ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 53ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ ਅਤੇ ਬਿਜਲੀ ਖੇਤਰਾਂ ਨਾਲ ਸਬੰਧਤ ਛੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ
₹30,000 ਕਰੋੜ ਤੋਂ ਵੱਧ ਦੇ ਕੁੱਲ ਨਿਵੇਸ਼ ਵਾਲੇ ਪ੍ਰੋਜੈਕਟ 9 ਰਾਜਾਂ ਵਿੱਚ ਫੈਲੇ ਪ੍ਰੋਜੈਕਟਾਂ ਦੀ ਸਮੀਖਿਆ
ਪ੍ਰਧਾਨ ਮੰਤਰੀ ਨੇ ਕਿਹਾ—ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਵੱਖ-ਵੱਖ ਹਿੱਸਿਆਂ ਜਾਂ ਪੈਕੇਜਾਂ ਦੀ ਬਜਾਏ ਇੱਕ ਏਕੀਕ੍ਰਿਤ ਇਕਾਈ ਵਜੋਂ ਦੇਖਿਆ ਜਾਣਾ ਚਾਹੀਦਾ ਹੈ
ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਅਮਲ ਦੇ ਸਾਰੇ ਪੜਾਵਾਂ ਵਿੱਚ ਲਗਾਤਾਰ ਸੁਧਾਰਾਂ ਅਤੇ ਮੰਤਰਾਲਿਆਂ ਤੇ ਰਾਜਾਂ ਵਿੱਚ ਸਰਗਰਮ ਕੰਮਕਾਜੀ ਮਾਹੌਲ ਦੀ ਲੋੜ ’ਤੇ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨੇ ਕਿਹਾ—ਰਫ਼ਤਾਰ ਦੇ ਨਾਲ ਗੁਣਵੱਤਾ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ
ਐਗਰੀਸਟੈਕ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਡਾਟਾ ਤੋਂ ਵਧੇਰੇ ਲਾਭ ਹਾਸਲ ਕਰਨ ਲਈ ਏਆਈ ਸਮੇਤ ਨਵੀਨਤਮ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ’ਤੇ ਜ਼ੋਰ ਦਿੱਤਾ
ਸਾਈਬਰ ਧੋਖਾਧੜੀ ਅਤੇ ‘ਡਿਜੀਟਲ ਅਰੇਸਟ’ ਦੇ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਨੇ ਸਿਖਲਾਈ, ਲੋਕ ਜਾਗਰੂਕਤਾ, ਸਾਈਬਰ ਸੁਰੱਖਿਆ ਸਿੱਖਿਆ ਅਤੇ ਤਾਲਮੇਲ ਵਾਲੀ ਕਾਰਵਾਈ ’ਤੇ ਜ਼ੋਰ ਦਿੱਤਾ
Posted On:
25 AUG 2026 8:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਹਿਲਾਂ ਸੇਵਾ ਤੀਰਥ ਵਿਖੇ ਸਰਗਰਮ ਸ਼ਾਸਨ ਅਤੇ ਸਮੇਂ ਸਿਰ ਅਮਲ ਲਈ ਆਈਸੀਟੀ-ਸਮਰੱਥ, ਬਹੁ-ਪੱਖੀ ਪਲੇਟਫਾਰਮ ‘ਪ੍ਰਗਤੀ’ ਦੀ 53ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ ਅਤੇ ਬਿਜਲੀ ਖੇਤਰਾਂ ਨਾਲ ਸਬੰਧਤ ਛੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਇਹ ਪ੍ਰੋਜੈਕਟ 9 ਰਾਜਾਂ ਵਿੱਚ ਫੈਲੇ ਹੋਏ ਹਨ ਅਤੇ ਇਨ੍ਹਾਂ ਦੀ ਕੁੱਲ ਲਾਗਤ ₹30,000 ਕਰੋੜ ਤੋਂ ਵੱਧ ਹੈ। ਇਹ ਪ੍ਰੋਜੈਕਟ ਸੰਪਰਕ ਨੂੰ ਮਜ਼ਬੂਤ ਕਰਨ, ਉਦਯੋਗਿਕ ਅਤੇ ਆਰਥਿਕ ਗਤੀਵਿਧੀਆਂ ਨੂੰ ਸਮਰਥਨ ਦੇਣ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਸਮੀਖਿਆ ਦੌਰਾਨ ਸਮਾਂ-ਹੱਦਾਂ ਦੀ ਪਾਲਣਾ, ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ, ਲੰਬਿਤ ਮਾਮਲਿਆਂ ਦੇ ਹੱਲ ਅਤੇ ਤੇਜ਼ੀ ਨਾਲ ਮੁਕੰਮਲ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਦੇਰੀ ਦੇ ਨਤੀਜੇ ਸਿਰਫ਼ ਲਾਗਤ ਵਿੱਚ ਵਾਧੇ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਇਸ ਨਾਲ ਨਾਗਰਿਕਾਂ, ਕਾਰੋਬਾਰਾਂ ਅਤੇ ਅਰਥ-ਵਿਵਸਥਾ ਲਈ ਨਿਰਧਾਰਤ ਲਾਭ ਵੀ ਦੇਰੀ ਨਾਲ ਮਿਲਦੇ ਹਨ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਵੱਖ-ਵੱਖ ਹਿੱਸਿਆਂ, ਭਾਗਾਂ ਜਾਂ ਪੈਕੇਜਾਂ ਵਜੋਂ ਨਹੀਂ, ਸਗੋਂ ਇੱਕ ਏਕੀਕ੍ਰਿਤ ਇਕਾਈ ਵਜੋਂ ਦੇਖਿਆ ਅਤੇ ਨਿਗਰਾਨੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀਗਤ ਪੈਕੇਜਾਂ ਵਿੱਚ ਹੋਈ ਤਰੱਕੀ ਦਾ ਅੰਤਿਮ ਨਤੀਜਾ ਪੂਰੇ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਚਾਲੂ ਕਰਨ ਦੇ ਰੂਪ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ। ਇਸ ਲਈ ਮੰਤਰਾਲਿਆਂ ਅਤੇ ਰਾਜਾਂ ਨੂੰ ਸ਼ੁਰੂ ਤੋਂ ਅੰਤ ਤੱਕ ਦੀ ਪਹੁੰਚ ਅਪਣਾਉਣ ਅਤੇ ਉਨ੍ਹਾਂ ਮਹੱਤਵਪੂਰਨ ਖਾਮੀਆਂ ਨੂੰ ਦੂਰ ਕਰਨ ਲਈ ਕਿਹਾ ਗਿਆ ਜੋ ਸਮੁੱਚੇ ਪ੍ਰੋਜੈਕਟ ਦੇ ਚਾਲੂ ਹੋਣ ਅਤੇ ਲਾਭ ਪ੍ਰਦਾਨ ਕਰਨ ਵਿੱਚ ਦੇਰੀ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਨੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਵਿੱਚ ਸਰਗਰਮ ਕੰਮਕਾਜੀ ਮਾਹੌਲ ਵਿਕਸਤ ਕਰਨ ਅਤੇ ਪ੍ਰੋਜੈਕਟ ਲਾਗੂ ਕਰਨ ਦੇ ਹਰ ਪੱਧਰ ’ਤੇ ਵਧੇਰੇ ਜ਼ੁੰਮੇਵਾਰੀ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਸੰਭਵ ਹੋਵੇ, ਖ਼ਾਸ ਕਰਕੇ ਵੱਡੇ ਆਵਾਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੇ ਸਮੇਂ ਬੁਨਿਆਦੀ ਢਾਂਚਾ ਸੇਵਾਵਾਂ ਲਈ ਸਾਂਝੇ ਉਪਯੋਗਤਾ ਗਲਿਆਰਿਆਂ ਦੀ ਸੰਭਾਵਨਾ ਖੋਜੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਤਰਾਲਿਆਂ ਅਤੇ ਰਾਜਾਂ ਨੂੰ ਤਕਨੀਕੀ ਅਤੇ ਆਰਥਿਕ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾ ਦੇ ਪੜਾਅ ’ਤੇ ਹੀ ਅਜਿਹੀਆਂ ਏਕੀਕ੍ਰਿਤ ਪਹੁੰਚਾਂ ਦੀ ਪੜਤਾਲ ਕਰਨ ਲਈ ਆਖਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟਾਂ ਦੇ ਅਮਲ ਦੀ ਰਫ਼ਤਾਰ ਦੇ ਨਾਲ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਮੰਤਰਾਲਿਆਂ, ਰਾਜਾਂ ਅਤੇ ਅਮਲ ਏਜੰਸੀਆਂ ਨੂੰ ਹਰ ਪੜਾਅ ’ਤੇ ਆਧੁਨਿਕ ਤਕਨਾਲੋਜੀਆਂ ਅਪਣਾਉਣ ਅਤੇ ਗੁਣਵੱਤਾ ਯਕੀਨੀ ਬਣਾਉਣ ਦੇ ਨਾਲ-ਨਾਲ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਖਿਆ।
ਡਿਜੀਟਲ ਖੇਤੀਬਾੜੀ ਮਿਸ਼ਨ ਅਧੀਨ ਐਗਰੀਸਟੈਕ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਡਾਟਾ ਤੋਂ ਵੱਧ ਤੋਂ ਵੱਧ ਲਾਭ ਹਾਸਲ ਕਰਨ ਲਈ ਮਸਨੂਈ ਬੁੱਧੀ ਸਮੇਤ ਨਵੀਨਤਮ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀ ਸਮੁੱਚੀ ਮੁੱਲ ਲੜੀ ਵਿੱਚ, ਇਨਪੁਟ ਯੋਜਨਾ ਤੋਂ ਲੈ ਕੇ ਪ੍ਰੋਸੈਸਿੰਗ ਤੱਕ, ਡਾਟਾ ਈਕੋਸਿਸਟਮ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਵਧੇਰੇ ਜਾਣਕਾਰੀ-ਅਧਾਰਿਤ ਦਖਲ, ਬਿਹਤਰ ਨਿਸ਼ਾਨਾਬੰਦੀ ਅਤੇ ਡਾਟਾ-ਅਧਾਰਿਤ ਫੈਸਲੇ ਲੈਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਐਗਰੀਸਟੈਕ ਈਕੋਸਿਸਟਮ ਦੇ ਨਿਰਮਾਣ ਵਿੱਚ ਰਾਜਾਂ ਅਤੇ ਕੇਂਦਰ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਲਈ ਬਿਹਤਰ ਨਤੀਜੇ ਪ੍ਰਦਾਨ ਕਰਨ ਵਾਸਤੇ ਇਸ ਦੀ ਵਰਤੋਂ ਨੂੰ ਹੋਰ ਮਜ਼ਬੂਤ ਕਰਨ ਲਈ ਆਖਿਆ।
ਸਾਈਬਰ ਧੋਖਾਧੜੀ ਦੇ ਮਾਮਲਿਆਂ, ਜਿਨ੍ਹਾਂ ਵਿੱਚ ‘ਡਿਜੀਟਲ ਅਰੇਸਟ’ ਦੀਆਂ ਘਟਨਾਵਾਂ ਵੀ ਸ਼ਾਮਲ ਹਨ, ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਖਲਾਈ, ਜਾਗਰੂਕਤਾ ਅਤੇ ਸਿੱਖਿਆ ’ਤੇ ਨਿਰੰਤਰ ਧਿਆਨ ਦੇ ਕੇ ਰੋਕਥਾਮ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਖ਼ਾਸ ਤੌਰ ’ਤੇ ਬਜ਼ੁਰਗ ਨਾਗਰਿਕਾਂ, ਨੌਜਵਾਨਾਂ ਅਤੇ ਹੋਰ ਕਮਜ਼ੋਰ ਵਰਗਾਂ ਲਈ ਲਗਾਤਾਰ ਅਤੇ ਨਿਸ਼ਾਨਾਬੱਧ ਜਨਤਕ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਆਮ ਧੋਖਾਧੜੀ ਦੇ ਤਰੀਕਿਆਂ, ਚੇਤਾਵਨੀ ਸੰਕੇਤਾਂ ਅਤੇ ਸੁਰੱਖਿਅਤ ਡਿਜੀਟਲ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਨੇ ਸਬੰਧਤ ਕਰਮਚਾਰੀਆਂ ਦੀ ਨਿਯਮਤ ਸਮਰੱਥਾ-ਨਿਰਮਾਣ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਸਾਈਬਰ ਧੋਖਾਧੜੀ ਦੇ ਉੱਭਰ ਰਹੇ ਢੰਗ-ਤਰੀਕਿਆਂ ਦੀ ਜਲਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
*********
ਐਮਜੇਪੀਐਸ/ਐਸਐਸ/ਵੀਜੇ
(Release ID: 2303624)
ਵਿਜ਼ੀਟਰ ਕਾਊਂਟਰ : 8
Read this release in:
Telugu
,
Malayalam
,
Bengali
,
Assamese
,
English
,
Urdu
,
Marathi
,
हिन्दी
,
Manipuri
,
Gujarati
,
Odia
,
Kannada