ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚੰਡੀਗੜ੍ਹ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 17 JUL 2026 4:51PM by PIB Chandigarh

ਸ਼੍ਰੀਮਾਨ ਗੁਲਾਬ ਚੰਦ ਕਟਾਰੀਆ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਜੇ. ਪੀ. ਨੱਢਾ ਜੀ, ਅਸ਼ਵਿਨੀ ਵੈਸ਼ਣਵ ਜੀ, ਸੰਸਦ ਵਿੱਚ ਮੇਰੇ ਸਾਥੀ ਮਨੀਸ਼ ਤਿਵਾੜੀ ਜੀ, ਇੱਥੇ ਸਭਾਗਾਰ ਵਿੱਚ ਵੀ ਕਈ ਵਿਧਾਇਕ, ਮੰਤਰੀ, ਸੰਸਦ ਦੇ ਮੈਂਬਰ ਬੈਠੇ ਹੋਏ ਹਨ। ਹੋਰ ਸਾਰੇ ਮਹਾਨੁਭਾਵ ਵੀ, ਅੱਜ ਕਈਆਂ ਦੇ ਦਰਸ਼ਨ ਹੋ ਰਹੇ ਹਨ, ਪੁਰਾਣੇ-ਪੁਰਾਣੇ ਲੋਕਾਂ ਦੇ।

ਭਰਾਵੋ ਅਤੇ ਭੈਣੋ,

ਅੱਜ ਤੁਹਾਡੇ ਸਭ ਦੇ ਵਿਚਕਾਰ ਆ ਕੇ ਮਨ ਵਿੱਚ ਖ਼ੁਸ਼ੀ ਦਾ ਇੱਕ ਭਾਵ ਹੈ, ਵੱਖਰਾ ਭਾਵ ਹੈ।

ਸਾਥੀਓ,

ਚੰਡੀਗੜ੍ਹ ਸਿਰਫ਼ ਇੱਕ ਸ਼ਹਿਰ ਨਹੀਂ ਹੈ, ਇਹ ਭਾਰਤ ਲਈ ਵਿਕਾਸ ਦਾ ਇੱਕ ਮਾਡਲ ਰਿਹਾ ਹੈ। ਚੰਡੀਗੜ੍ਹ ਜਾਣਿਆ ਜਾਂਦਾ ਹੈ, ਯੋਜਨਾਬੱਧ ਵਿਕਾਸ ਦੇ ਲਈ; ਚੰਡੀਗੜ੍ਹ ਦੀ ਪਛਾਣ ਹੈ, ਬਿਹਤਰ ਜੀਵਨ-ਸ਼ੈਲੀ ਦੇ ਲਈ, ਈਜ਼ ਆਫ ਲਿਵਿੰਗ ਦੇ ਲਈ। ਚੰਡੀਗੜ੍ਹ ਦੀ ਪਛਾਣ ਹੈ, ਇਲਾਜ ਦੀਆਂ ਬਿਹਤਰ ਸਹੂਲਤਾਂ ਦੇ ਸਬੰਧ ਵਿੱਚ ਅਤੇ ਇਸ ਸਭ ਦੇ ਨਾਲ-ਨਾਲ ਚੰਡੀਗੜ੍ਹ ਦੀ ਪਛਾਣ ਹੈ, ਮਾਂ ਚੰਡੀ ਦਾ ਅਸ਼ੀਰਵਾਦ। ਅਤੇ ਇਸ ਲਈ, ਚੰਡੀਗੜ੍ਹ ਦਾ ਵਿਕਾਸ ਹਮੇਸ਼ਾ ਤੋਂ ਐੱਨਡੀਏ ਸਰਕਾਰ ਦੀ ਤਰਜੀਹ ਰਹੀ ਹੈ। ਤੁਹਾਨੂੰ ਯਾਦ ਹੋਵੇਗਾ, ਡੇਢ ਸਾਲ ਪਹਿਲਾਂ ਦੇਸ਼ ਨੇ ਨਿਆਂ ਪ੍ਰਣਾਲੀ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਹੈ। ਅਸੀਂ ਦੰਡ ਸੰਹਿਤਾ ਦੀ ਜਗ੍ਹਾ ਭਾਰਤੀ ਨਿਆਇ ਸੰਹਿਤਾ ਲੈ ਕੇ ਆਏ ਹਾਂ। ਭਾਰਤੀ ਨਿਆਇ ਸੰਹਿਤਾ ਮਤਲਬ, ਦੰਡ ਅਧਾਰਿਤ ਕਾਨੂੰਨਾਂ ਦੀ ਜਗ੍ਹਾ ਨਿਆਂ ਆਧਾਰਿਤ ਕਾਨੂੰਨੀ ਪ੍ਰਣਾਲੀ। ਅਤੇ ਉਦੋਂ ਭਾਰਤੀ ਨਿਆਇ ਸੰਹਿਤਾ ਲਾਗੂ ਕਰਨ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੀ ਹੋਈ ਸੀ।

ਸਾਥੀਓ,

ਬੀਤੇ ਸਾਲਾਂ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਸਮਾਰਟ ਟ੍ਰੈਫਿਕ ਮੈਨੇਜਮੈਂਟ, ਸਮਾਰਟ ਪਾਰਕਿੰਗ ਅਤੇ ਡਿਜੀਟਲ ਗਵਰਨੈਂਸ, ਚੰਡੀਗੜ੍ਹ ਨੂੰ ਹਾਈਟੈੱਕ ਬਣਾਉਣ ਲਈ ਅਜਿਹੇ ਕਿੰਨੇ ਹੀ ਪ੍ਰੋਜੈਕਟਾਂ ’ਤੇ ਕੰਮ ਹੋਇਆ ਹੈ। ਢਾਈ ਹਜ਼ਾਰ ਕਰੋੜ ਤੋਂ ਜ਼ਿਆਦਾ ਰੁਪਏ ਇਸ ਮਿਸ਼ਨ ਵਿੱਚ ਖ਼ਰਚ ਹੋਏ ਹਨ। ਅੱਜ ਵੀ ਇੱਥੇ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਵਿਕਾਸ ਦੇ ਕਈ ਕੰਮ ਸ਼ੁਰੂ ਹੋ ਰਹੇ ਹਨ। ਮੈਂ ਇਨ੍ਹਾਂ ਲਈ ਸਾਰੇ ਚੰਡੀਗੜ੍ਹ ਵਾਸੀਆਂ ਨੂੰ ਵਧਾਈਆਂ ਦਿੰਦਾ ਹਾਂ।

ਸਾਥੀਓ,

ਇੱਥੇ ਆਉਣ ਤੋਂ ਪਹਿਲਾਂ ਮੈਂ ਹਰਿਆਣਾ ਦੇ ਜੀਂਦ ਵਿੱਚ ਸੀ ਅਤੇ ਇੱਥੋਂ ਇਸ ਤੋਂ ਬਾਅਦ ਮੈਨੂੰ ਪੰਜਾਬ ਦੇ ਵਿਕਾਸ ਕਾਰਜਾਂ ਦੇ ਲਈ ਜਲੰਧਰ ਜਾਣਾ ਹੈ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦੇ ਵਿਚਕਾਰ ਅੱਜ ਇਹ ਚੰਡੀਗੜ੍ਹ ਦਾ ਪ੍ਰੋਗਰਾਮ ਹੋ ਰਿਹਾ ਹੈ। ਕਿਉਂਕਿ ਸਾਡਾ ਚੰਡੀਗੜ੍ਹ, ਹਰਿਆਣਾ, ਪੰਜਾਬ, ਹਿਮਾਚਲ, ਇਸ ਪੂਰੇ ਖੇਤਰ ਨੂੰ ਜੋੜਦਾ ਹੈ। ਚੰਡੀਗੜ੍ਹ ਦੇ ਵਿਕਾਸ ਨਾਲ ਚੰਡੀਗੜ੍ਹ ਦੇ ਲੋਕਾਂ ਦਾ ਜੀਵਨ ਤਾਂ ਬਦਲਦਾ ਹੀ ਹੈ, ਨਾਲ ਹੀ ਹਰਿਆਣਾ, ਹਿਮਾਚਲ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਇਸ ਨਾਲ ਬਹੁਤ ਲਾਭ ਹੁੰਦਾ ਹੈ। ਸਿਹਤ ਸੇਵਾਵਾਂ ਦੇ ਲਈ ਤਾਂ ਚੰਡੀਗੜ੍ਹ ਇਸ ਪੂਰੇ ਖੇਤਰ ਵਿੱਚ ਇੱਕ ਵੱਡਾ ਹੱਬ ਹੈ।

ਸਾਥੀਓ,

ਜਦੋਂ ਮੈਂ ਚੰਡੀਗੜ੍ਹ ਰਹਿੰਦਾ ਸੀ, ਤਾਂ ਮੈਨੂੰ ਕਈ ਵਾਰ ਪੀਜੀਆਈ ਜਾਣਾ ਪੈਂਦਾ ਸੀ ਅਤੇ ਕਾਰਨ ਕੀ? ਤਾਂ ਕੋਈ ਨਾ ਕੋਈ ਸਾਡਾ ਸਾਥੀ ਜਾਂ ਉਨ੍ਹਾਂ ਦਾ ਪਰਿਵਾਰ ਭਾਵੇਂ ਜੰਮੂ-ਕਸ਼ਮੀਰ ਦਾ ਹੋਵੇ, ਪੰਜਾਬ ਦਾ ਹੋਵੇ, ਹਿਮਾਚਲ ਦਾ ਹੋਵੇ, ਹਰਿਆਣਾ ਦਾ ਹੋਵੇ, ਕੋਈ ਨਾ ਕੋਈ ਬਿਮਾਰ ਇੱਥੇ ਆਉਂਦੇ ਸਨ, ਤਾਂ ਮੇਰਾ ਮਿਲਣ ਜਾਣਾ ਬਹੁਤ ਸੁਭਾਵਿਕ ਰਹਿੰਦਾ ਸੀ। ਅਤੇ ਇਸ ਲਈ ਮੈਨੂੰ ਪਤਾ ਹੈ ਕਿ ਇਸ ਪੂਰੇ ਖੇਤਰ ਦੇ ਲੋਕਾਂ ਦੇ ਲਈ ਇਹ ਅਰੋਗਤਾ ਦੀ ਦ੍ਰਿਸ਼ਟੀ ਨਾਲ ਇੱਕ ਬਹੁਤ ਮਹੱਤਵਪੂਰਨ ਕੇਂਦਰ ਰਿਹਾ ਹੈ।

ਸਾਥੀਓ,

ਅੱਜ ਇੱਥੇ ਚੰਡੀਗੜ੍ਹ ਪੀਜੀਆਈ ਵਿੱਚ ਉੱਨਤ ਸਿਹਤ ਸੇਵਾਵਾਂ ਦਾ ਵਿਸਤਾਰ ਹੋ ਰਿਹਾ ਹੈ। ਇੱਥੇ ਐਡਵਾਂਸ ਨਿਊਰੋਸਾਇੰਸ ਸੈਂਟਰ, ਐਡਵਾਂਸ ਮਦਰ ਐਂਡ ਚਾਈਲਡ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ, ਇਹ ਪ੍ਰੋਜੈਕਟ ਲੱਖਾਂ ਲੋਕਾਂ ਨੂੰ ਇਲਾਜ ਦੀਆਂ ਹੋਰ ਬਿਹਤਰ ਸਹੂਲਤਾਂ ਦੇਣਗੇ। ਮੈਨੂੰ ਯਾਦ ਹੈ, 2015 ਵਿੱਚ, ਮੈਂ ਚੰਡੀਗੜ੍ਹ ਪੀਜੀਆਈ ਦੇ ਦੀਕਸ਼ਾਂਤ ਸਮਾਰੋਹ (ਕਨਵੋਕੇਸ਼ਨ) ਵਿੱਚ ਆਇਆ ਸੀ। ਅਤੇ ਮੈਨੂੰ ਖ਼ੁਸ਼ੀ ਹੈ ਕਿ ਅੱਜ ਮੈਨੂੰ ਵਰਚੁਅਲੀ ਵੀ ਉੱਥੋਂ ਦੇ ਸਾਰੇ ਪੁਰਾਣੇ ਸਾਥੀਆਂ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦਹਾਕੇ ਵਿੱਚ ਪੀਜੀਆਈ ਦੀਆਂ ਸਮਰੱਥਾਵਾਂ ਵਿੱਚ ਵੱਡਾ ਵਿਸਤਾਰ ਹੋਇਆ ਹੈ। ਮੈਂ ਪੀਜੀਆਈ ਚੰਡੀਗੜ੍ਹ ਦੇ ਪ੍ਰਬੰਧਕਾਂ ਦੀ, ਇੱਥੋਂ ਦੇ ਪ੍ਰੋਫੈਸਰਾਂ ਅਤੇ ਨੌਜਵਾਨ ਡਾਕਟਰਾਂ ਦੀ ਸ਼ਲਾਘਾ ਕਰਦਾ ਹਾਂ, ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ, ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਿੱਚ ਸਫ਼ਾਈ ਦੀ ਕਿੰਨੀ ਵੱਡੀ ਭੂਮਿਕਾ ਹੈ ਅਤੇ ਇਸ ਲਈ ਜਦੋਂ ਸਾਡੀ ਸਰਕਾਰ ਬਣੀ ਸੀ, ਉਦੋਂ ਅਸੀਂ ਦੇਸ਼ ਦੇ ਲਈ ‘ਸਵੱਛ ਭਾਰਤ ਮਿਸ਼ਨ’ ਲਾਂਚ ਕੀਤਾ ਸੀ। ਦੇਸ਼ ਵਿੱਚ ਕਰੋੜਾਂ ਪਖਾਨੇ ਬਣਾਏ ਗਏ, ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਵਾਇਆ ਗਿਆ, ਜਨਤਕ ਥਾਵਾਂ ਦੀ ਸਫ਼ਾਈ ਦੇ ਲਈ ਮੁਹਿੰਮਾਂ ਚਲਾਈਆਂ ਗਈਆਂ, ਸਫ਼ਾਈ ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣੇ, ਇਸ ਦੇ ਲਈ ਵੱਖ-ਵੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ। ਸਾਡੇ ਸ਼ਹਿਰਾਂ ਦੀ ਸਵੱਛ ਭਾਰਤ ਰੈਂਕਿੰਗ ਇਸੇ ਕੋਸ਼ਿਸ਼ ਦਾ ਹਿੱਸਾ ਹੈ ਅਤੇ ਚੰਡੀਗੜ੍ਹ ਇਸ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕਰਦਾ ਰਹਿੰਦਾ ਹੈ।

ਸਾਥੀਓ,

ਮੈਂ ਅੱਜ ਚੰਡੀਗੜ੍ਹ ਦੇ ਰਿਟਾਇਰਡ ਆਈਪੀਐੱਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਜੀ ਦੀ ਵੀ ਸ਼ਲਾਘਾ ਕਰਨਾ ਚਾਹਾਂਗਾ। ਉਨ੍ਹਾਂ ਦੀ ਪਛਾਣ ‘ਬਰੂਮ ਵਾਰੀਅਰ’ ਵਜੋਂ ਬਣੀ ਹੋਈ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਸਫ਼ਾਈ ਨੂੰ ਲੈ ਕੇ ਇੱਕ ਨਵੀਂ ਅਲਖ ਜਗਾਈ ਹੈ, ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਦੇ ਲਈ ਸਾਡੀ ਸਰਕਾਰ ਨੇ ਉਨ੍ਹਾਂ ਨੂੰ ਇਸ ਸਾਲ ਪਦਮ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਹੈ।

ਸਾਥੀਓ,

ਸਫ਼ਾਈ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ, ਸਫ਼ਾਈ ਤਾਂ ਜੀਵਨ ਜਿਊਣ ਦਾ ਤਰੀਕਾ ਹੈ। ਅਤੇ ਮੈਨੂੰ ਖ਼ੁਸ਼ੀ ਹੈ ਕਿ ਸਫ਼ਾਈ ਨੂੰ ਅੱਜ ਦੇ ਇਸ ਪ੍ਰੋਗਰਾਮ ਨਾਲ ਵੀ ਜੋੜਿਆ ਗਿਆ। ਅੱਜ ਇੱਥੇ 'ਸਵੱਛਤਾ ਸੇ ਸਵਾਗਤ' ਪਹਿਲਕਦਮੀ ਦੇ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਅਤੇ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ’ਤੇ ਸਾਰੇ ਲੀਡਰ ਅਤੇ ਜਨਤਾ ਜਨਾਰਦਨ ਵੀ ਸਫ਼ਾਈ ਦੇ ਕੰਮ ਵਿੱਚ ਲੱਗੇ ਹੋਏ ਸਨ। ਦੇਸ਼ ਦੇ ਅੰਦਰ ਇੱਕ ਖ਼ੁਸ਼ੀ ਦਾ ਮਾਹੌਲ ਸੀ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ। ਚੰਡੀਗੜ੍ਹ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਮੈਂ ਇਸ ਪਹਿਲ ਦੇ ਲਈ ਨਿੱਜੀ ਰੂਪ ਵਿੱਚ ਬਹੁਤ ਮਾਣ ਦੇ ਨਾਲ ਆਪ ਸਭ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਸਫ਼ਾਈ ਦੀਆਂ ਅਜਿਹੀਆਂ ਮੁਹਿੰਮਾਂ ਦੇਸ਼ ਵਿੱਚ ਕਈ ਬਿਮਾਰੀਆਂ ਦੀ ਰੋਕਥਾਮ ਵਿੱਚ ਬਹੁਤ ਮਦਦਗਾਰ ਸਾਬਤ ਹੋਈਆਂ ਹਨ।

ਸਾਥੀਓ,

ਇੱਕ ਸਮਾਂ ਸੀ, ਭਾਰਤ ਦੇ ਸਿਹਤ ਖੇਤਰ ’ਤੇ ਪੂਰੀ ਦੁਨੀਆ ਚਿੰਤਾ ਪ੍ਰਗਟ ਕਰਦੀ ਸੀ। ਕਿਸੇ ਵੱਡੀ ਆਫ਼ਤ ਦਾ ਖ਼ਦਸ਼ਾ ਹੁੰਦਾ ਸੀ, ਤਾਂ ਲੋਕ ਸਵਾਲ ਚੁੱਕਣ ਲੱਗ ਪੈਂਦੇ ਸਨ ਕਿ ਭਾਰਤ ਵਿੱਚ ਕੀ ਹੋਵੇਗਾ? ਕੋਰੋਨਾ ਦੇ ਸਮੇਂ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਭਾਰਤ ਹੀ ਦੁਨੀਆ ਦੀਆਂ ਚਿੰਤਾਵਾਂ ਦਾ ਕੇਂਦਰ ਸੀ। ਪਰ ਸਾਡੀ ਸਰਕਾਰ ਨੇ ਭਾਰਤ ਦੀ ਸਮਰੱਥਾ ਵੀ ਬਦਲੀ ਅਤੇ ਦੁਨੀਆ ਦਾ ਨਜ਼ਰੀਆ ਵੀ ਬਦਲਿਆ। ਜਦੋਂ ਕੋਰੋਨਾ ਮਹਾਮਾਰੀ ਆਈ, ਤਾਂ ਭਾਰਤ ਮਦਦ ਮੰਗਣ ਵਾਲਾ ਦੇਸ਼ ਨਹੀਂ ਸੀ, ਸਗੋਂ ਭਾਰਤ ਦੁਨੀਆ ਨੂੰ ਮਦਦ ਭੇਜ ਰਿਹਾ ਸੀ। ਅੱਜ ਕਿੰਨੇ ਹੀ ਦੇਸ਼ਾਂ ਤੋਂ ਲੋਕ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਭਾਰਤ ਆਉਂਦੇ ਹਨ। ਭਾਰਤ ਮੈਡੀਕਲ ਟੂਰਿਜ਼ਮ ਦਾ ਵੱਡਾ ਡੈਸਟੀਨੇਸ਼ਨ ਬਣ ਕੇ ਉੱਭਰ ਰਿਹਾ ਹੈ।

ਸਾਥੀਓ,

ਇਹ ਬਦਲਾਓ ਪਿਛਲੇ 12 ਸਾਲਾਂ ਦੀਆਂ ਇਮਾਨਦਾਰ ਕੋਸ਼ਿਸ਼ਾਂ ਅਤੇ ਨੀਤੀਆਂ ਦਾ ਨਤੀਜਾ ਹੈ। 12 ਸਾਲ ਪਹਿਲਾਂ ਅਸੀਂ ਸੰਕਲਪ ਲਿਆ ਸੀ, ਸਾਡੇ ਦੇਸ਼ ਦੇ ਲੋਕ ਸਿਹਤ ਸੇਵਾਵਾਂ ਦੀ ਘਾਟ ਵਿੱਚ ਨਹੀਂ ਜਿਊਣਗੇ, ਸਾਡੇ ਦੇਸ਼ ਦੇ ਲੋਕਾਂ ਨੂੰ ਇਲਾਜ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਘੱਟ ਕੀਮਤ ’ਤੇ ਮਿਲਣਗੀਆਂ। ਪਿਛਲੇ 12 ਸਾਲਾਂ ਦੀ ਦੇਸ਼ ਦੀ ਸਫ਼ਲਤਾ ਇਸੇ ਸੰਕਲਪ ਦਾ ਨਤੀਜਾ ਹੈ। ਬੀਤੇ ਸਾਲਾਂ ਵਿੱਚ ਭਾਰਤ ਨੇ ਆਪਣੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ। 2014 ਤੋਂ ਬਾਅਦ ਦੇਸ਼ ਵਿੱਚ 15 ਨਵੇਂ ਏਮਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੇਂ ਏਮਸ ਕੰਮ ਕਰ ਰਹੇ ਹਨ। ਦੇਸ਼ ਭਰ ਵਿੱਚ ਸੈਂਕੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਗਈ ਹੈ। ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਪੈਸ਼ਲਿਟੀ ਹਸਪਤਾਲਾਂ ਦੀ ਗਿਣਤੀ ਵੀ ਵਧੀ ਹੈ। ਇੱਥੇ ਚੰਡੀਗੜ੍ਹ ਵਿੱਚ ਵੀ, ਹੋਮੀ ਭਾਭਾ ਕੈਂਸਰ ਹਸਪਤਾਲ ਬਣਿਆ ਹੈ, ਇੱਥੋਂ ਥੋੜ੍ਹੀ ਦੂਰੀ ’ਤੇ। ਸਾਲ 2022 ਵਿੱਚ ਮੈਨੂੰ ਇਸ ਦੇ ਉਦਘਾਟਨ ਦਾ ਮੌਕਾ ਮਿਲਿਆ ਸੀ। ਅੱਜ ਇਹ ਹਸਪਤਾਲ ਹਜ਼ਾਰਾਂ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ।

ਸਾਥੀਓ,

ਪਿੰਡ-ਪਿੰਡ ਵਿੱਚ ਪ੍ਰਾਇਮਰੀ ਸਿਹਤ ਸੰਭਾਲ ਸਹੂਲਤਾਂ ਦੇ ਵਿਕਾਸ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਹਰ ਪੱਧਰ ’ਤੇ ਸਿਹਤ ਪ੍ਰਣਾਲੀ ਮਜ਼ਬੂਤ ਹੋਵੇ, ਇਸ ਦੇ ਲਈ 'ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ' ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਦੇਸ਼ ਭਰ ਵਿੱਚ ਕ੍ਰਿਟੀਕਲ ਕੇਅਰ ਬਲਾਕਸ, ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਸ ਅਤੇ ਪਬਲਿਕ ਹੈਲਥ ਯੂਨਿਟਸ ਵਰਗੀਆਂ ਸਹੂਲਤਾਂ ਦਾ ਨੈੱਟਵਰਕ ਤਿਆਰ ਹੋਇਆ ਹੈ। ਅੱਜ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਤੋਂ ਲੈ ਕੇ ਕਬਾਇਲੀ ਖੇਤਰਾਂ ਤੱਕ ਦੇਸ਼ ਵਿੱਚ ਕਰੀਬ ਪੌਣੇ ਦੋ ਲੱਖ 'ਆਯੁਸ਼ਮਾਨ ਆਰੋਗਯ ਮੰਦਿਰ' ਵੀ ਕੰਮ ਕਰ ਰਹੇ ਹਨ। ਆਰੋਗਯ ਮੰਦਿਰਾਂ ਵਿੱਚ ਮੁੱਢਲੇ ਇਲਾਜ ਦੀਆਂ ਸਹੂਲਤਾਂ ਤਾਂ ਹਨ ਹੀ, ਨਾਲ ਹੀ 12 ਵੱਖ-ਵੱਖ ਹੈਲਥ ਪੈਕੇਜ ਸੇਵਾਵਾਂ ਵੀ ਇੱਥੇ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਕਰੋੜਾਂ ਲੋਕਾਂ ਦੀ ਬਲੱਡ ਪ੍ਰੈਸ਼ਰ ਅਤੇ ਡਾਇਬੀਟੀਜ਼ ਵਰਗੀਆਂ ਬਿਮਾਰੀਆਂ ਦੀ ਸਕ੍ਰੀਨਿੰਗ ਹੋਈ ਹੈ।

ਸਾਥੀਓ,

ਸਾਡੀ ਸਰਕਾਰ ਤਕਨੀਕ ਦੇ ਜ਼ਰੀਏ ਵੀ ਇਲਾਜ ਨੂੰ ਸੁਖਾਲਾ ਬਣਾ ਰਹੀ ਹੈ। ਅਸੀਂ ਈ-ਸੰਜੀਵਨੀ ਮਿਸ਼ਨ ਦੇ ਜ਼ਰੀਏ ਟੈਲੀਮੈਡੀਸਨ ਦੀ ਸਹੂਲਤ ਸ਼ੁਰੂ ਕੀਤੀ। ਇਸ ਦੇ ਤਹਿਤ ਅੱਜ ਦੇਸ਼ ਵਿੱਚ 48 ਕਰੋੜ ਤੋਂ ਜ਼ਿਆਦਾ ਟੈਲੀਮੈਡੀਸਨ ਕੰਸਲਟੇਸ਼ਨਜ਼ ਹੋ ਚੁੱਕੇ ਹਨ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਲੋਕ ਵੱਡੇ ਹਸਪਤਾਲਾਂ ਤੋਂ, ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ।

ਸਾਥੀਓ,

ਸਿਹਤ ਸੇਵਾਵਾਂ ਦੇ ਇਸ ਵਿਸਤਾਰ ਦੇ ਕਾਰਨ ਅੱਜ ਦੇਸ਼ ਵਿੱਚ 90 ਪ੍ਰਤੀਸ਼ਤ ਤੋਂ ਵੱਧ ਸੰਸਥਾਗਤ ਡਿਲੀਵਰੀਆਂ ਹੋ ਰਹੀਆਂ ਹਨ। ਸਾਡੇ ਇੱਥੇ ਮਾਤਾ ਮੌਤ ਦਰ ਵਿੱਚ 86 ਪ੍ਰਤੀਸ਼ਤ ਦੀ ਕਮੀ ਆਈ ਹੈ। ਅਤੇ ਸ਼ਿਸ਼ੂ ਮੌਤ ਦਰ ਵਿੱਚ ਵੀ ਵੱਡੀ ਗਿਰਾਵਟ ਆਈ ਹੈ।

 

ਸਾਥੀਓ,

ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਅੱਜ ਓਨਾ ਹੀ ਫੋਕਸ ਪ੍ਰੀਵੈਂਟਿਵ ਹੈਲਥਕੇਅਰ ’ਤੇ ਵੀ ਹੈ। ਪੋਸ਼ਣ ਅਭਿਆਨ, ਮਿਸ਼ਨ ਇੰਦਰਧਨੁਸ਼, ਯੋਗਾ, ਐੱਚਪੀਵੀ ਵੈਕਸੀਨੇਸ਼ਨ, ਯੂ-ਵਿਨ ਪਲੈਟਫਾਰਮ, ਅਜਿਹੇ ਕਈ ਮਹੱਤਵਪੂਰਨ ਯਤਨਾਂ ਦੇ ਕਾਰਨ ਕਰੋੜਾਂ ਲੋਕਾਂ ਦਾ ਜੀਵਨ ਸੁਰੱਖਿਅਤ ਹੋ ਰਿਹਾ ਹੈ।

ਸਾਥੀਓ,

ਅਸੀਂ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਸੰਕਲਪ ਵੀ ਲਿਆ ਹੈ। ਇਸ ਦੇ ਲਈ 'ਟੀਬੀ ਮੁਕਤ ਭਾਰਤ ਅਭਿਆਨ' ਚਲਾਇਆ ਜਾ ਰਿਹਾ ਹੈ। ਜਨ-ਭਾਗੀਦਾਰੀ ਦੇ ਜ਼ਰੀਏ, ਜਨ-ਜਨ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਮੇਂ ਸਿਰ ਟੀਬੀ ਦੀ ਸਕ੍ਰੀਨਿੰਗ ਕਰਵਾਈ ਜਾ ਰਹੀ ਹੈ। ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਟੀਬੀ ਦੇ ਇਲਾਜ ਦੀ ਕਵਰੇਜ 90 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਈ ਹੈ। ਪਿਛਲੇ ਸਾਲ ਆਈ ਡਬਲਿਊਐੱਚਓ ਦੀ ਰਿਪੋਰਟ ਦੇ ਮੁਤਾਬਕ 10 ਸਾਲਾਂ ਦੇ ਅੰਦਰ-ਅੰਦਰ ਟੀਬੀ ਦਾ ਫੈਲਾਵ ਵੀ ਇੱਕੀ ਪ੍ਰਤੀਸ਼ਤ ਘੱਟ ਹੋਇਆ ਹੈ। ਇਨ੍ਹਾਂ ਯਤਨਾਂ ਦਾ ਸਭ ਤੋਂ ਵੱਡਾ ਲਾਭ ਦੇਸ਼ ਦੇ ਗ਼ਰੀਬ ਨੂੰ ਹੋ ਰਿਹਾ ਹੈ, ਇਸ ਦਾ ਲਾਭ ਸਾਡੇ ਮੱਧ ਵਰਗ ਨੂੰ ਹੋ ਰਿਹਾ ਹੈ ਅਤੇ ਇਸ ਤੋਂ ਵੀ ਵੱਧ ਲਾਭ ਸਾਡੀਆਂ ਮਾਵਾਂ-ਭੈਣਾਂ ਨੂੰ ਹੋ ਰਿਹਾ ਹੈ। ਕਿਉਂਕਿ ਮਾਵਾਂ-ਭੈਣਾਂ ਪਰਿਵਾਰ ਦੇ ਕੰਮ ਨੂੰ ਤਰਜੀਹ ਦਿੰਦੀਆਂ ਹਨ। ਬਿਮਾਰੀ ਨੂੰ ਸਹਿਣ ਕਰਨਾ ਇਨ੍ਹਾਂ ਮਾਵਾਂ-ਭੈਣਾਂ ਨੇ ਜਿਵੇਂ ਆਪਣਾ ਇੱਕ ਸੰਸਕਾਰ ਹੀ ਬਣਾ ਲਿਆ ਹੈ। ਪਰ ਇਨ੍ਹਾਂ ਯਤਨਾਂ ਦੇ ਕਾਰਨ ਮਾਵਾਂ-ਭੈਣਾਂ ਦੀ ਸਕ੍ਰੀਨਿੰਗ ਹੋਈ, ਉਨ੍ਹਾਂ ਦੀ ਦੇਖਭਾਲ ਕੀਤੀ ਗਈ ਅਤੇ ਅੱਜ ਟੀਬੀ ਮੁਕਤ ਹੋਣ ਵਾਲਿਆਂ ਵਿੱਚ ਸਾਡੀਆਂ ਮਾਵਾਂ-ਭੈਣਾਂ ਦੀ ਗਿਣਤੀ ਵਧੀ ਹੈ। ਭਾਰਤ ਵਿੱਚ ਸਿਹਤ ਸੇਵਾਵਾਂ ਹੁਣ ਵਿਸ਼ੇਸ਼ ਅਧਿਕਾਰ ਨਹੀਂ, ਅੱਜ ਸਿਹਤ ਸੇਵਾਵਾਂ ਦੇਸ਼ ਦੇ ਆਮ ਨਾਗਰਿਕ ਦਾ ਅਧਿਕਾਰ ਬਣ ਰਹੀਆਂ ਹਨ।

ਸਾਥੀਓ,

ਸਿਹਤ ਖੇਤਰ ’ਤੇ ਸਰਕਾਰ ਦੇ ਧਿਆਨ ਦਾ ਬਹੁਤ ਵੱਡਾ ਲਾਭ ਭਾਰਤ ਦੇ ਨੌਜਵਾਨਾਂ ਨੂੰ ਵੀ ਹੋਇਆ ਹੈ। ਸਾਡੇ ਨੌਜਵਾਨ ਡਾਕਟਰ ਇਸ ਗੱਲ ਤੋਂ ਜਾਣੂ ਹੋਣਗੇ ਕਿ ਪਹਿਲਾਂ ਡਾਕਟਰ ਬਣਨ ਦਾ ਸੁਪਨਾ ਕਿੰਨਾ ਮੁਸ਼ਕਿਲ ਹੁੰਦਾ ਸੀ, ਨੌਜਵਾਨਾਂ ਨੂੰ ਡਾਕਟਰ ਬਣਨ ਦੇ ਲੋੜੀਂਦੇ ਮੌਕੇ ਹੀ ਨਹੀਂ ਮਿਲਦੇ ਸਨ, ਕਿਉਂਕਿ ਮੈਡੀਕਲ ਸੀਟਾਂ ਅਤੇ ਮੈਡੀਕਲ ਕਾਲਜਾਂ ਦੀ ਗਿਣਤੀ ਬਹੁਤ ਹੀ ਘੱਟ ਸੀ। ਅਸੀਂ ਇਸ ਸਥਿਤੀ ਨੂੰ ਵੀ ਬਦਲਿਆ ਹੈ। ਅੱਜ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਐੱਮਬੀਬੀਐੱਸ ਅਤੇ ਪੋਸਟ ਗ੍ਰੈਜੂਏਟ ਸੀਟਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਅਤੇ, ਹੁਣ ਤਾਂ ਚੰਡੀਗੜ੍ਹ ਪੀਜੀਆਈ ਵਿੱਚ ਵੀ ਐੱਮਬੀਬੀਐੱਸ ਕਾਲਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਲਦੀ ਹੀ ਇੱਥੇ ਵੀ ਦਾਖ਼ਲੇ ਸ਼ੁਰੂ ਹੋ ਜਾਣਗੇ। ਇਸ ਨਾਲ ਦੇਸ਼ ਦੇ ਕਿੰਨੇ ਹੀ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਅਜਿਹੇ ਟੌਪ ਇੰਸਟੀਚਿਊਟਸ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ ਅਤੇ ਦੇਸ਼ ਨੂੰ ਵੱਡੀ ਗਿਣਤੀ ਵਿੱਚ ਬਿਹਤਰੀਨ ਡਾਕਟਰ ਮਿਲਣਗੇ।

 

ਸਾਥੀਓ,

ਚੰਡੀਗੜ੍ਹ ਇੱਕ ਅਜਿਹਾ ਸ਼ਹਿਰ ਹੈ, ਜਿੱਥੇ ਸਿੱਖਿਆ, ਇੰਜੀਨੀਅਰਿੰਗ, ਮੈਡੀਕਲ ਸਾਇੰਸ ਅਤੇ ਖੋਜ ਨਾਲ ਜੁੜੇ ਵੱਡੇ ਸੰਸਥਾਨ ਇੱਕੋ ਜਗ੍ਹਾ ਮੌਜੂਦ ਹਨ। ਬਹੁਤ ਘੱਟ ਸ਼ਹਿਰਾਂ ਕੋਲ ਅਜਿਹੀ ਸਮਰੱਥਾ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਇਹੋ ਸੰਸਥਾਨ ਨਵੀਂ ਤਕਨਾਲੋਜੀ, ਸਿਹਤ ਸੰਭਾਲ, ਸਟਾਰਟਅੱਪਸ ਅਤੇ ਨਵੀਨਤਾ ਦੇ ਵੱਡੇ ਕੇਂਦਰ ਬਣ ਸਕਦੇ ਹਨ। ਅੱਜ ਸਿੱਖਿਆ ਨਾਲ ਜੁੜੇ ਕਈ ਮਹੱਤਵਪੂਰਨ ਪ੍ਰੋਜੈਕਟ ਵੀ ਇਸ ਯਾਤਰਾ ਨੂੰ ਨਵੀਂ ਗਤੀ ਦੇ ਰਹੇ ਹਨ। ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਲੜਕਿਆਂ ਦੇ ਕੁਰੂਕਸ਼ੇਤਰ ਹੋਸਟਲ ਐਂਡ ਮੈੱਸ ਦਾ ਉਦਘਾਟਨ ਹੋਇਆ ਹੈ। ਸੈਕਟਰ-46 ਦੇ ਗਵਰਨਮੈਂਟ ਕਾਲਜ ਦੇ ਲਈ ਨਵਾਂ ਹੋਸਟਲ ਵੀ ਤਿਆਰ ਹੋਇਆ ਹੈ। ਰਿਸਰਚ ਸਕਾਲਰਜ਼ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਸਾਡੇ ਨੌਜਵਾਨਾਂ ਨੂੰ ਖੋਜ ਦੇ ਲਈ ਬਿਹਤਰ ਲੈਬਾਂ ਅਤੇ ਬਿਹਤਰ ਫੈਕਲਟੀ ਮਿਲੇ। ਜਦੋਂ ਖੋਜ ਦਾ ਮਾਹੌਲ ਮਜ਼ਬੂਤ ਹੋਵੇਗਾ, ਉਦੋਂ ਨਵੀਨਤਾ ਵੀ ਤੇਜ਼ ਹੋਵੇਗੀ। ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ, ਐਡਵਾਂਸਡ ਮੈਨੂਫੈਕਚਰਿੰਗ ਅਤੇ ਡੀਪ-ਟੈੱਕ, ਅਜਿਹੀਆਂ ਸਾਰੀਆਂ ਤਕਨਾਲੋਜੀਆਂ ਵਿੱਚ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਣਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਚੰਡੀਗੜ੍ਹ ਦੇ ਐਜੂਕੇਸ਼ਨ ਇੰਸਟੀਚਿਊਟਸ, ਇੱਥੋਂ ਦੇ ਅਧਿਆਪਕ ਅਤੇ ਇੱਥੋਂ ਦੇ ਨੌਜਵਾਨ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਸਾਥੀਓ,

ਬੁਨਿਆਦੀ ਢਾਂਚੇ ਦਾ ਵਿਕਾਸ ਕਿਸੇ ਵੀ ਦੇਸ਼ ਦੀ ਆਰਥਿਕ ਪ੍ਰਗਤੀ ਦਾ ਰੋਡਮੈਪ ਹੁੰਦਾ ਹੈ। ਇਸ ਲਈ, ਪਹਿਲੀ ਵਾਰ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਨੂੰ ਸਮੁੱਚੀ ਪਹੁੰਚ ਦੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਵਿੱਚ ਕਨੈਕਟੀਵਿਟੀ ਨੂੰ ਲੈ ਕੇ ਵੀ ਕਈ ਸ਼ੁਰੂਆਤਾਂ ਹੋਈਆਂ ਹਨ। ਆਈਟੀ ਸਿਟੀ ਤੋਂ ਕੁਰਾਲੀ ਤੱਕ ਛੇ ਲੇਨ ਵਾਲੇ ਗ੍ਰੀਨਫੀਲਡ ਹਾਈਵੇਅ ਦਾ ਉਦਘਾਟਨ ਹੋਇਆ ਹੈ। ਇਸ ਨਾਲ ਏਅਰਪੋਰਟ ਰੋਡ ’ਤੇ ਦਬਾਅ ਘੱਟ ਹੋਵੇਗਾ, ਮੋਹਾਲੀ ਅਤੇ ਖਰੜ ਦੇ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੇਗੀ। ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਤੋਂ 'ਪੀਆਰ ਸੈਵਨ ਸਪਰ' ਇਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਅਜਿਹੇ ਸਾਰੇ ਵਿਕਾਸ ਕਾਰਜਾਂ ਨਾਲ ਉਦਯੋਗ ਅਤੇ ਕਾਰੋਬਾਰ ਨੂੰ ਗਤੀ ਮਿਲੇਗੀ। ਸਾਡੇ ਚੰਡੀਗੜ੍ਹ ਵਿੱਚ ਈਜ਼ ਆਫ਼ ਲਿਵਿੰਗ ਹੋਰ ਬਿਹਤਰ ਹੋਵੇਗੀ।

ਸਾਥੀਓ,

ਰੀਜਨਲ ਕਨੈਕਟੀਵਿਟੀ ’ਤੇ ਫੋਕਸ ਵਧਾਉਂਦੇ ਹੋਏ, ਅੱਜ ਜਲੰਧਰ ਵਿੱਚ ਰੇਲਵੇ ਨਾਲ ਜੁੜੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਹੋਣ ਵਾਲਾ ਹੈ। ਇਸ ਦਾ ਲਾਭ ਪੰਜਾਬ ਦੇ ਨਾਲ-ਨਾਲ ਇਸ ਪੂਰੇ ਖੇਤਰ ਨੂੰ ਹੋਵੇਗਾ। ਨਾਲ ਹੀ, ਅੱਜ ਹਰਿਆਣਾ ਦੇ ਜੀਂਦ ਤੋਂ, ਜੀਂਦ ਤੋਂ ਸੋਨੀਪਤ ਦੇ ਲਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਵੀ ਸ਼ੁਰੂ ਹੋਈ ਹੈ। ਸਵੱਛ ਈਂਧਨ ’ਤੇ ਚੱਲਣ ਵਾਲੀ ਇਹ ਟ੍ਰੇਨ ਇੱਕ ਬਹੁਤ ਵੱਡੀ ਸ਼ੁਰੂਆਤ ਹੈ। ਮੈਂ ਇਸ ਦੇ ਲਈ ਵੀ ਆਪ ਸਭ ਨੂੰ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਾਨੂੰ ਭਵਿੱਖ ਦੀ ਤਕਨਾਲੋਜੀ ’ਤੇ, ਭਵਿੱਖ ਦੀ ਆਵਾਜਾਈ ’ਤੇ ਅਤੇ ਭਵਿੱਖ ਦੀਆਂ ਸਿਹਤ ਸੇਵਾਵਾਂ ’ਤੇ, ਇਸੇ ਆਧੁਨਿਕ ਸੋਚ ਦੇ ਨਾਲ ਅੱਗੇ ਵਧਣਾ ਹੈ। ਸਾਨੂੰ ਅਜਿਹੇ ਫ਼ੈਸਲੇ ਲੈਣੇ ਹਨ, ਜਿਨ੍ਹਾਂ ਦਾ ਲਾਭ ਮੌਜੂਦਾ ਪੀੜ੍ਹੀ ਨੂੰ ਤਾਂ ਮਿਲੇ ਹੀ ਮਿਲੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮਿਲਦਾ ਰਹੇ। ਸਾਨੂੰ ਅਜਿਹੀਆਂ ਸੰਸਥਾਵਾਂ ਬਣਾਉਣੀਆਂ ਹਨ, ਜੋ ਸਮੇਂ ਦੇ ਨਾਲ ਹੋਰ ਮਜ਼ਬੂਤ ਹੋ ਜਾਣ। ਬੀਜੇਪੀ-ਐੱਨਡੀਏ ਸਰਕਾਰ, ਇਸੇ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੈਂ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਅਤੇ ਇਸ ਪੂਰੇ ਖੇਤਰ ਦੇ ਲੋਕਾਂ ਨੂੰ ਇਨ੍ਹਾਂ ਨਵੇਂ ਪ੍ਰੋਜੈਕਟਾਂ ਲਈ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਬਹੁਤ-ਬਹੁਤ ਧੰਨਵਾਦ।

 

*****

ਐੱਮਜੇਪੀਐੱਸ/ਐੱਸਐੱਸ/ਐੱਸਟੀ/ਆਰਕੇ


(रिलीज़ आईडी: 2285895) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Bengali , Gujarati