ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਬੇਟੀ ਬਚਾਓ ਬੇਟੀ ਪੜ੍ਹਾਓ: ਜਨਮ ਦੇ ਸਮੇਂ ਮਾਣ ਅਤੇ ਮੁਢਲੇ ਬਚਪਨ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨਾ
ਬੀ.ਬੀ.ਬੀ.ਪੀ.ਇੱਕ ਦੇਸ਼-ਵਿਆਪੀ ਅੰਦੋਲਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜੋ ਵਿਵਹਾਰਕ ਤਬਦੀਲੀ ਅਤੇ ਬਾਲੜੀ ਸ਼ਸਕਤੀਕਰਨ ਨੂੰ ਉਤਸ਼ਾਹਿਤ ਕਰਦਾ ਹੈ
Posted On:
13 JUN 2026 11:10AM by PIB Chandigarh
ਜਨਮ ਦੇ ਸਮੇਂ ਦੀ ਦੇਖਭਾਲ ਬੱਚੇ ਦੇ ਜੀਵਨ ਅਤੇ ਮਾਂ ਦੀ ਸਿਹਤ ਦੀ ਨੀਂਹ ਰੱਖਦੀ ਹੈ। ਭਾਰਤ ਨੇ ਸਾਲਾਂ ਤੋਂ ਸਿਹਤ ਸੇਵਾਵਾਂ, ਪੋਸ਼ਣ ਸੰਬੰਧੀ ਸਹਾਇਤਾ ਅਤੇ ਸੰਸਥਾਗਤ ਜਣੇਪਾ ਪ੍ਰਣਾਲੀਆਂ ਦੇ ਸੁਮੇਲ ਰਾਹੀਂ ਮਾਂ ਅਤੇ ਬੱਚੇ ਦੀ ਦੇਖਭਾਲ ਨੂੰ ਮਜ਼ਬੂਤ ਕੀਤਾ ਹੈ।
ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ, ਬੇਟੀ ਬਚਾਓ ਬੇਟੀ ਪੜ੍ਹਾਓ (ਬੀ.ਬੀ.ਬੀ.ਪੀ.), ਦੇਸ਼ ਭਰ ਵਿੱਚ ਧੀਆਂ ਦੇ ਜੀਵਨ ਦੀ ਰੱਖਿਆ, ਸੁਰੱਖਿਆ ਅਤੇ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। 22 ਜਨਵਰੀ, 2015 ਨੂੰ ਸ਼ੁਰੂ ਕੀਤੀ ਗਈ ਬੀ.ਬੀ.ਬੀ.ਪੀ. ਯੋਜਨਾ, ਘਟਦੇ ਬਾਲ ਲਿੰਗ ਅਨੁਪਾਤ ਅਤੇ ਵਿਆਪਕ ਲਿੰਗ-ਆਧਾਰਿਤ ਵਿਤਕਰੇ ਦੇ ਜਵਾਬ ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਯੋਜਨਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (ਐੱਮ ਡਬਲਿਊ ਸੀ ਡੀ ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮ ਓ ਐੱਚ ਡਬਲਿਊ) ਅਤੇ ਸਿੱਖਿਆ ਮੰਤਰਾਲੇ (ਐੱਮ ਓ ਈ ) ਦੀ ਇੱਕ ਸਾਂਝੀ ਪਹਿਲਕਦਮੀ ਹੈ।
ਪਿਛਲੇ ਗਿਆਰਾਂ ਸਾਲਾਂ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ (ਬੀ.ਬੀ.ਬੀ.ਪੀ.) ਇੱਕ ਮਿਥੀ ਹੋਈ ਨੀਤੀਗਤ ਪਹਿਲਕਦਮੀ ਤੋਂ ਅੱਗੇ ਵਧ ਕੇ ਇੱਕ ਦੇਸ਼-ਵਿਆਪੀ ਜਨ-ਅੰਦੋਲਨ ਬਣ ਗਿਆ ਹੈ, ਜਿਸ ਨੇ ਸਰਕਾਰ, ਮੀਡੀਆ, ਸਿਵਲ ਸੁਸਾਇਟੀ ਅਤੇ ਭਾਈਚਾਰਿਆਂ ਸਮੇਤ ਵੱਖ- ਵੱਖ ਹਿੱਸੇਦਾਰਾਂ ਨੂੰ ਸਰਗਰਮ ਰੂਪ ਵਿੱਚ ਜੋੜਨ ਦਾ ਕੰਮ ਕੀਤਾ ਹੈ। ਇਹ ਪਹਿਲਕਦਮੀ ਧੀ ਦੇ ਜਨਮ ਦੇ ਸਮੇਂ ਉਸਦੇ ਮਾਣ, ਉਸਦੀ ਸੁਰੱਖਿਆ ਅਤੇ ਮੁਢਲੀ ਬਚਪਨ ਦੀ ਦੇਖਭਾਲ ਤੇ ਸਿੱਖਿਆ ਤੱਕ ਉਸਦੀ ਪਹੁੰਚ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਉਸਦੇ ਸਮੁੱਚੇ ਵਿਕਾਸ ਲਈ ਇੱਕ ਸਾਜ਼ਗਾਰ ਮਾਹੌਲ ਸਿਰਜਣ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਯੋਜਨਾ ਨੇ ਪ੍ਰਮੁੱਖ ਲਿੰਗ ਸੂਚਕਾਂ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚ ਐੱਮ ਆਈ ਐੱਸ ) ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਪੱਧਰ ’ਤੇ ਜਨਮ ਦੇ ਸਮੇਂ ਲਿੰਗ ਅਨੁਪਾਤ (ਐੱਸ ਆਰ ਬੀ ) 2014-15 ਵਿੱਚ 918 ਤੋਂ ਵਧ ਕੇ 2024-25 ਵਿੱਚ 929 ਹੋ ਗਿਆ ਹੈ। ਇਹ ਲਿੰਗ-ਵਿਤਕਰੇ ਵਾਲੇ ਲਿੰਗ ਨਿਰਧਾਰਨ (ਭਰੂਣ ਟੈਸਟ) ਨੂੰ ਰੋਕਣ ਅਤੇ ਸੰਸਥਾਗਤ ਜਣੇਪੇ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਕੀਤੇ ਗਏ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।
ਸਿੱਖਿਆ ਦੇ ਖੇਤਰ ਵਿੱਚ, ਧੀਆਂ ਦੀ ਸਕੂਲੀ ਸਿੱਖਿਆ ਤੱਕ ਪਹੁੰਚ ਵਧਾਉਣ ਵਿੱਚ ਸ਼ਲਾਘਾਯੋਗ ਪ੍ਰਗਤੀ ਹੋਈ ਹੈ। ਸਿੱਖਿਆ ਮੰਤਰਾਲੇ ਦੇ ਯੂਨੀਫਾਈਡ ਡਿਸਟ੍ਰਿਕਟ ਇਨਫਾਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ (ਯੂ ਡੀ ਆਈ ਐੱਸ ਈ ) ਦੇ ਅੰਕੜਿਆਂ ਅਨੁਸਾਰ, ਸੈਕੰਡਰੀ ਪੱਧਰ ’ਤੇ ਧੀਆਂ ਦਾ ਦਾਖ਼ਲਾ 2014-15 ਵਿੱਚ 75.51% ਤੋਂ ਵਧ ਕੇ 2024-25 ਵਿੱਚ 80.2% ਹੋ ਗਿਆ ਹੈ, ਜੋ ਬਿਹਤਰ ਦਾਖਲਾ ਦਰ ਅਤੇ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਦੀ ਦਰ ਨੂੰ ਦਰਸਾਉਂਦਾ ਹੈ।
ਬੀ.ਬੀ.ਬੀ.ਪੀ. ਯੋਜਨਾ ਸੁਰੱਖਿਅਤ ਅਤੇ ਮਾਣਮੱਤੇ ਜਨਮ ਤੋਂ ਸ਼ੁਰੂ ਹੋ ਕੇ, ਮੁਢਲੇ ਬਚਪਨ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਅਤੇ ਧੀਆਂ ਦੀ ਸਿੱਖਿਆ ਤੇ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਤੱਕ, ਜੀਵਨ-ਚੱਕਰ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦੀ ਹੈ। ਇਹ ਯੋਜਨਾ ਨਿਰੰਤਰ ਸਮਰਥਨ, ਭਾਈਚਾਰਕ ਸਾਂਝ ਅਤੇ ਮੰਤਰਾਲਿਆਂ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਆਪਸੀ ਤਾਲਮੇਲ ਦੇ ਮਾਧਿਅਮ ਰਾਹੀਂ ਵਿਵਹਾਰਕ ਤਬਦੀਲੀ ਨੂੰ ਮਜ਼ਬੂਤ ਕਰਦੀ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਬੀ.ਬੀ.ਬੀ.ਪੀ. ਢਾਂਚੇ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਭਾਰਤ ਵਿੱਚ ਹਰੇਕ ਧੀ ਨੂੰ ਸੁਰੱਖਿਅਤ, ਸਿੱਖਿਅਤ ਅਤੇ ਸ਼ਕਤੀਸ਼ਾਲੀ ਬਣਾਇਆ ਜਾਵੇ, ਜਿਸ ਨਾਲ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਇਆ ਜਾ ਸਕੇ।
*****
ਐੱਸਐੱਸ/ ਵੀਐੱਨ
(Release ID: 2273862)
ਵਿਜ਼ੀਟਰ ਕਾਊਂਟਰ : 42
Read this release in:
English
,
Urdu
,
हिन्दी
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada