ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ’ਤੇ ਰਾਸ਼ਟਰਪਤੀ ਭਵਨ ਵਿਖੇ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ
प्रविष्टि तिथि:
28 JUL 2026 10:07PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 25 ਜੁਲਾਈ, 2026 ਨੂੰ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਕੀਤੇ। ਇਸ ਮੌਕੇ ’ਤੇ, ਰਾਸ਼ਟਰਪਤੀ ਅੱਜ, 28 ਜੁਲਾਈ, 2026 ਨੂੰ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਅਸਟੇਟ ਵਿਖੇ ਸ਼ੁਰੂ ਕੀਤੀਆਂ ਗਈਆਂ ਕਈ ਅਹਿਮ ਪਹਿਲਕਦਮੀਆਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਗਮਾਂ ਵਿੱਚ ਸ਼ਾਮਲ ਹੋਏ ।
ਅੱਜ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:
-
ਸੈਲਾਨੀਆਂ ਦੇ ਤਜਰਬੇ ਨੂੰ ਹੋਰ ਬਿਹਤਰ ਬਣਾਉਣ ਲਈ ਰਾਸ਼ਟਰਪਤੀ ਭਵਨ ਦੀ ਈ-ਆਡੀਓ ਗਾਈਡ ਸ਼ੁਰੂ ਕੀਤੀ ਗਈ। ਐਪ-ਆਧਾਰਤ ਇਹ ਈ-ਆਡੀਓ ਗਾਈਡ ਹਿੰਦੀ, ਅੰਗਰੇਜ਼ੀ ਅਤੇ 14 ਹੋਰ ਭਾਰਤੀ ਭਾਸ਼ਾਵਾਂ ਵਿੱਚ ਮੁਹੱਈਆ ਹੋਵੇਗੀ। ਇਸ ਦਾ ਸੰਕੇਤਕ ਭਾਸ਼ਾ (ਸਾਈਨ ਲੈਂਗੂਏਜ) ਮੋਡੀਊਲ ਵੀ ਸੈਲਾਨੀਆਂ ਲਈ ਉਪਲਬਧ ਹੋਵੇਗਾ।
-
ਈ-ਉਪਹਾਰ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਰਾਸ਼ਟਰਪਤੀ ਨੂੰ ਪ੍ਰਾਪਤ 300 ਚੋਣਵੇਂ ਤੋਹਫ਼ਿਆਂ ਨੂੰ ਜਨਤਕ ਨਿਲਾਮੀ ਲਈ ਰੱਖਿਆ ਗਿਆ ਹੈ। ਇਹ ਨਿਲਾਮੀ 5 ਅਗਸਤ ਤੋਂ 5 ਸਤੰਬਰ, 2026 ਤੱਕ ਖੁੱਲ੍ਹੀ ਰਹੇਗੀ (ਵਧੇਰੇ ਜਾਣਕਾਰੀ upahaar.rashtrapatibhavan.gov.in ’ਤੇ ਉਪਲਬਧ ਹੈ)।
-
ਬੱਚਿਆਂ ਲਈ ਰਾਸ਼ਟਰਪਤੀ ਸੰਪਦਾ ਵਿੱਚ ‘ਬਚਪਨ ਬਾਲ ਪਰਿਸਰ’ ਦਾ ਉਦਘਾਟਨ ਕੀਤਾ ਗਿਆ। ਇਸ ਪਹਿਲਕਦਮੀ ਵਿੱਚ ਬੱਚਿਆਂ ਲਈ ਖੇਡਣ ਦਾ ਪਲੇਅ ਜ਼ੋਨ, ‘ਕਿਲਕਾਰੀ’ ਅਤੇ 'ਸਮਰਥ ਆਂਗਣਵਾੜੀ- ਕਮ-ਪੰਘੂੜਾ’ ਸ਼ਾਮਲ ਹਨ, ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰੇਗਾ।
-
ਰਾਹੀ (RAAHI - ਰਾਸ਼ਟਰਪਤੀ ਭਵਨ ਐਕਸੈੱਸ ਐਂਡ ਹੈਰੀਟੇਜ ਇੰਟਰਕਨੈਕਟਰ) ਨਾਮਕ ਮੁਫ਼ਤ ਇਲੈਕਟ੍ਰਿਕ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦੇਸ਼ ਹਰੀ(ਈਕੋ-ਫ੍ਰੈਂਡਲੀ) ਅਤੇ ਸਮਾਵੇਸ਼ੀ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਹੈ। ਰਾਸ਼ਟਰਪਤੀ ਭਵਨ ਦੇ ਸਟਾਫ਼ ਅਤੇ ਰਾਸ਼ਟਰਪਤੀ ਅਸਟੇਟ ਦੇ ਨਿਵਾਸੀਆਂ ਲਈ ਸ਼ੁਰੂ ਕੀਤੀ ਗਈ ਇਸ ਬੱਸ ਸੇਵਾ ਦਾ ਸੰਚਾਲਨ ਮਹਿਲਾ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਕੀਤਾ ਜਾਵੇਗਾ। ਇਹ ਸੇਵਾ ਖ਼ਾਸ ਤੌਰ ’ਤੇ ਮਹਿਲਾਵਾਂ, ਬੱਚਿਆਂ, ਬਜ਼ੁਰਗ ਨਾਗਰਿਕਾਂ (ਸੀਨੀਅਰ ਸਿਟੀਜ਼ਨਾਂ) ਅਤੇ ਦਿਵਯਾਂਗਜਨ ਲਈ ਰਾਸ਼ਟਰਪਤੀ ਭਵਨ ਕੰਪਲੈਕਸ ਦੇ ਅੰਦਰ ਅਤੇ ਨਜ਼ਦੀਕੀ ਮੈਟਰੋ ਸਟੇਸ਼ਨ ਤੱਕ ਸੁਰੱਖਿਅਤ, ਸੁਵਿਧਾਜਨਕ ਅਤੇ ਸਮਾਵੇਸ਼ੀ ਆਵਾਜਾਈ ਨੂੰ ਯਕੀਨੀ ਬਣਾਏਗੀ।
-
ਨੈੱਟ ਜ਼ੀਰੋ ਐਨਰਜੀ ਰਣਨੀਤੀ ਦੇ ਤਹਿਤ ਇੱਕ ਸਰਵਿਸ ਬਲਾਕ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ।
-
.ਰਾਸ਼ਟਰਪਤੀ ਨਿਕੇਤਨ, ਦੇਹਰਾਦੂਨ ਅਤੇ ਰਾਸ਼ਟਰਪਤੀ ਨਿਲਯਮ, ਸਿਕੰਦਰਾਬਾਦ ਵਿੱਚ ਰਿਹਾਇਸ਼ੀ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਨਾਲ ਹੀ ,ਰਾਸ਼ਟਰਪਤੀ ਅਸਟੇਟ ਵਿਖੇ ਸਟਾਫ਼ ਕੁਆਰਟਰਾਂ ਦੇ ਮੁੜ-ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ ਗਿਆ।
ਵੱਖ-ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਰਾਸ਼ਟਰਪਤੀ ਭਵਨ ਭਾਰਤ ਦੀਆਂ ਅਮੀਰ ਪਰੰਪਰਾਵਾਂ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਆਦਰਸ਼ਾਂ ਦਾ ਇੱਕ ਜੀਵਿਤ ਪ੍ਰਤੀਕ ਬਣਿਆ ਰਹੇ। ਪਿਛਲੇ ਇੱਕ ਸਾਲ ਵਿੱਚ ਭਾਰਤ ਦੇ ਸਭਿਅਤਾ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਦਾ ਉਦਘਾਟਨ, ਪਰਮ ਵੀਰ ਗੈਲਰੀ ਅਤੇ ਗ੍ਰੰਥ ਕੁਟੀਰ ਦਾ ਉਦਘਾਟਨ, ਸਟੇਟ ਰੂਮਜ਼ ਦਾ ਭਾਰਤੀਕਰਨ ਅਤੇ ਰਾਜ ਸਮਾਗਮਾਂ ਵਿੱਚ ਭਾਰਤੀ ਕਲਾ ਅਤੇ ਪਰੰਪਰਾਵਾਂ ਨੂੰ ਪ੍ਰਮੁੱਖਤਾ ਦੇਣਾ ਸ਼ਾਮਲ ਹੈ।

ਬਾਅਦ ਵਿੱਚ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਹੋਰ ਸਮਾਗਮ ਵਿੱਚ ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਕਾਰਜਕਾਲ ਨਾਲ ਸੰਬੰਧਤ ਪ੍ਰਕਾਸ਼ਨ ਜਾਰੀ ਕੀਤੇ ਅਤੇ ਉਨ੍ਹਾਂ ਦੀਆਂ ਪਹਿਲੀਆਂ ਕਾਪੀਆਂ ਰਾਸ਼ਟਰਪਤੀ ਨੂੰ ਭੇਟ ਕੀਤੀਆਂ। ਇਸ ਮੌਕੇ ’ਤੇ, ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਡਾ. ਐਲ. ਮੁਰੂਗਨ ਅਤੇ ਹੋਰ ਪਤਵੰਤੇ ਮੌਜੂਦ ਸਨ।

ਅੱਜ ਜਿਨ੍ਹਾਂ ਪ੍ਰਕਾਸ਼ਨਾਂ ਨੂੰ ਜਾਰੀ ਕੀਤਾ ਗਿਆ, ਉਨ੍ਹਾਂ ਵਿੱਚ ‘ਰਾਸ਼ਟਰਪਤੀ ਭਵਨ : ਰਾਸ਼ਟਰ ਕਾ ਭਵਨ’ (ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਪਹਿਲੇ ਸਾਲ ’ਤੇ ਅਧਾਰਤ), ‘ਸੇਵਾ ਔਰ ਸੰਵੇਦਨਾ’ (ਕਾਰਜਕਾਲ ਦੇ ਦੂਜੇ ਸਾਲ ’ਤੇ ਅਧਾਰਤ), ‘ਸਮਾਵੇਸ਼ੀ ਸਹਿਭਾਗਿਤਾ’ (ਕਾਰਜਕਾਲ ਦੇ ਤੀਜੇ ਸਾਲ ’ਤੇ ਅਧਾਰਤ), ‘ਭਾਰਤੀਯਤਾ ਕਾ ਉਤਸਵ’ (ਕਾਰਜਕਾਲ ਦੇ ਚੌਥੇ ਸਾਲ ’ਤੇ ਅਧਾਰਤ) ਅਤੇ ‘ਅਮਾ ਰਾਸ਼ਟਰਪਤੀ – ਅਮਾ ਗੌਰਵ’ ਸ਼ਾਮਲ ਹਨ। ‘ਅਮਾ ਰਾਸ਼ਟਰਪਤੀ – ਅਮਾ ਗੌਰਵ’ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਲਿਖੇ ਗਏ ਲੇਖਾਂ ਦਾ ਉੜੀਆ ਸੰਗ੍ਰਹਿ ਹੈ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹਨਾਂ ਕਿਤਾਬਾਂ ਦੇ ਸਿਰਲੇਖ ਸਮਾਵੇਸ਼ੀ ਲੋਕਤੰਤਰ ਵਿੱਚ ਸਾਡੇ ਵਿਸ਼ਵਾਸ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਚਿੱਤਰਿਤ ਸੰਗ੍ਰਹਿ ਪਾਠਕਾਂ ਨੂੰ ਰਾਸ਼ਟਰਪਤੀ ਭਵਨ ਦੀਆਂ ਪਰੰਪਰਾਵਾਂ, ਕਾਰਜ-ਪ੍ਰਣਾਲੀਆਂ ਅਤੇ ਇਸ ਦੇ ਬਹੁ-ਪੱਖੀ ਸਰੂਪ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹਨਾਂ ਪ੍ਰਕਾਸ਼ਨਾਂ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਇਹ ਦੇਸ਼ਵਾਸੀਆਂ ਨੂੰ ਆਪਣੀ ਵਿਰਾਸਤ 'ਤੇ ਮਾਣ ਕਰਨ ਦੇ ਨਾਲ-ਨਾਲ ਤਰੱਕੀ ਦੇ ਰਾਹ ’ਤੇ ਅੱਗੇ ਵਧਣ ਲਈ ਪ੍ਰੇਰਿਤ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 25 ਜੁਲਾਈ, 2022 ਨੂੰ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ, ਤਾਂ ਇਹ ਉਨ੍ਹਾਂ ਲਈ ਸਨਮਾਨ ਨਾਲੋਂ ਵੱਧ ਜ਼ਿੰਮੇਵਾਰੀ ਦਾ ਦਾਅਵਾ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਨੇ ਇਸੇ ਫ਼ਰਜ਼ ਦੀ ਭਾਵਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿੱਚ ਜਾਂ ਵੱਖ-ਵੱਖ ਸੂਬਿਆਂ ਦੇ ਦੌਰਿਆਂ ਦੌਰਾਨ ਜਦੋਂ ਵੀ ਉਹ ਲੋਕਾਂ, ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਮਿਲਦੇ ਹਨ, ਤਾਂ ਉਹ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਅਤੇ ਦੇਸ਼ ਤੇ ਸਮਾਜ ਦੀ ਤਰੱਕੀ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੀ ਅਪੀਲ ਹੁੰਦੀ ਹੈ ਕਿ ਉਹ ਆਤਮ-ਨਿਰਭਰ ਬਣਨ ਅਤੇ ਆਤਮ-ਵਿਸ਼ਵਾਸ ਨਾਲ ਤਰੱਕੀ ਦੇ ਰਾਹ ’ਤੇ ਅੱਗੇ ਵਧਣ। ਆਦਿਵਾਸੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਉਹ ਉਨ੍ਹਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਆਪਣੀ ਸਭਿਆਚਾਰਕ ਵਿਰਾਸਤ ਦੀ ਸੰਭਾਲ ਕਰਨ ਅਤੇ ਵਿਕਾਸ ਦੀ ਮੁੱਖ ਧਾਰਾ ਵਿੱਚ ਵੀ ਸ਼ਾਮਲ ਹੋਣ। ਜਦੋਂ ਵੀ ਉਹ ਵਿਦੇਸ਼ ਯਾਤਰਾ ’ਤੇ ਜਾਂਦੇ ਹਨ, ਤਾਂ ਉਹ ਉੱਥੇ ਭਾਰਤੀ ਭਾਈਚਾਰੇ ਨੂੰ ਜ਼ਰੂਰ ਮਿਲਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ।

ਆਪਣੇ ਸੰਬੋਧਨ ਵਿੱਚ ਉਪ-ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਰਪਾ, ਨਿਮਰਤਾ, ਤਜਰਬੇ ਅਤੇ ਸੰਵਿਧਾਨ ਪ੍ਰਤੀ ਆਪਣੀ ਪੂਰੀ ਵਚਨਬੱਧਤਾ ਨਾਲ ਇਸ ਉੱਚੇ ਅਹੁਦੇ ਦੀ ਸ਼ਾਨ ਵਧਾਈ ਹੈ। ਉਨ੍ਹਾਂ ਦੀ ਜੀਵਨ-ਯਾਤਰਾ ਅਸਧਾਰਨ ਅਤੇ ਬੇਹੱਦ ਪ੍ਰੇਰਨਾਦਾਇਕ ਰਹੀ ਹੈ। ਉੜੀਸਾ ਦੇ ਇੱਕ ਦੂਰ-ਦੁਰਾਡੇ ਦੇ ਆਦਿਵਾਸੀ ਪਿੰਡ ਦੇ ਸਧਾਰਨ ਮਾਹੌਲ ਤੋਂ ਲੈ ਕੇ ਸਾਡੇ ਮਹਾਨ ਭਾਰਤ ਦੇ ਸਰਵਉੱਚ ਸੰਵਿਧਾਨਕ ਅਹੁਦੇ ਤੱਕ ਦੀ ਉਨ੍ਹਾਂ ਦੀ ਇਹ ਯਾਤਰਾ ਭਾਰਤੀ ਲੋਕਤੰਤਰ ਦੀ ਤਾਕਤ ਅਤੇ ਸਮਾਵੇਸ਼ੀ ਸਰੂਪ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਰਾਜਪਾਲ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਰਾਜ ਭਰ ਵਿੱਚ ਜਿਨ੍ਹਾਂ ਲੋਕਾਂ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਈ, ਉਹ ਸਾਰੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਰਾਜਪਾਲ ਵਜੋਂ ਕਾਰਜਕਾਲ ਨੂੰ ਬਹੁਤ ਪਿਆਰ, ਸਤਿਕਾਰ ਅਤੇ ਸ਼ਲਾਘਾ ਨਾਲ ਯਾਦ ਕਰਦੇ ਸਨ।
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੀਆਂ ਮੁੱਖ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਅੰਮ੍ਰਿਤ ਉਦਿਆਨ, ਰਾਸ਼ਟਰਪਤੀ ਨਿਕੇਤਨ ਅਤੇ ਰਾਸ਼ਟਰਪਤੀ ਤਪੋਵਨ ਨੂੰ ਜਨਤਾ ਲਈ ਖੋਲ੍ਹੇ ਜਾਣ ,ਰਾਸ਼ਟਰਪਤੀ ਭਵਨ ਨੂੰ ਦਿਵਯਾਂਗਜਨ ਲਈ ਹੋਰ ਅਨੁਕੂਲ ਬਣਾਏ ਜਾਣ ਅਤੇ ਰਾਸ਼ਟਰਪਤੀ ਭਵਨ ਵਿੱਚ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਸਥਾਪਤ ਕਰਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪਹਿਲਕਦਮੀਆਂ ਰਾਸ਼ਟਰਪਤੀ ਦੇ ਅਹੁਦੇ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਅਤੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋਣ ਦੀ ਸੋਚ ਨੂੰ ਪ੍ਰਗਟ ਕਰਦੀਆਂ ਹਨ।
ਸੰਥਾਲੀ ਭਾਸ਼ਾ ਵਿੱਚ ਓਲ ਚਿਕੀ ਲਿਪੀ ਵਿੱਚ ਪ੍ਰਕਾਸ਼ਿਤ ਭਾਰਤ ਦੇ ਸੰਵਿਧਾਨ ਨੂੰ ਯਾਦ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਇਸ ਨੂੰ ਇੱਕ ਇਤਿਹਾਸਕ ਪਹਿਲਕਦਮੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਆਦਿਵਾਸੀ ਸਮਾਜ ਨੂੰ ਮਾਣ ਦਾ ਅਹਿਸਾਸ ਕਰਵਾਇਆ ਅਤੇ ਭਾਰਤ ਦੀ ਭਾਸ਼ਾਈ ਅਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਰਾਸ਼ਟਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅੱਜ ਜਾਰੀ ਕੀਤੀਆਂ ਗਈਆਂ ਇਹ ਕਿਤਾਬਾਂ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਚਾਰ ਸਾਲਾਂ ਦੀਆਂ ਉਨ੍ਹਾਂ ਮੂਲ ਭਾਵਨਾਵਾਂ ਅਤੇ ਕਦਰਾਂ-ਕੀਮਤਾਂ — ਸੰਵਿਧਾਨਵਾਦ, ਸੇਵਾ, ਦਇਆ ਸਮਾਵੇਸ਼ੀ, ਸਭਿਆਚਾਰਕ ਸਵੈ-ਪ੍ਰਗਟਾਵਾ ਅਤੇ ਰਾਸ਼ਟਰੀ ਏਕਤਾ— ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।
******
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2291204)
आगंतुक पटल : 3