ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਸੈਪਲਿੰਗ ਡਾਇਲੌਗ 2026 ਦੀ ਸਮਾਪਤੀ ਫੂਡ ਪ੍ਰੋਸੈੱਸਿੰਗ ਸੈਕਟਰ ਦੇ ਸਰਵਪੱਖੀ ਵਿਕਾਸ ਲਈ ਠੋਸ ਐਕਸ਼ਨ ਪਲਾਨ ਦੇ ਸੱਦੇ ਨਾਲ ਹੋਈ
प्रविष्टि तिथि:
10 JUN 2026 7:50PM by PIB Chandigarh
ਭਾਰਤ ਸਰਕਾਰ ਦੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ (MoFPI) ਅਤੇ ਵਿਸ਼ਵ ਬੈਂਕ ਸਮੂਹ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਦੋ ਦਿਨਾਂ ਖੇਤਰੀ ਉੱਚ-ਪੱਧਰੀ ਨੀਤੀ ਸੰਵਾਦ ‘ਸੈਪਲਿੰਗ (SAPLING-South Asian Policy Leadership for Improved Nutrition and Growth) ਡਾਇਲੌਗ 2026” ਦੀ ਸਫਲਤਾਪੂਰਵਕ ਸਮਾਪਤੀ 10 ਜੂਨ, 2026 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ।
“ਵੈਲਿਊ ਅਣਲੌਕ ਕਰਨਾ :ਦੱਖਣੀ ਏਸ਼ੀਆ ਵਿੱਚ ਰੁਜ਼ਗਾਰ ਸਿਰਜਣਾ ਅਤੇ ਟਿਕਾਊ ਵਿਕਾਸ ਲਈ ਫੂਡ ਪ੍ਰੋਸੈੱਸਿੰਗ ਨੂੰ ਅੱਗੇ ਵਧਾਉਣਾ” ਵਿਸ਼ੇ ‘ਤੇ ਆਯੋਜਿਤ ਇਸ ਡਾਇਲੌਗ ਵਿੱਚ ਲਗਭਗ 200 ਭਾਗੀਦਾਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਨੀਤੀ-ਨਿਰਮਾਤਾ, ਉਦਯੋਗ ਜਗਤ ਦੇ ਦਿੱਗਜ, ਅੰਤਰਰਾਸ਼ਟਰੀ ਸੰਗਠਨ, ਵਿਕਾਸ ਭਾਗੀਦਾਰ, ਖੋਜਕਰਤਾ, ਸਟਾਰਟਅੱਪ, ਵਿੱਤੀ ਸੰਸਥਾਨ ਅਤੇ ਦੱਖਣੀ ਏਸ਼ਿਆਈ ਦੇਸ਼ਾਂ ਦੇ ਵਫਦ ਸ਼ਾਮਲ ਸਨ, ਜਿਨ੍ਹਾਂ ਨੇ ਇਸ ਖੇਤਰ ਵਿੱਚ ਮਜ਼ਬੂਤ, ਸਮਾਵੇਸ਼ੀ ਅਤੇ ਟਿਕਾਊ ਭੋਜਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇੱਕ ਗਲੋਬਲ ਫੂਡ ਪ੍ਰੋਸੈੱਸਿੰਗ ਕੇਂਦਰ ਵਜੋਂ ਭਾਰਤ ਦੀ ਵਧਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਦੱਖਣੀ ਏਸ਼ੀਆ ਦੀ ਖੁਰਾਕ ਅਰਥਵਿਵਸਥਾ ਨੂੰ ਬਦਲਣ ਵਿੱਚ ਵੈਲਿਊ ਐਡੀਸ਼ਨ, ਤਕਨੀਕ ਅਪਣਾਉਣ ਅਤੇ ਖੇਤਰੀ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸਕੱਤਰ ਸ਼੍ਰੀ ਅਵਿਨਾਸ਼ ਜੋਸ਼ੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫੂਡ ਪ੍ਰੋਸੈੱਸਿੰਗ ਸਿਰਫ਼ ਇੱਕ ਆਰਥਿਕ ਮੌਕਾ ਨਹੀਂ ਹੈ, ਸਗੋਂ ਦੱਖਣੀ ਏਸ਼ੀਆ ਲਈ ਇੱਕ ਰਾਸ਼ਟਰੀ ਅਤੇ ਖੇਤਰੀ ਲੋੜ ਵੀ ਹੈ। ਆਪਣੀਆਂ ਮੁੱਖ ਯੋਜਨਾਵਾਂ ਅਤੇ ਲੰਬੇ ਸਮੇਂ ਦੀ ਵਿਕਾਸ ਕਲਪਨਾ ਰਾਹੀਂ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਖੇਤਰੀ ਫੂਡ ਪ੍ਰੋਸੈੱਸਿੰਗ ਤਬਦੀਲੀ ਨੂੰ ਅੱਗੇ ਵਧਾਉਣ ਵਿੱਚ ਇੱਕ ਉੱਤਪ੍ਰੇਰਕ ਅਤੇ ਵਚਨਬੱਧ ਭਾਗੀਦਾਰ ਦੇ ਰੂਪ ਵਿੱਚ ਕੰਮ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫੂਡ-ਪ੍ਰੋਸੈੱਸਿੰਗ ਅਧਾਰਿਤ ਵਿਕਾਸ ਦਾ ਧਿਆਨ ਰੁਜ਼ਗਾਰ ਸਿਰਜਣ, ਐੱਮਐੱਸਐੱਮਈ, ਮਹਿਲਾ ਉੱਦਮੀਆਂ ਅਤੇ ਕਿਸਾਨਾਂ ਦੀ ਭਲਾਈ ‘ਤੇ ਹੋਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਕਾਸ ਦਾ ਲਾਭ ਪੇਂਡੂ ਭਾਈਚਾਰਿਆਂ ਅਤੇ ਛੋਟੇ ਕਾਰੋਬਾਰਾਂ ਤੱਕ ਪਹੁੰਚੇ।
ਸ਼੍ਰੀ ਜੋਸ਼ੀ ਨੇ ਮਿਲ ਕੇ ਕੰਮ ਕਰਨ ਦੇ ਮਹੱਤਵ ‘ਤੈ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰਾਂ, ਇੰਡਸਟ੍ਰੀ ਅਤੇ ਵਿਕਾਸ ਸੰਸਥਾਵਾਂ ਨੂੰ ਵਿਚਾਰਾਂ ਨੂੰ ਅਸਰਦਾਰ ਕੰਮਾਂ ਵਿੱਚ ਬਦਲਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੈਪਲਿੰਗ ਡਾਇਲੌਗ ਨੇ ਦੱਖਣੀ ਏਸ਼ੀਆ ਵਿੱਚ ਮਜ਼ਬੂਤ ਅਤੇ ਟਿਕਾਊ ਭੋਜਨ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਵਿੱਚ ਕਈ ਧਿਰਾਂ ਦੀ ਭਾਈਵਾਲੀ ਵਾਲੀ ਪਾਰਟਨਰਚਸ਼ਿਪ ਦੀ ਤਾਕਤ ਨੂੰ ਦਰਸਾਇਆ ਹੈ।
ਸ਼੍ਰੀ ਜੋਸ਼ੀ ਨੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਵੱਲੋਂ ਇਸ ਡਾਇਲੌਗ ਦੀ ਰੂਪ-ਰੇਖਾ ਤਿਆਰ ਕਰਨ ਅਤੇ ਇਸ ਨੂੰ ਮਿਲ ਕੇ ਆਯੋਜਿਤ ਕਰਨ ਲਈ ਵਿਸ਼ਵ ਬੈਂਕ ਸਮੂਹ ਅਤੇ ਪੂਰੀ ਸੈਪਲਿੰਗ ਟੀਮ ਦਾ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਦੱਖਣੀ ਏਸ਼ਿਆਈ ਦੇਸ਼ਾਂ ਦੇ ਵਿਸ਼ੇਸ਼ ਵਫਦਾਂ ਨੂੰ ਵੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਧੰਨਵਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਨੇ ਚਰਚਾਵਾਂ ਨੂੰ ਸਮ੍ਰਿੱਧ ਕੀਤਾ ਅਤੇ ਖੇਤਰੀ ਇਕਜੁੱਟਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕੀਤਾ।
ਦੋ ਦਿਨਾਂ ਤੱਕ ਚੱਲੇ ਸੈਪਲਿੰਗ ਡਾਇਲੌਗ 2026 ਦੀ ਸਮਾਪਤੀ ਇੱਕ ਠੋਸ ਐਕਸ਼ਨ ਪਲਾਨ ਅਤੇ ਦੱਖਣੀ ਏਸ਼ੀਆ ਵਿੱਚ ਫੂਡ ਪ੍ਰੋਸੈੱਸਿੰਗ ਖੇਤਰ ਦੇ ਸੰਪੂਰਨ ਵਿਕਾਸ ਲਈ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ (MoFPI) ਅਤੇ ਵਿਸ਼ਵ ਬੈਂਕ ਸਮੂਹ ਦੇ ਦਰਮਿਆਨ ਹੋਰ ਡੂੰਘੇ ਸਹਿਯੋਗ ਦੇ ਮਜ਼ਬੂਤ ਸੱਦੇ ਦੇ ਨਾਲ ਹੋਈ।



*****
ਸੀਐੱਮਸੀ –MoFPI/ਬਲਜੀਤ ਸਿੰਘ
(रिलीज़ आईडी: 2271745)
आगंतुक पटल : 7