ਖੇਤੀਬਾੜੀ ਮੰਤਰਾਲਾ
azadi ka amrit mahotsav

ਅਸਾਮ ਦੇ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਵੇਗੀ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਮਨਰੇਗਾ ਅਧੀਨ ਫੰਡ ਅਲਾਟ ਕੀਤੇ ਗਏ, ਪੀਐੱਮਏਵਾਈ-ਜੀ ਲਈ ਸਪੈਸ਼ਲ ਸਰਵੇਅ ਵਿੰਡੋ ਖੁੱਲ੍ਹੇਗੀ

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ

Posted On: 02 JUN 2026 9:04PM by PIB Chandigarh

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਰਾਜ ਨਾਲ ਸਬੰਧਿਤ ਮਾਮਲਿਆਂ ਬਾਰੇ ਮੀਟਿੰਗ ਕੀਤੀ। ਉੱਚ-ਪੱਧਰੀ ਮੀਟਿੰਗ ਵਿੱਚ ਅਸਾਮ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਵਿਭਾਗ ਦੁਆਰਾ ਲਾਗੂ ਕੀਤੀਆਂ ਗਈਆਂ ਵੱਖ-ਵੱਖ ਕੇਂਦਰੀ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਵਿਆਪਕ ਚਰਚਾ ਕੀਤੀ ਗਈ ।

ਮੀਟਿੰਗ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅਸਾਮ ਦੇ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਲਈ ਫੰਡਾਂ ਅਤੇ ਸਰੋਤਾਂ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (AIF), ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G), ਮਨਰੇਗਾ ਅਤੇ ਹੋਰ ਕੇਂਦਰੀ ਯੋਜਨਾਵਾਂ ਦੇ ਲਾਭਾਂ ਨੂੰ ਵੱਧ ਤੋਂ ਵੱਧ ਦਿਲਵਾਉਣ ਲਈ ਕੇਂਦਰ ਸਰਕਾਰ ਦੇ ਪੂਰੇ ਸਮਰਥਨ ਦਾ ਰਾਜ ਨੂੰ ਭਰੋਸਾ ਦਿੱਤਾ। 

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਏਜੰਡੇ 'ਤੇ ਬੋਲਦੇ ਹੋਏ, ਸਕੱਤਰ ਸ਼੍ਰੀ ਰੋਹਿਤ ਕਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਅਤੇ ਮਨਰੇਗਾ ਪ੍ਰਣਾਲੀਆਂ ਵਿਚਕਾਰ ਤਕਨੀਕੀ ਰੁਕਾਵਟਾਂ ਪੂਰੀ ਤਰ੍ਹਾਂ ਦੂਰ ਹੋ ਗਈਆਂ ਹਨ। ਅਸਾਮ ਸਰਕਾਰ ਦੀ ਮੰਗ ਅਨੁਸਾਰ ਮਨਰੇਗਾ ਅਧੀਨ ਫੰਡ ਅਲਾਟ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਕਸਿਤ ਭਾਰਤ-ਰੁਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ।

 

ਮੀਟਿੰਗ ਵਿੱਚ ਚਾਹ ਬਾਗ਼ ਮਜ਼ਦੂਰਾਂ ਨੂੰ ਜ਼ਮੀਨ ਮਾਲਕੀ ਅਧਿਕਾਰ (ਪੱਟੇ) ‘ਤੇ ਦੇਣ ਦੇ ਅਸਾਮ ਸਰਕਾਰ ਦੇ ਇਤਿਹਾਸਕ ਕਦਮ ਦੀ ਸ਼ਲਾਘਾ ਕੀਤੀ ਗਈ। ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਕੇਂਦਰ ਸਰਕਾਰ ਯੋਗ ਲਾਭਪਾਤਰੀਆਂ ਦੇ ਨਾਮ ਡਿਜੀਟਲੀ ਰਿਕਾਰਡ ਕਰਨ ਲਈ ਇੱਕ ਸਪੈਸ਼ਲ ਸਰਵੇਅ ਵਿੰਡੋ ਖੋਲ੍ਹੇਗੀ ਤਾਂ ਜੋ ਇਨ੍ਹਾਂ ਮਜ਼ਦੂਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਲਾਭ ਪ੍ਰਦਾਨ ਕੀਤੇ ਜਾ ਸਕਣ।

ਇਸ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਮੁੱਖ ਮੰਤਰੀ ਸ਼੍ਰੀ ਸਰਮਾ ਨੂੰ ਅਸਾਮ ਦੇ ਵਿਲੱਖਣ ਜਲਵਾਯੂ ਅਤੇ ਮਿੱਟੀ ਦੀਆਂ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਖੇਤੀਬਾੜੀ ਕਾਰਜ ਯੋਜਨਾ ਦਾ ਇੱਕ ਖਰੜਾ ਪੇਸ਼ ਕੀਤਾ। ਮੀਟਿੰਗ ਦੌਰਾਨ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਨਾਲ ਸਬੰਧਿਤ ਕਈ ਮਹੱਤਵਪੂਰਨ ਫੈਸਲਿਆਂ 'ਤੇ ਸਹਿਮਤੀ ਬਣੀ।

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਸਾਮ ਨੇ ਟੀਚੇ ਤੋਂ ਵੱਧ 9 ਲੱਖ ਤੋਂ ਵੱਧ "ਲਖਪਤੀ ਦੀਦੀਆਂ" ਪੈਦਾ ਕਰਕੇ ਮਹਿਲਾ ਸਸ਼ਕਤੀਕਰਣ ਵਿੱਚ ਮਹੱਤਵਪੂਰਨ ਪ੍ਰਗਤੀ ਪ੍ਰਾਪਤ ਕੀਤੀ ਹੈ। ਇਨ੍ਹਾਂ ਮਹਿਲਾ ਉੱਦਮਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਅਸਾਮ ਖੇਤੀਬਾੜੀ ਯੂਨੀਵਰਸਿਟੀ (AAU) ਦੇ ਇਨਕਿਊਬੇਟਰਾਂ ਦੇ ਸਹਿਯੋਗ ਨਾਲ ਕੰਮ ਤੇਜ਼ ਕੀਤਾ ਜਾਵੇਗਾ।

ਖੇਤੀਬਾੜੀ ਖੇਤਰ ਨੂੰ ਮਜ਼ਬੂਤ ​​ਕਰਨ ਲਈ, ਕੇਂਦਰ ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਣ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (RKVY) ਅਧੀਨ ਅਸਾਮ ਵਿੱਚ ਪ੍ਰਵਾਨਿਤ ਪ੍ਰੋਜੈਕਟਾਂ ਅਤੇ ਫੰਡਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸ਼੍ਰੀ ਆਤਿਸ਼ ਚੰਦਰ ਨੇ ਮੁੱਖ ਮੰਤਰੀ ਨੂੰ ਮਹਿਲਾ ਕਿਸਾਨਾਂ ਨੂੰ ਐਗਰੀਕਲਚਰ ਪਾਵਰ ਵੀਡਰ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਯਤਨਾਂ ਨਾਲ ਜਾਣੂ ਕਰਵਾਇਆ। ਖਾਣ ਵਾਲੇ ਤੇਲਾਂ 'ਤੇ ਰਾਸ਼ਟਰੀ ਮਿਸ਼ਨ - ਅਇਲ ਪਾਮ ( NMEO - OP ) ਦੇ ਵਿਸਥਾਰ 'ਤੇ ਵੀ ਚਰਚਾ ਕੀਤੀ ਗਈ।

ਰਾਜ ਵਿੱਚ ਸੁਰੱਖਿਅਤ ਖੇਤੀ ਨੂੰ ਉਤਸ਼ਾਹਿਤ ਕਰਨ ਲਈ, ਇਸ ਸਾਲ 1,500 ਨਵੇਂ ਬਾਂਸ ਪੌਲੀਹਾਊਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (RKVY) ਦੇ ਤਹਿਤ ਇੱਕ ਕੀਟਨਾਸ਼ਕ ਜਾਂਚ ਪ੍ਰਯੋਗਸ਼ਾਲਾ ਅਤੇ ਇੱਕ ਖਾਣ ਵਾਲੇ ਤੇਲ ਦੀ ਜਾਂਚ ਪ੍ਰਯੋਗਸ਼ਾਲਾ ਲਈ ਇਮਾਰਤਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਸਾਮ ਦੇ ਜੈਵਿਕ ਉਤਪਾਦਾਂ ਦੇ ਅੰਤਰਰਾਸ਼ਟਰੀ ਮਾਰਕੀਟਿੰਗ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ APEDA ਅਤੇ ਰਾਸ਼ਟਰੀ ਜੈਵਿਕ ਸਹਿਕਾਰੀ ਲਿਮਿਟੇਡ ਨਾਲ ਸਾਂਝੇਦਾਰੀ ਸਥਾਪਿਤ ਕੀਤੀ ਜਾ ਰਹੀ ਹੈ, ਜੋ ਕਿਸਾਨਾਂ ਨੂੰ ਵਿਆਪਕ ਸਹਾਇਤਾ ਪ੍ਰਦਾਨ ਕਰਦੀ ਹੈ।

ਮੀਟਿੰਗ ਵਿੱਚ ਅਸਾਮ ਦੀ ਸਮ੍ਰਿੱਧ ਜੈਵ ਵਿਭਿੰਨਤਾ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ, ਇਸ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਡਾ. ਐੱਮ.ਐੱਲ. ਜਾਟ, ਸਕੱਤਰ, ਡੀਏਆਰਈ ਅਤੇ ਡਾਇਰੈਕਟਰ ਜਨਰਲ, ਆਈਸੀਏਆਰ ਨੇ ਦੱਸਿਆ ਕਿ ਅਸਾਮ ਖੇਤੀਬਾੜੀ ਯੂਨੀਵਰਸਿਟੀ ਦੇ ਮੌਜੂਦਾ ਕੇਂਦਰਾਂ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ। ਇਸ ਵਿੱਚ ਮਸਾਲਿਆਂ ਲਈ ਇੱਕ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਗਰਾਮ ਅਤੇ ਪੁਣੇ ਸਥਿਤ ਫਲੋਰੀਕਲਚਰ ਇੰਸਟੀਟਿਊਟ ਦੇ ਸਹਿਯੋਗ ਨਾਲ ਰਾਜ ਦੇ ਫਲਾਵਰ, ਫੌਕਸਟੇਲ ਆਰਚਿਡ ਦੇ ਵਿਕਾਸ ਲਈ ਇੱਕ ਨੈੱਟਵਰਕ ਪ੍ਰੋਗਰਾਮ ਸ਼ਾਮਲ ਹੈ। ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੇ ਕਰਮਚਾਰੀਆਂ ਦੇ ਸੇਵਾਮੁਕਤੀ ਲਾਭਾਂ ਅਤੇ ਪੈਨਸ਼ਨਾਂ ਨਾਲ ਸਬੰਧਿਤ ਲੰਬਿਤ ਮੁੱਦਿਆਂ ਦੇ ਹੱਲ 'ਤੇ ਵੀ ਚਰਚਾ ਕੀਤੀ ਗਈ।

ਭੂਮੀ ਸਰੋਤ ਵਿਭਾਗ ਦੇ ਸਕੱਤਰ ਸ਼੍ਰੀ ਨਰੇਂਦਰ ਭੂਸ਼ਣ ਨੇ ਦੱਸਿਆ ਕਿ ਅਸਾਮ ਵਿੱਚ ਭੂਮੀ ਰਿਕਾਰਡਾਂ ਦੇ ਡਿਜੀਟਾਈਜ਼ੇਸ਼ਨ ਵੱਲ ਸਕਾਰਾਤਮਕ ਪ੍ਰਗਤੀ ਹੋ ਰਹੀ ਹੈ।

ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਨੇ ਰਾਜ ਦੇ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਸਮਰਥਨ ਲਈ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕੀਤਾ।

******

ਆਰਸੀ/ ਐੱਮਐੱਸ/ਪੀਯੂ/ਆਰ /ਏਕੇ


(Release ID: 2268263) ਵਿਜ਼ੀਟਰ ਕਾਊਂਟਰ : 53