ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਰਕਸ਼ਾ ਖੜਸੇ ਨੇ ਸ਼ਿਲਾਂਗ ਵਿੱਚ "ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ – ਪੂਰਵ-ਉੱਤਰ" ਪ੍ਰੋਗਰਾਮ ਵਿੱਚ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵਿਰੁੱਧ ਮਿਸ਼ਨ-ਮੋਡ ਜਨ ਅੰਦੋਲਨ ਦੀ ਅਪੀਲ ਕੀਤੀ
ਖੇਡਾਂ, ਸੰਸਕ੍ਰਿਤੀ ਅਤੇ ਭਾਈਚਾਰਕ ਸਾਂਝ ਦੇ ਮਾਧਿਅਮ ਰਾਹੀਂ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਹਾਸਲ ਕਰਨ ਦੀ ਕੁੰਜੀ: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ
प्रविष्टि तिथि:
28 MAY 2026 3:26PM by PIB Chandigarh
ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ ਨੇ ਅੱਜ ਸ਼ਿਲਾਂਗ ਸਥਿਤ ਭਾਰਤੀ ਪ੍ਰਬੰਧਨ ਸੰਸਥਾਨ (ਆਈ ਆਈ ਐੱਮ) ਵਿੱਚ ਯੁਵਾ ਮਾਮਲੇ ਵਿਭਾਗ ਦੇ ਅਧੀਨ 'ਮਾਈ ਭਾਰਤ' ਵੱਲੋਂ ਆਯੋਜਿਤ "ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ – ਪੂਰਵ-ਉੱਤਰ" ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਇੱਕ ਸਮੂਹਿਕ ਅਤੇ ਮਿਸ਼ਨ-ਆਧਾਰਿਤ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ।

ਇਸ ਪ੍ਰੋਗਰਾਮ ਵਿੱਚ ਉੱਤਰ-ਪੂਰਬੀ ਖੇਤਰ ਵਿੱਚ ਨਸ਼ੀਲੀਆਂ ਦਵਾਈਆਂ ਵਿਰੁੱਧ ਜਾਗਰੂਕਤਾ ਅਤੇ ਨੌਜਵਾਨਾਂ ਦੀ ਭਾਗੀਦਾਰੀ ਦੀਆਂ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਦੀਆਂ ਰਣਨੀਤੀਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ 24 ਅਧਿਆਤਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ, ਯੁਵਾ ਅਧਿਕਾਰੀ, ਸਿਵਲ ਸੁਸਾਇਟੀ ਦੇ ਹਿੱਤਧਾਰਕ ਅਤੇ ਸੰਸਥਾਗਤ ਆਗੂ ਇਕੱਠੇ ਹੋਏ।
ਇਸ ਪ੍ਰੋਗਰਾਮ ਵਿੱਚ ਯੁਵਾ ਮਾਮਲੇ ਵਿਭਾਗ ਦੀ ਸਕੱਤਰ ਪੱਲਵੀ ਜੈਨ ਗੋਵਿਲ, 'ਮਾਈ ਭਾਰਤ' ਦੀ ਸੀ.ਈ.ਓ. ਡਾ. ਪ੍ਰਿਯੰਕਾ ਸ਼ੁਕਲਾ ਅਤੇ ਆਈ.ਆਈ.ਐਮ.ਸ਼ਿਲਾਂਗ ਦੀ ਡਾਇਰੈਕਟਰ ਪ੍ਰੋਫੈਸਰ ਨਲਿਨੀ ਪ੍ਰਵਾ ਤ੍ਰਿਪਾਠੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਰਕਸ਼ਾ ਖੜਸੇ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਨੌਜਵਾਨ ਆਬਾਦੀ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਮਾਰਗ-ਦਰਸ਼ਨ ਦੇਣਾ 2047 ਤੱਕ 'ਵਿਕਸਿਤ ਭਾਰਤ' ਦੇ ਟੀਚੇ ਨੂੰ ਹਾਸਲ ਕਰਨ ਲਈ ਮਹੱਤਵਪੂਰਨ ਹੋਵੇਗਾ।

ਉਨ੍ਹਾਂ ਨੇ ਕਿਹਾ, “ਸਾਨੂੰ ਸਮੂਹਿਕ ਤੌਰ 'ਤੇ ਨਸ਼ਾ ਮੁਕਤ ਮੁਹਿੰਮ ਨੂੰ ਮਿਸ਼ਨ ਮੋਡ ਵਿੱਚ ਅੱਗੇ ਵਧਾਉਣਾ ਹੋਵੇਗਾ। ਸਾਡੇ ਨੌਜਵਾਨ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿੱਚ ਮਾਰਗ-ਦਰਸ਼ਨ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਉਨ੍ਹਾਂ ਨੂੰ ਸਕਾਰਾਤਮਕ ਮਾਰਗ-ਦਰਸ਼ਨ ਅਤੇ ਮੌਕੇ ਪ੍ਰਦਾਨ ਕਰਾਂਗੇ, ਤਾਂ ਅਸੀਂ ਯਕੀਨੀ ਤੌਰ 'ਤੇ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਹਾਸਲ ਕਰ ਲਵਾਂਗੇ।”
ਸ਼੍ਰੀਮਤੀ ਖੜਸੇ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਨਸ਼ੇ ਦੀ ਗੰਭੀਰਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਮੁੱਦੇ ਨੂੰ ਕੇਵਲ ਇੱਕ ਨਿੱਜੀ ਚੁਣੌਤੀ ਵਜੋਂ ਨਹੀਂ, ਬਲਕਿ ਇੱਕ ਵਿਆਪਕ ਸਮਾਜਿਕ ਚਿੰਤਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਜਿਸ ਦੇ ਲਈ ਤਾਲਮੇਲ ਵਾਲੀ ਭਾਈਚਾਰਕ ਕਾਰਵਾਈ ਅਤੇ ਨਿਰੰਤਰ ਸੰਸਥਾਗਤ ਉਪਾਵਾਂ ਦੀ ਲੋੜ ਹੈ।
'ਮਾਈ ਭਾਰਤ' ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਮੰਚ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀਆਂ ਪਹਿਲਕਦਮੀਆਂ ਨਾਲ ਜੋੜਨਾ ਅਤੇ ਜ਼ਮੀਨੀ ਪੱਧਰ 'ਤੇ ਸਮਾਜਿਕ ਚੁਣੌਤੀਆਂ ਦੇ ਹੱਲ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਯੁਵਾ ਅਧਿਕਾਰੀਆਂ ਅਤੇ ਸਹਿਯੋਗੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ 'ਮਾਈ ਭਾਰਤ' ਦੀ ਪਹਿਲਕਦਮੀ ਹਰ ਜ਼ਿਲ੍ਹੇ ਅਤੇ ਸਮਾਜ ਦੇ ਹਰ ਵਰਗ ਤੱਕ ਪਹੁੰਚੇ।
ਰਕਸ਼ਾ ਖੜਸੇ ਨੇ ਖੇਡਾਂ ਦੇ ਮਹੱਤਵ ਨੂੰ ਇੱਕ ਬਦਲਾਅ ਲਿਆਉਣ ਵਾਲੀ ਸਮਾਜਿਕ ਸ਼ਕਤੀ ਦੇ ਰੂਪ ਵਿੱਚ ਉਜਾਗਰ ਕੀਤਾ, ਜੋ ਨੌਜਵਾਨਾਂ ਨੂੰ ਸਕਾਰਾਤਮਕ ਰੂਪ ਵਿੱਚ ਜੋੜਨ ਅਤੇ ਨਸ਼ੇ, ਤਣਾਅ ਤੇ ਸਮਾਜਿਕ ਇਕੱਲੇਪਣ ਪ੍ਰਤੀ ਸੰਵੇਦਨਸ਼ੀਲਤਾ ਨੂੰ ਘਟਾਉਣ ਵਿੱਚ ਸਮਰੱਥ ਹੈ।

ਉਨ੍ਹਾਂ ਨੇ ਕਿਹਾ, “ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਰਚਨਾਤਮਕ ਦਿਸ਼ਾ ਵਿੱਚ ਮੋੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਬਣ ਸਕਦੀਆਂ ਹਨ। ਉੱਤਰ-ਪੂਰਬ ਦੇ ਰਾਜਾਂ ਦੇ ਨਾਲ-ਨਾਲ ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਗੋਆ ਵਿੱਚ ਪਹਿਲਾਂ ਤੋਂ ਹੀ ਇੱਕ ਮਜ਼ਬੂਤ ਖੇਡ ਸੱਭਿਆਚਾਰ ਮੌਜੂਦ ਹੈ। ਸਾਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ, ਸਥਾਨਕ ਸੱਭਿਆਚਾਰਕ ਗਤੀਵਿਧੀਆਂ ਅਤੇ ਸਕਾਰਾਤਮਕ ਭਾਈਚਾਰਕ ਭਾਗੀਦਾਰੀ ਨਾਲ ਜੋੜਨਾ ਹੋਵੇਗਾ।”
ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰਕ ਅਤੇ ਅਧਿਆਤਮਿਕ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਉਨ੍ਹਾਂ ਨੂੰ ਰਚਨਾਤਮਕ ਸਮਾਜਿਕ ਜੁੜਾਅ ਅਤੇ ਸਮੂਹਿਕ ਜ਼ਿੰਮੇਵਾਰੀ ਵੱਲ ਸੇਧਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਸ ਮੌਕੇ ਆਈ.ਆਈ.ਐਮ. ਸ਼ਿਲਾਂਗ ਦੀ ਡਾਇਰੈਕਟਰ ਪ੍ਰੋ. ਨਲਿਨੀ ਪ੍ਰਵਾ ਤ੍ਰਿਪਾਠੀ ਨੇ ਕਿਹਾ ਕਿ ਖੇਡਾਂ ਅਤੇ ਪ੍ਰਬੰਧਨ ਸਿੱਖਿਆ ਮਿਲ ਕੇ ਜ਼ਿੰਮੇਵਾਰ ਨਾਗਰਿਕ ਅਤੇ ਭਵਿੱਖ ਦੇ ਆਗੂ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਸਹਿਯੋਗ ਨੂੰ ਹੁਲਾਰਾ ਦਿੰਦੇ ਹੋਏ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਸਹਾਇਕ ਹੁੰਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਆਈ.ਆਈ.ਐੱਮ. ਸ਼ਿਲਾਂਗ ਨੌਜਵਾਨਾਂ ਵਿੱਚ ਸਕਾਰਾਤਮਕ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਨੂੰ ਖੇਡਾਂ, ਯੋਗਾ, ਧਿਆਨ, ਸੱਭਿਆਚਾਰਕ ਗਤੀਵਿਧੀਆਂ ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਵਿੱਚ ਲਗਾਤਾਰ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ।
ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਵਿਰੁੱਧ ਰਾਜਦੂਤ ਵਜੋਂ ਉੱਭਰਨ ਦਾ ਸੱਦਾ ਦਿੰਦਿਆਂ ਪ੍ਰੋਫੈਸਰ ਤ੍ਰਿਪਾਠੀ ਨੇ ਭਰੋਸਾ ਪ੍ਰਗਟਾਇਆ ਕਿ ਪ੍ਰੋਗਰਾਮ ਦੌਰਾਨ ਹੋਣ ਵਾਲੀਆਂ ਚਰਚਾਵਾਂ ਅਤੇ ਸੰਵਾਦ ਰਾਸ਼ਟਰੀ ਨਸ਼ਾ-ਵਿਰੋਧੀ ਮੁਹਿੰਮ ਨੂੰ ਮਜ਼ਬੂਤ ਕਰਨ ਵਿੱਚ ਸਾਰਥਕ ਯੋਗਦਾਨ ਪਾਉਣਗੇ।
ਪ੍ਰੋਗਰਾਮ ਦੌਰਾਨ 'ਮਾਈ ਭਾਰਤ' ਪੋਰਟਲ, 'ਮਾਈ ਭਾਰਤ' ਦੀਆਂ ਸੰਸਥਾਗਤ ਪਹਿਲਕਦਮੀਆਂ ਅਤੇ ਨਸ਼ਾ ਮੁਕਤੀ ਤੇ ਯੁਵਾ ਜਾਗਰੂਕਤਾ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਅਪਣਾਈਆਂ ਜਾ ਰਹੀਆਂ ਸਰਬੋਤਮ ਪ੍ਰਣਾਲੀਆਂ 'ਤੇ ਵੀ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਰਕਸ਼ਾ ਖੜਸੇ ਨੇ ਦੱਸਿਆ ਕਿ ਵਾਰਾਣਸੀ ਵਿੱਚ ਪਹਿਲਾਂ ਆਯੋਜਿਤ ਕੀਤੇ ਗਏ ਇਸੇ ਤਰ੍ਹਾਂ ਦੇ ਸਲਾਹ-ਮਸ਼ਵਰੇ ਦੇ ਨਤੀਜੇ ਵਜੋਂ "ਕਾਸ਼ੀ ਐਲਾਨਨਾਮੇ" ਦੇ ਤਹਿਤ ਮਹੱਤਵਪੂਰਨ ਸਿਫ਼ਾਰਸ਼ਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚੋਂ ਕਈ ਪਹਿਲੂਆਂ ਨੂੰ ਮੰਤਰਾਲੇ ਵੱਲੋਂ ਸਰਗਰਮੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਨਸ਼ੀਲੀਆਂ ਦਵਾਈਆਂ ਦੇ ਵਿਰੁੱਧ ਸਹਿਯੋਗੀ ਪਹਿਲਕਦਮੀਆਂ ਦੀ ਸਹਾਇਤਾ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇਸ਼ ਭਰ ਵਿੱਚ ਜਾਗਰੂਕਤਾ, ਪਹੁੰਚ ਅਤੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਸੰਸਥਾਵਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਭਾਈਚਾਰਕ ਹਿੱਤਧਾਰਕਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।
ਪ੍ਰੋਗਰਾਮ ਦਾ ਸਮਾਪਨ ਨੌਜਵਾਨਾਂ ਦੀ ਅਗਵਾਈ ਵਾਲੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਸਮੂਹਿਕ ਸੰਕਲਪ ਨਾਲ ਹੋਇਆ, ਜਿਸ ਦਾ ਉਦੇਸ਼ 'ਵਿਕਸਿਤ ਭਾਰਤ 2047' ਦੇ ਵਿਜ਼ਨ ਦੇ ਅਨੁਕੂਲ ਨਸ਼ਾ-ਮੁਕਤ, ਸਿਹਤਮੰਦ ਅਤੇ ਸਮਾਜਿਕ ਤੌਰ 'ਤੇ ਸਸ਼ਕਤ ਭਾਰਤ ਦਾ ਨਿਰਮਾਣ ਕਰਨਾ ਹੈ।
************
ਆਯੁਸ਼ਮਾਨ ਕੁਮਾਰ
(रिलीज़ आईडी: 2266595)
आगंतुक पटल : 29