ਰੇਲ ਮੰਤਰਾਲਾ
azadi ka amrit mahotsav

ਰੇਲਵੇ ਬੋਰਡ ਨੇ ਅੱਜ ਵੈਗਨ ਡਿਜ਼ਾਈਨ ਨੀਤੀ ਵਿੱਚ ਵੱਡੇ ਸੁਧਾਰ ਲਾਗੂ ਕਰਨ ਦਾ ਫ਼ੈਸਲਾ ਕੀਤਾ


ਰੇਲ ਮੰਤਰੀ ਨੇ ਅਗਲੇ 15 ਦਿਨਾਂ ਦੇ ਅੰਦਰ ਨਵੀਂ ਵੈਗਨ ਡਿਜ਼ਾਈਨ ਨੀਤੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ

ਕੇਂਦਰੀ ਰੇਲ ਮੰਤਰੀ ਨੇ ਵੈਗਨ ਡਿਜ਼ਾਈਨ ਨੀਤੀ ਦੀ ਸ਼ੁਰੂਆਤ ਤੋਂ ਪਹਿਲਾਂ ਸੁਧਾਰ ਨੀਤੀ ਦੀ ਸਮੀਖਿਆ ਕੀਤੀ

ਨਵੀਂ ਨੀਤੀ ਦੇ ਤਹਿਤ ਉਦਯੋਗਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਵੈਗਨ ਡਿਜ਼ਾਈਨ ਕਰਨ ਦੀ ਸਹੂਲਤ ਮਿਲੇਗੀ

ਡਿਜ਼ਾਈਨ ਪ੍ਰਵਾਨਗੀ ਅਤੇ ਪ੍ਰੋਟੋਟਾਈਪ ਨਿਰਮਾਣ ਲਈ ਸਖ਼ਤ ਨਿਯਮ ਭਾਰਤ ਵਿੱਚ ਸਭ ਤੋਂ ਵਧੀਆ ਗੁਣਵੱਤਾ ਵਾਲੇ ਵੈਗਨਾਂ ਨੂੰ ਯਕੀਨੀ ਬਣਾਉਣਗੇ: ਕੇਂਦਰੀ ਰੇਲ ਮੰਤਰੀ

प्रविष्टि तिथि: 25 JUN 2026 4:03PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਵਿੱਚ ਮਾਲ ਦੀ ਢੋਆ-ਢੁਆਈ ਦਾ ਵੱਧ ਤੋਂ ਵੱਧ ਹਿੱਸਾ ਰੇਲ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਆਵਾਜਾਈ ਦਾ ਇੱਕ ਵਧੇਰੇ ਹਰਿਆਵਲ (ਗ੍ਰੀਨ) ਅਤੇ ਊਰਜਾ ਸਮਰੱਥ ਸਾਧਨ ਹੈ। ਭਾਰਤੀ ਰੇਲਵੇ ਦੇ ਲਗਭਗ 100 ਪ੍ਰਤੀਸ਼ਤ ਬਿਜਲੀਕਰਨ ਦੇ ਨੇੜੇ ਪਹੁੰਚਣ ਦੇ ਨਾਲ, ਰੇਲ-ਅਧਾਰਿਤ ਢੋਆ-ਢੁਆਈ ਵਿੱਚ ਵਾਧੇ ਨੇ ਦੇਸ਼ ਦੇ ਆਯਾਤ ਕੀਤੇ ਡੀਜ਼ਲ ’ਤੇ ਨਿਰਭਰਤਾ ਨੂੰ ਘਟਾਇਆ ਹੈ ਅਤੇ ਵਾਤਾਵਰਨ ਦੀ ਸਥਿਰਤਾ ਨੂੰ ਵੀ ਉਤਸ਼ਾਹਿਤ ਕੀਤਾ ਹੈ।

ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ, ਜਿਸ ਵਿੱਚ ਭਾਰਤੀ ਰੇਲਵੇ ਨੂੰ ਵੱਖ-ਵੱਖ ਕਿਸਮਾਂ ਦੀਆਂ ਵਸਤੂਆਂ ਲਈ ਮਾਲ ਢੋਆ-ਢੁਆਈ ਦਾ ਪਸੰਦੀਦਾ ਮਾਧਿਅਮ ਬਣਾਉਣ ਲਈ ਸੁਧਾਰਾਂ ’ਤੇ ਚਰਚਾ ਕੀਤੀ ਗਈ। ਇਸ ਬੈਠਕ ਦੌਰਾਨ ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਸ਼੍ਰੀ ਰਵਨੀਤ ਸਿੰਘ ਬਿੱਟੂ, ਖੋਜ ਡਿਜ਼ਾਈਨ ਅਤੇ ਮਿਆਰ ਸੰਗਠਨ (ਆਰਡੀਐੱਸਓ) ਦੇ ਡਾਇਰੈਕਟਰ ਜਨਰਲ, ਰੇਲਵੇ ਬੋਰਡ ਦੇ ਮੈਂਬਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਦਿਸ਼ਾ ਵਿੱਚ ਭਾਰਤੀ ਰੇਲਵੇ ਵੱਖ-ਵੱਖ ਉਦਯੋਗਾਂ, ਵਪਾਰਕ ਸੰਗਠਨਾਂ ਅਤੇ ਪ੍ਰਮੁੱਖ ਮਾਲ ਢੋਆ-ਢੁਆਈ ਗਾਹਕਾਂ ਨਾਲ ਵਿਆਪਕ ਸਲਾਹ-ਮਸ਼ਵਰਾ ਕਰ ਰਹੀ ਹੈ, ਜੋ ਕਈ ਅਜਿਹੀਆਂ ਵਸਤੂਆਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚ ਰੇਲ ਆਵਾਜਾਈ ਦੀਆਂ ਵਿਆਪਕ ਸੰਭਾਵਨਾਵਾਂ ਹਨ। ਇਹਨਾਂ ਚਰਚਾਵਾਂ ਦੌਰਾਨ ਉਦਯੋਗ ਦੇ ਨੁਮਾਇੰਦਿਆਂ ਨੇ ਸੁਝਾਅ ਦਿੱਤਾ ਕਿ ਜੇਕਰ ਵੈਗਨਾਂ ਦੇ ਡਿਜ਼ਾਈਨ ਨੂੰ ਵੱਖ-ਵੱਖ ਵਸਤੂਆਂ ਦੀ ਖਾਸ ਹੈਂਡਲਿੰਗ, ਲੋਡਿੰਗ, ਅਨਲੋਡਿੰਗ ਅਤੇ ਆਵਾਜਾਈ ਦੀਆਂ ਲੋੜਾਂ ਮੁਤਾਬਕ ਬਣਾਇਆ ਜਾਵੇ, ਤਾਂ ਰੇਲ ਆਵਾਜਾਈ ਨੂੰ ਹੋਰ ਵਿਆਪਕ ਰੂਪ ਵਿੱਚ ਅਪਣਾਇਆ ਜਾ ਸਕਦਾ ਹੈ।

ਬੈਠਕ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੀਮਿੰਟ ਅਤੇ ਨਮਕ ਵਰਗੀਆਂ ਵਸਤੂਆਂ ਲਈ ਹਾਲ ਹੀ ਵਿੱਚ ਵਿਕਸਤ ਕੀਤੇ ਗਏ ਵਿਸ਼ੇਸ਼ ਵੈਗਨਾਂ ਦੀ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਦਯੋਗਾਂ ਦੀਆਂ ਸੰਚਾਲਨ ਲੋੜਾਂ ਅਨੁਸਾਰ ਵੈਗਨਾਂ ਦਾ ਡਿਜ਼ਾਈਨ ਬਹੁਤ ਮਹੱਤਵਪੂਰਨ ਹੈ। ਵਸਤੂ-ਵਿਸ਼ੇਸ਼ ਵੈਗਨਾਂ ਨੇ ਲੋਡਿੰਗ, ਅਨਲੋਡਿੰਗ ਅਤੇ ਆਵਾਜਾਈ ਦੀਆਂ ਪ੍ਰਕਿਰਿਆਵਾਂ ਨੂੰ ਵਧੇਰੇ ਕੁਸ਼ਲ ਬਣਾਇਆ ਹੈ, ਜਿਸ ਨਾਲ ਰੇਲ ਲੌਜਿਸਟਿਕਸ ਦੀ ਖਿੱਚ ਵਧੀ ਹੈ।

ਇਸੇ ਸਬੰਧ ਵਿੱਚ ਭਾਰਤੀ ਰੇਲਵੇ ਨੇ ਮੌਜੂਦਾ ਵੈਗਨ ਡਿਜ਼ਾਈਨ ਨੀਤੀ ਵਿੱਚ ਵਿਆਪਕ ਸੁਧਾਰ ਕਰਨ ਦਾ ਫ਼ੈਸਲਾ ਕੀਤਾ ਹੈ। ਵੱਖ-ਵੱਖ ਵਸਤੂਆਂ ਦੀਆਂ ਲੋੜਾਂ ਅਨੁਸਾਰ ਵਿਸ਼ੇਸ਼ ਵੈਗਨਾਂ ਦੇ ਵਿਕਾਸ ਲਈ ਇੱਕ ਉਦਯੋਗ-ਅਨੁਕੂਲ ਢਾਂਚਾ ਪ੍ਰਦਾਨ ਕਰਨ ਵਾਸਤੇ ਅਗਲੇ ਪੰਦਰਵਾੜੇ (15 ਦਿਨਾਂ) ਦੇ ਅੰਦਰ ਨਵੀਂ ਵੈਗਨ ਡਿਜ਼ਾਈਨ ਨੀਤੀ ਤਿਆਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਰੇਲਵੇ ਬੋਰਡ ਨੇ ਅੱਜ ਵੈਗਨ ਡਿਜ਼ਾਈਨ ਨੀਤੀ ਵਿੱਚ ਵਿਆਪਕ ਸੁਧਾਰ ਕਰਨ ਦਾ ਫ਼ੈਸਲਾ ਕੀਤਾ। ਪ੍ਰਸਤਾਵਿਤ ਨੀਤੀ ਦੇ ਤਹਿਤ ਉਦਯੋਗ ਆਪਣੀਆਂ ਲੋੜਾਂ ਅਨੁਸਾਰ ਵੈਗਨਾਂ ਦਾ ਡਿਜ਼ਾਈਨ ਤਿਆਰ ਕਰ ਸਕਣਗੇ। ਉਦਾਹਰਣ ਦੇ ਲਈ, ਸਟੀਲ ਕੋਇਲਾਂ ਦੀ ਢੋਆ-ਢੁਆਈ ਲਈ ਵਿਸ਼ੇਸ਼ ਬਾਈਂਡਿੰਗ ਪ੍ਰਬੰਧ ਅਤੇ ਸਮਰਪਿਤ ਲੋਡਿੰਗ-ਅਨਲੋਡਿੰਗ ਪ੍ਰਣਾਲੀਆਂ ਦੀ ਲੋੜ ਹੁੰਦੀ ਹੈ, ਜਦੋਂ ਕਿ ਕਈ ਹੋਰ ਵਸਤੂਆਂ ਦੀਆਂ ਵੀ ਆਪਣੀਆਂ ਵਿਸ਼ੇਸ਼ ਕਾਰਜਸ਼ੀਲ ਲੋੜਾਂ ਹੁੰਦੀਆਂ ਹਨ। ਨਵੀਂ ਵਿਵਸਥਾ ਦੇ ਤਹਿਤ ਉਦਯੋਗਾਂ ਨੂੰ ਆਪਣੀਆਂ ਲੋੜਾਂ ਮੁਤਾਬਕ ਵੈਗਨਾਂ ਦੇ ਡਿਜ਼ਾਈਨ ਵਿੱਚ ਤਬਦੀਲੀ ਕਰਨ ਦੀ ਸਹੂਲਤ ਮਿਲੇਗੀ। ਵੈਗਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਆਰਡੀਐੱਸਓ (ਆਰਡੀਐੱਸਓ) ਅਤੇ ਸੀਸੀਆਰਐੱਸ ਦੀ ਰਹੇਗੀ। ਇਹਨਾਂ ਸੁਧਾਰਾਂ ਨਾਲ ਭਾਰਤੀ ਰੇਲਵੇ ਨਾਲ ਕਈ ਨਵੇਂ ਉਦਯੋਗਾਂ ਦੇ ਜੁੜਨ ਦੀ ਸੰਭਾਵਨਾ ਬਣੇਗੀ।

ਇਹ ਸੁਧਾਰ ਰੇਲਵੇ ਮਾਲ ਢੋਆ-ਢੁਆਈ ਪ੍ਰਣਾਲੀ ਵਿੱਚ ਅਤੇ ਵੈਗਨ ਵਿਕਾਸ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ। ਵਸਤੂ-ਵਿਸ਼ੇਸ਼ ਆਵਾਜਾਈ ਹੱਲ  ਪ੍ਰਦਾਨ ਕਰਕੇ, ਭਾਰਤੀ ਰੇਲਵੇ ਮਾਲ ਢੋਆ-ਢੁਆਈ ਦੇ ਨਵੇਂ ਸਰੋਤਾਂ ਨੂੰ ਆਕਰਸ਼ਿਤ ਕਰਨ, ਗਾਹਕਾਂ ਦੀ ਸਹੂਲਤ ਵਧਾਉਣ ਅਤੇ ਰਾਸ਼ਟਰੀ ਲੌਜਿਸਟਿਕਸ ਖੇਤਰ ਵਿੱਚ ਰੇਲਵੇ ਦੀ ਹਿੱਸੇਦਾਰੀ ਨੂੰ ਕਾਫ਼ੀ ਹੱਦ ਤੱਕ ਵਧਾਉਣ ਦਾ ਟੀਚਾ ਰੱਖਦੀ ਹੈ।

ਉਦਯੋਗਾਂ ਨੂੰ ਸੜਕ ਤੋਂ ਰੇਲ ਵੱਲ ਵੱਧ ਮਾਤਰਾ ਵਿੱਚ ਮਾਲ ਦੀ ਢੋਆ-ਢੁਆਈ ਤਬਦੀਲ ਕਰਨ ਦੇ ਸਮਰੱਥ ਬਣਾ ਕੇ, ਨਵੀਂ ਵੈਗਨ ਡਿਜ਼ਾਈਨ ਨੀਤੀ ‘ਗ੍ਰੀਨ ਰੇਲਵੇ’ ਅਤੇ ‘ਗ੍ਰੀਨ ਲੌਜਿਸਟਿਕਸ’ ਦੇ ਸੰਕਲਪ ਨੂੰ ਅੱਗੇ ਵਧਾਏਗੀ। ਰੇਲ ਆਵਾਜਾਈ ਸੜਕੀ ਆਵਾਜਾਈ ਦੇ ਮੁਕਾਬਲੇ ਲਗਭਗ 90 ਪ੍ਰਤੀਸ਼ਤ ਵਧੇਰੇ ਵਾਤਾਵਰਨ-ਅਨੁਕੂਲ ਹੈ ਅਤੇ ਭਾਰਤੀ ਰੇਲਵੇ ਦੇ ਲਗਭਗ ਮੁਕੰਮਲ ਬਿਜਲੀਕਰਨ ਦੇ ਨਾਲ ਰੇਲ-ਅਧਾਰਿਤ ਮਾਲ ਭਾੜੇ ਵਿੱਚ ਵਾਧੇ ਨਾਲ ਆਯਾਤ ਕੀਤੇ ਡੀਜ਼ਲ ’ਤੇ ਨਿਰਭਰਤਾ ਘਟੇਗੀ, ਲੌਜਿਸਟਿਕਸ ਲਾਗਤ ਘੱਟ ਹੋਵੇਗੀ, ਕਾਰਬਨ ਨਿਕਾਸ ਵਿੱਚ ਕਮੀ ਆਵੇਗੀ ਅਤੇ ਜ਼ਰੂਰੀ ਵਸਤੂਆਂ ਆਮ ਨਾਗਰਿਕਾਂ ਲਈ ਵਧੇਰੇ ਕਿਫਾਇਤੀ ਬਣ ਸਕਣਗੀਆਂ।

ਪ੍ਰਸਤਾਵਿਤ ਵੈਗਨ ਡਿਜ਼ਾਈਨ ਨੀਤੀ ਭਾਰਤੀ ਰੇਲਵੇ ਵੱਲੋਂ ਇੱਕ ਆਧੁਨਿਕ, ਗਾਹਕ-ਕੇਂਦ੍ਰਿਤ ਅਤੇ ਨਵੀਨਤਾ- ਅਧਾਰਤ ਮਾਲ ਢੋਆ-ਢੁਆਈ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਸੁਧਾਰ ਹੈ। ਇਹ ਆਰਥਿਕ ਵਿਕਾਸ ਨੂੰ ਗਤੀ ਦੇਣ, ਵਾਤਾਵਰਨ ਦੀ ਸਥਿਰਤਾ ਨੂੰ ਮਜ਼ਬੂਤ ਕਰਨ ਅਤੇ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ


(रिलीज़ आईडी: 2278874) आगंतुक पटल : 13
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Tamil , Kannada , Malayalam