ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੰਮ੍ਰਿਤਸਰ ਤੋਂ ਹੱਬ ਐਂਡ ਸਪੋਕ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਕੀਤੀ


ਭਾਰਤ ਦੀ ਅੰਤਰਰਾਸ਼ਟਰੀ ਏਵੀਏਸ਼ਨ ਹੱਬ ਰਣਨੀਤੀ ਤਹਿਤ ਅੰਮ੍ਰਿਤਸਰ ਦੇਸ਼ ਦਾ ਦੂਜਾ ਸਪੋਕ ਏਅਰਪੋਰਟ ਬਣਿਆ

प्रविष्टि तिथि: 28 JUL 2026 11:00AM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਅੰਮ੍ਰਿਤਸਰ ਤੋਂ ਹੱਬ ਐਂਡ ਸਪੋਕ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਅੰਮ੍ਰਿਤਸਰ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਲਈ ਭਾਰਤ ਦੇ ਨਵੇਂ ਹੱਬ ਐਂਡ ਸਪੋਕ ਢਾਂਚੇ ਵਿੱਚ ਸ਼ਾਮਲ ਹੋਣ ਵਾਲਾ ਦੇਸ਼ ਦਾ ਦੂਜਾ ਹਵਾਈ ਅੱਡਾ ਬਣ ਗਿਆ ਹੈ। ਇਹ ਸ਼ੁਰੂਆਤ ਸਰਕਾਰ ਦੀ ਉਸ ਰਣਨੀਤੀ ਦੇ ਅਗਲੇ ਪੜਾਅ ਨੂੰ ਦਰਸਾਉਂਦੀ ਹੈ, ਜਿਸ ਦਾ ਮਕਸਦ ਭਾਰਤੀ ਹੱਬ ਏਅਰਪੋਰਟਸ ਰਾਹੀਂ ਦੇਸ਼ ਭਰ ਦੇ ਯਾਤਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਅੰਤਰਰਾਸ਼ਟਰੀ ਕਨੈਕਟੀਵਿਟੀ ਮੁਹੱਈਆ ਕਰਵਾ ਕੇ ਭਾਰਤ ਨੂੰ ਆਲਮੀ ਹਵਾਬਾਜ਼ੀ ਹੱਬ ਬਣਾਉਣਾ ਹੈ।

ਇਹ ਸ਼ੁਰੂਆਤ 25 ਜੂਨ, 2026 ਨੂੰ ਵਾਰਾਣਸੀ ਤੋਂ ਭਾਰਤ ਦੇ ਪਹਿਲੇ ਹੱਬ ਐਂਡ ਸਪੋਕ ਸੰਚਾਲਨ ਦੀ ਸਫ਼ਲ ਸ਼ੁਰੂਆਤ ਤੋਂ ਬਾਅਦ ਹੋਈ ਹੈ। ਪਿਛਲੇ ਇੱਕ ਮਹੀਨੇ ਦੌਰਾਨ ਇਹ ਸਿਸਟਮ ਬਹੁਤ ਵਧੀਆ ਢੰਗ ਨਾਲ ਚੱਲਿਆ ਹੈ, ਜਿਸ ਨੇ ਇਸ ਮਾਡਲ ਦੀ ਕਾਮਯਾਬੀ ਨੂੰ ਸਾਬਤ ਕੀਤਾ ਹੈ ਅਤੇ ਯਾਤਰੀਆਂ ਵੱਲੋਂ ਵੀ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਸਮੇਂ ਦੌਰਾਨ ਵਾਰਾਣਸੀ ਤੋਂ ਸਫ਼ਰ ਸ਼ੁਰੂ ਕਰਨ ਵਾਲੇ ਯਾਤਰੀਆਂ ਨੂੰ ਦਿੱਲੀ ਰਾਹੀਂ 18 ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਆਸਾਨੀ ਨਾਲ ਜੋੜਿਆ ਗਿਆ ਹੈ, ਜੋ ਅੰਤਰਰਾਸ਼ਟਰੀ ਸਫ਼ਰ ਨੂੰ ਸੌਖਾ ਬਣਾਉਣ ਵਿੱਚ ਇਸ ਪਹਿਲਕਦਮੀ ਦੀ ਸਫ਼ਲਤਾ ਨੂੰ ਸਾਬਤ ਕਰਦਾ ਹੈ।

ਅੰਮ੍ਰਿਤਸਰ ਏਅਰਪੋਰਟ ’ਤੇ ਮੌਜੂਦ ਸਾਰੇ ਭਾਈਵਾਲਾਂ ਨੂੰ ਵਧਾਈ ਦਿੰਦਿਆਂ ਵੀਡੀਓ ਸੰਦੇਸ਼ ਰਾਹੀਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ, “ਹੱਬ ਐਂਡ ਸਪੋਕ ਸਿਰਫ਼ ਏਵੀਏਸ਼ਨ ਮਾਡਲ ਨਹੀਂ ਹੈ; ਇਹ ਮੌਕਿਆਂ ਦਾ ਮਾਡਲ ਹੈ। ਦਿੱਲੀ ਇੱਕ ਹੱਬ ਵਜੋਂ ਕੰਮ ਕਰੇਗਾ, ਜਦਕਿ ਅੰਮ੍ਰਿਤਸਰ, ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਲਈ ਵੱਡੇ ਅੰਤਰਰਾਸ਼ਟਰੀ ਲਾਂਘੇ ਵਜੋਂ ਉੱਭਰੇਗਾ। ਪ੍ਰਵਾਸੀ ਭਾਰਤੀਆਂ ਨਾਲ ਮਜ਼ਬੂਤ ਸੰਪਰਕ ਅਤੇ ਵੱਡੇ ਖੇਤਰੀ ਘੇਰੇ ਕਾਰਨ ਅੰਮ੍ਰਿਤਸਰ ਉਨ੍ਹਾਂ ਭਾਰਤੀ ਸ਼ਹਿਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਆਲਮੀ ਕਨੈਕਟੀਵਿਟੀ ਦੇ ਇਸ ਬਦਲਾਅ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ।”

ਅੰਮ੍ਰਿਤਸਰ ਭਾਰਤ ਦੇ ਪ੍ਰਮੁੱਖ ਅੰਤਰਰਾਸ਼ਟਰੀ ਲਾਂਘਿਆਂ ਵਿੱਚੋਂ ਇੱਕ ਵਜੋਂ ਆਪਣੀ ਖਾਸ ਪਛਾਣ ਰੱਖਦਾ ਹੈ, ਜੋ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਸ਼ਰਧਾਲੂਆਂ, ਪ੍ਰਵਾਸੀ ਭਾਰਤੀਆਂ, ਕਾਰੋਬਾਰੀ ਯਾਤਰੀਆਂ ਅਤੇ ਸੈਲਾਨੀਆਂ ਨੂੰ ਸੇਵਾਵਾਂ ਦਿੰਦਾ ਹੈ। ਹੱਬ ਐਂਡ ਸਪੋਕ ਢਾਂਚੇ ਵਿੱਚ ਇਸ ਦੇ ਸ਼ਾਮਲ ਹੋਣ ਨਾਲ ਭਾਰਤੀ ਹੱਬਾਂ ਰਾਹੀਂ ਦੁਨੀਆ ਭਰ ਦੀਆਂ ਮੰਜ਼ਿਲਾਂ ਤੱਕ ਪਹੁੰਚ ਵਿੱਚ ਵੱਡਾ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਯਾਤਰੀਆਂ ਨੂੰ ਤੇਜ਼, ਵਧੇਰੇ ਸੁਵਿਧਾਜਨਕ ਅਤੇ ਭਰੋਸੇਮੰਦ ਸਫ਼ਰ ਦਾ ਤਜਰਬਾ ਮਿਲੇਗਾ।

ਵੱਡੇ ਰਾਸ਼ਟਰੀ ਵਿਜ਼ਨ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰ-ਅੰਦੇਸ਼ ਅਗਵਾਈ ਹੇਠ, ਭਾਰਤ ਆਪਣੇ ਖੁਦ ਦੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਏਵੀਏਸ਼ਨ ਹੱਬ ਬਣਾਉਣ ਵੱਲ ਕੰਮ ਕਰ ਰਿਹਾ ਹੈ। ਇਹ ਗੱਲ ਸਿਰਫ਼ ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨ ਬਾਰੇ ਨਹੀਂ ਹੈ; ਇਹ ਭਾਰਤ ਦੀ ਏਵੀਏਸ਼ਨ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਭਾਰਤੀ ਹੱਬ ਭਾਰਤ ਨੂੰ ਪੂਰੀ ਦੁਨੀਆ ਨਾਲ ਜੋੜਨ।”

ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਤੋਂ ਇਲਾਵਾ, ਇਸ ਪਹਿਲਕਦਮੀ ਨਾਲ ਸੈਰ-ਸਪਾਟੇ, ਵਪਾਰ, ਨਿਵੇਸ਼ ਅਤੇ ਖੇਤਰੀ ਵਿਕਾਸ ਨੂੰ ਮਜ਼ਬੂਤ ਕਰਕੇ ਵੱਡੇ ਆਰਥਿਕ ਫਾਇਦੇ ਹੋਣ ਦੀ ਵੀ ਉਮੀਦ ਹੈ। ਮੰਤਰਾਲੇ ਵੱਲੋਂ ਕੀਤੇ ਗਏ ਅਧਿਐਨ ਦੱਸਦੇ ਹਨ ਕਿ ਏਵੀਏਸ਼ਨ ਹੱਬ ਸੰਚਾਲਨ ਦੇ ਵਿਕਾਸ ਨਾਲ 2030 ਤੱਕ ਤਕਰੀਬਨ 4 ਲੱਖ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਅਤੇ ਭਾਰਤ ਦੀ ਅਰਥ-ਵਿਵਸਥਾ ਵਿੱਚ 30 ਅਰਬ ਡਾਲਰ ਦਾ ਵਾਧੂ ਯੋਗਦਾਨ ਪੈ ਸਕਦਾ ਹੈ। 2047 ਤੱਕ, ਇਸ ਦੇ ਸਾਂਝੇ ਪ੍ਰਭਾਵ ਨਾਲ ਤਕਰੀਬਨ 1.6 ਕਰੋੜ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਨੂੰ ਸਹਾਰਾ ਮਿਲਣ ਦਾ ਅਨੁਮਾਨ ਹੈ, ਜਦਕਿ ਰਾਸ਼ਟਰੀ ਅਰਥ-ਵਿਵਸਥਾ ਵਿੱਚ ਤਕਰੀਬਨ 1.4 ਟ੍ਰਿਲੀਅਨ ਡਾਲਰ ਦਾ ਯੋਗਦਾਨ ਪਵੇਗਾ।

ਅੰਮ੍ਰਿਤਸਰ ਤੋਂ ਉਡਾਣਾਂ ਦੀ ਸ਼ੁਰੂਆਤ ਨਾਲ, ਅੰਤਰਰਾਸ਼ਟਰੀ ਯਾਤਰੀ ਹੁਣ ਰਵਾਨਾ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਹੀ ਚੈੱਕ-ਇਨ, ਇਮੀਗ੍ਰੇਸ਼ਨ ਅਤੇ ਕਸਟਮ ਦੀਆਂ ਰਸਮਾਂ ਪੂਰੀਆਂ ਕਰ ਸਕਦੇ ਹਨ। ਉਨ੍ਹਾਂ ਦਾ ਸਾਮਾਨ ਸਿੱਧਾ ਉਨ੍ਹਾਂ ਦੀ ਅੰਤਿਮ ਅੰਤਰਰਾਸ਼ਟਰੀ ਮੰਜ਼ਿਲ ਤੱਕ ਚੈੱਕ ਕੀਤਾ ਜਾਵੇਗਾ, ਜਿਸ ਨਾਲ ਉਹ ਮਿਥੇ ਗਏ ਹੱਬ ਏਅਰਪੋਰਟ ’ਤੇ ਬਿਨਾਂ ਦੁਬਾਰਾ ਇਮੀਗ੍ਰੇਸ਼ਨ ਜਾਂ ਕਸਟਮ ਰਸਮਾਂ ਵਿੱਚੋਂ ਲੰਘੇ ਆਪਣੀ ਅਗਲੀ ਅੰਤਰਰਾਸ਼ਟਰੀ ਉਡਾਣ ਲਈ ਆਸਾਨੀ ਨਾਲ ਟਰਾਂਸਫਰ ਕਰ ਸਕਣਗੇ।

ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਕਨੈਕਟੀਵਿਟੀ ’ਤੇ ਹੱਬ ਐਂਡ ਸਪੋਕ ਮਾਡਲ ਦੇ ਵੱਡੇ ਪ੍ਰਭਾਵ ’ਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ: “ਹੁਣ ਤੱਕ ਅੰਮ੍ਰਿਤਸਰ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਕੋਲ ਸਿਰਫ਼ ਸੱਤ ਮੰਜ਼ਿਲਾਂ ਲਈ ਹੀ ਸਿੱਧੀ ਅੰਤਰਰਾਸ਼ਟਰੀ ਕਨੈਕਟੀਵਿਟੀ ਸੀ। ਹੱਬ ਐਂਡ ਸਪੋਕ ਮਾਡਲ ਦੀ ਸ਼ੁਰੂਆਤ ਨਾਲ, ਦਿੱਲੀ ਏਅਰਪੋਰਟ ਦੀ ਆਲਮੀ ਕਨੈਕਟੀਵਿਟੀ ਹੁਣ ਅਸਲ ਵਿੱਚ ਯਾਤਰੀਆਂ ਨੂੰ ਅੰਮ੍ਰਿਤਸਰ ਤੋਂ ਹੀ ਮਿਲ ਜਾਵੇਗੀ। ਯਾਤਰੀ ਇੱਕੋ ਚੈੱਕ-ਇਨ ਅਤੇ ਇੱਕੋ ਬੈਗੇਜ ਟੈਗ ਨਾਲ 20 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਪਹੁੰਚ ਸਕਣਗੇ, ਜਿਸ ਨਾਲ ਪੂਰਾ ਸਫ਼ਰ ਕਿਤੇ ਵੱਧ ਆਸਾਨ ਹੋ ਜਾਵੇਗਾ। ਮੌਜੂਦਾ ਸਮੇਂ ਹਰ ਸਾਲ ਤਕਰੀਬਨ 1.5 ਲੱਖ ਯਾਤਰੀ ਅੰਤਰਰਾਸ਼ਟਰੀ ਉਡਾਣਾਂ ਲੈਣ ਲਈ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹਨ, ਜਦਕਿ ਹੋਰ 1.5 ਲੱਖ ਯਾਤਰੀ ਅੰਮ੍ਰਿਤਸਰ ਪਹੁੰਚਣ ਲਈ ਵਿਦੇਸ਼ਾਂ ਤੋਂ ਦਿੱਲੀ ਰਾਹੀਂ ਆਉਂਦੇ ਹਨ। ਕਿਉਂਕਿ ਇਸ ਸਾਂਝੇ ਢਾਂਚੇ ਤਹਿਤ ਸਫ਼ਰ ਕਾਫੀ ਆਸਾਨ ਹੋ ਜਾਵੇਗਾ, ਇਸ ਲਈ ਅਸੀਂ ਯਾਤਰੀਆਂ ਦੀ ਆਵਾਜਾਈ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਕਰਦੇ ਹਾਂ।”

ਏਅਰਲਾਈਨਜ਼ ਨੇ ਅੰਦਾਜ਼ਾ ਲਗਾਇਆ ਹੈ ਕਿ ਦਿੱਲੀ ਰਾਹੀਂ ਹੱਬ ਐਂਡ ਸਪੋਕ ਮਾਡਲ ਦਾ ਫਾਇਦਾ ਇਕੱਲੇ ਅੰਮ੍ਰਿਤਸਰ ਤੋਂ ਹਰ ਰੋਜ਼ ਤਕਰੀਬਨ 250 ਯਾਤਰੀਆਂ ਨੂੰ ਮਿਲ ਸਕਦਾ ਹੈ। ਜਿਵੇਂ-ਜਿਵੇਂ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸਪੋਕ ਏਅਰਪੋਰਟਾਂ ਨੂੰ ਇਸ ਢਾਂਚੇ ਵਿੱਚ ਸ਼ਾਮਲ ਕੀਤਾ ਜਾਵੇਗਾ, ਅਗਲੇ ਪੜਾਅ ਵਿੱਚ ਹਰ ਰੋਜ਼ ਲਗਭਗ 1,200 ਯਾਤਰੀਆਂ ਨੂੰ ਸਹੂਲਤ ਮਿਲਣ ਦੀ ਉਮੀਦ ਹੈ, ਜੋ ਸਾਲਾਨਾ ਤਕਰੀਬਨ 4.5 ਲੱਖ ਯਾਤਰੀਆਂ ਦੇ ਬਰਾਬਰ ਹੈ। ਇਸ ਨਾਲ ਖੇਤਰੀ ਭਾਰਤ ਤੋਂ ਨਿਰਵਿਘਨ ਅੰਤਰਰਾਸ਼ਟਰੀ ਕਨੈਕਟੀਵਿਟੀ ਦਾ ਵੱਡੇ ਪੱਧਰ ’ਤੇ ਵਿਸਥਾਰ ਹੋਵੇਗਾ।

ਇਹ ਪਹਿਲਕਦਮੀ ਸੁਰੱਖਿਆ, ਸਹੂਲਤਾਂ ਅਤੇ ਨਿਯਮਾਂ ਦੀ ਪਾਲਣਾ ਦੇ ਸਭ ਤੋਂ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਦਿਆਂ ਯਾਤਰੀਆਂ ਦੀ ਸਹੂਲਤ ਨੂੰ ਕਾਫੀ ਹੱਦ ਤੱਕ ਵਧਾਉਂਦੀ ਹੈ।

‘ਹੱਬ ਐਂਡ ਸਪੋਕ’ ਢਾਂਚਾ ਸਰਕਾਰ ਦੀ ਅੰਤਰਰਾਸ਼ਟਰੀ ਏਵੀਏਸ਼ਨ ਹੱਬ ਰਣਨੀਤੀ ਦਾ ਇੱਕ ਅਹਿਮ ਥੰਮ੍ਹ ਹੈ, ਜਿਸ ਦਾ ਮਕਸਦ ਭਾਰਤੀ ਹਵਾਈ ਅੱਡਿਆਂ ਨੂੰ ਅੰਤਰਰਾਸ਼ਟਰੀ ਸਫ਼ਰ ਲਈ ਪਸੰਦੀਦਾ ਲਾਂਘੇ ਵਜੋਂ ਮਜ਼ਬੂਤ ਕਰਨਾ, ਭਾਰਤੀ ਏਅਰਲਾਈਨਜ਼ ਲਈ ਨੈੱਟਵਰਕ ਕੁਸ਼ਲਤਾ ਵਿੱਚ ਸੁਧਾਰ ਕਰਨਾ ਅਤੇ ਵਿਦੇਸ਼ੀ ਟਰਾਂਜ਼ਿਟ ਹੱਬਾਂ ’ਤੇ ਨਿਰਭਰਤਾ ਘਟਾਉਣਾ ਹੈ। ਭਾਰਤ ਦੀ ਰਣਨੀਤਕ ਭੂਗੋਲਿਕ ਸਥਿਤੀ ਦਾ ਫਾਇਦਾ ਉਠਾ ਕੇ ਅਤੇ ਏਅਰਪੋਰਟ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਕੇ ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਅੰਦਰ ਅੰਤਰਰਾਸ਼ਟਰੀ ਟਰਾਂਸਫਰ ਆਵਾਜਾਈ ਦੇ ਵੱਡੇ ਹਿੱਸੇ ਨੂੰ ਬਰਕਰਾਰ ਰੱਖਣਾ ਹੈ ਅਤੇ ਨਾਲ ਹੀ ਭਾਰਤ ਦੇ ਹਵਾਬਾਜ਼ੀ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ।

ਅੰਮ੍ਰਿਤਸਰ ਤੋਂ ਹੱਬ ਐਂਡ ਸਪੋਕ ਉਡਾਣਾਂ ਦੀ ਸ਼ੁਰੂਆਤ ਭਾਰਤ ਦੀ ਅੰਤਰਰਾਸ਼ਟਰੀ ਏਵੀਏਸ਼ਨ ਹੱਬ ਰਣਨੀਤੀ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਵਿੱਚ ਇੱਕ ਹੋਰ ਅਹਿਮ ਮੀਲ ਦਾ ਪੱਥਰ ਹੈ। ਹੋਰ ਸਪੋਕ ਏਅਰਪੋਰਟਾਂ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਵੀ ਆਪਣੇ ਆਖਰੀ ਪੜਾਅ ਵਿੱਚ ਹਨ ਅਤੇ ਇਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਇਸ ਨੈੱਟਵਰਕ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਭਾਰਤੀ ਹੱਬ ਏਅਰਪੋਰਟਾਂ ਰਾਹੀਂ ਨਿਰਵਿਘਨ ਅੰਤਰਰਾਸ਼ਟਰੀ ਕਨੈਕਟੀਵਿਟੀ ਦਾ ਇੱਕ ਦੇਸ਼ ਵਿਆਪੀ ਸਿਸਟਮ ਬਣੇਗਾ। ਇਹ ਪਹਿਲਕਦਮੀ ਇੱਕ ਵਧੇਰੇ ਜੁੜੇ ਹੋਏ, ਕੁਸ਼ਲ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਏਵੀਏਸ਼ਨ ਈਕੋਸਿਸਟਮ ਦਾ ਨਿਰਮਾਣ ਕਰਕੇ ‘ਵਿਕਸਿਤ ਭਾਰਤ @2047’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਹੈ।

ਇਸ ਸਮਾਗਮ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸ਼੍ਰੀ ਸਮੀਰ ਕੁਮਾਰ ਸਿਨਹਾ; ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪੁਨੀਤ ਕਾਂਸਲ; ਏਅਰਪੋਰਟਸ ਅਥਾਰਟੀ ਆਫ ਇੰਡੀਆ (ਏਏਆਈ) ਦੇ ਚੇਅਰਮੈਨ ਸ਼੍ਰੀ ਵਿਪਿਨ ਕੁਮਾਰ; ਏਏਆਈ ਦੇ ਮੁੱਖ ਸਲਾਹਕਾਰ ਸ਼੍ਰੀ ਸ਼ਰਦ ਕੁਮਾਰ; ਏਅਰ ਇੰਡੀਆ ਦੇ ਗਰੁੱਪ ਹੈੱਡ - ਗਵਰਨੈਂਸ ਸ਼੍ਰੀ ਪੀ. ਬਾਲਾਜੀ ਅਤੇ ਬਿਊਰੋ ਆਫ ਇਮੀਗ੍ਰੇਸ਼ਨ, ਕਸਟਮਜ਼ ਅਤੇ ਸੀਆਈਐੱਸਐੱਫ ਦੇ ਨੁਮਾਇੰਦੇ ਵੀ ਮੌਜੂਦ ਰਹੇ। 

ਇਸ ਮੌਕੇ ਵੱਖ-ਵੱਖ ਉਦਯੋਗਿਕ ਜਥੇਬੰਦੀਆਂ, ਹੋਟਲ ਅਤੇ ਪ੍ਰਾਹੁਣਚਾਰੀ ਖੇਤਰ ਦੇ ਭਾਈਵਾਲਾਂ, ਟਰੈਵਲ ਪਾਰਟਨਰਾਂ, ਸੈਰ-ਸਪਾਟਾ ਨੁਮਾਇੰਦਿਆਂ ਅਤੇ ਹੋਰ ਪ੍ਰਮੁੱਖ ਹਵਾਬਾਜ਼ੀ ਅਤੇ ਵਪਾਰਕ ਭਾਈਵਾਲਾਂ ਦੀ ਵੱਡੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ, ਜੋ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਮਿਲ ਰਹੇ ਵੱਡੇ ਸਾਂਝੇ ਸਹਿਯੋਗ ਨੂੰ ਦਰਸਾਉਂਦੀ ਹੈ।

 

************

ਦਿਵਿਆਂਸ਼ੂ ਕੁਮਾਰ


(रिलीज़ आईडी: 2290356) आगंतुक पटल : 18
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Tamil , Telugu