ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਆਈ.ਸੀ.ਏ.ਆਈ. ਦੇ 78ਵੇਂ ਚਾਰਟਰਡ ਅਕਾਊਂਟੈਂਟਸ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ
ਉਪ-ਰਾਸ਼ਟਰਪਤੀ ਨੇ ਚਾਰਟਰਡ ਅਕਾਊਂਟੈਂਟਸ ਨੂੰ "ਭਰੋਸੇ ਦੇ ਦੂਤ" ਦੱਸਿਆ, ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਭਾਰਤ ਦੀ ਤਰੱਕੀ ਦੇ ਨਾਲ ਇਸ ਪੇਸ਼ੇ ਤੋਂ ਨੈਤਿਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ
“ਨੈਤਿਕਤਾ ਤੋਂ ਬਿਨਾਂ ਆਰਥਿਕ ਵਿਕਾਸ ਕਦੇ ਵੀ ਸਹੀ ਅਰਥਾਂ ਵਿੱਚ ਸਮਾਜ ਦੀ ਸੇਵਾ ਨਹੀਂ ਕਰ ਸਕਦਾ”: ਉਪ-ਰਾਸ਼ਟਰਪਤੀ
“ਆਪਣੀ ਪ੍ਰੀਖਿਆ ਦੇ ਮਿਆਰਾਂ ਨੂੰ ਕਦੇ ਵੀ ਕਮਜ਼ੋਰ ਨਾ ਕਰੋ; ਤੁਸੀਂ ਵਿਵਸਥਾ ਦੀ ਰਾਖੀ ਕਰ ਰਹੇ ਹੋ”: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਚਾਰਟਰਡ ਅਕਾਊਂਟੈਂਟਸ ਨੂੰ ਓ.ਡੀ.ਓ.ਪੀ. ਪਹਿਲਕਦਮੀ ਦੇ ਤਹਿਤ ਸਥਾਨਕ ਉਦਯੋਗਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ
प्रविष्टि तिथि:
01 JUL 2026 7:54PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਕਿਹਾ ਕਿ ਚਾਰਟਰਡ ਅਕਾਊਂਟੈਂਟਸ "ਭਰੋਸੇ ਦੇ ਦੂਤ" ਹਨ ਅਤੇ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਉਨ੍ਹਾਂ ਦੀ ਵਿਸ਼ੇਸ਼ ਮਹੱਤਤਾ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਦੇ 78ਵੇਂ ਚਾਰਟਰਡ ਅਕਾਊਂਟੈਂਟਸ ਦਿਵਸ ਅਤੇ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਸੁਸ਼ਾਸਨ ਨੂੰ ਯਕੀਨੀ ਬਣਾਉਣ ਵਾਲਾ ਇਹ ਪੇਸ਼ਾ ਭਾਰਤ ਦੇ ਆਰਥਿਕ ਅਤੇ ਸੰਸਥਾਗਤ ਵਿਕਾਸ ਦਾ ਕੇਂਦਰ ਹੈ।
ਉਪ-ਰਾਸ਼ਟਰਪਤੀ ਨੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਚਾਰਟਰਡ ਅਕਾਊਂਟੈਂਸੀ ਦੇ ਪੇਸ਼ੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਖ਼ਤ ਪ੍ਰੀਖਿਆ ਮਿਆਰਾਂ ਨੂੰ ਬਣਾਈ ਰੱਖਣ ਲਈ ਆਈ.ਸੀ.ਏ.ਆਈ. ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾਨ ਨੂੰ ਇਨ੍ਹਾਂ ਮਿਆਰਾਂ ਨੂੰ ਕਦੇ ਵੀ ਕਮਜ਼ੋਰ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵਿਵਸਥਾ ਦੀ ਰਾਖੀ ਕਰ ਰਿਹਾ ਹੈ।
ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਤੇਜ਼ ਆਰਥਿਕ ਪ੍ਰਗਤੀ ਦਾ ਜ਼ਿਕਰ ਕਰਦਿਆਂ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦੇਸ਼ ਘੱਟ ਸਮੇਂ ਵਿੱਚ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥ-ਵਿਵਸਥਾ ਵਜੋਂ ਉੱਭਰ ਕੇ ਹੁਣ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਰਥਿਕ ਪ੍ਰਾਪਤੀਆਂ ਮਹੱਤਵਪੂਰਨ ਹਨ, ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕਲਪਿਤ 'ਵਿਕਸਿਤ ਭਾਰਤ @2047' ਦਾ ਵਿਜ਼ਨ ਪਾਰਦਰਸ਼ੀ ਸ਼ਾਸਨ, ਭਰੋਸੇਮੰਦ ਸੰਸਥਾਵਾਂ, ਸਮਾਵੇਸ਼ੀ ਮੌਕਿਆਂ ਅਤੇ ਹਰੇਕ ਨਾਗਰਿਕ ਦੀ ਖ਼ੁਸ਼ਹਾਲੀ 'ਤੇ ਅਧਾਰਿਤ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੈਤਿਕਤਾ ਤੋਂ ਬਿਨਾਂ ਆਰਥਿਕ ਵਿਕਾਸ ਕਦੇ ਵੀ ਸਹੀ ਮਾਅਨਿਆਂ ਵਿੱਚ ਸਮਾਜ ਲਈ ਲਾਭਦਾਇਕ ਨਹੀਂ ਹੋ ਸਕਦਾ।
ਪ੍ਰਸਿੱਧ ਤਮਿਲ ਸੰਤ-ਕਵੀ ਤਿਰੂਵੱਲੁਵਰ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਿਰਫ਼ ਧਰਮ ਅਤੇ ਨਿਆਂਪੂਰਨ ਤਰੀਕਿਆਂ ਨਾਲ ਕਮਾਇਆ ਧਨ ਹੀ ਸਥਾਈ ਸੁਖ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਚਾਰਟਰਡ ਅਕਾਊਂਟੈਂਟਸ ਨੂੰ ਇਮਾਨਦਾਰ ਉਦਯੋਗਾਂ ਦੀ ਰੱਖਿਆ ਕਰਕੇ ਅਤੇ ਅਨੈਤਿਕ ਕੁਰੀਤੀਆਂ ਵਿਰੁੱਧ ਦ੍ਰਿੜ੍ਹਤਾ ਨਾਲ ਕੰਮ ਕਰਕੇ ਨਿਰਪੱਖ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕਾਰੋਬਾਰ ਕਰਨ ਦੀ ਸੌਖ ਜ਼ਰੂਰੀ ਹੈ, ਪਰ ਇਸ ਦਾ ਸੰਚਾਲਨ ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਸੰਤੁਲਨ ਨੂੰ ਯਕੀਨੀ ਬਣਾਉਣ ਵਿੱਚ ਚਾਰਟਰਡ ਅਕਾਊਂਟੈਂਟਸ ਦੀ ਅਹਿਮ ਜ਼ੁੰਮੇਵਾਰੀ ਹੈ।
ਇਤਿਹਾਸਕ ਰਾਸ਼ਟਰੀ ਸੁਧਾਰਾਂ ਵਿੱਚ ਚਾਰਟਰਡ ਅਕਾਊਂਟੈਂਸੀ ਦੇ ਪੇਸ਼ੇ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟਸ ਨੇ ਜੀ.ਐੱਸ.ਟੀ., ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (ਦਿਵਾਲੀਆਪਨ ਕੋਡ), ਡਾਇਰੈਕਟ ਬੈਨੀਫਿਟ ਟਰਾਂਸਫਰ (ਸਿੱਧਾ ਲਾਭ ਤਬਾਦਲਾ) ਪਹਿਲਕਦਮੀਆਂ ਅਤੇ ਟੈਕਸ ਪ੍ਰਣਾਲੀ ਵਿੱਚ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਹਾਰਤ ਨੇ ਪਾਰਦਰਸ਼ਤਾ ਨੂੰ ਮਜ਼ਬੂਤ ਕੀਤਾ ਹੈ, ਕਾਨੂੰਨੀ ਪਾਲਣਾ ਵਿੱਚ ਸੁਧਾਰ ਕੀਤਾ ਹੈ ਅਤੇ ਨਿਵੇਸ਼ਕਾਂ ਦੇ ਭਰੋਸੇ ਨੂੰ ਵਧਾਇਆ ਹੈ।
ਪੇਸ਼ਾਵਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਵੱਲੋਂ ਕੀਤੇ ਗਏ ਹਰ ਆਡਿਟ, ਤਸਦੀਕ ਕੀਤੀ ਗਈ ਹਰ ਬੈਲੇਂਸ ਸ਼ੀਟ ਅਤੇ ਸਲਾਹ ਦਿੱਤੀ ਗਈ ਹਰ ਸੰਸਥਾ ਦਾ ਕਾਰੋਬਾਰਾਂ, ਸਰਕਾਰਾਂ ਅਤੇ ਸਮਾਜ 'ਤੇ ਦੂਰਗਾਮੀ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਪੂਰੇ ਪੇਸ਼ਾਵਰ ਜੀਵਨ ਵਿੱਚ ਇਮਾਨਦਾਰੀ ਅਤੇ ਸਚਾਈ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ।
ਚਾਰਟਰਡ ਅਕਾਊਂਟੈਂਟਸ ਨੂੰ ਸਥਾਨਕ ਉਦਯੋਗਾਂ ਨੂੰ ਸਹਿਯੋਗ ਦੇਣ ਵਿੱਚ ਆਪਣੀ ਭੂਮਿਕਾ ਵਧਾਉਣ ਦਾ ਸੁਝਾਅ ਦਿੰਦੇ ਹੋਏ ਉਪ-ਰਾਸ਼ਟਰਪਤੀ ਨੇ ਆਈ.ਸੀ.ਏ.ਆਈ. ਦੀਆਂ ਜ਼ਿਲ੍ਹਾ-ਪੱਧਰੀ ਐਸੋਸੀਏਸ਼ਨਾਂ ਨੂੰ 'ਇੱਕ ਜ਼ਿਲ੍ਹਾ ਇੱਕ ਉਤਪਾਦ' ਪਹਿਲਕਦਮੀ ਦੇ ਤਹਿਤ ਚਿੰਨ੍ਹਿਤ ਉਤਪਾਦਾਂ ਦਾ ਵਿਹਾਰਕ ਗਿਆਨ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮੁਹਾਰਤ ਉਨ੍ਹਾਂ ਨੂੰ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਲਾਗਤ ਘਟਾਉਣ ਦੇ ਸਬੰਧ ਵਿੱਚ ਉਤਪਾਦਕਾਂ ਦਾ ਮਾਰਗ-ਦਰਸ਼ਨ ਕਰਨ ਦੇ ਯੋਗ ਬਣਾਏਗੀ, ਜਿਸ ਨਾਲ ਮੁਕਾਬਲੇਬਾਜ਼ੀ ਵਧੇਗੀ ਅਤੇ ਸਥਾਨਕ ਅਰਥ-ਵਿਵਸਥਾਵਾਂ ਮਜ਼ਬੂਤ ਹੋਣਗੀਆਂ।
ਇਸ ਮੌਕੇ 'ਤੇ ਉਪ-ਰਾਸ਼ਟਰਪਤੀ ਨੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਦੇ ਪੀਅਰ ਰਿਵਿਊ ਬੋਰਡ (ਪੀਆਰਬੀ) ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 78ਵੇਂ ਚਾਰਟਰਡ ਅਕਾਊਂਟੈਂਟਸ ਦਿਵਸ ਦੇ ਮੌਕੇ 'ਤੇ ਅਤੇ ਸਮਾਰੋਹਾਂ ਵਿੱਚ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ 'ਮਾਈਗੌਵ' (MyGov) ਦੇ ਸਹਿਯੋਗ ਨਾਲ ਵਿਕਸਿਤ 'ਆਈ.ਸੀ.ਏ.ਆਈ. ਜਨ ਉਤਸਵ ਪੋਰਟਲ' ਦੀ ਵੀ ਸ਼ੁਰੂਆਤ ਕੀਤੀ।
ਇਸ ਪ੍ਰੋਗਰਾਮ ਵਿੱਚ ਆਈ.ਸੀ.ਏ.ਆਈ. ਦੇ ਪ੍ਰਧਾਨ, ਸ਼੍ਰੀ ਪ੍ਰਸੰਨ ਕੁਮਾਰ ਡੀ.; ਆਈ.ਸੀ.ਏ.ਆਈ. ਦੇ ਉਪ-ਪ੍ਰਧਾਨ, ਸ਼੍ਰੀ ਮੰਗੇਸ਼ ਪੀ. ਕਿਨਾਰੇ; ਕੇਂਦਰੀ ਪ੍ਰੀਸ਼ਦ ਦੇ ਮੈਂਬਰ, ਸੰਸਥਾਨ ਦੇ ਸਾਬਕਾ ਪ੍ਰਧਾਨ, ਵਿਸ਼ੇਸ਼ ਮਹਿਮਾਨ, ਦੇਸ਼ ਭਰ ਤੋਂ ਆਏ ਚਾਰਟਰਡ ਅਕਾਊਂਟੈਂਟ ਅਤੇ ਵਿਦਿਆਰਥੀ ਹਾਜ਼ਰ ਸਨ।
*************
ਪੀਆਰ/ਏਐਸਐਮ/ਵੀਐਮਜੇ
(रिलीज़ आईडी: 2280480)
आगंतुक पटल : 8