; ਬ੍ਰਿਕਸ, ਜੀ20 ਤੇ ਡਬਲਿਊਟੀਓ ਨਾਲ ਜੁੜੇ ਮੁੱਦਿਆਂ ‘ਤੇ ਸਹਿਯੋਗ ਮਜ਼ਬੂਤ ਕਰਨ ਦਾ ਫ਼ੈਸਲਾ
ਵਣਜ ਸਕੱਤਰ ਨੇ ਭਾਰਤ-ਬ੍ਰਾਜ਼ੀਲ ਉੱਚ ਪੱਧਰੀ ਵਪਾਰ ਸੁਆਗਤ ਸਮਾਰੋਹ ਵਿੱਚ 25 ਤੋਂ ਵੱਧ ਭਾਰਤੀ ਕੰਪਨੀਆਂ ਵਾਲੇ ਵਪਾਰਕ ਵਫ਼ਦ ਦੀ ਅਗਵਾਈ ਕੀਤੀ
Posted On:
31 AUG 2026 9:54AM by PIB Chandigarh
ਭਾਰਤ-ਬ੍ਰਾਜ਼ੀਲ ਵਪਾਰ ਨਿਗਰਾਨੀ ਵਿਧੀ (ਟੀਐੱਮਐੱਮ) ਦੀ 8ਵੀਂ ਮੀਟਿੰਗ ਬ੍ਰਾਜ਼ੀਲ ਦੇ ਬ੍ਰਾਸੀਲੀਆ ਵਿੱਚ ਸੰਪੰਨ ਹੋਈ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਅਤੇ ਬ੍ਰਾਜ਼ੀਲ ਦੀ ਵਿਦੇਸ਼ ਵਪਾਰ ਸਕੱਤਰ ਸੁਸ਼੍ਰੀ ਤਾਤੀਯਾਨਾ ਲੈਸਰਦਾ ਪ੍ਰਾਜੇਰੇਸ ਨੇ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡੀ ਸਿਲਵਾ ਦੀ ਅਗਵਾਈ ਵਿੱਚ ਦੁਵੱਲੇ ਸਬੰਧਾਂ ਨੂੰ ਮਿਲੀ ਮਜ਼ਬੂਤ ਰਾਜਨੀਤਕ ਗਤੀ ਨੂੰ ਅੱਗੇ ਵਧਾਉਂਦੇ ਹੋਏ, ਮੀਟਿੰਗ ਵਿੱਚ ਭਾਰਤ-ਬ੍ਰਾਜ਼ੀਲ ਰਣਨੀਤਕ ਸਾਂਝੇਦਾਰੀ ਨੂੰ ਰੇਖਾਂਕਿਤ ਕਰਨ ਵਾਲੇ ਮਜ਼ਬੂਤ ਸੰਸਥਾਗਤ ਢਾਂਚੇ ਅਤੇ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਧਿਰਾਂ ਦੀ ਸਾਂਝੀ ਵਚਨਬੱਧਤਾ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਵਣਜ ਸਕੱਤਰ ਨੇ ਬ੍ਰਾਜ਼ੀਲ ਸਰਕਾਰ ਦੇ ਵਿਕਾਸ, ਉਦਯੋਗ, ਵਣਜ ਅਤੇ ਸੇਵਾ ਮੰਤਰੀ ਸ਼੍ਰੀ ਮਾਰਸੀਓ ਏਲੀਅਸ ਰੋਜ਼ਾ ਨਾਲ ਵੀ ਮੁਲਾਕਾਤ ਕੀਤੀ ਅਤੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਤਰਜੀਹ ਵਾਲੇ ਖੇਤਰਾਂ ਵਿੱਚ ਆਰਥਿਕ ਸਹਿਯੋਗ ਵਧਾਉਣ ‘ਤੇ ਚਰਚਾ ਕੀਤੀ। ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਦੁਵੱਲੇ ਵਪਾਰ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ ਅਤੇ 2025-26 ਵਿੱਚ ਇਹ 15.07 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਦੋਵਾਂ ਧਿਰਾਂ ਨੇ ਹੋਰ ਵਧੇਰੇ ਵਿਭਿੰਨ, ਸੰਤੁਲਿਤ ਅਤੇ ਨਿਰੰਤਰ ਸਾਂਝੇਦਾਰੀ ਰਾਹੀਂ, ਵਿਸ਼ੇਸ਼ ਤੌਰ ‘ਤੇ ਫਾਰਮਾਸਿਊਟੀਕਲਸ, ਰਸਾਇਣ, ਇੰਜੀਨੀਅਰਿੰਗ ਸਾਮਾਨ ਅਤੇ ਮਸ਼ੀਨਰੀ ਦੇ ਖੇਤਰ ਵਿੱਚ, 2030 ਤੱਕ ਦੁਵੱਲੇ ਵਪਾਰ ਨੂੰ 30 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਜਤਾਈ।
ਚਰਚਾ ਦੌਰਾਨ, ਦੋਵਾਂ ਧਿਰਾਂ ਨੇ ਭਾਰਤ-ਮਰਕਾਸੁਰ ਸੰਦਰਭ ਸ਼ਰਤਾਂ ‘ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਭਾਰਤ-ਮਰਕਾਸੁਰ ਤਰਜੀਹੀ ਵਪਾਰ ਸਮਝੌਤੇ ਵਿੱਚ ਵਿਸਥਾਰ ਅਤੇ ਆਧੁਨਿਕੀਕਰਣ ਦੀਆਂ ਅਪਾਰ ਸੰਭਾਵਨਾਵਾਂ ਹਨ। 2025 ਵਿੱਚ ਭਾਰਤ-ਮਰਕਾਸੁਰ ਦੁਵੱਲੇ ਵਪਾਰ 20.84 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੇ ਨਾਲ, ਦੋਵਾਂ ਧਿਰਾਂ ਨੇ ਸੰਦਰਭ ਸ਼ਰਤਾਂ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਦੀ ਵਚਨਬੱਧਤਾ ਜਤਾਈ।
ਭਾਰਤੀ ਫਾਰਮਾਸਿਊਟੀਕਲ ਉਤਪਾਦਾਂ ਲਈ ਬਜ਼ਾਰ ਪਹੁੰਚ ਨੂੰ ਸੁਗਮ ਬਣਾਉਣ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ। ਫਰਵਰੀ 2026 ਵਿੱਚ ਹਸਤਾਖਰ ਕੀਤੇ ਸੀਡੀਐੱਸਸੀਓ-ਏਐੱਨਵੀਆਈਐੱਸਏ ਸਹਿਮਤੀ ਪੱਤਰ ਹੈਲਥ ਅਤੇ ਫਾਰਮਾਸਿਊਟੀਕਲ ਖੇਤਰ ਵਿੱਚ ਗਹਿਣ ਸਹਿਯੋਗ ਲਈ ਇੱਕ ਮਹੱਤਵਪੂਰਨ ਸੰਸਥਾਗਤ ਅਧਾਰ ਪ੍ਰਦਾਨ ਕਰਦਾ ਹੈ। ਭਾਰਤ ਨੇ ਵਧੇਰੇ ਅਨੁਮਾਨਯੋਗ ਰੈਗੂਲੇਟਰੀ ਪ੍ਰਕਿਰਿਆਵਾਂ ਦਾ ਸਮਰਥਨ ਕਰਨ ਅਤੇ ਬਜ਼ਾਰ ਤੱਕ ਵਿਆਪਕ ਪਹੁੰਚ ਨੂੰ ਸੁਗਮ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਭਾਰਤ ਸਸਤੀਆਂ ਅਤੇ ਗੁਣਵੱਤਾਪੂਰਨ ਦਵਾਈਆਂ ਦੀ ਉਪਲਬਧਤਾ ਵਿੱਚ ਯੋਗਦਾਨ ਦੇ ਸਕਦਾ ਹੈ ਅਤੇ ਵਧੇਰੇ ਪਹੁੰਚਯੋਗ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਯਤਨਾਂ ਨੂੰ ਮਜ਼ਬੂਤ ਕਰ ਸਕਦਾ ਹੈ।
ਖੇਤੀਬਾੜੀ ਖੇਤਰ ਵਿੱਚ, ਪ੍ਰਮੁੱਖ ਉਤਪਾਦਾਂ ਨਾਲ ਸਬੰਧਿਤ ਤਰਜੀਹ ਦੇ ਅਧਾਰ ‘ਤੇ ਫਾਈਟੋਸੈਨੇਟਰੀ ਬੇਨਤੀਆਂ ‘ਤੇ ਚਰਚਾ ਨੂੰ ਅੱਗੇ ਵਧਾਇਆ ਗਿਆ, ਨਾਲ ਹੀ ਆਪਸੀ ਬਜ਼ਾਰ ਪਹੁੰਚ ਰਿਆਇਤਾਂ ਦੀ ਦਿਸ਼ਾ ਵਿੱਚ ਤਕਨੀਕੀ ਪ੍ਰਕਿਰਿਆਵਾਂ ਨੂੰ ਸਮਾਂਬੱਧ ਤਰੀਕੇ ਨਾਲ ਅੱਗੇ ਵਧਾਉਣ ਲਈ ਇੱਕ ਸਪਸ਼ਟ ਏਜੰਡਾ ਤਿਆਰ ਕੀਤਾ ਗਿਆ। ਚਰਚਾ ਦੌਰਾਨ ਇਲੈਕਟ੍ਰੌਨਿਕ ਮੂਲ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ, ਉੱਦਮਤਾ ਅਤੇ ਸ਼ਿਲਪਕਲਾ ਦੇ ਖੇਤਰ ਵਿੱਚ ਸਹਿਯੋਗ ਨੂੰ ਲੈ ਕੇ ਹੋਈ ਉਤਸ਼ਾਹਜਨਕ ਤਰੱਕੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਇਨ੍ਹਾਂ ਨੂੰ ਵਪਾਰ ਨੂੰ ਪਹੁੰਚਯੋਗ ਬਣਾਉਣ ਅਤੇ ਵਪਾਰ ਸਬੰਧੀ ਗਤੀਵਿਧੀਆਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੱਸਿਆ ਗਿਆ।
ਦੋਵਾਂ ਧਿਰਾਂ ਨੇ ਬ੍ਰਿਕਸ, ਜੀ20 ਅਤੇ ਡਬਲਿਊਟੀਓ ਸਮੇਤ ਵੱਖ-ਵੱਖ ਬਹੁਪੱਖੀ ਮੰਚਾਂ ‘ਤੇ ਗਹਿਰਾ ਤਾਲਮੇਲ ਬਣਾਏ ਰੱਖਣ ਅਤੇ ਇੱਕ ਖੁੱਲ੍ਹੇ, ਸਮਾਵੇਸ਼ੀ ਅਤੇ ਵਿਕਾਸਮੁਖੀ ਬਹੁਪੱਥੀ ਤੰਤਰ ਨੂੰ ਹੁਲਾਰਾ ਦੇਣ ਦੀ ਆਪਣੀ ਵਚਨਬੱਧਤਾ ਦੁਹਾਰਈ। ਭਾਰਤ ਨੇ ਬ੍ਰਿਕਸ ਆਰਥਿਕ ਸਾਂਝੇਦਾਰੀ ਰਣਨੀਤੀ 2030 ਅਤੇ ਜੀਵੀਸੀ ਕਾਰਜ ਯੋਜਨਾ 2026-2030 ਨੂੰ ਅੱਗੇ ਵਧਾਉਣ ਵਿੱਚ ਬ੍ਰਾਜ਼ੀਲ ਦੀ ਭਾਗਦਾਰੀ ਦੀ ਸ਼ਲਾਘਾ ਕੀਤੀ। ਬ੍ਰਾਜ਼ੀਲ ਨੇ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਭਾਰਤ ਦੁਆਰਾ ਕੀਤੇ ਗਏ ਕਾਰਜਾਂ, ਵਿਸ਼ੇਸ਼ ਤੌਰ ‘ਤੇ ਬ੍ਰਿਕਸ ਸਟਾਰਟਅੱਪਸ ਨਾਲੇਜ ਹੱਬ ਅਤੇ ਬ੍ਰਿਕਸ ਬਿਜ਼ਨਸ ਇਨਕਿਊਬੇਟਰ ਜਿਹੀਆਂ ਪਹਿਲਕਦਮੀਆਂ ਲਈ ਭਾਰਤ ਨੂੰ ਵਧਾਈ ਦਿੱਤੀ।
ਇਸ ਦੁਵੱਲੀ ਚਰਚਾ ਦੇ ਤਹਿਤ, ਬ੍ਰਾਸੀਲੀਆ ਵਿੱਚ ਭਾਰਤ-ਬ੍ਰਾਜ਼ੀਲ ਉੱਚ ਪੱਧਰੀ ਵਪਾਰਕ ਸੁਆਗਤ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ। ਇਸ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਵਪਾਰਕ ਪ੍ਰਤੀਨਿਧੀਆਂ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਨੇ ਹਿੱਸਾ ਲਿਆ। ਵਣਜ ਸਕੱਤਰ ਨੇ ਭਾਰਤੀ ਵਪਾਰਕ ਵਫ਼ਦ ਦੀ ਅਗਵਾਈ ਕੀਤੀ, ਜਿਸ ਵਿੱਚ ਕਿਰਲੇਸਕਰ ਸਮੂਹ, ਯੂਪੀਐੱਲ, ਆਦਿੱਤਿਆ ਬਿਰਲਾ ਸਮੂਹ ਆਦਿ ਦੇ ਪ੍ਰਤੀਨਿਧੀਆਂ ਸਮੇਤ 25 ਤੋਂ ਵੱਧ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀ ਸ਼ਾਮਲ ਸਨ। ਇਹ ਵਪਾਰਕ ਸੁਆਗਤ ਸਮਾਰੋਹ ਮਹੱਤਵਪੂਰਨ ਖਣਿਜਾਂ, ਨਵਿਆਉਣਯੋਗ ਊਰਜਾ, ਖੇਤੀਬਾੜੀ ਕਾਰੋਬਾਰ, ਬੁਨਿਆਦੀ ਢਾਂਚਾ, ਫਾਰਮਾਸਿਊਟੀਕਲਸ, ਡਿਜੀਟਲ ਸੇਵਾਵਾਂ, ਲੌਜਿਸਟਿਕਸ ਅਤੇ ਐਡਵਾਂਸ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਰਾਹ ਲੱਭਣ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ। ਦੋਵਾਂ ਧਿਰਾਂ ਨੇ ਨਵੀਂ ਦਿੱਲੀ ਵਿੱਚ ਅਪੈਕਸਬ੍ਰਾਜ਼ੀਲ ਦਫ਼ਤਰ ਦੀ ਸਥਾਪਨਾ ਦਾ ਵੀ ਸੁਆਗਤ ਕੀਤਾ। ਇਸ ਪਹਿਲ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਭਾਰਤ ਵਿੱਚ ਬ੍ਰਾਜ਼ੀਲ ਦੇ ਨਿਵੇਸ਼ ਦਾ ਪ੍ਰਵਾਹ ਵਧੇਗਾ। ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਦੀਰਘਕਾਲੀ ਸਬੰਧ ਹਨ, ਜੋ ਆਪਸੀ ਵਿਸ਼ਵਾਸ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਧਦੇ ਆਰਥਿਕ ਸਹਿਯੋਗ ‘ਤੇ ਅਧਾਰਿਤ ਹਨ। ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਮਿਲੀ ਅਤੇ ਮਜ਼ਬੂਤ ਅਤੇ ਭਵਿੱਖਮੁਖੀ ਆਰਥਿਕ ਸਾਂਝੇਦਾਰੀ ਦੇ ਨਿਰਮਾਣ ਦੇ ਪ੍ਰਤੀ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਹੋਰ ਮਜ਼ਬੂਤ ਹੋਈ।


*********
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਬਲਜੀਤ
(Release ID: 2305559)
ਵਿਜ਼ੀਟਰ ਕਾਊਂਟਰ : 2