ਪ੍ਰਧਾਨ ਮੰਤਰੀ ਦਫਤਰ
azadi ka amrit mahotsav

2025 ਬੈਚ ਦੇ ਆਈਐੱਫਐੱਸ ਅਫ਼ਸਰ ਸਿਖਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਨੇ ਨੌਜਵਾਨ ਡਿਪਲੋਮੈਟਸ ਨੂੰ ਕਿਹਾ ਕਿ ਉਹ ਆਪਣੀ ਤਾਇਨਾਤੀ ਵਾਲੇ ਦੇਸ਼ਾਂ ਵਿੱਚ ਜ਼ਮੀਨੀ ਪੱਧਰ ’ਤੇ ਮਜ਼ਬੂਤ ਤਾਲਮੇਲ ਬਣਾਉਣ ਅਤੇ ਸਥਾਨਕ ਭਾਈਚਾਰਿਆਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ

ਪ੍ਰਧਾਨ ਮੰਤਰੀ ਨੇ ਅਫ਼ਸਰ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਦੁਨੀਆ ਨਾਲ ਭਾਰਤ ਦੇ ਆਰਥਿਕ ਸਬੰਧਾਂ ਨੂੰ ਵਧਾਉਣ ਵਿੱਚ ਅਹਿਮ ਕੜੀ ਦੀ ਭੂਮਿਕਾ ਨਿਭਾਉਣ

ਪ੍ਰਧਾਨ ਮੰਤਰੀ ਨੇ ਭਾਰਤੀ ਮਿਸ਼ਨਾਂ ਦੀ ਡਿਜੀਟਲ ਮੌਜੂਦਗੀ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਅਫ਼ਸਰ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀਆਂ ਸਭਿਅਕ, ਸਭਿਆਚਾਰਕ ਅਤੇ ਭੂਗੋਲਿਕ ਖ਼ੂਬੀਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਦੇਸ਼ ਨੂੰ ਇੱਕ ਆਕਰਸ਼ਕ ਆਲਮੀ ਸੈਰ-ਸਪਾਟਾ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ

Posted On: 24 AUG 2026 7:13PM by PIB Chandigarh

ਇੰਡੀਅਨ ਫੌਰਨ ਸਰਵਿਸ (ਆਈਐੱਫਐੱਸ) ਦੇ 2025 ਬੈਚ ਦੇ ਅਫ਼ਸਰ ਸਿਖਿਆਰਥੀਆਂ ਨੇ ਅੱਜ ਸੇਵਾ ਤੀਰਥ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਗਰੁੱਪ ਵਿੱਚ 50 ਆਈਐੱਫਐੱਸ ਅਫ਼ਸਰ ਸਿਖਿਆਰਥੀ ਸ਼ਾਮਲ ਸਨ, ਜੋ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਹਨ।

ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਨੌਜਵਾਨ ਡਿਪਲੋਮੈਟਸ ਨੂੰ ਕਿਹਾ ਕਿ ਉਹ ਆਪਣੀ ਤਾਇਨਾਤੀ ਵਾਲੇ ਦੇਸ਼ਾਂ ਵਿੱਚ ਜ਼ਮੀਨੀ ਪੱਧਰ ’ਤੇ ਮਜ਼ਬੂਤ ਤਾਲਮੇਲ ਬਣਾਉਣ ਅਤੇ ਸਥਾਨਕ ਭਾਈਚਾਰਿਆਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਮਿਸ਼ਨਾਂ ਨੂੰ ਨਾ ਸਿਰਫ਼ ਸਰਕਾਰਾਂ ਅਤੇ ਸੰਸਥਾਵਾਂ ਨਾਲ, ਸਗੋਂ ਭਾਈਚਾਰਕ ਪੱਧਰ ’ਤੇ ਲੋਕਾਂ ਨਾਲ ਵੀ ਸਾਰਥਕ ਰਿਸ਼ਤੇ ਬਣਾਉਣੇ ਚਾਹੀਦੇ ਹਨ। ਉਨ੍ਹਾਂ ਨੇ ਆਫਿਸਰ ਟਰੇਨੀਜ਼ ਨੂੰ ਰਵਾਇਤੀ ਕੂਟਨੀਤਕ ਦਾਇਰਿਆਂ ਤੋਂ ਅੱਗੇ ਵਧ ਕੇ ਆਪਣਾ ਨੈੱਟਵਰਕ ਵਧਾਉਣ ਅਤੇ ਲੋਕਾਂ ਨਾਲ ਸੰਪਰਕ ਡੂੰਘਾ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਦੀ ਆਲਮੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਦੀਆਂ ਸਭਿਅਕ ਖ਼ੂਬੀਆਂ ਨੂੰ ਤਕਨੀਕ, ਨਵੀਨਤਾ ਅਤੇ ਪ੍ਰਭਾਵਸ਼ਾਲੀ ਗੱਲਬਾਤ ਨਾਲ ਜੋੜਨ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਮੰਤਰੀ ਨੇ ਅਫ਼ਸਰ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਦੁਨੀਆ ਨਾਲ ਭਾਰਤ ਦੇ ਆਰਥਿਕ ਸਬੰਧਾਂ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਨੇ ਭਾਰਤੀ ਮਿਸ਼ਨਾਂ ਦੀ ਡਿਜੀਟਲ ਮੌਜੂਦਗੀ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੈੱਬਸਾਈਟ ਅਕਸਰ ਉਹ ਪਹਿਲਾ ਜ਼ਰ੍ਹੀਆ ਹੁੰਦੀ ਹੈ, ਜਿਸ ਰਾਹੀਂ ਲੋਕ ਕਿਸੇ ਸੰਸਥਾ ਨਾਲ ਜੁੜਦੇ ਹਨ। ਉਨ੍ਹਾਂ ਨੇ ਵਪਾਰਕ ਅਤੇ ਹੋਰ ਸੇਵਾਵਾਂ ਨੂੰ ਹੋਰ ਬਿਹਤਰ, ਤੇਜ਼ੀ ਨਾਲ ਕੰਮ ਕਰਨ ਵਾਲਾ ਅਤੇ ਨਾਗਰਿਕਾਂ ਲਈ ਆਸਾਨ ਬਣਾਉਣ ਵਾਸਤੇ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਅਫ਼ਸਰ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਭਾਰਤ ਦੀ ਸਭਿਅਤਾ, ਸੱਭਿਆਚਾਰ ਅਤੇ ਭੂਗੋਲਿਕ ਖ਼ੂਬੀਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਭਾਰਤ ਨੂੰ ਸੈਰ-ਸਪਾਟੇ ਲਈ ਇੱਕ ਆਕਰਸ਼ਕ ਜਗ੍ਹਾ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ। ਉਨ੍ਹਾਂ ਨੇ ਦੁਨੀਆ ਭਰ ਦੇ ਨੌਜਵਾਨਾਂ ਵਿੱਚ ਭਾਰਤ ਪ੍ਰਤੀ ਦਿਲਚਸਪੀ ਵਧਾਉਣ ਲਈ “ਭਾਰਤ ਕੋ ਜਾਨੀਏ” ਕੁਇਜ਼ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਅਤੇ ਅਜਿਹੀਆਂ ਪਹਿਲਕਦਮੀਆਂ ਨੂੰ ਹੋਰ ਦਿਲਚਸਪ ਬਣਾਉਣ ਲਈ ਏਆਈ ਅਤੇ ਗੇਮਿੰਗ ਦੀ ਵਰਤੋਂ ਨੂੰ ਹੁਲਾਰਾ ਦਿੱਤਾ।

ਅਫ਼ਸਰ ਸਿਖਿਆਰਥੀਆਂ ਨੇ ਆਪਣੀ ਸਿਖਲਾਈ ਅਤੇ ‘ਭਾਰਤ ਦਰਸ਼ਨ’ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਦੁਨੀਆ ਨਾਲ ਭਾਰਤ ਦੇ ਸਭਿਅਕ ਅਤੇ ਸਭਿਆਚਾਰਕ ਸਬੰਧਾਂ ਨੂੰ ਸਮਝਣ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ।

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2303050) ਵਿਜ਼ੀਟਰ ਕਾਊਂਟਰ : 5