ਰੱਖਿਆ ਮੰਤਰਾਲਾ
ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਰੱਖਿਆ ਪ੍ਰਣਾਲੀ ਵਿੱਚ ਫੌਜੀ ਅਤੇ ਨਾਗਰਿਕ ਸਹਿਯੋਗ ਬਹੁਤ ਮਹੱਤਵਪੂਰਨ ਹੈ: ਰਕਸ਼ਾ ਮੰਤਰੀ
'ਨੈਸ਼ਨ ਫਸਟ' ਦੀ ਧਾਰਨਾ ਫੌਜੀ ਅਤੇ ਸਿਵਿਲ ਸਰਵਿਸਿਜ਼ ਦੀ ਸਾਂਝੀ ਵਚਨਬੱਧਤਾ ਹੈ; ਜੇਕਰ ਟੀਚਾ ਇੱਕ ਹੋਵੇ, ਤਾਂ ਹਰ ਤੱਤ ਰਾਸ਼ਟਰੀ ਸ਼ਕਤੀ ਵਿੱਚ ਬਦਲ ਜਾਂਦਾ ਹੈ
ਆਰਮਡ ਫੋਰਸਿਜ਼ ਹੈੱਡਕੁਆਰਟਰ ਦੀਆਂ ਸਿਵਿਲੀਅਨ ਸਰਵਿਸਿਜ਼ ਨੂੰ ਦੇਸ਼ ਦੇ ਰੱਖਿਆ ਪ੍ਰਬੰਧਨ ਦੇ ਰਣਨੀਤਕ ਕੇਂਦਰ ਵੱਜੋਂ ਵਿਕਸਿਤ ਹੋਣਾ ਚਾਹੀਦਾ ਹੈ, ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਖੋਜ, ਭੂ-ਰਣਨੀਤਕ ਸੋਚ ਅਤੇ ਨਵੀਨਤਾਕਾਰੀ ਵਿਚਾਰਾਂ ਦੀ ਮਹੱਤਵਪੂਰਨ ਭੂਮਿਕਾ ਹੈ
प्रविष्टि तिथि:
03 AUG 2026 2:35PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਦੇ ਫੌਜੀ ਅਤੇ ਨਾਗਰਿਕ ਕੰਪੋਨੈਂਟਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇਹ ਗੱਲ ਅਜਿਹੇ ਸਮੇਂ ਵਿੱਚ ਕੀਤੀ ਹੈ ਜਦੋਂ ਰੱਖਿਆ ਬਲ ਨਵੇਂ ਉਤਸ਼ਾਹ ਨਾਲ ਬਿਹਤਰ ਤਾਲਮੇਲ ਦੇ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਰਕਸ਼ਾ ਮੰਤਰੀ ਦੀ ਇਸ ਅਪੀਲ ਦਾ ਉਦੇਸ਼ ਸੁਰੱਖਿਆ ਅਤੇ ਤਕਨੀਕੀ ਚੁਣੌਤੀਆਂ ਨਾਲ ਨਜਿੱਠਣ ਲਈ ਰੱਖਿਆ ਤੰਤਰ ਵਿੱਚ ਵਧੇਰੇ ਤਾਲਮੇਲ ਸਥਾਪਿਤ ਕਰਨਾ, ਸੰਸਥਾਗਤ ਯਾਦ, ਸਥਿਰਤਾ ਅਤੇ ਨਿਯਮਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੈ। 3 ਅਗਸਤ, 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ 85ਵੇਂ ਆਰਮਡ ਫੋਰਸਿਜ਼ ਹੈੱਡਕੁਆਰਟਰ (AFHQ) ਸਿਵਿਲੀਅਨ ਸਰਵਿਸਿਜ਼ ਡੇਅ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫੌਜੀ ਅਤੇ ਨਾਗਰਿਕ ਸੇਵਾਵਾਂ ਦੋਵੇਂ ਹੀ 'ਨੈਸ਼ਨ ਫਸਟ' ਪ੍ਰਤੀ ਬਰਾਬਰ ਵਚਨਬੱਧ ਹਨ ਅਤੇ ਜਦੋਂ ਉਦੇਸ਼ ਇੱਕ ਹੀ ਹੁੰਦਾ ਹੈ ਤਾਂ ਪ੍ਰਣਾਲੀ ਦਾ ਹਰੇਕ ਤੱਤ ਰਾਸ਼ਟਰੀ ਸ਼ਕਤੀ ਵਿੱਚ ਤਬਦੀਲ ਹੋ ਜਾਂਦਾ ਹੈ।
ਰਕਸ਼ਾ ਮੰਤਰੀ ਨੇ ਕਿਹਾ ਕਿ ਫੌਜੀ ਅਤੇ ਪ੍ਰਸ਼ਾਸਕੀ ਸਹਿਯੋਗ ਵੱਖ-ਵੱਖ ਰਸਤਿਆਂ 'ਤੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਸਾਂਝੇ ਅਤੇ ਏਕੀਕ੍ਰਿਤ ਢਾਂਚਿਆਂ ਦੇ ਵਿਕਾਸ ਦੇ ਨਾਲ-ਨਾਲ ਨੀਤੀ, ਪ੍ਰਸ਼ਾਸਨ, ਮਨੁੱਖੀ ਸਰੋਤ ਪ੍ਰਬੰਧਨ, ਵਿੱਤੀ ਪ੍ਰਕਿਰਿਆਵਾਂ, ਲੌਜਿਸਟਿਕਸ ਅਤੇ ਸੰਸਥਾਗਤ ਗਿਆਨ ਸਮੇਤ ਸਾਰੇ ਖੇਤਰਾਂ ਵਿੱਚ ਨਿਰੰਤਰਤਾ ਅਤੇ ਮੁਹਾਰਤ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਨਾਗਰਿਕ ਅਤੇ ਫੌਜੀ ਅਧਿਕਾਰੀਆਂ ਵਿਚਕਾਰ ਆਪਸੀ ਤਾਲਮੇਲ ਨੂੰ ਹੋਰ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਦੋਵਾਂ ਧਿਰਾਂ ਲਈ ਸਾਂਝੇ ਸਿਖਲਾਈ ਪ੍ਰੋਗਰਾਮਾਂ ਅਤੇ ਵਿਕਾਸ ਕਾਰਜਾਂ ਨੂੰ ਸੌਂਪੇ ਜਾਣ ਦਾ ਸੁਝਾਅ ਦਿੱਤਾ ਤਾਂ ਜੋ ਉਹ ਇੱਕ-ਦੂਜੇ ਦੇ ਤਜ਼ਰਬਿਆਂ ਤੋਂ ਸਿੱਖ ਸਕਣ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਫੌਜੀ ਅਧਿਕਾਰੀ ਸੰਚਾਲਨ ਅਨੁਭਵ, ਕਮਾਂਡ ਦਾ ਦ੍ਰਿਸ਼ਟੀਕੋਣ ਅਤੇ ਯੁੱਧ ਦੀ ਸਮਝ ਲਿਆਉਂਦੇ ਹਨ, ਜਦੋਂ ਕਿ ਸਿਵਿਲੀਅਨ ਅਧਿਕਾਰੀ ਪ੍ਰਸ਼ਾਸਨਿਕ ਨਿਰੰਤਰਤਾ, ਨੀਤੀਗਤ ਅਨੁਭਵ, ਸਰਕਾਰੀ ਪ੍ਰਕਿਰਿਆਵਾਂ ਦੀ ਸਮਝ ਅਤੇ ਸੰਸਥਾਗਤ ਯਾਦ ਰਾਹੀਂ ਯੋਗਦਾਨ ਦਿੰਦੇ ਹਨ। ਜਦੋਂ ਇਹ ਸ਼ਕਤੀਆਂ ਇਕੱਠੀਆਂ ਹੁੰਦੀਆਂ ਹਨ, ਤਾਂ ਫੈਸਲਾ ਲੈਣਾ ਵਧੇਰੇ ਸੰਤੁਲਿਤ ਅਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ।
ਰਕਸ਼ਾ ਮੰਤਰੀ ਨੇ 'ਸਾਈਬਰ ਯੁੱਧ' ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਆਰਮਡ ਫੋਰਸਿਜ਼ ਹੈੱਡਕੁਆਰਟਰ ਸਿਵਿਲੀਅਨ ਸਰਵਿਸਿਜ਼ ਦੇ ਅਧਿਕਾਰੀ ਆਪਣੀ ਮੁਹਾਰਤ ਦੀ ਵਰਤੋਂ ਕਰਦੇ ਹੋਏ ਰੱਖਿਆ-ਵਿਸ਼ੇਸ਼ ਸਾਂਝੇ ਸਾਈਬਰ ਟੂਲ ਵਿਕਸਿਤ ਕਰਨ, ਤਾਂ ਇਹ ਰੱਖਿਆ ਬਲਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਫੌਜੀ ਇਤਿਹਾਸ ਦੇ ਅਧਿਐਨ ਲਈ ਇੱਕ ਪਲੈਟਫਾਰਮ ਵਿਕਸਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਨਾਗਰਿਕ ਦ੍ਰਿਸ਼ਟੀਕੋਣ ਤੋਂ ਇਸ ਦੇ ਵਿਸ਼ਲੇਸ਼ਣ ਨਾਲ ਨਵੇਂ ਵਿਚਾਰ ਅਤੇ ਦ੍ਰਿਸ਼ਟੀਕੋਣ ਵਿਕਸਿਤ ਹੋ ਸਕਣ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਖੇਤਰਾਂ ਵਿੱਚ ਮੁਹਾਰਤ ਦਾ ਲਾਭ ਚੁੱਕ ਕੇ ਹਵਾਈ ਸੈਨਾ ਦੇ ਮੁੱਖ ਦਫਤਰ ਦੇ ਸਿਵਿਲੀਅਨ ਸਰਵਿਸਿਜ਼ ਅਧਿਕਾਰੀ ਰੱਖਿਆ ਖੇਤਰ ਵਿੱਚ ਵਧੇਰੇ ਅਰਥਪੂਰਨ ਯੋਗਦਾਨ ਦੇ ਸਕਣਗੇ।
ਸ਼੍ਰੀ ਰਾਜਨਾਥ ਸਿੰਘ ਨੇ AFHQ ਸਿਵਿਲੀਅਨ ਸਰਵਿਸਿਜ਼ ਨੂੰ ਭਾਰਤ ਦੇ ਰੱਖਿਆ ਪ੍ਰਬੰਧਨ ਢਾਂਚੇ ਦਾ "ਰਣਨੀਤਕ ਦਿਮਾਗ" ਬਣਨ ਦਾ ਸੱਦਾ ਦਿੱਤਾ। ਇਸ ਲਈ ਉਨ੍ਹਾਂ ਨੂੰ ਰੱਖਿਆ ਖੇਤਰ ਦੀ ਡੂੰਘੀ ਸਮਝ ਵਿਕਸਿਤ ਕਰਨ, ਸਾਂਝੇ ਵਾਤਾਵਰਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਮੁਹਾਰਤ ਨੂੰ ਨਿਰੰਤਰ ਵਧਾਉਣਾ ਹੋਵੇਗਾ। ਉਨ੍ਹਾਂ ਨੇ ਬਦਲਦੇ ਸਮੇਂ ਨਾਲ ਤਾਲਮੇਲ ਰੱਖਦੇ ਹੋਏ ਅੱਗੇ ਵੱਧਣ ਲਈ ਆਰਮਡ ਫੋਰਸਿਜ਼ ਹੈੱਡਕੁਆਰਟਰ ਸਿਵਿਲ ਸਰਵਿਸਿਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਧੁਨਿਕ ਯੁੱਧ ਦੀ ਤਕਨੀਕੀ ਗਤੀਸ਼ੀਲਤਾ ਨਾਲ ਪ੍ਰੇਰਿਤ ਹੋਣ ਦੇ ਸਮੇਂ ਵਿੱਚ, ਇਸ ਕੈਡਰ ਨੂੰ ਸੇਵਾ ਰੂਲ, ਰੇਗੂਲੈਸ਼ਨ ਅਤੇ ਹੁਕਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਆਪਣੀ ਖਾਸ ਜ਼ਿੰਮੇਵਾਰੀ ਨਾਲ ਅੱਗੇ ਵਧ ਕੇ ਕੰਮ ਕਰਨਾ ਹੋਵੇਗਾ।
ਰਕਸ਼ਾ ਮੰਤਰੀ ਨੇ ਕਿਹਾ, “ਸੈਨਾ ਦੀ ਤਾਕਤ ਸਿਰਫ਼ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਹੀ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਅਣਦੇਖੇ ਹੱਥਾਂ ਤੋਂ ਵੀ ਆਉਂਦੀ ਹੈ ਜੋ ਹਮੇਸ਼ਾ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਰਹਿੰਦੇ ਹਨ। AFHQ ਸਿਵਿਲੀਅਨ ਸਰਵਿਸਿਜ਼ ਅਹਿਜੀ ਹੀ ਇੱਕ ਅਣਦੇਖੀ ਪਰ ਅਹਿਮ ਤਾਕਤ ਹੈ। ਇਸ ਨੂੰ ਰਿਸਰਚ, ਜੀਓ-ਸਟ੍ਰੇਟੇਜਿਕ ਸੋਚ ਅਤੇ ਨਵੇਂ ਵਿਚਾਰਾਂ ਰਾਹੀਂ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਰੱਖਿਆ ਨਾਲ ਜੁੜੇ ਮੁੱਖ ਮਾਮਲਿਆਂ ਵਿੱਚ ਇਸ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ ਕਿਉਂਕਿ ਰੱਖਿਆ ਮੰਤਰਾਲੇ ਦਾ ਸਥਾਈ ਕੈਡਰ ਹੋਣ ਦੇ ਨਾਤੇ, ਇਸ ਕੋਲ ਇਸ ਖੇਤਰ ਦੀ ਡੂੰਘੀ ਜਾਣਕਾਰੀ।”
ਇਸ ਮੌਕੇ ‘ਤੇ ਸ਼੍ਰੀ ਰਾਜਨਾਥ ਸਿੰਘ ਨੇ ਸੰਯੁਕਤ ਸਕੱਤਰ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ (JS & CAO) ਦਫਤਰ ਦੀਆਂ ਕਈ ਡਿਜੀਟਲ ਪਹਿਲਕਦਮੀਆਂ ਅਤੇ ਇਸ ਦੇ ਸੋਧੇ ਹੋਏ ਵਿਜ਼ਨ ਅਤੇ ਮਿਸ਼ਨ ਸਟੇਟਮੈਂਟ ਲਾਂਚ ਕੀਤੀ। ਇਨ੍ਹਾਂ ਪਹਿਲਕਦਮੀਆਂ ਵਿੱਚ ਇੰਟਰਨੈੱਟ ਅਧਾਰਿਤ ਆਵਾਸ ਪ੍ਰਬੰਧਨ ਪ੍ਰਣਾਲੀ (IBAMS) rakshaawas.caomod.gov.in ਪੋਰਟਲ; ਦਾਅਵਿਆਂ ਦੀ ਪ੍ਰੋਸੈੱਸਿੰਗ ਲਈ eHRMS ਦਾ TULIP 2.0 ਸਿਸਟਮ ਨਾਲ ਏਕੀਕਰਣ, ਵੇਤਨ ਅਤੇ ਭੱਤਿਆਂ ਦੀ ਪ੍ਰੋਸੈੱਸਿੰਗ ਲਈ CAO’s ਦਫਤਰ ਦਾ TULIP 2.0 ਨਾਲ ਏਕੀਕਰਣ ਅਤੇ ਸਮਾਰਟ ਪਰਫਾਰਮੈਂਟ ਅਪ੍ਰੇਜਲ ਰਿਪੋਰਟ ਰਿਕਾਰਡਿੰਗ ਔਨਲਾਈਨ ਵਿੰਡੋ (SPARROW) ਪੋਰਟਲ ‘ਤੇ ਔਨਬੋਰਡਿੰਗ ਹਨ।

ਰੱਖਿਆ ਮੰਤਰੀ ਨੇ ‘ਸੰਵਾਦ’ ਪੱਤ੍ਰਿਕਾ ਦਾ 34ਵਾਂ ਅੰਕ ਵੀ ਜਾਰੀ ਕੀਤਾ ਜਿਸ ਵਿੱਚ ਸਰਵਿਸ ਹੈੱਡਕੁਆਰਟਰਾਂ ਅਤੇ ਅੰਤਰ-ਸੇਵਾ ਸੰਗਠਨਾਂ ਵਿੱਚ ਤਾਇਨਾਤ ਵੱਖ-ਵੱਖ ਰੈਂਕਾਂ ਦੇ ਕਰਮਚਾਰੀਆਂ ਦੇ ਲਿਖਤੀ ਯਾਤਰਾ ਬਿਰਤਾਂਤ, ਲੇਖ, ਆਰਟੀਕਲ ਅਤੇ ਕਵਿਤਾਵਾਂ ਸ਼ਾਮਲ ਹਨ। ਉਨ੍ਹਾਂ ਨੇ ਸਪੋਰਟਸ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਲਈ AFHQ ਪਰਸੋਨਲਜ਼ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ਅਤੇ ਸਿੱਖਿਆ ਦੇ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਦੇ ਕੁਝ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ।




ਇਸ ਮੌਕੇ ‘ਤੇ ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਚੀਫ ਆਫ ਡਿਫੈਂਸ ਸਟਾਫ ਜਨਰਲ ਐੱਨਐੱਸ ਰਾਜਾ ਸੁਬ੍ਰਾਮਣੀ, ਜਲ ਸੈਨਾ ਪ੍ਰਮੁੱਖ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੀਵ ਕੁਮਾਰ, ਸਕੱਤਰ (ਰੱਖਿਆ ਵਿੱਤ) ਸ਼੍ਰੀ ਵਿਸ਼ਵਜੀਤ ਸਹਾਏ, ਹਵਾਈ ਸੈਨਾ ਦੇ ਵਾਈਸ ਚੀਫ ਏਅਰ ਮਾਰਸ਼ਲ ਆਸ਼ੁਤੋਸ਼ ਦੀਕਸ਼ਿਤ, ਵਧੀਕ ਸਕੱਤਰ ਸ਼੍ਰੀ ਮਨੀਸ਼ ਤ੍ਰਿਪਾਠੀ, ਸੰਯੁਕਤ ਸਕੱਤਰ ਅਤੇ ਸੀਏਓ ਸ਼੍ਰੀ ਅਮਿਤਾਭ ਪ੍ਰਸਾਦ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਰੱਖਿਆ ਮੰਤਰਾਲੇ ਦੇ ਤਿੰਨ ਏਕੀਕ੍ਰਿਤ ਸਰਵਿਸ ਹੈੱਡਕੁਆਰਟਰਾਂ, ਏਕੀਕ੍ਰਿਤ ਰੱਖਿਆ ਸਟਾਫ ਹੈੱਡਕੁਆਰਟਰ ਅਤੇ 24 ਅੰਤਰ-ਸੇਵਾ ਸੰਗਠਨਾਂ ਵਿੱਚ ਸਰਵਿਸ ਪਰਸੋਨਲ ਨਾਲ ਮਿਲ ਕੇ ਕੰਮ ਕਰਨ ਵਾਲੇ ਪਰਸੋਨਲਜ਼ ਨੂੰ ਸਨਮਾਨਿਤ ਕਰਨ ਲਈ ਹਰ ਸਾਲ ਅਗਸਤ ਦੇ ਪਹਿਲੇ ਦਿਨ ਹਥਿਆਰਬੰਦ ਸੈਨਾ ਹੈੱਡਕੁਆਰਡਰ ਸਿਵਿਲੀਅਨ ਸੇਵਾ ਦਿਵਸ ਮਨਾਇਆ ਜਾਂਦਾ ਹੈ। ਹਥਿਆਰਬੰਦ ਸੈਨਾ ਹੈੱਡਕੁਆਰਟਰ ਕੈਡਰ ਦੀ ਸਥਾਪਨਾ 1 ਅਗਸਤ, 1942 ਨੂੰ ਹੋਈ ਸੀ। ਉਸ ਸਮੇਂ ਵਿਕੇਂਦ੍ਰੀਕ੍ਰਿਤ ਨਾਗਰਿਕ ਅਹੁਦੇ ਅਤੇ ਕੈਡਰ ਸੰਚਾਲਨ ਨੂੰ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਦੀ ਦੇਖ-ਰੇਖ ਵਿੱਚ ਵੱਖ-ਵੱਖ ਸੇਵਾ ਹੈੱਡਕੁਆਰਟਰਾਂ ਅਤੇ ਰੱਖਿਆ ਅਤੇ ਵਿੱਤ ਮੰਤਰਾਲੇ (ਰੱਖਿਆ) ਦੀ ਸਕੱਤਰੇਤ ਦੇ ਤਹਿਤ ਵੱਖ-ਵੱਖ ਇਕਾਈਆਂ ਦੇ ਰੂਪ ਵਿੱਚ ਸੰਗਠਿਤ ਕੀਤਾ ਗਿਆ ਸੀ।
****
ਵੀਕੇ/ਸੇਵੀ/ਸ਼ੀਨਮ ਜੈਨ
(रिलीज़ आईडी: 2294130)
आगंतुक पटल : 7