ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

NHA ਨੇ ਡਿਜੀਟਲ ਹੈਲਥ ਅਤੇ ਜ਼ਿੰਮੇਵਾਰ ਏਆਈ ਰਾਹੀਂ ਦੇਖਭਾਲ ਦੀ ਨਿਰੰਤਰ ਪ੍ਰਕਿਰਿਆ ਨੂੰ ਮਜ਼ਬੂਤ ਕਰਨ ‘ਤੇ ਬ੍ਰਿਕਸ ਸੰਵਾਦ ਦਾ ਆਯੋਜਨ ਕੀਤਾ


ਦੇਖਭਾਲ ਸੇਵਾਵਾਂ ਦੀ ਨਿਰੰਤਰਤਾ ਹੀ ਇਸ ਗੱਲ ਦਾ ਸਹੀ ਪੈਮਾਨਾ ਹੈ ਕਿ ਡਿਜੀਟਲ ਹੈਲਥ ਅਤੇ ਏਆਈ ਨਾਗਰਿਕਾਂ ਦੀ ਸੇਵਾ ਕਰ ਰਹੇ ਹਨ ਜਾਂ ਨਹੀਂ: ਕੇਂਦਰੀ ਸਿਹਤ ਸਕੱਤਰ

94 ਕਰੋੜ ਤੋਂ ਵੱਧ ਆਭਾ ਆਈਡੀਜ਼ ਅਤੇ ਇੱਕ ਅਰਬ ਲਿੰਕਡ ਡਿਜੀਟਲ ਹੈਲਥ ਰਿਕਾਰਡ ਭਾਰਤ ਦੇ ਡਿਜੀਟਲ ਹੈਲਥ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ: ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ

ਪੈਨਲ ਨੇ ਬ੍ਰਿਕਸ ਦੇਸ਼ਾਂ ਵਿੱਚ ਜੁੜੇ, ਮਰੀਜ਼-ਕੇਂਦ੍ਰਿਤ ਹੈਲਥ ਕੇਅਰ ਦੇ ਪ੍ਰਮੁੱਖ ਸਮਰੱਥ ਕਾਰਕਾਂ ਵਜੋਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਏਆਈ ਬਾਰੇ ਚਰਚਾ ਕੀਤੀ

Posted On: 24 JUL 2026 3:00PM by PIB Chandigarh

ਰਾਸ਼ਟਰੀ ਸਿਹਤ ਅਥਾਰਿਟੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਅੱਜ 16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਦੇ ਹਿੱਸੇ ਵਜੋਂ, "ਡਿਜੀਟਲ ਹੈਲਥ ਰਿਕਾਰਡਾਂ ਤੋਂ ਏਆਈ-ਯੋਗ ਸਿਹਤ ਸੰਭਾਲ ਤੱਕ: ਅੰਤਰ-ਸੰਚਾਲਿਤ ਡੇਟਾ ਇਨਫ੍ਰਾਸਟ੍ਰਕਚਰ ਅਤੇ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ​​ਕਰਨਾ" ਸਿਰਲੇਖ ਵਾਲਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਨਿਰਵਿਘਨ, ਮਰੀਜ-ਕੇਂਦ੍ਰਿਤ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਅਤੇ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਪਰਿਵਰਤਨਸ਼ੀਲ ਭੂਮਿਕਾ 'ਤੇ ਵਿਚਾਰ-ਵਟਾਂਦਰਾ ਕਰਨ ਲਈ ਬ੍ਰਿਕਸ ਦੇਸ਼ਾਂ ਦੇ ਨੀਤੀ ਨਿਰਮਾਤਾਵਾਂ, ਤਕਨੀਕੀ ਮਾਹਰਾਂ ਅਤੇ ਸਿਹਤ ਮਾਹਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਸੰਵਾਦ ਬ੍ਰਿਕਸ ਹੈਲਥ ਟ੍ਰੈਕ ਟੈਕਨੀਕਲ ਵਰਕਿੰਗ ਗਰੁੱਪ 4 (TWG-4) ਦੇ ਨਿਰੰਤਰ ਦੇਖਭਾਲ ਸਬੰਧੀ ਸੰਗ੍ਰਹਿ ਦੇ ਨਤੀਜਿਆਂ ‘ਤੇ ਅਧਾਰਿਤ ਸੀ, ਜੋ ਕਿ ਦੇਖਭਾਲ ਦੇ ਵੱਖ-ਵੱਖ ਪੱਧਰਾਂ, ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਬ੍ਰਿਕਸ ਮੈਂਬਰ ਦੇਸ਼ਾਂ ਵਿੱਚ ਤਾਲਮੇਲ ਅਤੇ ਨਿਰਵਿਘਨ ਸਿਹਤ ਸੇਵਾ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। ਇਸ ਵਿੱਚ ਇਹ ਦੱਸਿਆ ਗਿਆ ਕਿ ਦੇਖਭਾਲ ਦੀ ਨਿਰੰਤਰਤਾ ਇੱਕ ਸਾਂਝਾ ਨੀਤੀਗਤ ਉਦੇਸ਼ ਹੋਣ ਦੇ ਬਾਵਜੂਦ, ਇਸਦਾ ਪ੍ਰਭਾਵਸ਼ਾਲੀ ਲਾਗੂਕਰਨ ਅਕਸਰ ਅੰਤਰ-ਸੰਚਾਲਿਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਦੀ ਘਾਟ ਕਾਰਨ ਸੀਮਤ ਹੁੰਦਾ ਹੈ ਜੋ ਮਰੀਜ਼ਾਂ ਦੀ ਦੇਖਭਾਲ ਪ੍ਰਕਿਰਿਆ ਦੌਰਾਨ ਸਿਹਤ ਸਬੰਧੀ ਜਾਣਕਾਰੀ ਦੇ ਨਿਰਵਿਘਨ ਅਦਾਨ-ਪ੍ਰਦਾਨ ਦਾ ਸਮਰਥਨ ਕਰਨ ਦੇ ਸਮਰੱਥ ਹੁੰਦਾ ਹੈ।

ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਹੋਈਆਂ ਚਰਚਾਵਾਂ ਨੇ ਬ੍ਰਿਕਸ ਦੇਸ਼ਾਂ ਦੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ, ਬਰਾਬਰ ਅਤੇ ਭਵਿੱਖ ਲਈ ਤਿਆਰ ਕਰਨ ਲਈ ਸਮੂਹਿਕ ਵਚਨਬੱਧਤਾ ਨੂੰ ਦਰਸਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਸਹਿਯੋਗ ਬ੍ਰਿਕਸ ਭਾਈਵਾਲੀ ਦੇ ਸਭ ਤੋਂ ਮਜ਼ਬੂਤ ​​ਥੰਮ੍ਹਾਂ ਵਿੱਚੋਂ ਇੱਕ ਹੈ, ਜੋ ਆਪਸੀ ਸਿੱਖਿਆ, ਸਾਂਝੀ ਨਵੀਨਤਾ ਅਤੇ ਯੂਨੀਵਰਸਲ ਹੈਲਥ ਕਵਰੇਜ (UHC) ਪ੍ਰਾਪਤ ਕਰਨ ਦੀ ਸਾਂਝੀ ਵਚਨਬੱਧਤਾ 'ਤੇ ਅਧਾਰਿਤ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਿਰੰਤਰ ਦੇਖਭਾਲ ਹਰੇਕ ਸਿਹਤ ਪ੍ਰਣਾਲੀ ਦਾ ਮੂਲ ਅਧਾਰ ਹੈ ਅਤੇ ਸਾਰੇ ਦੇਸ਼ਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਨਾਗਰਿਕਾਂ ਦੀਆਂ ਸਿਹਤ ਸੰਭਾਲ ਯਾਤਰਾਵਾਂ - ਰੋਕਥਾਮ ਅਤੇ ਨਿਦਾਨ ਤੋਂ ਲੈ ਕੇ ਇਲਾਜ, ਪੁਨਰਵਾਸ ਅਤੇ ਲੰਬੇ ਸਮੇਂ ਦੀ ਫਾਲੋ-ਅੱਪ ਕੇਅਰ ਤੱਕ - ਸੰਸਥਾਵਾਂ, ਪ੍ਰਦਾਤਾਵਾਂ ਅਤੇ ਭੂਗੋਲਿਕ ਖੇਤਰਾਂ ਵਿੱਚ ਵੰਡੇ ਜਾਣ ਦੀ ਬਜਾਏ ਆਪਸ ਵਿੱਚ ਜੁੜੇ ਰਹਿਣ। ਉਨ੍ਹਾਂ ਨੇ ਕਿਹਾ ਕਿ ਨਿਰੰਤਰ ਦੇਖਭਾਲ ਹੀ ਇਸ ਗੱਲ ਦਾ ਅਸਲ ਮਾਪਦੰਡ ਹੈ ਕਿ ਡਿਜੀਟਲ ਹੈਲਥ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਗਰਿਕਾਂ ਨੂੰ ਸਾਰਥਕ ਲਾਭ ਪ੍ਰਦਾਨ ਕਰ ਰਹੇ ਹਨ ਜਾਂ ਨਹੀਂ।

ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਜਦਕਿ ਕੋਈ ਵੀ ਦੇਸ਼ ਏਆਈ-ਸਮਰੱਥ ਸਿਹਤ ਸੰਭਾਲ ਦਾ ਭਵਿੱਖ ਇਕੱਲੇ ਨਹੀਂ ਬਣਾ ਸਕਦਾ, ਪਰ ਬ੍ਰਿਕਸ ਦੇਸ਼ਾਂ ਨੂੰ ਬਹੁਤ ਸਾਰੀਆਂ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚ ਵੱਡੀ ਅਤੇ ਵਿਭਿੰਨ ਆਬਾਦੀ, ਪੇਂਡੂ-ਸ਼ਹਿਰੀ ਅਸਮਾਨਤਾਵਾਂ, ਪੁਰਾਣੀਆਂ ਅਤੇ ਗੈਰ-ਸੰਚਾਰੀ ਬਿਮਾਰੀਆਂ ਦਾ ਵਧਦਾ ਬੋਝ ਅਤੇ ਸਿਹਤ ਸੰਭਾਲ ਕਰਮਚਾਰੀਆਂ 'ਤੇ ਵਧਦਾ ਦਬਾਅ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਕਾਰਨ ਏਕੀਕ੍ਰਿਤ ਅਤੇ ਲੋਕ-ਕੇਂਦ੍ਰਿਤ ਸਿਹਤ ਸੰਭਾਲ ਸਪੁਰਦਗੀ ਨੂੰ ਮਜ਼ਬੂਤ ​​ਕਰਨ ਲਈ ਅੰਤਰ-ਸੰਚਾਲਿਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਅਤੇ ਜ਼ਿੰਮੇਵਾਰ ਏਆਈ ਜ਼ਰੂਰੀ ਸਾਧਨ ਬਣ ਜਾਂਦੇ ਹਨ।

ਸ਼੍ਰੀਮਤੀ ਸ੍ਰੀਵਾਸਤਵ ਨੇ ਅੰਤਰ-ਸੰਚਾਲਿਤ ਡਿਜੀਟਲ ਹੈਲਥ ਰਿਕਾਰਡਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਉਂਕਿ ਇੱਕ ਵਿਅਕਤੀ ਦੀ ਸਿਹਤ ਸਬੰਧੀ ਜਾਣਕਾਰੀ ਵਿੱਚ ਕਈ ਸਿਹਤ ਸੰਭਾਲ ਪ੍ਰਦਾਤਾ ਅਤੇ ਸੰਸਥਾਵਾਂ ਸ਼ਾਮਲ ਹੁੰਦੀਆਂ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਸਿਹਤ ਸਬੰਧੀ ਜਾਣਕਾਰੀ ਸੁਰੱਖਿਅਤ ਅਤੇ ਨਿਰਵਿਘਨ ਤੌਰ ਤੇ ਵਿਅਕਤੀ ਦੇ ਨਾਲ ਹੀ ਅੱਗੇ ਚਲਦੀ ਰਹੇ। ਅੰਤਰ-ਸੰਚਾਲਿਤ ਖੁੱਲ੍ਹੇ ਮਿਆਰਾਂ ਅਤੇ ਮਜ਼ਬੂਤ ​​ਸ਼ਾਸਨ 'ਤੇ ਅਧਾਰਿਤ ਡਿਜੀਟਲ ਹੈਲਥ ਰਿਕਾਰਡ, ਸਿਹਤ ਸੰਭਾਲ ਪ੍ਰਦਾਤਾਵਾਂ ਵਿਚਕਾਰ ਜਾਣਕਾਰੀ ਦੇ ਪਾੜੇ ਨੂੰ ਪੂਰਾ ਕਰਨ, ਕਲੀਨਿਕਲ ਫੈਸਲੇ ਲੈਣ ਵਿੱਚ ਸੁਧਾਰ ਕਰਨ, ਸੇਵਾਵਾਂ ਦੀ ਦੁਹਰਾਈ ਨੂੰ ਘੱਟ ਕਰਨ, ਰੈਫਰਲ ਅਤੇ ਫਾਲੋ-ਅੱਪ ਨੂੰ ਮਜ਼ਬੂਤ ​​ਕਰਨ ਅਤੇ ਦੇਖਭਾਲ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

ਏਆਈ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਸ਼੍ਰੀਮਤੀ ਸ੍ਰੀਵਾਸਤਵ ਨੇ ਕਿਹਾ ਕਿ ਜ਼ਿੰਮੇਵਾਰ ਏਆਈ ਪਹਿਲਾਂ ਤੋਂ ਹੀ ਸਿਹਤ ਸੰਭਾਲ ਸਪੁਰਦਗੀ ਨੂੰ ਮਜ਼ਬੂਤ ​​ਕਰ ਰਿਹਾ ਹੈ। ਇਹ ਉਨ੍ਹਾਂ ਮਰੀਜ਼ਾਂ ਦੀ ਪਛਾਣ ਕਰ ਰਿਹਾ ਹੈ ਜਿਨ੍ਹਾਂ ਦਾ ਲੰਬੇ ਸਮੇਂ ਦੀ ਬਿਮਾਰੀ-ਪ੍ਰਬੰਧਨ ਪ੍ਰੋਗਰਾਮਾਂ ਤੋਂ ਬਾਹਰ ਹੋਣ ਦਾ ਖ਼ਤਰਾ ਹੈ। ਸ਼ੁਰੂਆਤੀ ਸਮਾਧਾਨਾਂ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਦੂਰ-ਦੁਰਾਡੇ ਅਤੇ ਘੱਟ ਸੁਵਿਧਾ ਵਾਲੇ ਖੇਤਰਾਂ ਵਿੱਚ ਫਰੰਟਲਾਈਨ ਅਤੇ ਕਮਿਊਨਿਟੀ ਹੈਲਥ ਵਰਕਰਾਂ ਦੁਆਰਾ ਕਲੀਨਿਕਲ ਫੈਸਲੇ ਲੈਣ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਏਆਈ ਦੀ ਪ੍ਰਭਾਵਸ਼ੀਲਤਾ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਗੁਣਵੱਤਾ 'ਤੇ ਨਿਰਭਰ ਕਰਦੀ ਹੈ ਜਿਸ 'ਤੇ ਇਹ ਅਧਾਰਿਤ ਹੈ ਅਤੇ ਭਰੋਸੇਯੋਗ, ਅੰਤਰ-ਸੰਚਾਲਿਤ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸਿਹਤ ਪ੍ਰਣਾਲੀਆਂ ਨੂੰ ਏਆਈ-ਸਮਰੱਥ ਸਿਹਤ ਸੰਭਾਲ ਦੀ ਨੀਂਹ ਬਣੀ ਰਹਿਣੀ ਚਾਹੀਦੀ ਹੈ।

ਕੇਂਦਰੀ ਸਿਹਤ ਸਕੱਤਰ ਨੇ ਭਾਰਤ ਦੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਅਧੀਨ ਸਿਹਤ ਲਈ ਇੱਕ ਏਕੀਕ੍ਰਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਹੋਈ ਤਰੱਕੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਭਾਰਤ ਨੇ 94 ਕਰੋੜ ਤੋਂ ਵੱਧ ABHA (Ayushman Bharat Health Account) ਆਈਡੀਜ਼ ਬਣਾਈਆਂ ਹਨ, ਦਸ ਲੱਖ ਤੋਂ ਵੱਧ ਸਿਹਤ ਪੇਸ਼ੇਵਰਾਂ ਅਤੇ ਪੰਜ ਲੱਖ ਤੋਂ ਵੱਧ ਸਿਹਤ ਸਹੂਲਤਾਂ ਨੂੰ ਵਿਲੱਖਣ ਡਿਜੀਟਲ ਪਛਾਣ ਜਾਰੀ ਕੀਤੀਆਂ ਹਨ, ਇਸ ਦੇ ਨਾਲ ਹੀ ਨਾਗਰਿਕਾਂ ਨੂੰ ਦੇਖਭਾਲ ਦੇ ਸਾਰੇ ਪੜਾਵਾਂ ਵਿੱਚ ਇੱਕ ਅਰਬ ਤੋਂ ਵੱਧ ਜੁੜੇ ਹੋਏ ਡਿਜੀਟਲ ਹੈਲਥ ਰਿਕਾਰਡਾਂ ਤੱਕ ਸੁਰੱਖਿਅਤ ਤੌਰ ‘ਤੇ ਪਹੁੰਚਣ ਦੇ ਯੋਗ ਬਣਾਇਆ ਹੈ।

ਉਨ੍ਹਾਂ ਨੇ ਭਾਰਤ ਦੇ ਹਾਲ ਵਿੱਚ ਲਾਂਚ ਕੀਤੇ ਗਏ SAHI (ਸਿਹਤ ਸੰਭਾਲ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਰਣਨੀਤਕ ਢਾਂਚਾ), ਦਾ ਵੀ ਹਵਾਲਾ ਦਿੱਤਾ, ਜਿਸ ਦਾ ਉਦਘਾਟਨ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਏਆਈ ਇੰਡੀਆ ਇੰਪੈਕਟ ਸਮਿਟ ਦੌਰਾਨ ਕੀਤਾ ਗਿਆ ਸੀ। ਇਹ ਨੈਤਿਕਤਾ, ਪਾਰਦਰਸ਼ਿਤਾ, ਸੁਰੱਖਿਆ ਅਤੇ ਨਾਗਰਿਕ ਭਰੋਸੇ ਨੂੰ ਯਕੀਨੀ ਬਣਾਉਂਦੇ ਹੋਏ ਸਿਹਤ ਸੰਭਾਲ ਸਪੁਰਦਗੀ ਨੂੰ ਮਜ਼ਬੂਤ ਕਰਨ ਲਈ ਏਆਈ ਨੂੰ ਜ਼ਿੰਮੇਵਾਰੀ ਨਾਲ ਅਪਣਾਉਣ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ।

ਕੇਂਦਰੀ ਸਿਹਤ ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੇ ਤਜ਼ਰਬੇ ਨੂੰ ਇੱਕ ਮਿਸਾਲੀ ਮਾਡਲ ਵਜੋਂ ਨਹੀਂ, ਸਗੋਂ ਬ੍ਰਿਕਸ ਦੇਸ਼ਾਂ ਦੇ ਅੰਦਰ ਮੌਜੂਦ ਕਈ ਉਦਾਹਰਣਾਂ ਵਿੱਚੋਂ ਇੱਕ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੈਂਬਰ ਦੇਸ਼ਾਂ ਵਿੱਚ ਅੰਤਰ-ਕਾਰਜਸ਼ੀਲਤਾ ਮਿਆਰਾਂ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਜ਼ਿੰਮੇਵਾਰ ਏਆਈ ਲਈ ਸ਼ਾਸਨ ਢਾਂਚੇ, ਸਾਈਬਰ ਸੁਰੱਖਿਆ, ਸਿਹਤ ਕਾਰਜਬਲ ਸਮਰੱਥਾ ਨਿਰਮਾਣ, ਅਤੇ ਸਹਿਯੋਗੀ ਖੋਜ ਅਤੇ ਨਵੀਨਤਾ 'ਤੇ ਡੂੰਘੇ ਸਹਿਯੋਗ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਟਿਕਾਊ ਸਿਹਤ ਸੰਭਾਲ ਲਈ ਡਿਜੀਟਲ ਸਿਹਤ ਢਾਂਚੇ 'ਤੇ ਬ੍ਰਿਕਸ ਤਕਨੀਕੀ ਕਾਰਜ ਸਮੂਹ-4 ਸੰਗ੍ਰਹਿ ਦੇ ਪ੍ਰਕਾਸ਼ਨ ਦਾ ਸੁਆਗਤ ਕਰਦੇ ਹੋਏ ਇਸ ਨੂੰ ਬ੍ਰਿਕਸ ਦੇਸ਼ਾਂ ਦੀ ਸਮੂਹਿਕ ਮੁਹਾਰਤ ਅਤੇ ਨਵੀਨਤਾ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਇਸ ਸੰਗ੍ਰਹਿ ਦੇ ਵਿਕਾਸ ਲਈ ਸਾਰੇ ਮੈਂਬਰ ਦੇਸ਼ਾਂ ਅਤੇ ਤਕਨੀਕੀ ਕਾਰਜ ਸਮੂਹ ਨੂੰ ਵਧਾਈ ਦਿੱਤੀ, ਜੋ ਦਰਸਾਉਂਦਾ ਹੈ ਕਿ ਵਿਭਿੰਨ ਸਿਹਤ ਪ੍ਰਣਾਲੀਆਂ ਦੇ ਬਾਵਜੂਦ, ਬ੍ਰਿਕਸ ਦੇਸ਼ ਜੁੜੇ ਹੋਏ, ਬਰਾਬਰੀ ਵਾਲੇ ਅਤੇ ਭਵਿੱਖ ਲਈ ਤਿਆਰ ਸਿਹਤ ਸੰਭਾਲ ਦੇ ਸਾਂਝੇ ਦ੍ਰਿਸ਼ਟੀਕੋਣ ਦੁਆਰਾ ਇਕਜੁੱਟ ਹਨ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀਮਤੀ ਸ੍ਰੀਵਾਸਤਵ ਨੇ ਕਿਹਾ ਕਿ ਜਿੱਥੇ ਡਿਜੀਟਲ ਹੈਲਥ  ਰਿਕਾਰਡ ਅਧਾਰ ਪ੍ਰਦਾਨ ਕਰਦੇ ਹਨ, ਉੱਥੇ ਹੀ ਜ਼ਿੰਮੇਵਾਰ ਏਆਈ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਦੇਖਭਾਲ ਦੀ ਨਿਰੰਤਰਤਾ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਰਾਸ਼ਟਰੀ ਸਿਹਤ ਅਥਾਰਿਟੀ (NHA) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਨੀਲ ਕੁਮਾਰ ਬਰਨਵਾਲ ਨੇ ਇਸ ਮੌਕੇ ‘ਤੇ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਫਾਰ ਕੰਟੀਨਿਊਮ ਆਫ ਕੇਅਰ 'ਤੇ ਬ੍ਰਿਕਸ ਟੈਕਨੀਕਲ ਵਰਕਿੰਗ ਗਰੁੱਪ-4 (TWG-4) ਦੇ ਸੰਗ੍ਰਿਹ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਜਿਸ ਵਿੱਚ ਇਸ ਦੇ ਪ੍ਰਮੁੱਖ ਨਤੀਜਿਆਂ ਅਤੇ ਸਿਫ਼ਾਰਸ਼ਾਂ ਨੂੰ ਦਰਸਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸੰਗ੍ਰਹਿ ਬ੍ਰਿਕਸ ਦੇਸ਼ਾਂ ਵਿੱਚ ਡਿਜੀਟਲ ਸਿਹਤ ਪ੍ਰਣਾਲੀਆਂ ਦੀ ਮੌਜੂਦਾ ਸਥਿਤੀ ਦਾ ਇੱਕ ਵਿਆਪਕ ਮੁਲਾਂਕਣ ਪ੍ਰਦਾਨ ਕਰਦਾ ਹੈ ਅਤੇ ਅੰਤਰ-ਸੰਚਾਲਿਤ ਡਿਜੀਟਲ ਸਿਹਤ ਬੁਨਿਆਦੀ ਢਾਂਚੇ ਰਾਹੀਂ ਨਿਰਵਿਘਨ ਨਿਰੰਤਰ ਦੇਖਭਾਲ ਪ੍ਰਾਪਤ ਕਰਨ ਲਈ ਲੋੜੀਂਦੇ ਮੁੱਖ ਹਿੱਸਿਆਂ ਦੀ ਪਛਾਣ ਕਰਦਾ ਹੈ।

ਸ਼੍ਰੀ ਬਰਨਵਾਲ ਨੇ ਬ੍ਰਿਕਸ ਦੇਸ਼ਾਂ ਵਿੱਚ ਡਿਜੀਟਲ ਹੈਲਥ ਲੈਂਡਸਕੇਪ ਦਾ ਤੁਲਨਾਤਮਕ ਵਿਸ਼ਲੇਸ਼ਣ ਪੇਸ਼ ਕਰਦੇ ਹੋਏ, ਹਰੇਕ ਮੈਂਬਰ ਦੇਸ਼ ਦੁਆਰਾ ਪ੍ਰਦਰਸ਼ਿਤ ਵਿਲੱਖਣ ਸ਼ਕਤੀਆਂ ਅਤੇ ਨਵੀਨਤਾਵਾਂ ਨੂੰ ਉਜਾਗਰ ਕੀਤਾ ਅਤੇ ਸਮੂਹ ਦੇ ਸਾਹਮਣੇ ਆਉਣ ਵਾਲੀਆਂ ਆਮ ਚੁਣੌਤੀਆਂ ਦੀ ਪਛਾਣ ਕੀਤੀ। ਇਨ੍ਹਾਂ ਵਿੱਚ ਖੰਡਿਤ ਸਿਹਤ ਸੂਚਨਾ ਪ੍ਰਣਾਲੀਆਂ, ਸੀਮਤ ਅੰਤਰ-ਸੰਚਾਲਿਤ ਖੇਤਰਾਂ ਵਿੱਚ ਅਸਮਾਨ ਡਿਜੀਟਲ ਪਰਿਪੱਕਤਾ, ਪੁਰਾਣੀਆਂ ਅਤੇ ਗੈਰ-ਸੰਚਾਰੀ ਬਿਮਾਰੀਆਂ ਦਾ ਵਧਦਾ ਬੋਝ, ਕਰਮਚਾਰੀਆਂ ਦੀ ਕਮੀ ਅਤੇ ਮਜ਼ਬੂਤ ​​ਡੇਟਾ ਪ੍ਰਬੰਧਨ ਢਾਂਚੇ ਦੀ ਜ਼ਰੂਰਤ ਸ਼ਾਮਲ ਹਨ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਹਤ ਪ੍ਰਣਾਲੀਆਂ ਦੀ ਵਿਭਿੰਨਤਾ ਦੇ ਬਾਵਜੂਦ, ਬ੍ਰਿਕਸ ਦੇਸ਼ਾਂ ਦੀ ਇੱਕ ਸਮਾਨ ਇੱਛਾ ਹੈ ਕਿ ਉਹ ਆਪਸ ਵਿੱਚ ਜੁੜੀ ਹੋਈ, ਮਰੀਜ਼-ਕੇਂਦ੍ਰਿਤ, ਅਤੇ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀਆਂ ਬਣਾਉਣ। ਉਨ੍ਹਾਂ ਕਿਹਾ ਕਿ ਇਹ ਸੰਗ੍ਰਹਿ ਅੰਤਰ-ਸੰਚਾਲਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ, ਖੁੱਲ੍ਹੇ ਮਿਆਰਾਂ ਨੂੰ ਅਪਣਾਉਣ, ਸੁਰੱਖਿਅਤ ਅਤੇ ਸਹਿਮਤੀ-ਅਧਾਰਿਤ ਡੇਟਾ ਐਕਸਚੇਂਜ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ ਰਾਹੀਂ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ​​ਕਰਨ ਲਈ ਇੱਕ ਵਿਵਹਾਰਕ ਢਾਂਚਾ ਪ੍ਰਦਾਨ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਪ੍ਰਤੀਨਿਧਿਆਂ ਅਤੇ ਮਾਹਰਾਂ ਦੇ ਨਾਲ ਇੱਕ ਉੱਚ ਪੱਧਰੀ ਪੈਨਲ ਚਰਚਾ ਵੀ ਹੋਈ, ਜਿਨ੍ਹਾਂ ਨੇ ਅੰਤਰ-ਸੰਚਾਲਿਤ ਡਿਜੀਟਲ ਸਿਹਤ ਬੁਨਿਆਦੀ ਢਾਂਚੇ ਅਤੇ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ਕਰਨ ਬਾਰੇ ਤਜ਼ਰਬਿਆਂ ਅਤੇ ਸਰਵੋਤਮ ਅਭਿਆਸਾਂ ਦਾ ਅਦਾਨ -ਪ੍ਰਦਾਨ ਕੀਤਾ।

ਇਹ ਚਰਚਾ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਦੇਸ਼ ਵੱਖ-ਵੱਖ ਸਿਹਤ ਸੰਭਾਲ ਵਿਵਸਥਾਵਾਂ ਵਿੱਚ ਨਿਰੰਤਰ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਵਰਤੋਂ ਕਿਵੇਂ ਕਰ ਰਹੇ ਹਨ। ਬ੍ਰਾਜ਼ੀਲ ਦੇ ਪ੍ਰਤੀਨਿਧੀਆਂ ਨੇ ਨੈਸ਼ਨਲ ਹੈਲਥ ਡੇਟਾ ਨੈੱਟਵਰਕ (RNDS) ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ, ਜਿਸਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਗਜ਼-ਅਧਾਰਿਤ ਰੈਫਰਲ ਤੋਂ ਇੱਕ ਏਕੀਕ੍ਰਿਤ ਰਾਸ਼ਟਰੀ ਸਿਹਤ ਜਾਣਕਾਰੀ ਐਕਸਚੇਂਜ ਪ੍ਰਣਾਲੀ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਟੈਲੀਹੈਲਥ ਸੇਵਾਵਾਂ ਦੇ ਵਿਸਥਾਰ ਦਾ ਵੀ ਜ਼ਿਕਰ ਕੀਤਾ, ਜੋ ਹੁਣ ਲਗਭਗ 80 ਪ੍ਰਤੀਸ਼ਤ ਨਗਰਪਾਲਿਕਾਵਾਂ ਤੱਕ ਪਹੁੰਚ ਚੁੱਕੀਆਂ ਹਨ ਅਤੇ ਐਮਾਜ਼ੌਨ ਸਮੇਤ ਦੂਰ-ਦੁਰਾਡੇ ਅਤੇ ਘੱਟ ਸੁਵਿਧਾ ਵਾਲੇ ਖੇਤਰਾਂ ਵਿੱਚ ਵਿਸ਼ੇਸ਼ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਲਿਆ ਰਹੀਆਂ ਹਨ।

ਇੰਡੋਨੇਸ਼ੀਆ ਦੇ ਵਫ਼ਦ ਨੇ ਹਜ਼ਾਰਾਂ ਪ੍ਰਾਇਮਰੀ ਹੈਲਥ ਸੈਂਟਰਾਂ (Puskesmas -ਪੁਸਕੇਸਮਾਸ) ਵਿੱਚ ਦੇਸ਼ ਦੇ ਏਕੀਕ੍ਰਿਤ ਪ੍ਰਾਇਮਰੀ ਹੈਲਥ ਕੇਅਰ ਮਾਡਲ ਦੇ ਤੇਜ਼ੀ ਨਾਲ ਵਿਸਥਾਰ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਸਤੁਸਿਹਤ (SATUSEHAT) ਡਿਜੀਟਲ ਹੈਲਥ ਪਲੈਟਫਾਰਮ ਨੂੰ ਲਾਗੂ ਕਰਨ 'ਤੇ ਵੀ ਚਰਚਾ ਕੀਤੀ, ਜਿਸ ਨੂੰ ਸੰਪਰਕ ਸਬੰਧੀ ਚੁਣੌਤੀਆਂ ਦੇ ਬਾਵਜੂਦ, ਇੰਡੋਨੇਸ਼ੀਆ ਦੇ ਭੂਗੋਲਿਕ ਤੌਰ 'ਤੇ ਖਿੰਡੇ ਹੋਏ 17,000 ਤੋਂ ਵੱਧ ਟਾਪੂਆਂ ਦੇ ਦ੍ਵੀਪ ਸਮੂਹ ਵਿੱਚ ਨਿਰੰਤਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਅਨੁਕੂਲ ਬਣਾਇਆ ਗਿਆ ਹੈ।

ਪੈਨਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਹਤ ਸੰਭਾਲ ਸਪੁਰਦਗੀ ਵਿੱਚ ਸੁਧਾਰ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੀ ਹੈ, ਪਰ ਇਸ ਦੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਰਤੋਂ ਉੱਚ-ਗੁਣਵੱਤਾ ਵਾਲੇ, ਅੰਤਰ-ਸੰਚਾਲਿਤ ਸਿਹਤ ਡੇਟਾ ਅਤੇ ਸਥਾਨਕ ਪੱਧਰ 'ਤੇ ਪ੍ਰਮਾਣਿਤ ਕਲੀਨਿਕਲ ਸਬੂਤਾਂ 'ਤੇ ਨਿਰਭਰ ਕਰਦੀ ਹੈ। ਵਫ਼ਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬ੍ਰਿਕਸ ਦੇਸ਼ਾਂ ਨੂੰ ਵੱਡੇ ਪੱਧਰ 'ਤੇ ਏਆਈ-ਸਮਰੱਥ ਸਿਹਤ ਹੱਲਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਮਜ਼ਬੂਤ ​​ਸ਼ਾਸਨ ਢਾਂਚੇ, ਡੇਟਾ ਗੁਣਵੱਤਾ, ਅੰਤਰ-ਕਾਰਜਸ਼ੀਲਤਾ ਮਿਆਰਾਂ, ਤਸਦੀਕ ਵਿਧੀਆਂ, ਸਾਈਬਰ ਸੁਰੱਖਿਆ, ਸਿਹਤ ਕਾਰਜਬਲ ਸਮਰੱਥਾ ਨਿਰਮਾਣ ਅਤੇ ਸਸਟੇਨੇਬਲ ਫੰਡਿੰਗ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ।

ਇਸ ਗੱਲਬਾਤ ਨੇ ਲਚਕੀਲੀ, ਸਮਾਵੇਸ਼ੀ ਅਤੇ ਜਨ-ਕੇਂਦ੍ਰਿਤ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਡਿਜੀਟਲ ਨਵੀਨਤਾ ਅਤੇ ਜ਼ਿੰਮੇਵਾਰ ਏਆਈ ਦੀ ਵਰਤੋਂ ਕਰਨ ਦੇ ਲਈ ਬ੍ਰਿਕਸ ਦੇਸ਼ਾਂ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਯੂਨੀਵਰਸਲ ਹੈਲਥ ਕਵਰੇਜ ਨੂੰ ਅੱਗੇ ਵਧਾਉਣ ਅਤੇ ਸਿਹਤ ਪ੍ਰਣਾਲੀਆਂ ਵਿੱਚ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ​​ਕਰਨ ‘ਤੇ ਵੀ ਜ਼ੋਰ ਦਿੱਤਾ।

ਇਸ ਪ੍ਰੋਗਰਾਮ ਵਿੱਚ ਰੂਸ ਦੇ ਉਪ ਸਿਹਤ ਮੰਤਰੀ ਵਲਾਦੀਮੀਰ ਜ਼ੇਲੈਂਸਕੀ; ਸ਼੍ਰੀ ਆਰਥਰ ਫਰਨਾਂਡੀਸ ਦਾ ਸਿਲਵਾ, ਬ੍ਰਾਜ਼ੀਲ; ਡਾ: ਹਿਵੋਟ ਸੋਲੋਮਨ, ਇਥੋਪੀਆ; ਡਾ: ਹਰਦਿੱਤਿਆ ਸੂਰਿਆਵੰਤੋ, ਇੰਡੋਨੇਸ਼ੀਆ; ਡਾ. ਗ੍ਰੇਸ ਅਚੁੰਗੁਰਾ, ਡਬਲਿਊ.ਐੱਚ.ਓ.-ਭਾਰਤ ਵਿਖੇ ਸਿਹਤ ਪ੍ਰਣਾਲੀਆਂ ਦੀ ਟੀਮ ਲੀਡ; ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਮੰਤਰੀਆਂ, ਸੀਨੀਅਰ ਅਧਿਕਾਰੀ ਅਤੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।

*************

ਐੱਸਆਰ/ਏਕੇ

HFW/16th BRICS Side Event on AI /24 July 2026/6


(Release ID: 2289253) ਵਿਜ਼ੀਟਰ ਕਾਊਂਟਰ : 27