ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਕਰਨਾਟਕ ਦੇ ਬੇਲਥਾਂਗਡੀ ਵਿੱਚ ਸਿਰੀ ਮਾਤ੍ਰਸ਼੍ਰੀ ਉਦਯੋਗਿਕ ਪਾਰਕ ਦਾ ਉਦਘਾਟਨ ਕੀਤਾ


“ਸਿਰੀ ਮਹਿਲਾਵਾਂ ਦੀ ਅਗਵਾਈ ਵਾਲੀ ਸਮਾਜਿਕ ਤਬਦੀਲੀ ਅਤੇ ਸਮਾਵੇਸ਼ੀ ਵਿਕਾਸ ਦਾ ਇੱਕ ਆਦਰਸ਼ ਹੈ”: ਉਪ-ਰਾਸ਼ਟਰਪਤੀ

“ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਸਵੈ-ਨਿਰਭਰਤਾ ਅਤੇ ਪੇਂਡੂ ਸਸ਼ਕਤੀਕਰਨ 'ਤੇ ਅਧਾਰਿਤ ਹੋਣੀ ਚਾਹੀਦੀ ਹੈ”: ਉਪ-ਰਾਸ਼ਟਰਪਤੀ

“ਧਰਮਸਥਲ ਸਦੀਆਂ ਤੋਂ ਸਦਭਾਵਨਾ, ਸਹਿ-ਹੋਂਦ ਅਤੇ ਸੇਵਾ ਦਾ ਜੀਵੰਤ ਪ੍ਰਤੀਕ ਰਿਹਾ ਹੈ”: ਉਪ-ਰਾਸ਼ਟਰਪਤੀ

“ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ; ਜ਼ਬਰਦਸਤੀ ਧਰਮ ਪਰਿਵਰਤਨ ਨੂੰ ਵਰਜਣਾ ਚਾਹੀਦਾ ਹੈ”: ਉਪ-ਰਾਸ਼ਟਰਪਤੀ

प्रविष्टि तिथि: 31 MAY 2026 2:06PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਅੱਜ ਧਰਮਸਥਲ ਤੋਂ ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਬੇਲਥਾਂਗਡੀ ਵਿੱਚ ਸਥਿਤ ਸਿਰੀ ਮਾਤ੍ਰਸ਼੍ਰੀ ਉਦਯੋਗਿਕ ਪਾਰਕ ਦਾ ਉਦਘਾਟਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਖ਼ੁਸ਼ਹਾਲ ਪੇਂਡੂ ਭਾਰਤ ਦਾ ਸੁਪਨਾ ਸਹੀ ਅਰਥਾਂ ਵਿੱਚ ਸਿਰੀ ਜਿਹੀਆਂ ਸੰਸਥਾਵਾਂ ਜ਼ਰੀਏ ਹੀ ਸਾਕਾਰ ਹੋ ਸਕਦਾ ਹੈ, ਜਿਨ੍ਹਾਂ ਨੇ ਆਜੀਵਿਕਾ ਸਿਰਜਣ ਅਤੇ ਉੱਦਮਤਾ ਜ਼ਰੀਏ ਹਜ਼ਾਰਾਂ ਮਹਿਲਾਵਾਂ ਅਤੇ ਪੇਂਡੂ ਪਰਿਵਾਰਾਂ ਨੂੰ ਸਸ਼ਕਤ ਬਣਾਇਆ ਹੈ।

ਸ਼੍ਰੀ ਕਸ਼ੇਤ੍ਰ ਧਰਮਸਥਲ ਵੱਲੋਂ ਅਪਣਾਈਆਂ ਕਦਰਾਂ-ਕੀਮਤਾਂ ਬਾਰੇ ਬੋਲਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਭਿਅਤਾ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭਗਤੀ, ਧਰਮ ਤੋਂ ਪਰੇ, ਸਮਾਜਿਕ ਸਦਭਾਵਨਾ ਅਤੇ ਨੈਤਿਕ ਤਾਕਤ ਵਿੱਚ ਯੋਗਦਾਨ ਪਾਉਂਦੀ ਹੈ।

ਧਰਮ ਨਿਰਪੱਖਤਾ ਦੀ ਭਾਵਨਾ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਧਰਮਾਂ ਨਾਲ ਬਰਾਬਰ ਸਤਿਕਾਰ ਅਤੇ ਮਾਣ ਨਾਲ ਪੇਸ਼ ਆਉਣਾ ਚਾਹੀਦਾ ਹੈ, ਜਦੋਂ ਕਿ ਕਿਸੇ ਵੀ ਤਰ੍ਹਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਵਰਜਣਾ ਚਾਹੀਦਾ ਹੈ।

ਉਪ-ਰਾਸ਼ਟਰਪਤੀ ਨੇ ਰਾਜ ਸਭਾ ਸਾਂਸਦ ਅਤੇ ਸਿਰੀ ਦੇ ਪ੍ਰਧਾਨ ਡਾ. ਡੀ. ਵੀਰੇਂਦਰ ਹੇਗੜੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਜੀਵਨ ਨੂੰ "ਸਮਾਜ ਲਈ ਇੱਕ ਸੰਦੇਸ਼" ਦੱਸਿਆ। ਉਨ੍ਹਾਂ ਨੇ ਕਿਹਾ ਕਿ ਲਗਭਗ ਛੇ ਦਹਾਕਿਆਂ ਤੋਂ ਡਾ. ਹੇਗੜੇ ਨੇ ਇਹ ਦਿਖਾਇਆ ਹੈ ਕਿ ਅਧਿਆਤਮਿਕਤਾ ਕਿਸ ਤਰ੍ਹਾਂ ਰਚਨਾਤਮਕ ਸਮਾਜਿਕ ਤਬਦੀਲੀ ਦੀ ਇੱਕ ਮਜ਼ਬੂਤ ਤਾਕਤ ਬਣ ਸਕਦੀ ਹੈ।

ਉਪ-ਰਾਸ਼ਟਰਪਤੀ ਨੇ ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਸ਼੍ਰੀਮਤੀ ਹੇਮਾਵਤੀ ਵੀ. ਹੇਗੜੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮਾਜਿਕ ਕਾਰਜ ਦੀ ਸਫ਼ਲਤਾ ਜੀਵਨ ਸਾਥੀ ਦੇ ਸਹਿਯੋਗ ਅਤੇ ਵਚਨਬੱਧਤਾ ਨਾਲ ਹੀ ਸੰਭਵ ਹੋ ਪਾਉਂਦੀ ਹੈ।

ਇਹ ਕਹਿੰਦੇ ਹੋਏ ਕਿ ਸਿਰੀ ਅੱਜ ਸਿੱਧੇ ਤੌਰ 'ਤੇ 3,000 ਤੋਂ ਵੱਧ ਵਿਅਕਤੀਆਂ ਅਤੇ ਅਸਿੱਧੇ ਤੌਰ 'ਤੇ 10,000 ਤੋਂ ਵੱਧ ਲੋਕਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਛੜੇ ਪਿਛੋਕੜ ਵਾਲੀਆਂ ਮਹਿਲਾਵਾਂ ਹਨ, ਦੀ ਆਜੀਵਿਕਾ ਦਾ ਸਮਰਥਨ ਕਰਦੀ ਹੈ, ਉਪ-ਰਾਸ਼ਟਰਪਤੀ ਨੇ ਇਸਨੂੰ "ਆਪਣੇ ਸੱਚੇ ਅਰਥਾਂ ਵਿੱਚ ਸਮਾਜਿਕ ਤਬਦੀਲੀ" ਦੱਸਿਆ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਸੱਚੇ ਵਿਕਾਸ ਨੂੰ ਮਨੁੱਖੀ ਜੀਵਨ ਨੂੰ ਛੂਹਣਾ ਚਾਹੀਦਾ ਹੈ ਅਤੇ ਸਮਾਜ ਦੇ ਹਰ ਵਰਗ ਵਿੱਚ ਮਾਣ, ਮੌਕੇ ਅਤੇ ਆਤਮ-ਵਿਸ਼ਵਾਸ ਦੀ ਸਿਰਜਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਰੇਕ ਨਾਗਰਿਕ ਲਈ ਸਮਾਵੇਸ਼ੀ ਵਿਕਾਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਵਿਕਸਿਤ ਭਾਰਤ 2047" ਦੇ ਨਜ਼ਰੀਏ ਦਾ ਮੂਲ ਮੰਤਰ ਹੈ।

ਸਿਰੀ ਦੀ ਵਿਕਾਸ ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਹ ਅਦਾਰਾ ਦ੍ਰਿੜ੍ਹਤਾ, ਇਨੋਵੇਸ਼ਨ, ਤਿਆਗ ਅਤੇ ਸਮਰਪਣ ਜ਼ਰੀਏ ਨਿਰਮਿਤ ਹੋਇਆ ਹੈ ਅਤੇ ਗੁਣਵੱਤਾ 'ਤੇ ਕੇਂਦ੍ਰਿਤ ਰਿਹਾ ਹੈ। ਉਨ੍ਹਾਂ ਨੇ ਨਵੇਂ ਉਦਘਾਟਨ ਕੀਤੇ ਗਏ ਸਿਰੀ ਮਾਤ੍ਰਸ਼੍ਰੀ ਉਦਯੋਗਿਕ ਪਾਰਕ ਦੇ ਮਨੁੱਖ-ਕੇਂਦ੍ਰਿਤ ਨਜ਼ਰੀਏ ਦੀ ਖ਼ਾਸ ਤੌਰ 'ਤੇ ਸ਼ਲਾਘਾ ਕੀਤੀ, ਜਿਸ ਵਿੱਚ ਮਹਿਲਾ ਕਰਮਚਾਰੀਆਂ ਲਈ ਹੋਸਟਲ ਸਹੂਲਤਾਂ, ਰਿਹਾਇਸ਼ੀ ਕੁਆਰਟਰ, ਬਾਲ ਦੇਖਭਾਲ ਸਹਾਇਤਾ ਪ੍ਰਣਾਲੀ, ਸਾਫ਼ ਰਸੋਈਆਂ, ਆਵਾਜਾਈ ਸਹੂਲਤਾਂ ਅਤੇ ਭਲਾਈ ਸਹੂਲਤਾਂ ਸ਼ਾਮਲ ਹਨ।

ਸਿਰੀ ਵੱਲੋਂ ਸੰਚਾਲਿਤ ਗਤੀਵਿਧੀਆਂ ਦੀ ਵਿਭਿੰਨਤਾ ਦੀ ਸ਼ਲਾਘਾ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਅਦਾਰੇ ਨੇ ਰਵਾਇਤੀ ਹੁਨਰਾਂ ਨੂੰ ਆਧੁਨਿਕ ਪ੍ਰਬੰਧਨ ਅਭਿਆਸਾਂ ਨਾਲ ਸਫ਼ਲਤਾਪੂਰਵਕ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਦਾਰੇ ਦੇ ਵਿਕਾਸ ਲਈ ਕੁਸ਼ਲ ਅਤੇ ਹਮਦਰਦ ਪ੍ਰਬੰਧਨ ਜ਼ਰੂਰੀ ਹੈ ਅਤੇ ਸਿਰੀ ਵੱਲੋਂ ਪ੍ਰਸ਼ਾਸਨ ਵਿੱਚ ਵਿਗਿਆਨਕ ਪਰ ਮਨੁੱਖੀ ਨਜ਼ਰੀਆ ਅਪਣਾਉਣ 'ਤੇ ਖ਼ੁਸ਼ੀ ਪ੍ਰਗਟ ਕੀਤੀ।

ਸਵੈ-ਨਿਰਭਰਤਾ ਦੇ ਰਾਸ਼ਟਰੀ ਨਜ਼ਰੀਏ ਦਾ ਜ਼ਿਕਰ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ "ਵੋਕਲ ਫਾਰ ਲੋਕਲ" ਅਤੇ "ਆਤਮ-ਨਿਰਭਰ ਭਾਰਤ" ਦੀ ਭਾਵਨਾ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਸਿਰੀ ਨੂੰ ਰਾਸ਼ਟਰੀ ਪੱਧਰ 'ਤੇ ਇੱਕ ਮਿਸਾਲੀ ਮਾਡਲ ਦੱਸਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਅਦਾਰੇ ਨੇ ਇਹ ਦਰਸਾਇਆ ਹੈ ਕਿ ਉਦਯੋਗ ਸਮਾਜਿਕ ਤੌਰ 'ਤੇ ਜ਼ਿੰਮੇਵਾਰ, ਮਹਿਲਾ-ਕੇਂਦ੍ਰਿਤ, ਵਾਤਾਵਰਣ ਪ੍ਰਤੀ ਜਾਗਰੂਕ ਅਤੇ ਬੇਹੱਦ ਮਨੁੱਖੀ ਹੋ ਸਕਦੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਦੇ ਪੇਂਡੂ ਉਦਯੋਗਿਕ ਈਕੋਸਿਸਟਮ ਪੂਰੇ ਦੇਸ਼ ਵਿੱਚ ਵਿਕਸਿਤ ਹੋਣਗੇ।

ਇਸ ਤੋਂ ਪਹਿਲਾਂ ਦਿਨ ਵਿੱਚ, ਉਪ-ਰਾਸ਼ਟਰਪਤੀ ਨੇ ਧਰਮਸਥਲ ਸਥਿਤ ਸ਼੍ਰੀ ਮੰਜੁਨਾਥ ਸਵਾਮੀ ਮੰਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਪ੍ਰਾਰਥਨਾ ਕੀਤੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਅੰਨਪੂਰਣਾ ਪ੍ਰਸਾਦ ਨਿਲਯ ਦਾ ਵੀ ਦੌਰਾ ਕੀਤਾ, ਭਗਤਾਂ ਨਾਲ ਗੱਲਬਾਤ ਕੀਤੀ ਅਤੇ ਦਇਆ, ਬਰਾਬਰਤਾ ਅਤੇ ਭਗਤੀ 'ਤੇ ਅਧਾਰਿਤ ਮੰਦਰ ਦੀ ਭਾਈਚਾਰਕ ਸੇਵਾ ਅਤੇ ਮੁਫ਼ਤ ਸਮੂਹਿਕ ਭੋਜਨ ਦੀ ਅਟੁੱਟ ਰਵਾਇਤ ਦੀ ਸ਼ਲਾਘਾ ਕੀਤੀ।

ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਲੋਤ, ਰਾਜ ਸਭਾ ਸਾਂਸਦ ਅਤੇ ਸਿਰੀ ਦੇ ਪ੍ਰਧਾਨ ਡਾ. ਡੀ. ਵੀਰੇਂਦਰ ਹੇਗੜੇ, ਲੋਕ ਸਭਾ ਸਾਂਸਦ ਸ਼੍ਰੀ ਬ੍ਰਿਜੇਸ਼ ਚੌਟਾ ਅਤੇ ਸਿਰੀ ਦੀ ਸੰਸਥਾਪਕ ਸ਼੍ਰੀਮਤੀ ਹੇਮਾਵਤੀ ਵੀ. ਹੇਗੜੇ ਇਸ ਮੌਕੇ ਮੌਜੂਦ ਸਨ।

*****

ਪੀਆਰ/ਏਐੱਸਐੱਮ/ਵੀਐੱਮਜੇ 


(रिलीज़ आईडी: 2268771) आगंतुक पटल : 14
इस विज्ञप्ति को इन भाषाओं में पढ़ें: English , Urdu , हिन्दी , Tamil , Kannada , Malayalam