ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਭਾਰਤ ਦੀ ਵਿਸ਼ਵ ਪੱਧਰੀ ਰੱਖਿਆ ਤਿਆਰੀ ਦਾ ਪ੍ਰਦਰਸ਼ਨ ਕੀਤਾ ਹੈ , ਜੋ ਸਰਕਾਰ ਦੇ 'ਰਾਸ਼ਟਰ ਪਹਿਲਾਂ' ਅਤੇ 'ਹਥਿਆਰਬੰਦ ਸੈਨਾ ਪਹਿਲਾਂ' ਦੇ ਸੰਕਲਪ ਨਾਲ ਹੋਰ ਮਜ਼ਬੂਤ ​​ਹੋਈ ਹੈ


"ਨਵੇਂ ਭਾਰਤ ਦਾ ਸੰਕਲਪ: ਭਾਰਤੀ ਵਿੱਚ ਨਿਰਮਿਤ ਹਥਿਆਰਾਂ ਨਾਲ ਲੈਸ ਸੈਨਿਕ, ਨਵੇਂ ਮੌਕਿਆਂ ਨਾਲ ਸਸ਼ਕਤ ਵਿਗਿਆਨੀ, ਨਵੀਨਤਾ ਤੋਂ ਪ੍ਰੇਰਿਤ ਨੌਜਵਾਨ, ਅਤੇ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਦੇ ਸਮਰੱਥ ਉਦਯੋਗ"

"ਰੱਖਿਆ ਨਵੀਨਤਾ: ਸਟਾਰਟਅੱਪਸ ਅਤੇ ਐਮਐਸਐਮਈ ਤੋਂ ₹2,400 ਕਰੋੜ ਤੋਂ ਵੱਧ ਦੀ ਖਰੀਦ ਨੂੰ ਮਨਜ਼ੂਰੀ; ਨਵੀਆਂ ਤਕਨਾਲੋਜੀਆਂ ਲਈ ₹1,500 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ; ਆਈਡੀਈਐਕਸ ਰਾਹੀਂ 676 ਸਟਾਰਟਅੱਪਸ ਅਤੇ ਨਵੀਨਤਾਕਾਰੀ ਜੁੜੇ ਹੋਏ ਹਨ, 551 ਇਕਰਾਰਨਾਮਿਆਂ 'ਤੇ ਦਸਤਖਤ ਕੀਤੇ ਜਾ ਚੁੱਕੇ ਹਨ।"

"ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰੱਖਿਆ ਉਦਯੋਗਿਕ ਗਲਿਆਰਿਆਂ ਲਈ ₹70,000 ਕਰੋੜ ਦਾ ਨਿਵੇਸ਼ ਦਾ ਪ੍ਰਸਤਾਵ; ₹10,000 ਕਰੋੜ ਦਾ ਪਹਿਲਾਂ ਹੀ ਨਿਵੇਸ਼ ਕੀਤਾ ਜਾ ਚੁੱਕਾ ਹੈ"

"ਇਸ ਸਾਲ ₹2 ਲੱਖ ਕਰੋੜ ਅਤੇ 2029 ਤੱਕ ₹3 ਲੱਖ ਕਰੋੜ ਦਾ ਰੱਖਿਆ ਉਤਪਾਦਨ ਟੀਚਾ; 2029 ਤੱਕ ਰੱਖਿਆ ਨਿਰਯਾਤ ₹50,000 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ "

प्रविष्टि तिथि: 18 JUL 2026 2:19PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 18 ਜੁਲਾਈ, 2026 ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ। "ਆਪ੍ਰੇਸ਼ਨ ਸਿੰਦੂਰ ਭਾਰਤ ਦੀ ਆਧੁਨਿਕ, ਉੱਨਤ ਅਤੇ ਉੱਚ-ਪੱਧਰੀ ਰੱਖਿਆ ਤਿਆਰੀ ਦਾ ਪ੍ਰਮਾਣ ਹੈ, ਜਿਸ ਨੂੰ ਪਿਛਲੇ 12 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਨਿਰੰਤਰ ਯਤਨਾਂ ਅਤੇ 'ਰਾਸ਼ਟਰ ਪਹਿਲਾਂ' ਅਤੇ 'ਹਥਿਆਰਬੰਦ ਸੈਨਾ ਪਹਿਲਾਂ' ਦੀ ਭਾਵਨਾ ਤੋਂ ਪ੍ਰੇਰਿਤ ਰੱਖਿਆ ਖੇਤਰ ਦੇ ਪਰਿਵਰਤਨ ਦੁਆਰਾ ਹੋਰ ਮਜ਼ਬੂਤ ​​ਕੀਤਾ ਗਿਆ ਹੈ," ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਭਾਰਤੀ ਰੱਖਿਆ ਬਲਾਂ ਦੀ ਬੇਮਿਸਾਲ ਬਹਾਦਰੀ ਦੀ ਯਾਦ ਦਿਵਾਉਣ ਵਾਲਾ ਦੱਸਿਆ, ਜਿਸ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਢੁਕਵਾਂ ਜਵਾਬ ਦਿੱਤਾ, ਅਤੇ ਅੱਤਵਾਦ ਖਿਲ਼ਾਫ ਸਰਕਾਰ ਦੇ ਸਪੱਸ਼ਟ "ਜ਼ੀਰੋ ਟੌਲਰੈਂਸ" ਰੁਖ਼ ਨੂੰ ਪ੍ਰਤੀਬਿੰਬਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਅੱਤਵਾਦ ਖਿਲ਼ਾਫ ਜ਼ੀਰੋ ਟਾਲਰੈਂਸ' ਸਿਰਫ਼ ਇੱਕ ਬਿਆਨ ਨਹੀਂ ਹੈ, ਸਗੋਂ ਇੱਕ ਕਾਰਵਾਈ ਨੀਤੀ ਹੈ, ਅਤੇ ਦੁਹਰਾਇਆ ਕਿ ਭਾਰਤ ਕੋਲ ਅੱਤਵਾਦ ਵਿਰੁੱਧ ਨਾ ਸਿਰਫ਼ ਆਪਣੇ ਦਰਵਾਜ਼ੇ 'ਤੇ, ਸਗੋਂ ਉਸਦੇ ਛੁਪਣਗਾਹਾਂ ਵਿੱਚ ਦਾਖਲ ਹੋ ਕੇ ਵੀ ਹਮਲਾ ਕਰਨ ਦੀ ਸਮਰੱਥਾ ਹੈ।

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵਰਗੇ ਗੁੰਝਲਦਾਰ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਅੰਜ਼ਾਮ ਦੇਣ ਵਿੱਚ ਭਾਰਤ ਦੇ ਬਦਲੇ ਹੋਏ ਰੱਖਿਆ ਖੇਤਰ ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਇਸਨੂੰ ਤਕਨੀਕੀ ਯੁੱਧ ਦੀ ਇੱਕ ਸ਼ਾਨਦਾਰ ਉਦਾਹਰਣ ਅਤੇ ਭਾਰਤੀ ਉਦਯੋਗਾਂ ਵਿੱਚ ਸਰਕਾਰ ਦੇ ਵਿਸ਼ਵਾਸ ਦਾ ਪ੍ਰਮਾਣ ਦੱਸਿਆ। ਉਨ੍ਹਾਂ ਕਿਹਾ  “ਇਸ ਆਪ੍ਰੇਸ਼ਨ ਦੌਰਾਨ ਆਕਾਸ਼ ਤੀਰ, ਆਕਾਸ਼ ਮਿਜ਼ਾਈਲ ਸਿਸਟਮ ਅਤੇ ਬ੍ਰਹਮੋਸ ਵਰਗੇ ਉੱਨਤ ਪ੍ਰਣਾਲੀਆਂ, ਕਈ ਹੋਰ ਅਤਿ-ਆਧੁਨਿਕ ਉਪਕਰਣਾਂ ਦੇ ਨਾਲ, ਪ੍ਰਭਾਵਸ਼ਾਲੀ ਢੰਗ ਨਾਲ ਵਰਤੀਆਂ ਗਈਆਂ। ਇਹ ਪਿਛਲੇ 12 ਸਾਲਾਂ ਵਿੱਚ ਰੱਖੀ ਗਈ ਨੀਂਹ ਕਾਰਨ ਸੰਭਵ ਹੋਇਆ।"

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ 'ਤੇ ਚਾਨਣਾ ਪਾਉਂਦਿਆਂ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਬਲਾਂ ਦੁਆਰਾ ਹੁਣ ਤੱਕ 509 ਆਇਟਮਾਂ ਵਾਲੀਆਂ ਪੰਜ ਸਕਾਰਾਤਮਕ ਸਵਦੇਸ਼ੀ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਇਸ ਤੋਂ ਇਲਾਵਾ ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਦੁਆਰਾ 5,012 ਆਇਟਮਾਂ ਵਾਲੀਆਂ ਪੰਜ ਸੂਚੀਆਂ ਵੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, "ਇੱਕ ਆਤਮਨਿਰਭਰ ਅਤੇ ਸਸ਼ਕਤ ਰੱਖਿਆ ਖੇਤਰ ਦੇ ਨਿਰਮਾਣ ਵੱਲ ਇੱਕ ਦ੍ਰਿੜ ਅਤੇ ਯੋਜਨਾਬੱਧ ਪਹੁੰਚ ਨਾਲ ਅੱਗੇ ਵਧਦੇ ਹੋਏ, ਇਸ ਟੀਚੇ ਨੂੰ ਹੋਰ ਹੁਲਾਰਾ ਦੇਣ ਲਈ ਜਲਦੀ ਹੀ ਇੱਕ ਹੋਰ ਸਕਾਰਾਤਮਕ ਸਵਦੇਸ਼ੀ ਸੂਚੀ ਨੂੰ ਅਧਿਸੂਚਿਤ ਕੀਤਾ ਜਾਵੇਗਾ।"

ਨਿਰੰਤਰ ਆਤਮਨਿਰਭਰਤਾ ਦੇ ਯਤਨਾਂ ਦੇ ਨਤੀਜੇ ਵਜੋਂ ਪ੍ਰਾਪਤ ਸਕਾਰਾਤਮਕ ਨਤੀਜਿਆਂ ਦੀ ਗਿਣਤੀ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਸਾਲਾਨਾ ਰੱਖਿਆ ਉਤਪਾਦਨ ਵਿੱਤੀ ਸਾਲ 2025-26 ਵਿੱਚ ਲਗਭਗ ₹1.78 ਲੱਖ ਕਰੋੜ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਲਈ ਤਿਆਰ ਹੈ, ਜੋ ਕਿ 2014 ਵਿੱਚ ਲਗਭਗ ₹40,000 ਕਰੋੜ ਸੀ। ਉਨ੍ਹਾਂ ਅੱਗੇ ਕਿਹਾ ਕਿ ਰੱਖਿਆ ਨਿਰਯਾਤ ਵਿੱਤੀ ਸਾਲ 2013-14 ਵਿੱਚ ₹686 ਕਰੋੜ ਤੋਂ ਵਧ ਕੇ  ₹38,000 ਕਰੋੜ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ । ਉਨ੍ਹਾਂ ਕਿਹਾ, "ਸਾਡਾ ਰੱਖਿਆ ਉਤਪਾਦਨ ਟੀਚਾ ਇਸ ਸਾਲ ₹2 ਲੱਖ ਕਰੋੜ ਅਤੇ 2029 ਤੱਕ ₹3 ਲੱਖ ਕਰੋੜ ਦੇ ਅੰਕੜੇ ਨੂੰ ਨੂੰ ਪਾਰ ਕਰਨਾ ਹੈ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੱਖਿਆ ਨਿਰਯਾਤ 2029 ਤੱਕ ₹50,000 ਕਰੋੜ ਤੱਕ ਪਹੁੰਚ ਜਾਵੇ। ਪ੍ਰਗਤੀ ਦੀ ਮੌਜੂਦਾ ਗਤੀ ਨੂੰ ਦੇਖਦੇ ਹੋਏ, ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵਾਂਗੇ।"

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ, ਦੇਸ਼ ਦੀਆਂ ਸੁਰੱਖਿਆ ਜ਼ਰੂਰਤਾਂ ਲਈ ਘਰੇਲੂ ਉਤਪਾਦਨ ਨਾਲੋਂ ਆਯਾਤ ਨੂੰ ਤਰਜੀਹ ਦੇਣ ਦੀ "ਪੁਰਾਣੀ ਮਾਨਸਿਕਤਾ" ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ, "2014 ਤੋਂ, ਸਾਡਾ ਯਤਨ ਆਧੁਨਿਕ ਹਥਿਆਰਾਂ ਅਤੇ ਤਕਨਾਲੋਜੀਆਂ ਦੇ ਸਵਦੇਸ਼ੀ ਉਤਪਾਦਨ ਰਾਹੀਂ ਰੱਖਿਆ ਤਿਆਰੀ ਨੂੰ ਮਜ਼ਬੂਤ ​​ਕਰਨ ਦਾ ਰਿਹਾ ਹੈ, ਜਿਸ ਵਿੱਚ ਆਯਾਤ 'ਤੇ ਨਿਰਭਰਤਾ ਘਟਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਅਸੀਂ ਘਰੇਲੂ ਅਤੇ ਅੰਤਰਰਾਸ਼ਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦੇ ਅੰਦਰ ਇੱਕ ਰੱਖਿਆ ਉਦਯੋਗਿਕ ਈਕੋਸਿਸਟਮ ਦਾ ਨਿਰਮਾਣ ਕੀਤਾ ਹੈ।"

ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੱਖਿਆ ਖੇਤਰ ਨੂੰ ਬਦਲਣ ਲਈ ਸਰਕਾਰ ਦਾ ਦ੍ਰਿਸ਼ਟੀਕੋਣ ਦੇਸ਼ ਦੀ ਸਮਰੱਥਾ ਅਤੇ ਸੰਭਾਵਨਾ ਵਿੱਚ ਮਜ਼ਬੂਤ ​​ਵਿਸ਼ਵਾਸ 'ਤੇ ਅਧਾਰਿਤ ਹੈ, ਜੋ ਕਿ ਪਿਛਲੀ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਬਿਲਕੁਲ ਵੱਖਰਾ ਹੈ। ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਪਹਿਲਕਦਮੀ ਦੱਸਦਿਆਂ, ਉਨ੍ਹਾਂ ਕਿਹਾ ਕਿ ਭਾਰਤ ਨੇ ਨਾ ਸਿਰਫ਼ ਆਪਣੇ ਰੱਖਿਆ ਖੇਤਰ ਦਾ ਆਧੁਨਿਕੀਕਰਨ ਕੀਤਾ ਹੈ ਬਲਕਿ ਇੱਕ ਵਿਆਪਕ ਪਰਿਵਰਤਨ ਵੀ ਕੀਤਾ ਹੈ ਜੋ ਨਿਰਭਰਤਾ ਤੋਂ ਆਤਮਨਿਰਭਰਤਾ ਦੇ ਵੱਲ ਅਤੇ ਖਪਤਕਾਰ ਤੋਂ ਉਤਪਾਦਕ ਬਣਨ ਦੀ ਯਾਤਰਾ ਨੂੰ ਦਰਸਾਉਂਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਕਿਸੇ ਦੇਸ਼ ਦੀ ਅਸਲ ਤਾਕਤ ਸਿਰਫ਼ ਉਸਦੀ ਫੌਜ ਦੇ ਆਕਾਰ ਨਾਲ ਨਹੀਂ ਮਾਪੀ ਜਾਂਦੀ। ਇਹ ਸੰਕਟ ਦੇ ਸਮੇਂ ਵਿੱਚ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਆਪਣੀਆਂ ਫੌਜਾਂ ਦੇ ਮਨੋਬਲ ਨੂੰ ਵਧਾਉਣ ਲਈ ਅਤਿ-ਆਧੁਨਿਕ ਹਥਿਆਰ ਪ੍ਰਦਾਨ ਕਰਨ ਦੀ ਉਸਦੀ ਯੋਗਤਾ 'ਤੇ ਨਿਰਭਰ ਕਰਦਾ ਹੈ। ਜੇਕਰ ਕੋਈ ਦੇਸ਼ ਹਥਿਆਰਾਂ, ਗੋਲਾ ਬਾਰੂਦ, ਨੈਵੀਗੇਸ਼ਨ ਪ੍ਰਣਾਲੀਆਂ, ਮਿਜ਼ਾਈਲਾਂ, ਰਾਡਾਰਾਂ, ਡਰੋਨਾਂ ਅਤੇ ਹੋਰ ਯੁੱਧ ਨਾਲ ਸਬੰਧਿਤ ਜ਼ਰੂਰੀ ਚੀਜ਼ਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ ਹੈ, ਤਾਂ ਉਸਦੀ ਰਣਨੀਤਕ ਅਤੇ ਫੌਜੀ ਖੁਦਮੁਖਤਿਆਰੀ ਸੀਮਤ ਹੋ ਜਾਂਦੀ ਹੈ। ਅਸੀਂ ਇਸ ਸਥਿਤੀ ਨੂੰ ਬਦਲਣ ਲਈ ਲਗਾਤਾਰ ਯਤਨਸ਼ੀਲ ਹਾਂ।"

ਅੱਗੇ ਵਿਸਥਾਰ ਨਾਲ ਦੱਸਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰੱਖਿਆ ਨਿਰਯਾਤ ਨੂੰ ਸਰਲ ਬਣਾ ਕੇ ਭਾਰਤ ਦੇ ਰੱਖਿਆ ਨਵੀਨਤਾ ਅਤੇ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਵਿਆਪਕ ਸੁਧਾਰ ਕੀਤੇ ਹਨ। ਇਨ੍ਹਾਂ ਸੁਧਾਰਾਂ ਵਿੱਚ ਰੱਖਿਆ ਈਐਕਸਆਈਐਮ ਪੋਰਟਲ, ਔਨਲਾਈਨ ਪ੍ਰਵਾਨਗੀਆਂ, ਓਪਨ ਜਨਰਲ ਐਕਸਪੋਰਟ ਲਾਇਸੈਂਸ, ਸੁਚਾਰੂ ਗੁਣਵੱਤਾ ਪ੍ਰਮਾਣੀਕਰਣ ਪ੍ਰਕਿਰਿਆਵਾਂ, ਗ੍ਰੀਨ ਚੈਨਲ ਨੀਤੀ ਅਤੇ ਸਵੈ-ਪ੍ਰਮਾਣੀਕਰਨ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰੱਖਿਆ ਉਦਯੋਗਿਕ ਗਲਿਆਰਿਆਂ ਦੀ ਸਥਾਪਨਾ ਆਤਮਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਲਿਆਰਿਆਂ ਵਿੱਚ ਉੱਨਤ ਰੱਖਿਆ ਨਿਰਮਾਣ ਹੋ ਰਿਹਾ ਹੈ ਅਤੇ ਬਹੁਤ ਸਾਰੀਆਂ ਕੰਪਨੀਆਂ ਗਲੋਬਲ ਸਪਲਾਈ ਚੇਨਾਂ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ, "ਇਨ੍ਹਾਂ ਦੋਵਾਂ ਰੱਖਿਆ ਗਲਿਆਰਿਆਂ ਲਈ ਲਗਭਗ 70,000 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਹੈ, ਜਿਸ ਵਿੱਚੋਂ ਲਗਭਗ 10,000 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ । ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਖਾਸ ਕਰਕੇ, ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰਾ 'ਆਤਮਨਿਰਭਰ ਭਾਰਤ' ਦੀ ਸਫਲਤਾ ਦਾ ਇੱਕ ਸਸ਼ੱਕਤ ​​ਉਦਾਹਰਣ ਬਣ ਕੇ ਉੱਭਰਿਆ ਹੈ।"

ਰਕਸ਼ਾ ਮੰਤਰੀ ਨੇ ਰੱਖਿਆ ਖਰੀਦ ਵਿੱਚ ਕੀਤੇ ਗਏ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹਨਾਂ ਕਦਮਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭਾਰਤੀ ਉਦਯੋਗ ਰੱਖਿਆ ਆਧੁਨਿਕੀਕਰਨ ਤੋਂ ਲਾਭ ਪ੍ਰਾਪਤ ਕਰ ਸਕੇ। ਉਨ੍ਹਾਂ ਕਿਹਾ, "ਰੱਖਿਆ ਆਧੁਨਿਕੀਕਰਨ ਲਈ ਨਿਰਧਾਰਤ ਬਜਟ ਦਾ 75 ਪ੍ਰਤੀਸ਼ਤ ਹਿੱਸਾ ਭਾਰਤੀ ਉਦਯੋਗਾਂ ਤੋਂ ਖਰੀਦ ਲਈ ਨਿਰਧਾਰਤ ਗਿਆ ਹੈ। ਨਵੀਂ ਰੱਖਿਆ ਖਰੀਦ ਪ੍ਰਕਿਰਿਆ (ਡੀਏਪੀ) ਦੇ ਤਹਿਤ, 'ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ, ਵਿਕਸਿਤ ਅਤੇ ਨਿਰਮਿਤ ਉਤਪਾਦਾਂ ਦੀ ਖਰੀਦ' ਵਰਗੀਆਂ ਵਿਵਸਥਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਸਾਲ ਜਾਰੀ ਕੀਤਾ ਜਾਣ ਵਾਲਾ ਇਹ ਨਵਾਂ ਡੀਏਪੀ ਘਰੇਲੂ ਰੱਖਿਆ ਉਤਪਾਦਨ ਨੂੰ ਇੱਕ ਨਵੀ ਗਤੀ ਪ੍ਰਦਾਨ ਕਰੇਗਾ।"

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਸਟਾਰਟਅੱਪਸ, ਐਮਐਸਐਮਈਸ ਅਤੇ ਨੌਜਵਾਨ ਇਨੋਵੇਟਰਾਂ ਦੀ ਅਗਵਾਈ ਵਿੱਚ ਖੋਜ, ਵਿਕਾਸ ਅਤੇ ਨਵੀਨਤਾ ਲਈ ਇੱਕ ਮਜ਼ਬੂਤ ​​ਈਕੋਸਿਸਟਮ ਦੀ ਲੋੜ ਹੁੰਦੀ ਹੈ। ਇਨੋਵੇਸ਼ਨਜ਼ ਫਾਰ ਡਿਫੈਂਸ ਐਕਸੀਲੈਂਸ (ਆਈਡੈਕਸ), ਆਈਡੈਕਸ ਪ੍ਰਾਈਮ, ਅਤੇ ਏਸਿੰਗ ਡਿਵਲਪਮੈਂਟ ਆਫ ਇਨੋਵੇਟਿਵ ਟੈਕਨਾਲੋਜੀ ਵਿਦ ਆਈਡੈਕਸ (ਏਡੀਆਈਟੀਆਈ) ਯੋਜਨਾਵਾਂ ਵਰਗੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਰਕਾਰ ਨੇ ਰੱਖਿਆ ਨਵੀਨਤਾ ਲਈ ਵਿੱਤੀ ਸਹਾਇਤਾ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਟਾਰਟਅੱਪਸ ਅਤੇ ਐਮਐਸਐਮਈਸ ਤੋਂ ₹2,400 ਕਰੋੜ ਤੋਂ ਵੱਧ ਦੀਆਂ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ, ਅਤੇ ਨਵੀਆਂ ਤਕਨਾਲੋਜੀਆਂ ਲਈ ₹1,500 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ, "ਮਾਰਚ 2026 ਤੱਕ, 676 ਸਟਾਰਟਅੱਪਸ ਅਤੇ ਇਨੋਵੇਟਰਾਂ ਨੂੰ ਆਈਡੈਕਸ ਰਾਹੀਂ ਜੋੜਿਆ ਗਿਆ ਹੈ, ਅਤੇ 551 ਇਕਰਾਰਨਾਮੇ 'ਤੇ ਦਸਤਖਤ ਕੀਤੇ ਗਏ ਹਨ। ਅੱਜ, ਦੇਸ਼ ਭਰ ਵਿੱਚ ਸਟਾਰਟਅੱਪ ਡਰੋਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਤਕਨਾਲੋਜੀ, ਸਾਈਬਰ ਸੁਰੱਖਿਆ, ਰੋਬੋਟਿਕਸ ਅਤੇ ਅਤਿ-ਆਧੁਨਿਕ ਰੱਖਿਆ ਤਕਨਾਲੋਜੀਆਂ 'ਤੇ ਕੰਮ ਕਰ ਰਹੇ ਹਨ। 2018 ਵਿੱਚ ਰੱਖਿਆ ਖੇਤਰ ਵਿੱਚ ਸਿਰਫ਼ ਕੁਝ ਦਰਜਨ ਸਟਾਰਟਅੱਪਸ ਤੋਂ, ਅੱਜ ਉਨ੍ਹਾਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ।"

ਰਕਸ਼ਾ ਮੰਤਰੀ ਨੇ ਸਪੱਸ਼ਟ ਕੀਤਾ ਕਿ ਆਤਮਨਿਰਭਰਤਾ ਦਾ ਵਿਚਾਰ ਮਾਨਸਿਕਤਾ ਵਿੱਚ ਤਬਦੀਲੀ ਨਾਲ ਸ਼ੁਰੂ ਹੁੰਦਾ ਹੈ, ਜੋ ਨੀਤੀ ਨਿਰਮਾਣ ਅਤੇ ਵਿਵਸਥਾ ਨੂੰ ਰੂਪਾਂਤਰਿਤ ਕਰਦਾ ਹੈ, ਅਤੇ ਅੰਤ ਵਿੱਚ ਉਦਯੋਗ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ, "ਜਦੋਂ ਉਦਯੋਗ ਵਿੱਚ ਪਰਿਵਰਤਨ ਹੁੰਦਾ ਹੈ, ਉਤਪਾਦਨ ਵਧਦਾ ਹੈ; ਅਤੇ ਜਦੋਂ ਉਤਪਾਦਨ ਵਧਦਾ ਹੈ, ਤਾਂ ਦੇਸ਼ ਦਾ ਆਤਮਵਿਸ਼ਵਾਸ ਵਧਦਾ ਹੈ। ਇਹ ਇੱਕ ਚੱਕਰ ਹੈ; ਇਸਨੂੰ ਤੇਜ਼ ਕੀਤੇ ਬਿਨਾਂ, ਭਾਰਤ ਦੀਆਂ ਰੱਖਿਆ ਸਮਰੱਥਾਵਾਂ ਨੂੰ ਆਤਮਨਿਰਭਰ ਬਣਾਉਣਾ ਅਸੰਭਵ ਹੈ।"

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਰਡਨੈਂਸ ਫੈਕਟਰੀ ਬੋਰਡ ਦਾ ਨਿਗਮੀਕਰਣ ਬਦਲਦੇ ਸਮੇਂ ਅਤੇ ਵਧਦੀਆਂ ਜ਼ਰੂਰਤਾਂ ਦੇ ਅਨੁਸਾਰ ਫੈਕਟਰੀਆਂ ਨੂੰ ਤਕਨਾਲੋਜੀ ਦੇ ਅਨੁਕੂਲ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ, "ਇਸ ਦਾ ਉਦੇਸ਼ ਉਤਪਾਦਨ ਵਧਾਉਣਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਸੀ। ਇਹ ਫੈਸਲਾ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਲਿਆ ਗਿਆ ਸੀ। ਇਸਦੇ ਨਤੀਜੇ ਅੱਜ ਸਪੱਸ਼ਟ ਹਨ। ਇਹ ਫੈਕਟਰੀਆਂ ਘਾਟੇ ਵਿੱਚ ਚਲ ਰਹੀਆਂ ਸਨ, ਪਰ ਹੁਣ ਮੁਨਾਫ਼ਾ ਕਮਾਉਣ ਵਾਲੀਆਂ ਇਕਾਈਆਂ ਬਣ ਗਈਆਂ ਹਨ।"

ਰਕਸ਼ਾ ਮੰਤਰੀ ਨੇ ਭਾਰਤ ਦੇ ਅੱਜ  ਦੇ ਨੌਜਵਾਨਾਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਤਕਨੀਕੀ ਭਾਈਵਾਲ ਦੱਸਿਆ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਡੀਆਰਡੀਓ ਇੱਕ ਰਾਸ਼ਟਰੀ ਨਵੀਨਤਾ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਜੋ ਉਦਯੋਗ, ਸਿੱਖਿਆ ਜਗਤ, ਸਟਾਰਟਅੱਪਸ ਅਤੇ ਵਿਗਿਆਨੀਆਂ ਨੂੰ ਜੋੜਦਾ ਹੈ ਅਤੇ ਦੇਸ਼ ਭਰ ਵਿੱਚ ਡੀਪੀਐਸਯੂਸ, ਨਿੱਜੀ ਉਦਯੋਗ, 17,000 ਤੋਂ ਵੱਧ ਐਮਐਸਐਮਈਸ ਅਤੇ ਹਜ਼ਾਰਾਂ ਸਪਲਾਈ ਯੂਨਿਟਾਂ ਵਾਲੇ ਇੱਕ ਜੀਵੰਤ ਰੱਖਿਆ ਉਦਯੋਗਿਕ ਈਕੋਸਿਸਟਮ ਵਿੱਚ ਯੋਗਦਾਨ ਦਿੰਦਾ ਹੈ ।

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਭਾਰਤ ਸਿਰਫ਼ ਆਪਣੇ ਲਈ ਰੱਖਿਆ ਉਪਕਰਣ ਨਹੀਂ ਬਣਾ ਰਿਹਾ ਹੈ, ਸਗੋਂ ਇੱਕ ਭਰੋਸੇਮੰਦ ਵਿਸ਼ਵ ਸੁਰੱਖਿਆ ਭਾਈਵਾਲ ਵਜੋਂ ਉੱਭਰ ਰਿਹਾ ਹੈ, ਜਿਸਦੀ ਭੂਮਿਕਾ ਹਿੰਦ ਮਹਾਸਾਗਰ ਤੋਂ ਲੈ ਕੇ ਹਿੰਦ-ਪ੍ਰਸ਼ਾਂਤ ਖੇਤਰ ਤੱਕ ਫੈਲੀ ਹੋਈ ਹੈ। ਉਨ੍ਹਾਂ ਨੇ ਭਾਰਤ ਦੀ ਵਿਸ਼ਵਵਿਆਪੀ ਛਵੀ ਵਿੱਚ ਆਈ ਤਬਦੀਲੀ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਅਗਵਾਈ ਨੂੰ ਦਿੱਤਾ।

ਰਕਸ਼ਾ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਇੰਡੋਨੇਸ਼ੀਆ ਫੇਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਭਲਾਈ ਯੋਜਨਾਵਾਂ ਦੇ ਸ਼ਾਨਦਾਰ ਪ੍ਰਭਾਵ ਨੂੰ ਜਨਤਕ ਤੌਰ 'ਤੇ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਲਾਗੂ ਕਰਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਇੱਕ ਸਮਾਂ ਸੀ ਜਦੋਂ ਭਾਰਤ ਵਿਕਾਸ ਲਈ ਅਮਰੀਕਾ, ਯੂਰਪ ਜਾਂ ਰੂਸ ਦਾ ਅਨੁਕਰਣ ਕਰਦਾ ਸੀ। ਹੁਣ ਸਥਿਤੀ ਬਦਲ ਗਈ ਹੈ। ਅੱਜ ਭਾਰਤ ਉਸ ਮੁਕਾਮ 'ਤੇ ਪਹੁੰਚ ਗਿਆ ਹੈ ਜਿੱਥੇ ਦੂਜੇ ਦੇਸ਼ ਉਸਦੀਆਂ ਨੀਤੀਆਂ ਦਾ ਅਨੁਕਰਣ ਕਰ ਰਹੇ ਹਨ। ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।" 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ ਨੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦੇ ਕੂਟਨੀਤਕ, ਆਰਥਿਕ, ਰਣਨੀਤਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ, ਜਿਸ ਵਿੱਚ ਬ੍ਰਹਮੋਸ ਮਿਜ਼ਾਈਲ ਪ੍ਰਣਾਲੀ 'ਤੇ ਸਹਿਯੋਗ ਅਤੇ ਇੰਡੋਨੇਸ਼ੀਆ ਵਿੱਚ ਪ੍ਰੰਬਾਨਨ ਮੰਦਿਰ ਦੀ ਬਹਾਲੀ ਤੋਂ ਲੈ ਕੇ ਆਸਟ੍ਰੇਲੀਆ ਤੋਂ ਯੂਰੇਨੀਅਮ ਸਪਲਾਈ ਅਤੇ ਨਿਊਜ਼ੀਲੈਂਡ ਨਾਲ ਵਪਾਰ ਵਿੱਚ ਦੁੱਗਣਾ ਵਾਧਾ ਸ਼ਾਮਲ ਹਨ।

ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਰੱਖਿਆ ਕੂਟਨੀਤੀ ਹੁਣ ਰਣਨੀਤਕ ਸਹਿਯੋਗ ਤੱਕ ਸੀਮਤ ਨਹੀਂ ਹੈ; ਇਸ ਵਿੱਚ ਹੁਣ ਤਕਨੀਕੀ ਸਹਿਯੋਗ, ਉਦਯੋਗਿਕ ਭਾਈਵਾਲੀ ਅਤੇ ਵਿਸ਼ਵ ਸਪਲਾਈ ਚੇਨਾਂ ਵਿੱਚ ਏਕੀਕਰਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਭਾਰਤੀ ਵਿਗਿਆਨੀਆਂ, ਸੈਨਿਕਾਂ, ਇੰਜੀਨੀਅਰਾਂ, ਸਟਾਰਟਅੱਪਸ, ਐਮਐਸਐਮਈਸ, ਉਦਯੋਗਾਂ ਅਤੇ ਸਭ ਤੋਂ ਵੱਧਕੇ, ਦੇਸ਼ ਦੇ ਨੌਜਵਾਨਾਂ ਦੇ ਯਤਨਾਂ ਦੁਆਰਾ ਸੰਭਵ ਹੋਈ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਇਹ 'ਅੰਮ੍ਰਿਤ ਕਾਲ' ਦਾ ਭਾਰਤ ਹੈ, ਜੋ ਚੁਣੌਤੀਆਂ ਤੋਂ ਪਿੱਛੇ ਨਹੀਂ ਹਟਦਾ ਸਗੋਂ ਮੌਕੇ ਪੈਦਾ ਕਰਦਾ ਹੈ, ਜੋ ਨਾ ਸਿਰਫ਼ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਵਿੱਚ ਰਚਨਾਤਮਕ ਯੋਗਦਾਨ ਵੀ  ਦਿੰਦਾ ਹੈ। ਜਦੋਂ ਦੇਸ਼ 2047 ਵਿੱਚ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ, ਤਾਂ ਦੁਨੀਆ ਭਾਰਤ ਨੂੰ ਨਾ ਸਿਰਫ਼ ਸਭ ਤੋਂ ਵੱਡੇ ਲੋਕਤੰਤਰ ਵਜੋਂ ਦੇਖੇਗੀ, ਸਗੋਂ ਇੱਕ ਅਤਿਅੰਤ ਭਰੋਸੇਯੋਗ, ਆਧੁਨਿਕ ਅਤੇ ਆਤਮਨਿਰਭਰ ਰੱਖਿਆ ਸ਼ਕਤੀ ਦੇ ਰੂਪ ਵਿੱਚ ਵੀ ਦੇਖੇਗੀ।"

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਲਿਆ ਹੈ, ਜੋ ਮਜ਼ਬੂਤ ​​ਅਤੇ ਸੁਰੱਖਿਅਤ ਦੋਵੇਂ ਤਰ੍ਹਾਂ ਦਾ ਹੋਵੇ। ਉਨ੍ਹਾਂ ਕਿਹਾ, "ਸਾਡਾ ਟੀਚਾ ਇੱਕ ਅਜਿਹਾ ਰਾਸ਼ਟਰ ਬਣਾਉਣਾ ਹੈ ਜਿੱਥੇ ਸੈਨਿਕ ਸਵਦੇਸ਼ੀ ਹਥਿਆਰਾਂ ਅਤੇ ਤਕਨਾਲੋਜੀਆਂ ਨਾਲ ਲੈਸ ਹੋਣ, ਵਿਗਿਆਨੀਆਂ ਨੂੰ ਨਵੇਂ ਮੌਕੇ ਮਿਲਣ, ਨੌਜਵਾਨਾਂ ਵਿੱਚ ਨਵੀਨਤਾ ਦੀ ਸ਼ਕਤੀ ਹੋਵੇ, ਅਤੇ ਉਦਯੋਗਾਂ ਵਿੱਚ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਦੀ ਸਮਰੱਥਾ ਹੋਵੇ। ਇਹੀ ਨਵੇਂ ਭਾਰਤ ਦਾ ਸੰਕਲਪ ਹੈ; ਇਹੀ 2047 ਤੱਕ ਇੱਕ ਵਿਕਸਿਤ ਭਾਰਤ ਦਾ ਮਾਰਗ ਹੈ।"

********

ਵੀਕੇ/ਸੈਵੀ /ਬਲਜੀਤ


(रिलीज़ आईडी: 2286529) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Tamil