ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਆਈਆਈਟੀ ਮਦਰਾਸ ਵਿਖੇ ਡਿਜੀਟਲ ਕਾਮਰਸ ਰਾਹੀਂ ਸਥਾਨਕ ਤੋਂ ਗਲੋਬਲ ਪੱਧਰ ‘ਤੇ ਐੱਮਐੱਸਐੱਮਈ ਨੂੰ ਸਮਰੱਥ ਬਣਾਉਣ ਲਈ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ


ਡੀਜੀਐੱਫਟੀ, ਈਸੀਜੀਸੀ, ਐਕਸਿਮ ਬੈਂਕ ਅਤੇ ਡਿਜੀਟਲ ਕਾਮਰਸ ਈਕੋਸਿਸਟਮ ਦੇ ਮਾਹਿਰਾਂ ਨੇ ਐੱਮਐੱਸਐੱਮਈ ਨਾਲ ਵਿਵਹਾਰਕ ਦ੍ਰਿਸ਼ਟੀਕੋਣ ਸਾਂਝੇ ਕੀਤੇ

Posted On: 20 AUG 2026 10:54AM by PIB Chandigarh

 ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ, ਐੱਮਐੱਸਐੱਮਈ ਵਿਕਾਸ ਅਤੇ ਸੁਵਿਧਾ ਦਫ਼ਤਰ, ਚੇਨਈ ਰਾਹੀਂ, ਆਈਆਈਟੀ ਮਦਰਾਸ, ਚੇਨਈ ਵਿਖੇ 18 ਅਗਸਤ ਨੂੰ ਆਈਆਈਟੀ ਮਦਰਾਸ ਦੇ ਉੱਦਮਤਾ ਸੈੱਲ ਦੇ ਸਹਿਯੋਗ ਨਾਲ "ਸਥਾਨਕ ਤੋਂ ਗਲੋਬਲ ਤੱਕ: ਡਿਜੀਟਲ ਕਾਮਰਸ ਦੁਆਰਾ ਨਿਰਯਾਤ ਲਈ ਤਿਆਰ ਐੱਮਐੱਸਐੱਮਈ ਨੂੰ ਸਮਰੱਥ ਬਣਾਉਣਾ" ਵਿਸ਼ੇ 'ਤੇ ਇੱਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ।

ਇਸ ਸੈਮੀਨਾਰ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਉੱਦਮੀਆਂ, ਵਿਦਿਆਰਥੀਆਂ, ਨੀਤੀ ਨਿਰਮਾਤਾਵਾਂ, ਵਿੱਤੀ ਸੰਸਥਾਵਾਂ, ਨਿਰਯਾਤ ਈਕੋਸਿਸਟਮ ਹਿੱਸੇਦਾਰਾਂ ਅਤੇ ਡਿਜੀਟਲ ਕਾਮਰਸ ਮਾਹਿਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ  ਤੱਕ ਪਹੁੰਚ ਬਣਾਉਣ ਦੇ ਵਿਵਹਾਰਕ ਤਰੀਕਿਆਂ ਦੀ ਪੜਚੋਲ ਕਰਨ ਲਈ ਸ਼ਾਮਲ ਹੋਏ। 

ਤਮਿਲ ਨਾਡੂ  ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਪ੍ਰਵੀਨ ਯਾਦਵ ਨੇ ਉਦਘਾਟਨੀ ਸੈਸ਼ਨ ਵਿੱਚ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਕਾਮਰਸ ਭੂਗੋਲਿਕ ਸੀਮਾਵਾਂ ਨੂੰ ਪਾਰ ਕਰਦੇ ਹੋਏ, ਸੂਖਮ, ਲਘੂਅਤੇ ਦਰਮਿਆਨੇ ਉੱਦਮਾਂ ਦੀ ਵਿਸ਼ਵ ਬਜ਼ਾਰਾਂ  ਤੱਕ ਪਹੁੰਚ ਨੂੰ ਬਦਲ ਰਿਹਾ ਹੈ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਮਜ਼ਬੂਤ ​​ਤਾਲਮੇਲ ਦੀ ਮੰਗ ਕੀਤੀ ਤਾਂ ਜੋ ਇੱਕ ਅਜਿਹਾ ਮਾਹੌਲ ਬਣਾਇਆ ਜਾ ਸਕੇ ਜੋ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਤੇਜ਼ ਕਰੇ। 

ਆਈਆਈਟੀ ਮਦਰਾਸ ਦੇ ਡੀਨ, ਆਈਸੀ ਐਂਡ ਐੱਸਆਰ, ਪ੍ਰੋਫੈਸਰ ਮਨੂ ਸੰਥਾਨਮ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਐੱਮਐੱਸਐੱਮਈ ਨੂੰ ਨਵੇਂ ਉਤਪਾਦਾਂ ਅਤੇ ਤਕਨਾਲੋਜੀਆਂ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਮਦਦ ਕਰਨ ਵਿੱਚ ਨਵੀਨਤਾ ਅਤੇ ਅਕਾਦਮਿਕ-ਉਦਯੋਗ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ।

ਸਟੇਟ ਇੰਡਸਟਰੀਅਲ ਡਿਵੈਲਪਮੈਂਟ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਕੌਂਸਲ ਦੇ ਡਾਇਰੈਕਟਰ ਜਨਰਲ ਸ਼੍ਰੀ ਹੰਸਰਾਜ ਵਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ  ਵਿੱਚ ਮੁਕਾਬਲੇਬਾਜ਼ੀ ਬਣਾਈ ਰੱਖਣ ਲਈ ਗੁਣਵੱਤਾ ਜ਼ਰੂਰੀ ਹੈ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਆਪਣੀ ਪਹੁੰਚ ਵਧਾਉਣ ਲਈ ਡਿਜੀਟਲਾਈਜ਼ੇਸ਼ਨ ਜ਼ਰੂਰੀ ਹੈ।

ਐੱਮਐੱਸਐੱਮਈ ਡੀਐੱਫਓ, ਚੇਨਈ ਦੇ ਡਾਇਰੈਕਟਰ ਅਤੇ ਮੁਖੀ ਸ਼੍ਰੀ ਧਿਆਲਨ ਨੇ ਮੁੱਖ ਭਾਸ਼ਣ ਨਾਲ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਐੱਮਐੱਸਐੱਮਈ ਡੀਐੱਫਓ, ਚੇਨਈ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੇਸ਼ਮਾ ਰਾਜੀਵਨ ਨੇ ਸਵਾਗਤੀ ਭਾਸ਼ਣ ਦਿੱਤਾ, ਸੈਮੀਨਾਰ ਲਈ ਸੰਦਰਭ ਪ੍ਰਦਾਨ ਕੀਤਾ ਅਤੇ ਘਰੇਲੂ ਬਜ਼ਾਰਾਂ ਤੋਂ ਵਿਸ਼ਵਵਿਆਪੀ ਮੌਕਿਆਂ ਵੱਲ ਤਬਦੀਲੀ ਵਿੱਚ ਐੱਮਐੱਸਐੱਮਈ ਦਾ ਸਮਰਥਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਇਹ ਸੈਮੀਨਾਰ ਅੰਤਰਰਾਸ਼ਟਰੀ ਵਪਾਰ ਦੇ ਬਦਲਦੇ ਦ੍ਰਿਸ਼ ਅਤੇ ਡਿਜੀਟਲ ਵਪਾਰ, ਤਕਨਾਲੋਜੀ, ਨਵੀਨਤਾ ਅਤੇ ਬਜ਼ਾਰ ਸਬੰਧਾਂ ਦੀ ਵਧਦੀ ਭੂਮਿਕਾ 'ਤੇ ਕੇਂਦ੍ਰਿਤ ਸੀ, ਜੋ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਭੂਗੋਲਿਕ ਸੀਮਾਵਾਂ ਤੋਂ ਪਰੇ ਗਾਹਕਾਂ ਤੱਕ ਪਹੁੰਚਣ ਦੇ ਯੋਗ ਬਣਾਉਂਦੇ ਹਨ।

 

ਤਕਨੀਕੀ ਸੈਸ਼ਨਾਂ ਵਿੱਚ ਡੀਜੀਐੱਫਟੀ, ਐਗਜ਼ਿਮ ਬੈਂਕ, ਈਸੀਜੀਸੀ, ਆਈਆਈਟੀ ਮਦਰਾਸ, ਨਿਰਯਾਤ ਅਤੇ ਈ-ਕਾਮਰਸ ਸਲਾਹਕਾਰ ਖੇਤਰਾਂ ਦੇ ਮਾਹਿਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਨਿਰਯਾਤ ਪ੍ਰਕਿਰਿਆਵਾਂ, ਵਪਾਰ ਵਿੱਤ, ਨਿਰਯਾਤ ਜੋਖਮ ਘਟਾਉਣ, ਬਜ਼ਾਰ ਪਛਾਣ, ਅੰਤਰਰਾਸ਼ਟਰੀ ਭੁਗਤਾਨ, ਪਾਲਣਾ, ਡਿਜੀਟਲ ਔਨਬੋਰਡਿੰਗ ਅਤੇ ਐੱਮਐੱਸਐੱਮਈਜ਼ ਨੂੰ ਵਿਸ਼ਵਵਿਆਪੀ ਬਾਜ਼ਾਰ ਪਹੁੰਚ ਲਈ ਈ-ਕਾਮਰਸ ਦਾ ਲਾਭ ਉਠਾਉਣ ਦੇ ਮੌਕਿਆਂ ਬਾਰੇ ਵਿਵਹਾਰਕ  ਜਾਣਕਾਰੀ ਪ੍ਰਦਾਨ ਕੀਤੀ।

ਇਹ ਵਿਚਾਰ-ਵਟਾਂਦਰੇ ਐੱਮਐੱਸਐੱਮਈ ਲਈ ਮਾਰਕੀਟ ਪਹੁੰਚ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦੇ ਸੰਦਰਭ ਵਿੱਚ ਵਿਸ਼ੇਸ਼ ਤੌਰ 'ਤੇ ਢੁਕਵੇਂ ਸਨ। ਐੱਮਐੱਸਐੱਮਈ ਮੰਤਰਾਲੇ ਦੀ ਖਰੀਦ ਅਤੇ ਮਾਰਕੀਟਿੰਗ ਸਹਾਇਤਾ ਯੋਜਨਾ ਵਿੱਚ ਸਮਰੱਥਾ-ਨਿਰਮਾਣ ਪਹਿਲਕਦਮੀਆਂ ਦੇ ਇੱਕ ਸਮਰਪਿਤ ਹਿੱਸੇ ਵਜੋਂ ਰਾਸ਼ਟਰੀ ਵਰਕਸ਼ਾਪਾਂ/ਕਾਨਫਰੰਸਾਂ ਸ਼ਾਮਲ ਹਨ, ਜਿਸਦਾ ਉਦੇਸ਼ ਐੱਮਐੱਸਐੱਮਈ ਨੂੰ ਮਾਰਕੀਟ ਪਹੁੰਚ, ਪੈਕੇਜਿੰਗ, ਆਯਾਤ-ਨਿਰਯਾਤ ਪ੍ਰਕਿਰਿਆਵਾਂ, ਈ-ਕਾਮਰਸ ਪਲੇਟਫਾਰਮਾਂ ਅਤੇ ਮਾਰਕੀਟ ਵਿਸਥਾਰ ਨਾਲ ਸਬੰਧਤ ਹੋਰ ਵਿਕਾਸਾਂ ਬਾਰੇ ਸੰਵੇਦਨਸ਼ੀਲ ਬਣਾਉਣਾ ਅਤੇ ਸਿੱਖਿਅਤ ਕਰਨਾ ਹੈ। ਚੇਨਈ ਵਿੱਚ ਆਯੋਜਿਤ ਰਾਸ਼ਟਰੀ ਸੈਮੀਨਾਰ ਇਸ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਐੱਮਐੱਸਐੱਮਈ ਨੂੰ ਡਿਜੀਟਲ ਕਾਮਰਸ ਅਤੇ ਨਿਰਯਾਤ ਤਿਆਰੀ 'ਤੇ ਮਾਹਿਰਾਂ ਤੋਂ ਸਿੱਧਾ ਸਲਾਹ-ਮਸ਼ਵਰਾ ਅਤੇ ਵਿਵਹਾਰਕ  ਗਿਆਨ ਪ੍ਰਾਪਤ ਕਰਨ ਦਾ ਮੌਕਾ ਮਿਲੀਆ।

ਇਸ ਸਿੰਪੋਜ਼ੀਅਮ ਨੇ ਵਿਦਿਆਰਥੀਆਂ ਅਤੇ ਚਾਹਵਾਨ ਉੱਦਮੀਆਂ ਨੂੰ ਡਿਜੀਟਲ ਕਾਮਰਸ, ਉੱਦਮਤਾ ਅਤੇ ਅੰਤਰਰਾਸ਼ਟਰੀ ਬਜ਼ਾਰਾਂ  ਵਿੱਚ ਉੱਭਰ ਰਹੇ ਮੌਕਿਆਂ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵੀ ਪ੍ਰਦਾਨ ਕੀਤਾ।

ਇਹ ਪ੍ਰੋਗਰਾਮ ਵਿਸ਼ੇਸ਼ ਮਹਿਮਾਨਾਂ, ਬੁਲਾਰਿਆਂ, ਮਾਹਿਰਾਂ, ਪੈਨਲਿਸਟਾਂ, ਭਾਗੀਦਾਰ ਐੱਮਐੱਸਐੱਮਈਜ਼, ਵਿਦਿਆਰਥੀਆਂ, ਭਾਈਵਾਲ ਸੰਸਥਾਵਾਂ ਅਤੇ ਪ੍ਰਬੰਧਕ ਟੀਮ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ।

ਐੱਮਐੱਸਐੱਮਈ ਮੰਤਰਾਲੇ ਦੀ ਇਹ ਪਹਿਲਕਦਮੀ ਐੱਮਐੱਸਐੱਮਈ ਲਈ ਮਾਰਕਿਟ ਪਹੁੰਚ ਨੂੰ ਮਜ਼ਬੂਤ ਕਰਨ, ਡਿਜੀਟਲ ਅਪਣਾਉਣ, ਨਿਰਯਾਤ ਤਿਆਰੀ ਅਤੇ ਸਹਾਇਤਾ ਨੂੰ ਮਜ਼ਬੂਤ ​​ਕਰਨ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ, ਇਸ ਤਰ੍ਹਾਂ ਭਾਰਤੀ ਉੱਦਮਾਂ ਨੂੰ "ਸਥਾਨਕ ਤੋਂ ਗਲੋਬਲ" ਬਣਾਉਣ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦੀ ਹੈ। 

************

ਸੁਨੀਲ ਕੁਮਾਰ ਤਿਵਾਰੀ/ਬਲਜੀਤ ਸਿੰਘ

E-Mail - hipessi[at]gmail[dot]com


(Release ID: 2302000) ਵਿਜ਼ੀਟਰ ਕਾਊਂਟਰ : 16