ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਵਿੱਕਰੀ ਅਤੇ ਸਪਲਾਈ ’ਤੇ ਲਗਾਈਆਂ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ ਹਨ

Posted On: 29 JUN 2026 8:00PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 1 ਜੁਲਾਈ, 2026 ਤੋਂ ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਦੇ ਪਰਚੂਨ ਆਊਟਲੇਟਸ ਰਾਹੀਂ ਮੋਟਰ ਸਪਿਰਿਟ (ਐੱਮ.ਐੱਸ.) ਅਤੇ ਹਾਈ ਸਪੀਡ ਡੀਜ਼ਲ (ਐੱਚ.ਐੱਸ.ਡੀ.) ਦੀ ਵਿੱਕਰੀ ਅਤੇ ਸਪਲਾਈ ਨੂੰ ਕੰਟਰੋਲ ਕਰਨ ਵਾਲੇ ਅਸਥਾਈ ਰੈਗੂਲੇਟਰੀ ਉਪਾਵਾਂ ਨੂੰ ਵਾਪਸ ਲੈ ਲਿਆ ਹੈ।

ਪੱਛਮੀ ਏਸ਼ੀਆ ਸੰਕਟ ਕਾਰਨ ਪੈਦਾ ਹੋਏ ਵਿਘਨਾਂ ਦੌਰਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ਨੂੰ ਸਥਿਰ ਰੱਖ ਕੇ ਪਰਚੂਨ ਖਪਤਕਾਰਾਂ ਨੂੰ ਅੰਤਰਰਾਸ਼ਟਰੀ ਈਂਧਨ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਤੋਂ ਬਚਾਉਣਾ ਜਾਰੀ ਰੱਖਿਆ। ਇਸ ਦੇ ਨਤੀਜੇ ਵਜੋਂ ਪਰਚੂਨ ਈਂਧਨ ਕੀਮਤਾਂ ਅਤੇ ਥੋਕ ਖਪਤਕਾਰਾਂ ਲਈ ਲਾਗੂ ਕੀਮਤਾਂ ਵਿੱਚ ਕਾਫ਼ੀ ਅੰਤਰ ਆ ਗਿਆ। ਇਸ ਦੇ ਸਿੱਟੇ ਵਜੋਂ ਕੁਝ ਉਦਯੋਗਿਕ, ਵਪਾਰਕ ਅਤੇ ਸੰਸਥਾਗਤ ਖਪਤਕਾਰਾਂ ਨੇ ਪਰਚੂਨ ਪੰਪਾਂ ਤੋਂ ਈਂਧਨ ਖਰੀਦਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹੇਰਾਫੇਰੀ, ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਈਂਧਨ ਦੀ ਬਰਾਬਰ ਵੰਡ ’ਤੇ ਅਸਰ ਪਿਆ।

ਇਸ ਸਥਿਤੀ ਨੂੰ ਹੱਲ ਕਰਨ ਲਈ 12 ਜੂਨ, 2026 ਨੂੰ ਲਾਗੂ ਕੀਤੇ ਗਏ ਅਸਥਾਈ ਰੈਗੂਲੇਟਰੀ ਉਪਾਵਾਂ ਨੇ ਪਰਚੂਨ ਦੁਕਾਨਾਂ 'ਤੇ ਪ੍ਰਤੀ ਗਾਹਕ/ਵਾਹਨ ਪ੍ਰਤੀ ਦਿਨ 200 ਲੀਟਰ ਹਾਈ ਸਪੀਡ ਡੀਜ਼ਲ (ਐੱਚ.ਐੱਸ.ਡੀ.) ਦੀ ਅਸਥਾਈ ਹੱਦ ਲਗਾਈ ਅਤੇ ਉਦਯੋਗਿਕ, ਸੰਸਥਾਗਤ ਅਤੇ ਵਪਾਰਕ ਖਪਤਕਾਰਾਂ ਨੂੰ ਪਰਚੂਨ ਦੁਕਾਨਾਂ ਦੀ ਬਜਾਏ ਨਾਮਜ਼ਦ ਖਪਤਕਾਰ ਪੰਪਾਂ ਤੋਂ ਈਂਧਨ ਖਰੀਦਣ ਦੀ ਲੋੜ ਦੱਸੀ ਗਈ। ਇਹਨਾਂ ਉਪਾਵਾਂ ਦਾ ਉਦੇਸ਼ ਪਰਚੂਨ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਂਦੇ ਹੋਏ ਡੀਜ਼ਲ ਦੀ ਕਾਲਾਬਾਜ਼ਾਰੀ, ਜਮ੍ਹਾਂਖੋਰੀ ਅਤੇ ਦੁਰਵਰਤੋਂ ਨੂੰ ਰੋਕਣਾ ਸੀ।

ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਜਨਤਕ ਹਿਤ ਵਿੱਚ ਹੁਣ ਅਸਥਾਈ ਰੈਗੂਲੇਟਰੀ ਉਪਾਵਾਂ ਦੀ ਲੋੜ ਨਹੀਂ ਹੈ। ਇਸ ਅਨੁਸਾਰ ਮਿਤੀ 12 ਜੂਨ, 2026 ਦਾ ਆਦੇਸ਼ 1 ਜੁਲਾਈ, 2026 ਤੋਂ ਵਾਪਸ ਲਿਆ ਜਾਂਦਾ ਹੈ।

ਇਹਨਾਂ ਅਸਥਾਈ ਉਪਾਵਾਂ ਨਾਲ ਪਰਚੂਨ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਪੂਰੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਮਦਦ ਮਿਲੀ। ਇਹਨਾਂ ਉਪਾਵਾਂ ਨੂੰ ਵਾਪਸ ਲੈਣ ਨਾਲ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਅਤੇ ਆਮ ਸਪਲਾਈ ਵਿਵਸਥਾ ਦੀ ਬਹਾਲੀ ਦਾ ਸੰਕੇਤ ਮਿਲਦਾ ਹੈ।

******

ਟੀਐਮ


(Release ID: 2279606) ਵਿਜ਼ੀਟਰ ਕਾਊਂਟਰ : 52