ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

प्रविष्टि तिथि: 02 JUL 2026 2:25PM by PIB Chandigarh

ਮਹਾਮਾਹਿਮ ਅਤੇ ਮੇਰੀ ਛੋਟੀ ਭੈਣ ਪ੍ਰਧਾਨ ਮੰਤਰੀ ਤਾਕਾਈਚੀ ਜੀ,

ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਮੰਡਲਾਂ ਦੇ ਮੈਂਬਰਾਨ,

ਮੀਡੀਆ ਦੇ ਸਾਥੀਓ,

ਨਮਸਕਾਰ!

ਕੋਨਿਚਿ ਵਾ!

ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਲਈ, ਪ੍ਰਧਾਨ ਮੰਤਰੀ ਤਾਕਾਈਚੀ ਜੀ ਦਾ ਭਾਰਤ ਦੇ ਆਪਣੇ ਪਹਿਲੇ ਦੌਰੇ 'ਤੇ ਮੈਂ ਦਿਲੋਂ ਸਵਾਗਤ ਕਰਦਿਆਂ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਹਾਂ।

ਉਹ ਜਾਪਾਨ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਵੀ ਹਨ ਅਤੇ ਇੱਕ ਦੂਰ-ਅੰਦੇਸ਼ੀ ਅਤੇ ਹਰਮਨ-ਪਿਆਰੇ ਨੇਤਾ ਵੀ ਹਨ। ਇੰਨਾ ਹੀ ਨਹੀਂ, ਉਹ ਜਾਪਾਨ ਦੇ ਨਾਰਾ ਪ੍ਰੀਫੈਕਚਰ ਤੋਂ ਆਉਂਦੇ ਹਨ, ਜੋ ਭਾਰਤ-ਜਾਪਾਨ ਦੀ ਸਾਂਝੀ ਬੁੱਧ ਵਿਰਾਸਤ ਦਾ ਇੱਕ ਬਹੁਤ ਮਹੱਤਵਪੂਰਨ ਕੇਂਦਰ ਹੈ।

ਦੋਸਤੋ,

ਕੁਝ ਹੀ ਦਿਨ ਪਹਿਲਾਂ ਜੀ-7 ਸਿਖਰ ਸੰਮੇਲਨ ਵਿੱਚ ਮੈਂ ਕਿਹਾ ਸੀ ਕਿ ਅੱਜ ਦੇ ਵਿਸ਼ਵ ਪੱਧਰੀ ਉਥਲ-ਪੁਥਲ ਭਰੇ ਮਾਹੌਲ ਵਿੱਚ ਆਪਸੀ ਭਰੋਸਾ ਸਾਡੀ ਸਭ ਤੋਂ ਵੱਡੀ ਰਣਨੀਤਕ ਪੂੰਜੀ ਹੈ। ਅਤੇ ਮੈਨੂੰ ਮਾਣ ਹੈ ਕਿ ਭਾਰਤ-ਜਾਪਾਨ ਦੀ ਭਾਈਵਾਲੀ ਇਸ ਕਸੌਟੀ 'ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ।

ਪਿਛਲੇ ਕਈ ਦਹਾਕਿਆਂ ਵਿੱਚ ਆਟੋਮੋਟਿਵ ਤੋਂ ਲੈ ਕੇ ਇਲੈਕਟ੍ਰਾਨਿਕਸ ਤੱਕ, ਜਾਪਾਨ ਨੇ ਭਾਰਤ ਦੀ ਵਿਕਾਸ ਗਾਥਾ ਦਾ ਇੱਕ ਮਹੱਤਵਪੂਰਨ ਭਾਈਵਾਲ ਬਣ ਕੇ ਦੋਸਤੀ ਅਤੇ ਭਰੋਸੇ ਦੀ ਇੱਕ ਅਨਮੋਲ ਪੂੰਜੀ ਤਿਆਰ ਕੀਤੀ ਹੈ।

ਅਤੇ ਅੱਜ ਪ੍ਰਧਾਨ ਮੰਤਰੀ ਤਾਕਾਈਚੀ ਜੀ ਦੀ ਇਸ ਯਾਤਰਾ ਨਾਲ, ਅਸੀਂ ਆਪਣੀ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਾਂ।

ਦੋਸਤੋ,

ਅੱਜ ਭਾਰਤ ਅਤੇ ਜਾਪਾਨ ਦੋਵੇਂ ਹੀ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਵਿੱਚੋਂ ਹਨ। ਇੱਕ ਸੁਤੰਤਰ, ਖ਼ੁਸ਼ਹਾਲ ਅਤੇ ਨਿਯਮ-ਆਧਾਰਤ ਹਿੰਦ-ਪ੍ਰਸ਼ਾਂਤ ਸਾਡੀ ਸਾਂਝੀ ਤਰਜੀਹ ਹੈ।

ਖੇਤਰ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਅਤੇ ਬਾਜ਼ਾਰ-ਆਧਾਰਤ ਅਰਥ-ਵਿਵਸਥਾਵਾਂ ਵਜੋਂ ਅੱਜ ਅਸੀਂ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਰਾਹੀਂ ਅਸੀਂ ਮਿਲ ਕੇ ਪੂਰੇ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਤਰੱਕੀ ਦਾ ਰਾਹ ਪੱਧਰਾ ਕਰਾਂਗੇ।

ਦੋਸਤੋ,

ਪ੍ਰਧਾਨ ਮੰਤਰੀ ਤਾਕਾਈਚੀ ਜੀ ਅਤੇ ਮੇਰਾ ਵਿਸ਼ਵਾਸ ਹੈ ਕਿ ਤਕਨਾਲੋਜੀ ਭਾਈਵਾਲੀ ਸਾਡੇ ਸਹਿਯੋਗ ਦਾ ਸਭ ਤੋਂ ਮਜ਼ਬੂਤ ਥੰਮ੍ਹ ਬਣੇਗੀ। ਇਸੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਅੱਜ ਅਸੀਂ ਮਸਨੂਈ ਬੁੱਧੀ ਦੇ ਖੇਤਰ ਵਿੱਚ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਹੈ। ਭਾਰਤੀ ਏਆਈ ਈਕੋਸਿਸਟਮ ਦੇ ਕਈ ਪ੍ਰਮੁੱਖ ਸੰਸਥਾਨਾਂ ਨੇ ਵੀ ਅੱਜ ਆਪਣੇ ਜਾਪਾਨੀ ਭਾਈਵਾਲਾਂ ਨਾਲ ਸਮਝੌਤੇ ਕੀਤੇ ਹਨ। ਜਾਪਾਨ ਦੀ ਸਟੀਕਤਾ ਆਧਾਰਤ ਤਕਨਾਲੋਜੀ ਅਤੇ ਭਾਰਤ ਦੀ ਸਾਫਟਵੇਅਰ ਸਮਰੱਥਾ ਦਾ ਮਿਲਾਪ ਵਿਸ਼ਵ ਪੱਧਰ 'ਤੇ ਏਆਈ ਦੇ ਵਿਕਾਸ ਨੂੰ ਨਵੀਂ ਗਤੀ ਅਤੇ ਨਵੀਂ ਸ਼ਕਤੀ ਦੇਵੇਗਾ।

ਰੱਖਿਆ ਖੇਤਰ ਵਿੱਚ ਅੱਜ ਅਸੀਂ ਭਾਰਤ ਅਤੇ ਜਾਪਾਨ ਦੇ ਪਹਿਲੇ ਸਾਂਝੇ ਵਿਕਾਸ ਪ੍ਰੋਜੈਕਟ 'ਤੇ ਸਮਝੌਤਾ ਕੀਤਾ ਹੈ। ਨੇਵਲ ਰੇਡੀਓ ਐਂਟੀਨਾ ਦਾ ਇਹ ਪ੍ਰੋਜੈਕਟ ਸਾਡੀ ਰੱਖਿਆ ਤਕਨਾਲੋਜੀ ਭਾਈਵਾਲੀ ਵਿੱਚ ਇੱਕ ਨਵਾਂ ਅਧਿਆਇ ਖੋਲ੍ਹੇਗਾ। ਹੁਣ ਅਸੀਂ ਅਜਿਹੀਆਂ ਰੱਖਿਆ ਤਕਨਾਲੋਜੀਆਂ ਨੂੰ ਮਿਲ ਕੇ ਵਿਕਸਿਤ ਕਰਾਂਗੇ ਜੋ ਖੇਤਰੀ ਸ਼ਾਂਤੀ, ਸਮੁੰਦਰੀ ਸੁਰੱਖਿਆ ਅਤੇ ਨਿਯਮ-ਆਧਾਰਤ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਗੀਆਂ।

ਫਾਰਮਾ, ਮੈਡੀਕਲ ਉਪਕਰਣ ਅਤੇ ਬਾਇਓ-ਟੈਕ ਦੇ ਖੇਤਰ ਵਿੱਚ ਅੱਜ ਹੋਏ ਸਮਝੌਤਿਆਂ ਰਾਹੀਂ ਅਸੀਂ ਆਲਮੀ ਸਿਹਤ ਸੁਰੱਖਿਆ ਵਿੱਚ ਵੀ ਆਪਣਾ ਯੋਗਦਾਨ ਦੇਵਾਂਗੇ। ਭਾਰਤ ਦੇ ਵਿਸ਼ਾਲ ਪੱਧਰ ਅਤੇ ਜਾਪਾਨ ਦੀ ਗੁਣਵੱਤਾ ਨੂੰ ਜੋੜ ਕੇ ਅਸੀਂ ਕਿਫ਼ਾਇਤੀ, ਭਰੋਸੇਯੋਗ ਅਤੇ ਉੱਨਤ ਸਿਹਤ ਹੱਲ ਦੁਨੀਆ ਤੱਕ ਪਹੁੰਚਾਉਣ ਲਈ ਕੰਮ ਕਰਾਂਗੇ।

ਦੋਸਤੋ,

ਭਾਰਤ-ਜਾਪਾਨ ਨਿਵੇਸ਼ ਭਾਈਵਾਲੀ ਲਗਾਤਾਰ ਹੋਰ ਮਜ਼ਬੂਤ ਹੋ ਰਹੀ ਹੈ। ਪਿਛਲੇ ਇੱਕ ਸਾਲ ਵਿੱਚ 100 ਤੋਂ ਵੱਧ ਨਵੇਂ ਕਾਰੋਬਾਰੀ ਸਮਝੌਤੇ ਹੋਏ ਹਨ, ਜਿਨ੍ਹਾਂ ਰਾਹੀਂ ਭਾਰਤ ਵਿੱਚ 10 ਬਿਲੀਅਨ ਡਾਲਰ ਤੋਂ ਵੱਧ ਦਾ ਜਾਪਾਨੀ ਨਿਵੇਸ਼ ਆਵੇਗਾ। ਅੱਜ ਵਿੱਤੀ ਸੇਵਾ ਏਜੰਸੀਆਂ ਵਿਚਕਾਰ ਹੋਏ ਸਮਝੌਤੇ ਨਾਲ ਪੂੰਜੀ ਅਤੇ ਨਿਵੇਸ਼ ਦਾ ਪ੍ਰਵਾਹ ਹੋਰ ਸੌਖਾ ਹੋਵੇਗਾ।

ਅਗਲੇ 10 ਸਾਲਾਂ ਵਿੱਚ ਜਾਪਾਨ ਤੋਂ ਭਾਰਤ ਵਿੱਚ 10 ਟ੍ਰਿਲੀਅਨ ਯੇਨ ਦਾ ਨਿਵੇਸ਼ ਲਿਆਉਣਾ ਅਤੇ ਭਾਰਤ ਵਿੱਚ ਜਾਪਾਨੀ ਕੰਪਨੀਆਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਸਾਡਾ ਟੀਚਾ ਸਪਸ਼ਟ ਹੈ। ਭਾਰਤ ਵਿੱਚ ਲਗਾਤਾਰ ਹੋ ਰਹੇ ਸੁਧਾਰਾਂ ਨਾਲ ਕਾਰੋਬਾਰ ਕਰਨ ਦੀ ਸੌਖ ਵਧੀ ਹੈ ਅਤੇ ਜਾਪਾਨੀ ਕੰਪਨੀਆਂ ਵੀ ਇਸ ਦਾ ਲਾਭ ਲੈ ਸਕਦੀਆਂ ਹਨ।

ਦੋਸਤੋ,

ਅੱਜ ਦੇ ਅਨਿਸ਼ਚਿਤਤਾ ਭਰੇ ਯੁੱਗ ਵਿੱਚ ਭਾਰਤ ਅਤੇ ਜਾਪਾਨ ਦੋਵੇਂ ਹੀ ਆਰਥਿਕ ਸੁਰੱਖਿਆ ਅਤੇ ਊਰਜਾ ਸੁਰੱਖਿਆ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਦਿਸ਼ਾ ਵਿੱਚ ਅੱਜ ਅਸੀਂ ਆਰਥਿਕ ਸੁਰੱਖਿਆ ਲਈ ਇੱਕ ਸਾਂਝਾ ਰੋਡਮੈਪ ਤਿਆਰ ਕੀਤਾ ਹੈ। ਇਸ ਰਾਹੀਂ ਅਸੀਂ ਸੈਮੀਕੰਡਕਟਰ, ਕੁਆਂਟਮ ਅਤੇ ਐਡਵਾਂਸਡ ਮਟੀਰੀਅਲਜ਼ ਵਰਗੇ ਰਣਨੀਤਿਕ ਖੇਤਰਾਂ ਵਿੱਚ ਸਪਲਾਈ ਲੜੀ ਦੀ ਮਜ਼ਬੂਤੀ ਨੂੰ ਹੋਰ ਮਜ਼ਬੂਤ ਕਰਾਂਗੇ।

ਊਰਜਾ ਸੁਰੱਖਿਆ ਦੇ ਖੇਤਰ ਵਿੱਚ ਵੀ ਅੱਜ ਅਸੀਂ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ। ਇੰਡੀਆ-ਜਾਪਾਨ ਬਾਇਓ-ਗੈਸ ਪਹਿਲਕਦਮੀ ਰਾਹੀਂ ਭਾਰਤ ਵਿੱਚ ਇੱਕ ਹਜ਼ਾਰ ਬਾਇਓ-ਗੈਸ ਅਤੇ ਜੈਵਿਕ ਖਾਦ ਪਲਾਂਟ ਲਗਾਉਣ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਸਾਡੀ ਗੋਵਰਧਨ ਪਹਿਲਕਦਮੀ ਹੋਰ ਮਜ਼ਬੂਤ ਹੋਵੇਗੀ।

ਇਸ ਨਾਲ ਭਾਰਤ ਦੇ ਪਿੰਡਾਂ ਵਿੱਚ ਟਿਕਾਊ ਵਿਕਾਸ, ਖ਼ੁਸ਼ਹਾਲੀ ਅਤੇ ਪੇਂਡੂ ਰੋਜ਼ੀ-ਰੋਟੀ ਨੂੰ ਨਵੀਂ ਤਾਕਤ ਮਿਲੇਗੀ। ਤੇਲ ਸੰਕਟ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਅੱਜ ਅਸੀਂ ਊਰਜਾ ਲਚਕਤਾ ਸਬੰਧੀ ਵੀ ਇੱਕ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ। ਇਸ ਦੇ ਨਾਲ ਹੀ ਬੈਟਰੀ, ਗ੍ਰੀਨ ਹਾਈਡ੍ਰੋਜਨ ਅਤੇ ਪਰਮਾਣੂ ਊਰਜਾ ਵਿੱਚ ਸਾਡਾ ਸਹਿਯੋਗ ਵਿਸ਼ਵ ਦੇ ਸਾਫ਼-ਸੁਥਰੇ ਊਰਜਾ ਭਵਿੱਖ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਭਾਰਤ ਅਤੇ ਜਾਪਾਨ ਮਿਲ ਕੇ ਆਰਥਿਕ ਸੁਰੱਖਿਆ ਨੂੰ ਸਾਂਝੀ ਸੁਰੱਖਿਆ ਅਤੇ ਊਰਜਾ ਪਰਿਵਰਤਨ ਨੂੰ ਸਾਂਝੇ ਮੌਕੇ ਵਜੋਂ ਦੇਖਦੇ ਹਨ ਅਤੇ ਇਸ ਦਿਸ਼ਾ ਵਿੱਚ ਮਿਲ ਕੇ ਅੱਗੇ ਵਧਣ ਲਈ ਕੰਮ ਕਰਨਗੇ।

ਦੋਸਤੋ,

ਅੱਜ ਅਸੀਂ ਭਾਰਤ-ਜਾਪਾਨ ਨੇਕਸਟ ਜਨਰੇਸ਼ਨ ਮੋਬਿਲਿਟੀ ਪਾਰਟਨਰਸ਼ਿਪ ਫਰੇਮਵਰਕ ਵੀ ਤਿਆਰ ਕੀਤਾ ਹੈ। ਇਸ ਨਾਲ ਹੁਣ ਅਸੀਂ ਆਟੋਮੋਟਿਵ ਖੇਤਰ ਵਿੱਚ ਆਪਣੀ ਸਫ਼ਲਤਾ ਦੀ ਕਹਾਣੀ ਨੂੰ ਜਹਾਜ਼ ਨਿਰਮਾਣ, ਹਵਾਬਾਜ਼ੀ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਵੀ ਦੁਹਰਾਵਾਂਗੇ।

ਦੋਸਤੋ,

ਸਾਡੇ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਸਾਡੇ ਲੋਕਾਂ ਦਰਮਿਆਨ ਰਿਸ਼ਤੇ ਹਨ। ਅਸੀਂ ਟੇਲੈਂਟ ਮੋਬਿਲਿਟੀ, ਹੁਨਰ ਵਿਕਾਸ ਅਤੇ ਤਕਨੀਕੀ ਇੰਟਰਨਸ਼ਿਪ ਪ੍ਰੋਗਰਾਮਾਂ ਦੇ ਮੌਕਿਆਂ ਨੂੰ ਵੀ ਵਧਾ ਰਹੇ ਹਾਂ। ਨਾਲ ਹੀ, ਦੋਵੇਂ ਦੇਸ਼ਾਂ ਵਿਚਕਾਰ ਖੋਜ, ਸਿੱਖਿਆ ਅਤੇ ਸਟਾਰਟ-ਅੱਪ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਸਾਨੂੰ ਬਹੁਤ ਖ਼ੁਸ਼ੀ ਹੈ ਕਿ ਅਗਲੇ ਸਾਲ ਅਸੀਂ ਭਾਰਤ-ਜਾਪਾਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ। ਇਸ ਮਹੱਤਵਪੂਰਨ ਮੌਕੇ 'ਤੇ ਅਸੀਂ ਸੱਭਿਆਚਾਰ, ਸੈਰ-ਸਪਾਟਾ ਅਤੇ ਰਚਨਾਤਮਕ ਅਰਥ-ਵਿਵਸਥਾ ਦੇ ਸਹਿਯੋਗ ਰਾਹੀਂ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਾਂਗੇ।

ਮਹਾਮਾਹਿਮ,

ਭਾਰਤ ਅਤੇ ਜਾਪਾਨ ਦੀਆਂ ਅਰਥ-ਵਿਵਸਥਾਵਾਂ ਇੱਕ-ਦੂਜੇ ਦੀ ਪੂਰਕ ਹਨ। ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਲੈ ਕੇ ਆਧੁਨਿਕ ਤਕਨਾਲੋਜੀ ਤੱਕ ਸਾਡੀ ਸੋਚ ਅਤੇ ਪਹੁੰਚ ਵਿੱਚ ਵੀ ਕਾਫ਼ੀ ਸਮਾਨਤਾ ਹੈ।

ਅਤੇ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਸਬੰਧਾਂ ਦੀ ਨੀਂਹ ਅਟੁੱਟ ਆਪਸੀ ਭਰੋਸੇ 'ਤੇ ਟਿਕੀ ਹੋਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਇਹ ਵਿਸ਼ੇਸ਼ ਭਾਈਵਾਲੀ ਇੱਕ ਸਸ਼ਕਤ ਅਤੇ ਖ਼ੁਸ਼ਹਾਲ ਜਾਪਾਨ ਦੇ ਤੁਹਾਡੇ ਵਿਜ਼ਨ, ਵਿਕਸਿਤ ਭਾਰਤ ਦੇ ਸਾਡੇ ਸੰਕਲਪ ਅਤੇ ਪੂਰੇ ਵਿਸ਼ਵ ਦੀ ਤਰੱਕੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ।

ਇੱਕ ਸਸ਼ਕਤ ਅਤੇ ਖ਼ੁਸ਼ਹਾਲ ਜਾਪਾਨ ਦਾ ਤੁਹਾਡਾ ਵਿਜ਼ਨ, ਵਿਕਸਿਤ ਭਾਰਤ ਦਾ ਸਾਡਾ ਸੰਕਲਪ ਅਤੇ ਪੂਰੇ ਵਿਸ਼ਵ ਦੀ ਤਰੱਕੀ—ਆਓ ਮਿਲ ਕੇ ਇਨ੍ਹਾਂ ਨੂੰ ਸਾਕਾਰ ਕਰੀਏ।

ਮੈਂ ਇੱਕ ਵਾਰ ਫਿਰ ਤੁਹਾਡਾ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ।

ਤੁਹਾਡਾ ਬਹੁਤ-ਬਹੁਤ ਧੰਨਵਾਦ।

*****


ਐਮਜੇਪੀਐਸ/ਐਸਐਸ/ਵੀਜੇ


(रिलीज़ आईडी: 2280642) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Odia , Telugu , Malayalam