ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਹੁਨਰ ਵਿਕਾਸ ਅਤੇ ਕਾਰਜ ਖੇਤਰ ਵਿੱਚ ਅੱਗੇ ਵਧਣ ਲਈ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਨੇ ਭਾਰਤ ਅਤੇ ਜਪਾਨ ਦਰਮਿਆਨ ਹਿੱਸੇਦਾਰਾਂ ਦੀ ਬੈਠਕ ਬੁਲਾਈ
ਸਲਾਹ-ਮਸ਼ਵਰੇ ਵਿੱਚ ਈਐੱਸਡੀਪੀ, ਜਾਪਾਨੀ ਭਾਸ਼ਾ ਦੀ ਸਿਖਲਾਈ, ਮਾਲਕਾਂ ਨਾਲ ਸੰਪਰਕ ਅਤੇ ਉਦਯੋਗ-ਅਗਵਾਈ ਵਾਲੇ ਹੁਨਰ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਗਿਆ
प्रविष्टि तिथि:
14 AUG 2026 5:33PM by PIB Chandigarh
ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ (ਐੱਮਅੱਸਡੀਈ) ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ-ਜਾਪਾਨ ਹੁਨਰ ਵਿਕਾਸ ਹਿੱਸੇਦਾਰਾਂ ਦੀ ਬੈਠਕ ਦਾ ਆਯੋਜਨ ਕੀਤਾ । ਇਸ ਵਿੱਚ ਵਿਦੇਸ਼ ਮੰਤਰਾਲੇ, ਰਾਜ ਸਰਕਾਰਾਂ ਅਤੇ ਭੇਜਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਜਾਪਾਨ ਸਰਕਾਰ ਦੇ ਨੁਮਾਇੰਦੇ, ਜਾਪਾਨੀ ਉਦਯੋਗ ਜਗਤ ਦੇ ਨੁਮਾਇੰਦੇ, ਭਰਤੀ ਏਜੰਟ, ਸਿਖਲਾਈ ਭਾਈਵਾਲਾਂ ਅਤੇ ਹੋਰ ਮੁੱਖ ਹਿੱਸੇਦਾਰ ਸ਼ਾਮਲ ਹੋਏ। ਇਸ ਦਾ ਉਦੇਸ਼ ਭਾਰਤ ਅਤੇ ਜਾਪਾਨ ਵਿਚਕਾਰ ਹੁਨਰ ਵਿਕਾਸ ਅਤੇ ਕਾਰਜ ਖੇਤਰ ਵਿੱਚ ਅੱਗੇ ਵਧਣ ਲਈ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਸੀ।
ਮੀਟਿੰਗ ਦੌਰਾਨ 2025 ਵਿੱਚ ਆਯੋਜਿਤ 15ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੇ ਮੌਕੇ ’ਤੇ ਸਾਂਝੇ ਤੌਰ ’ਤੇ ਜਾਰੀ ‘ਭਾਰਤ-ਜਾਪਾਨ ਮਨੁੱਖੀ ਸਰੋਤ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਕਾਰਜ ਯੋਜਨਾ’ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਚਰਚਾ ਵਿੱਚ ਉਦਯੋਗ ਦੀਆਂ ਲੋੜਾਂ ਦੇ ਅਨੁਕੂਲ ਸਿਖਲਾਈ, ਜਾਪਾਨੀ ਭਾਸ਼ਾ ਅਤੇ ਸੱਭਿਆਚਾਰ ਦੀ ਤਿਆਰੀ, ਮਾਨਤਾ ਪ੍ਰਾਪਤ ਮੁਲਾਂਕਣ , ਮਾਲਕਾਂ ਨਾਲ ਮਜ਼ਬੂਤ ਸ਼ਮੂਲੀਅਤ ਅਤੇ ਦੋਵਾਂ ਦੇਸ਼ਾਂ ਦੇ ਅਦਾਰਿਆਂ ਵਿਚਕਾਰ ਬਿਹਤਰ ਤਾਲਮੇਲ ਰਾਹੀਂ ਭਾਰਤੀ ਨੌਜਵਾਨਾਂ ਨੂੰ ਜਾਪਾਨ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਤਿਆਰ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਮੀਟਿੰਗ ਨੂੰ ਹੁਨਰ ਵਿਕਾਸ ਅਤੇ ਉਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ; ਭਾਰਤ ਵਿੱਚ ਜਾਪਾਨ ਦੇ ਰਾਜਦੂਤ ਮਹਾਮਹਿਮ ਸ਼੍ਰੀ ਓਨੋ ਕੇਈਚੀ; ਵਿਦੇਸ਼ ਮੰਤਰਾਲੇ ਦੇ ਇਮੀਗ੍ਰੇਸ਼ਨ ਨੀਤੀ ਅਤੇ ਭਲਾਈ (ਈਪੀ ਐਂਡ ਡਬਲਯੂ) ਵਿਭਾਗ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਜੀਨਾ ਉਈਕਾ; ਐੱਮਐੱਸਡੀਈ ਸਕੱਤਰ ਸ਼੍ਰੀਮਤੀ ਦੇਬਾਸ਼੍ਰੀ ਮੁਖਰਜੀ; ਐੱਮਐੱਸਡੀਈ ਦੇ ਵਧੀਕ ਸਕੱਤਰ ਸ਼੍ਰੀ ਨਿਰੰਜਨ ਕੁਮਾਰ ਸੁਧਾਂਸ਼ੂ; ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਰੁਣ ਕੁਮਾਰ ਪਿਲਈ ਨੇ ਸੰਬੋਧਨ ਕੀਤਾ। ਵਿਚਾਰ-ਵਟਾਂਦਰੇ ਵਿੱਚ ਜੈਨਕਨ ਕਾਰਪੋਰੇਸ਼ਨ ਕੇਅਰ, ਸੋਮਪੋ ਕੇਅਰ, ਫੋਰਥ ਵੈਲੀ, ਕੋਨੋਈਕੇ ਗਰੁੱਪ ਅਤੇ ਟੋਇਓਟਾ ਕਿਰਲੋਸਕਰ ਦੇ ਨੁਮਾਇੰਦੇ ਵੀ ਹਾਜ਼ਰ ਸਨ। ਪ੍ਰੋਗਰਾਮ ਵਿੱਚ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਵੀ ਦਿਖਾਈ ਗਈ, ਜਿਸ ਵਿੱਚ ਜਾਪਾਨ ਵਿੱਚ ਸਿਖਲਾਈ ਪ੍ਰਾਪਤ ਕਰਕੇ ਰੋਜ਼ਗਾਰ ਹਾਸਲ ਕਰਨ ਵਾਲੇ ਭਾਰਤੀ ਉਮੀਦਵਾਰਾਂ ਦੇ ਤਜਰਬਿਆਂ ਨੂੰ ਪੇਸ਼ ਕੀਤਾ ਗਿਆ। ਇਸ ਪੇਸ਼ਕਾਰੀ ਰਾਹੀਂ ਮੌਜੂਦਾ ਸਹਿਯੋਗ ਢਾਂਚੇ ਦੇ ਠੋਸ ਨਤੀਜਿਆਂ ਨੂੰ ਉਜਾਗਰ ਕੀਤਾ ਗਿਆ।
ਮੀਟਿੰਗ ਦੌਰਾਨ ਹੁਨਰ ਵਿਕਾਸ ਅਤੇ ਉਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਕਿਹਾ, “ਭਾਰਤ ਦੇ ਨੌਜਵਾਨਾਂ ਨੂੰ ਸਹੀ ਹੁਨਰ, ਆਤਮ-ਵਿਸ਼ਵਾਸ ਅਤੇ ਤਿਆਰੀ ਨਾਲ ਵਿਸ਼ਵ-ਵਿਆਪੀ ਮੌਕਿਆਂ ਤੱਕ ਪਹੁੰਚਣ ਦੇ ਯੋਗ ਬਣਾਇਆ ਜਾਣਾ ਚਾਹੀਦਾ ਹੈ। ਸਾਡਾ ਧਿਆਨ ਸਿਰਫ਼ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਰਸਤਾ ਤਿਆਰ ਕਰਨ ਤੱਕ ਸੀਮਤ ਨਹੀਂ ਹੈ, ਬਲਕਿ ਇਹ ਯਕੀਨੀ ਬਣਾਉਣ ’ਤੇ ਵੀ ਹੈ ਕਿ ਹਰੇਕ ਉਮੀਦਵਾਰ ਢੁਕਵੇਂ ਤਕਨੀਕੀ ਹੁਨਰ, ਭਾਸ਼ਾ ਦੀ ਮੁਹਾਰਤ ਅਤੇ ਕੰਮ ਕਰਨ ਵਾਲੀ ਥਾਂ ਦੀ ਸਮਝ ਨਾਲ ਲੈਸ ਹੋਵੇ। ਉਨ੍ਹਾਂ ਨੇ ਕਿਹਾ ਕਿ ਜਾਪਾਨ ਨਾਲ ਸਾਂਝੇਦਾਰੀ ਮਜ਼ਬੂਤ ਉਦਯੋਗਿਕ ਭਾਗੀਦਾਰੀ ਨਾਲ ਸੁਚਾਰੂ ਰਸਤੇ ਤਿਆਰ ਕਰਨ ਦਾ ਮੌਕਾ ਦਿੰਦੀ ਹੈ ਅਤੇ ਇਹਨਾਂ ਚਰਚਾਵਾਂ ਨਾਲ ਭਾਰਤੀ ਨੌਜਵਾਨਾਂ ਲਈ ਮੌਕਿਆਂ ਦੇ ਵਿਸਥਾਰ ਦੇ ਉਦੇਸ਼ ਨੂੰ ਇੱਕ ਸਪੱਸ਼ਟ ਕਾਰਜ-ਯੋਜਨਾ ਵਿੱਚ ਬਦਲਣ ਵਿੱਚ ਮਦਦ ਮਿਲੇਗੀ।
ਮੁੱਖ ਭਾਸ਼ਣ ਵਿੱਚ, ਭਾਰਤ ਵਿੱਚ ਜਾਪਾਨ ਦੇ ਰਾਜਦੂਤ ਮਹਾਮਹਿਮ ਸ਼੍ਰੀ ਓਨੋ ਕੇਈਚੀ ਨੇ ਕਿਹਾ, “ਜਾਪਾਨ ਅਤੇ ਭਾਰਤ ਵਿੱਚ ਇੱਕ-ਦੂਜੇ ਦੀਆਂ ਪੂਰਕ ਸਮਰੱਥਾਵਾਂ ਹਨ। ਜਾਪਾਨ ਵਿੱਚ ਹੁਨਰਮੰਦ ਕਾਮਿਆਂ (ਮਨੁੱਖੀ ਸਰੋਤਾਂ) ਦੀ ਵਧਦੀ ਮੰਗ ਭਾਰਤ ਦੇ ਵਿਸ਼ਾਲ ਨੌਜਵਾਨ ਪ੍ਰਤਿਭਾ ਸਮੂਹ ਦੇ ਅਨੁਕੂਲ ਹੈ। ਇਹਨਾਂ ਸਮਰੱਥਾਵਾਂ ਨੂੰ ਢੁਕਵੇਂ ਕੌਸ਼ਲ ਵਿਕਾਸ, ਜਾਪਾਨੀ ਭਾਸ਼ਾ ਦੀ ਸਿਖਲਾਈ ਅਤੇ ਭਰੋਸੇਯੋਗ ਰੋਜ਼ਗਾਰ ਰਸਤਿਆਂ ਰਾਹੀਂ ਜੋੜਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਸਰਕਾਰ, ਉਦਯੋਗ ਅਤੇ ਸਿਖਲਾਈ ਸੰਸਥਾਵਾਂ ਨੂੰ ਵਪਾਰਕ/ਵਿਹਾਰਕ ਸਹਿਯੋਗ ਲਈ ਇੱਕ ਮੰਚ ’ਤੇ ਲਿਆਉਣ ਦੇ ਐੱਮਐੱਸਡੀਈ ਦੇ ਯਤਨਾਂ ਦਾ ਸਵਾਗਤ ਕੀਤਾ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਲੋਕਾਂ-ਨਾਲ-ਲੋਕਾਂ (ਲੋਕ ਸੰਪਰਕ) ਦੇ ਸੰਬੰਧ ਹੋਰ ਮਜ਼ਬੂਤ ਹੋਣਗੇ।
ਐੱਮਐੱਸਡੀਈ ਸਕੱਤਰ ਦੇਬਾਸ਼੍ਰੀ ਮੁਖਰਜੀ ਨੇ ਕਿਹਾ ਕਿ “ਕਾਰਜ ਯੋਜਨਾ ਇੱਕ ਸਪੱਸ਼ਟ ਦਿਸ਼ਾ ਪ੍ਰਦਾਨ ਕਰਦੀ ਹੈ ਅਤੇ ਤੁਰੰਤ ਲੋੜ ਇਸ ਨੂੰ ਸਾਰੇ ਭਾਈਵਾਲਾਂ ਵਿਚਕਾਰ ਤਾਲਮੇਲ ਵਾਲੇ ਅਮਲ ਵਿੱਚ ਬਦਲਣ ਦੀ ਹੈ। ਉਨ੍ਹਾਂ ਨੇ ਉਮੀਦਵਾਰਾਂ ਦੇ ਜੁੜਨ (ਲਾਮਬੰਦੀ), ਖੇਤਰ-ਵਿਸ਼ੇਸ਼ ਹੁਨਰ, ਭਾਸ਼ਾ ਸਿਖਲਾਈ, ਮੁਲਾਂਕਣ ਪ੍ਰਣਾਲੀਆਂ, ਰਵਾਨਗੀ ਤੋਂ ਪਹਿਲਾਂ ਦੀ ਤਿਆਰੀ ਅਤੇ ਮਾਲਕਾਂ ਦੀ ਮੰਗ ਵਿਚਕਾਰ ਬਿਹਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮਸ਼ਵਰੇ ਨਾਲ ਮੰਤਰਾਲਿਆਂ, ਰਾਜਾਂ, ਸਿਖਲਾਈ ਸੰਸਥਾਵਾਂ, ਭੇਜਣ ਵਾਲੀਆਂ ਸੰਸਥਾਵਾਂ ਅਤੇ ਉਦਯੋਗ ਵਿਚਕਾਰ ਜ਼ਿੰਮੇਵਾਰੀਆਂ ਨੂੰ ਸਪੱਸ਼ਟ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਦੁਹਰਾਇਆ ਕਿ ਐੱਮਐੱਸਡੀਈ ਦਾ ਧਿਆਨ ਗੁਣਵੱਤਾ, ਸਾਰਥਕਤਾ ਅਤੇ ਨਤੀਜਿਆਂ ’ਤੇ ਕੇਂਦਰਿਤ ਰਹੇਗਾ, ਤਾਂ ਜੋ ਉਮੀਦਵਾਰ ਪੂਰੀ ਤਰ੍ਹਾਂ ਤਿਆਰ ਹੋਣ ਅਤੇ ਮਾਲਕਾਂ ਨੂੰ ਉਨ੍ਹਾਂ ਦੇ ਹੁਨਰ ’ਤੇ ਭਰੋਸਾ ਹੋਵੇ।
ਇਸ ਮੀਟਿੰਗ ਵਿੱਚ ਭਾਰਤ ਅਤੇ ਜਾਪਾਨ ਦੇ ਵੱਖ-ਵੱਖ ਖੇਤਰਾਂ ਦੇ ਹਿੱਤਧਾਰਕਾਂ ਨੇ ਵਿਆਪਕ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ, ਵਿਦੇਸ਼ ਮੰਤਰਾਲੇ, ਇਮੀਗ੍ਰੇਸ਼ਨ ਨੀਤੀ ਅਤੇ ਭਲਾਈ (ਈਪੀਡਬਲਿਊ) ਡਿਵੀਜ਼ਨ, ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ, ਰਾਜ ਹੁਨਰ ਅਤੇ ਕਿਰਤ ਵਿਭਾਗ, ਰਾਜ ਭਰਤੀ ਏਜੰਸੀਆਂ, ਅਤੇ ਤਕਨੀਕੀ ਇੰਟਰਨ ਸਿਖਲਾਈ ਪ੍ਰੋਗਰਾਮ (ਟੀਆਈਟੀਪੀ) ਦੇ ਅਧੀਨ ਸੂਚੀਬੱਧ ਭੇਜਣ ਵਾਲੇ ਸੰਗਠਨ ਸ਼ਾਮਲ ਸਨ। ਜਾਪਾਨੀ ਪੱਖ ਤੋਂ, ਭਾਰਤ ਵਿੱਚ ਜਾਪਾਨ ਦੇ ਦੂਤਾਵਾਸ, ਜਾਪਾਨ ਫਾਊਂਡੇਸ਼ਨ, ਜਾਪਾਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ (ਜੇਆਈਸੀਏ), ਜਾਪਾਨ ਬਾਹਰੀ ਵਪਾਰ ਸੰਗਠਨ (ਜੇਈਟੀਆਰਓ), ਜਾਪਾਨ ਅੰਤਰਰਾਸ਼ਟਰੀ ਸਿਖਲਾਈ ਅਤੇ ਹੁਨਰਮੰਦ ਵਰਕਰ ਸਹਿਯੋਗ ਸੰਗਠਨ, ਭਾਰਤ ਵਿੱਚ ਜਾਪਾਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਅਤੇ ਜਾਪਾਨ ਸਰਕਾਰ ਦੇ ਅਰਥਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ (ਐੱਮਈਟੀਆਈ) ਨੇ ਹਿੱਸਾ ਲਿਆ। ਇਸ ਤਰ੍ਹਾਂ ਨੀਤੀ, ਹੁਨਰ ਵਿਕਾਸ, ਸਿਖਲਾਈ, ਭਰਤੀ ਅਤੇ ਮਾਲਕਾਂ ਦੇ ਦ੍ਰਿਸ਼ਟੀਕੋਣਾਂ ਨੂੰ ਇੱਕੋ ਪਲੇਟਫ਼ਾਰਮ ’ਤੇ ਇਕੱਠੇ ਕੀਤਾ ਗਿਆ।
ਮਸ਼ਵਰੇ ਦੇ ਤਿੰਨ ਸੈਸ਼ਨਾਂ ਵਿੱਚ ਭਾਰਤ-ਜਾਪਾਨ ਹੁਨਰ ਸਹਿਯੋਗ ਦੇ ਮੁੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ । ਪਹਿਲੇ ਸੈਸ਼ਨ ਵਿੱਚ ਤਕਨੀਕੀ ਇੰਟਰਨ ਸਿਖਲਾਈ ਪ੍ਰੋਗਰਾਮ (ਟੀਆਈਟੀਪੀ), ਨਿਰਧਾਰਿਤ ਹੁਨਰਮੰਦ ਕਾਮਿਆਂ (ਐੱਸਐੱਸਡਬਲਿਊ), ਅਤੇ ਆਉਣ ਵਾਲੇ ਰੁਜ਼ਗਾਰ ਪ੍ਰੋਗਰਾਮ (ਈਐੱਸਡੀਪੀ) ਦੇ ਤਹਿਤ ਹੁਨਰ ਵਿਕਾਸ ਮਾਰਗਾਂ ਦੀ ਸਮੀਖਿਆ ਕੀਤੀ ਗਈ। ਇਸ ਵਿੱਚ ਲਾਗੂਕਰਨ ਢਾਂਚਿਆਂ, ਆਪਸੀ ਤਾਲਮੇਲ ਦੇ ਖੇਤਰਾਂ ਅਤੇ ਈ.ਐਸ.ਡੀ.ਪੀ ਦੀਆਂ ਤਿਆਰੀਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਦੂਜੇ ਸੈਸ਼ਨ ਵਿੱਚ ਮਨੁੱਖੀ ਸਰੋਤਾਂ ਦੇ ਅਦਾਨ-ਪ੍ਰਦਾਨ ਸੰਬੰਧੀ ਕਾਰਜ ਯੋਜਨਾ ’ਤੇ ਚਰਚਾ ਹੋਈ ।ਇਸ ਵਿੱਚ ਜਾਪਾਨੀ ਭਾਸ਼ਾ ਦੀ ਸਿਖਲਾਈ ਦਾ ਵਿਸਥਾਰ, ਖੇਤਰ-ਵਿਸ਼ੇਸ਼ ਪਾਠਕ੍ਰਮ, ਮੁਲਾਂਕਣ ਤੱਕ ਪਹੁੰਚ ਅਤੇ ਕੇਂਦਰ, ਰਾਜਾਂ, ਉਦਯੋਗ ਅਤੇ ਸਿਖਲਾਈ ਸੰਸਥਾਵਾਂ ਵਿਚਕਾਰ ਬਿਹਤਰ ਤਾਲਮੇਲ ਵਰਗੇ ਵਿਸ਼ਿਆਂ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ।
ਤੀਜੇ ਸੈਸ਼ਨ ਵਿੱਚ ਜਾਪਾਨੀ ਭਰਤੀ ਕੰਪਨੀਆਂ ਅਤੇ ਮਾਲਕਾਂ ਨੂੰ ਹਿੱਸੇਦਾਰਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਵਿੱਚ ਕਿੱਤਾਮੁਖੀ ਹੁਨਰ, ਭਾਸ਼ਾ ਦੀ ਮੁਹਾਰਤ, ਕੰਮ ਵਾਲੀ ਥਾਂ ਲਈ ਤਿਆਰੀ ਅਤੇ ਉਮੀਦਵਾਰਾਂ ਨੂੰ ਸਹਾਇਤਾ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਅਸਲ-ਸਮੇਂ ਵਿੱਚ ਉਦਯੋਗ ਮੰਗ ਅਨੁਸਾਰ ਹੁਨਰ ਵਿਕਾਸ ’ਤੇ ਜ਼ੋਰ ਦਿੱਤਾ ਗਿਆ। ਸਾਰੇ ਸੈਸ਼ਨਾਂ ਵਿੱਚ ਵਿਚਾਰਾਂ ਦੇ ਆਧਾਰ ’ਤੇ, ਈਐੱਸਡੀਪੀ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਮਜ਼ਬੂਤ ਕਰਨ ਅਤੇ ਭਾਰਤ ਅਤੇ ਜਾਪਾਨ ਵਿਚਕਾਰ ਪ੍ਰਭਾਵਸ਼ਾਲੀ ਕਾਰਜਬਲ (ਵਰਕਫੋਰਸ )ਮਾਰਗ ਵਿਕਸਤ ਕਰਨ ਲਈ ਸਮੂਹਿਕ ਕਾਰਵਾਈ ਦੇ ਮੁੱਖ ਖੇਤਰਾਂ ਦੀ ਪਛਾਣ ਕੀਤੀ ਗਈ।
ਮਸ਼ਵਰੇ ਦਾ ਇੱਕ ਮੁੱਖ ਨਤੀਜਾ ਐੱਮਐੱਸਡੀਈ ਦੀ ਅਗਵਾਈ ਹੇਠ ਇੱਕ ਵਿਆਪਕ ਭਾਰਤ-ਜਾਪਾਨ ਹੁਨਰ ਰੋਡਮੈਪ ਵਿਕਸਤ ਕਰਨ ਦਾ ਫ਼ੈਸਲਾ ਰਿਹਾ, ਜੋ ਕਾਰਜ ਯੋਜਨਾ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਈ.ਐਸ.ਡੀ.ਪੀ ਲਈ ਤਿਆਰੀ ਨੂੰ ਯਕੀਨੀ ਬਣਾਏਗਾ। ਇਹ ਰੋਡਮੈਪ ਈ.ਐਸ.ਡੀ.ਪੀ ਦੇ ਅਧੀਨ ਮਾਰਗਾਂ ਅਤੇ ਟੀਆਈਟੀਪੀ ਅਤੇ ਐੱਸਐੱਸ ਡਬਲਿਊ ਵਰਗੇ ਮੌਜੂਦਾ ਮਾਰਗਾਂ ਨਾਲ ਇਸ ਦੇ ਤਾਲਮੇਲ ਨੂੰ ਵਧੇਰੇ ਸਪਸ਼ਟਤਾ ਪ੍ਰਦਾਨ ਕਰੇਗਾ। ਨਾਲ ਹੀ, ਇਸ ਵਿੱਚ ਉਮੀਦਵਾਰਾਂ ਨੂੰ ਜੋੜਨ , ਤਕਨੀਕੀ ਅਤੇ ਖੇਤਰ-ਵਿਸ਼ੇਸ਼ ਸਿਖਲਾਈ, ਜਾਪਾਨੀ ਭਾਸ਼ਾ ਅਤੇ ਸਭਿਆਚਾਰਕ ਨਾਲ ਸੰਬੰਧਿਤ ਤਿਆਰੀ, ਮੁਲਾਂਕਣ ਪ੍ਰਣਾਲੀਆਂ, ਮਾਲਕਾਂ ਨਾਲ ਤਾਲਮੇਲ (ਸ਼ਮੂਲੀਅਤ), ਅਤੇ ਰਵਾਨਗੀ ਤੋਂ ਪਹਿਲਾਂ ਦੀ ਤਿਆਰੀ ਨਾਲ ਸਬੰਧਿਤ ਕਾਰਜਾਂ ਨੂੰ ਜੋੜਿਆ ਜਾਵੇਗਾ।
ਮੀਟਿੰਗ ਵਿੱਚ ਮੁੱਖ ਲਾਗੂਕਰਨ ਤਰਜੀਹਾਂ ਅਤੇ ਸੰਚਾਲਨ ਸੰਬੰਧੀ ਕਮੀਆਂ ਦੀ ਵੀ ਪਛਾਣ ਕੀਤੀ ਗਈ । ਇਨ੍ਹਾਂ ਵਿੱਚ ਜਾਪਾਨੀ ਭਾਸ਼ਾ ਸਿਖਲਾਈ ਦਾ ਵਿਸਥਾਰ, ਮੁਲਾਂਕਣ ਸੰਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪ੍ਰਮਾਣਿਤ ਮਾਰਗਾਂ ਬਾਰੇ ਜਾਗਰੂਕਤਾ ਵਧਾਉਣਾ, ਰਾਜਾਂ, ਭੇਜਣ ਵਾਲੀਆਂ ਸੰਸਥਾਵਾਂ, ਸਿਖਲਾਈ ਸੰਸਥਾਵਾਂ ਅਤੇ ਉਦਯੋਗ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣਾ ਅਤੇ ਜਾਪਾਨੀ ਮਾਲਕਾਂ ਦੇ ਹੁਨਰ, ਭਾਸ਼ਾ ਦੀ ਮੁਹਾਰਤ ਅਤੇ ਕੰਮ ਵਾਲੀ ਥਾਂ ਦੀ ਤਿਆਰੀ ਸੰਬੰਧੀ ਜ਼ਰੂਰਤਾਂ ਅਨੁਸਾਰ ਸਿਖਲਾਈ ਨੂੰ ਤਿਆਰ ਕਰਨਾ ਸ਼ਾਮਲ ਹੈ।
ਇਹ ਰੋਡਮੈਪ ਥੋੜ੍ਹੇ ਸਮੇਂ, ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦੀਆਂ ਕਾਰਵਾਈਆਂ ਦੀ ਰੂਪਰੇਖਾ ਤਿਆਰ ਕਰੇਗਾ। ਇਸ ਵਿੱਚ ਮੰਤਰਾਲਿਆਂ, ਰਾਜ ਸਰਕਾਰਾਂ, ਲਾਗੂਕਰਨ ਏਜੰਸੀਆਂ, ਸਿਖਲਾਈ ਸੰਸਥਾਵਾਂ ਅਤੇ ਉਦਯੋਗ ਲਈ ਸਪੱਸ਼ਟ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ ਅਤੇ ਮਾਪਣਯੋਗ ਨਿਸ਼ਾਨਿਆਂ ਅਤੇ ਇੱਕ ਸੁਚਾਰੂ ਸ਼ਾਸਨ ਅਤੇ ਸਮੀਖਿਆ ਵਿਧੀ ਦਾ ਪ੍ਰਬੰਧ ਹੋਵੇਗਾ। ਇਸ ਨਾਲ ਈ.ਐਸ.ਡੀ.ਪੀ ਦੇ ਲਾਗੂਕਰਨ ਨੂੰ ਮਜ਼ਬੂਤ ਕਰਨ, ਮਾਲਕਾਂ ਨਾਲ ਤਾਲਮੇਲ (ਸ਼ਮੂਲੀਅਤ) ਨੂੰ ਡੂੰਘਾ ਕਰਨ ਅਤੇ ਭਾਰਤ ਅਤੇ ਜਾਪਾਨ ਵਿਚਕਾਰ ਵਧੇਰੇ ਪ੍ਰਭਾਵਸ਼ਾਲੀ ਕਾਰਜਬਲ (ਵਰਕਫੋਰਸ)ਮਾਰਗ ਵਿਕਸਤ ਕਰਨ ਲਈ ਇੱਕ ਬਹੁ-ਹਿੱਸੇਦਾਰ ਢਾਂਚਾ ਉਪਲਬਧ ਹੋਵੇਗਾ ।







*****
ਐੱਸਐੱਚ
(रिलीज़ आईडी: 2300500)
आगंतुक पटल : 6