ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਦੇਸ਼ ਭਰ ਦੇ 83 ਸ਼ਹਿਰਾਂ ਵਿੱਚ 2,072 ਕੇਂਦਰਾਂ ’ਤੇ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ-2026 ਦਾ ਆਯੋਜਨ ਕੀਤਾ


ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਪਹਿਲੀ ਵਾਰ ਰੀਅਲ-ਟਾਈਮ ਫੇਸ ਪ੍ਰਮਾਣਿਕਤਾ (ਚਿਹਰੇ ਦੀ ਪਛਾਣ) ਸਮੇਤ ਕਈ ਤਕਨੀਕੀ ਉਪਾਅ ਲਾਗੂ ਕੀਤੇ ਗਏ ਹਨ: ਯੂ.ਪੀ.ਐੱਸ.ਸੀ. ਦੇ ਚੇਅਰਮੈਨ ਡਾ. ਅਜੇ ਕੁਮਾਰ

प्रविष्टि तिथि: 24 MAY 2026 5:49PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਨੇ ਅੱਜ ਯਾਨੀ 24 ਮਈ, 2026 ਨੂੰ ਦੇਸ਼ ਭਰ ਦੇ 83 ਪ੍ਰੀਖਿਆ ਕੇਂਦਰਾਂ (ਸ਼ਹਿਰਾਂ) ਦੇ 2,072 ਪ੍ਰੀਖਿਆ ਸਥਾਨਾਂ ’ਤੇ ਭਾਰਤੀ ਵਣ ਸੇਵਾ (ਮੁੱਢਲੀ) ਪ੍ਰੀਖਿਆ 2026 ਸਮੇਤ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ, 2026 ਕਰਵਾਈ। ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਕੁੱਲ 8,19,732 ਉਮੀਦਵਾਰਾਂ ਵਿੱਚੋਂ ਲਗਭਗ 5.49 ਲੱਖ, ਯਾਨੀ ਕਰੀਬ 67 ਪ੍ਰਤੀਸ਼ਤ ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ। ਆਰਜ਼ੀ ਅੰਕੜਿਆਂ ਅਨੁਸਾਰ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ-2025 ਵਿੱਚ ਅਰਜ਼ੀ ਦੇਣ ਵਾਲੇ ਵਾਲੇ ਲਗਭਗ 9.5 ਲੱਖ ਉਮੀਦਵਾਰਾਂ ਵਿੱਚੋਂ ਕਰੀਬ 61 ਪ੍ਰਤੀਸ਼ਤ, ਯਾਨੀ ਲਗਭਗ 5.8 ਲੱਖ ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ।

ਇਸ ਸਾਲ ਕਮਿਸ਼ਨ ਨੇ ਫਰਜ਼ੀਵਾੜੇ (ਦੂਜੇ ਦੀ ਥਾਂ ਪ੍ਰੀਖਿਆ ਦੇਣ) ਨੂੰ ਰੋਕਣ ਅਤੇ ਪ੍ਰੀਖਿਆ ਪ੍ਰਕਿਰਿਆ ਦੀ ਇਕਸਾਰਤਾ ਨੂੰ ਮਜ਼ਬੂਤ ਕਰਨ ਲਈ ਪਹਿਲੀ ਵਾਰ ਪ੍ਰੀਖਿਆ ਕੇਂਦਰਾਂ ’ਤੇ ਉਮੀਦਵਾਰਾਂ ਦਾ ਰੀਅਲ-ਟਾਈਮ ਫੇਸ ਅਥੈਂਟੀਕੇਸ਼ਨ (ਚਿਹਰੇ ਦੀ ਪਛਾਣ) ਸ਼ੁਰੂ ਕੀਤਾ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਵੱਲੋਂ ਵਿਕਸਤ ਇਹ ਸਵਦੇਸ਼ੀ ਪ੍ਰਣਾਲੀ ਸਾਰੇ 2,072 ਕੇਂਦਰਾਂ ’ਤੇ ਸਫਲਤਾਪੂਰਵਕ ਕੰਮ ਕਰਦੀ ਰਹੀ। ਸੰਭਵ ਤੌਰ ’ਤੇ ਇਹ ਯੂ.ਪੀ.ਐੱਸ.ਸੀ. ਵੱਲੋਂ ਚਲਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਰੀਅਲ-ਟਾਈਮ ਫੇਸ ਅਥੈਂਟੀਕੇਸ਼ਨ ਮੁਹਿੰਮ ਸੀ ਅਤੇ ਇਸ ਦੀ 100 ਪ੍ਰਤੀਸ਼ਤ ਸਫਲਤਾ ਆਯੋਗ ਦੀ ਨਿਰਪੱਖਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਤ ਹੋਈ।

ਪ੍ਰੀਖਿਆ ਦੇ ਸੁਚਾਰੂ ਸੰਚਾਲਨ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਯੂ.ਪੀ.ਐੱਸ.ਸੀ. ਦੇ ਚੇਅਰਮੈਨ ਡਾ. ਅਜੇ ਕੁਮਾਰ ਨੇ ਕਿਹਾ, “ਮੈਂ ਯੂ.ਪੀ.ਐੱਸ.ਸੀ. ਦੀ ਪੂਰੀ ਟੀਮ ਦੇ ਨਾਲ-ਨਾਲ ਐੱਨ.ਈ.ਜੀ.ਡੀ. (ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ) ਅਤੇ ਐੱਨ.ਆਈ.ਸੀ. (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਦੇ ਯਤਨਾਂ ਤੋਂ ਬਹੁਤ ਖੁਸ਼ ਹਾਂ, ਜਿਨ੍ਹਾਂ ਨੇ ਇਸ ਪ੍ਰੀਖਿਆ ਦੇ ਸਫਲ ਸੰਚਾਲਨ ਲਈ ਅਣਥੱਕ ਮਿਹਨਤ ਕੀਤੀ। ਚਿਹਰੇ ਦੀ ਪ੍ਰਮਾਣਿਕਤਾ ਪ੍ਰੋਟੋਕੋਲ ਨੂੰ ਲਾਗੂ ਕਰਨਾ ਸੰਭਵ ਤੌਰ ’ਤੇ ਸਭ ਤੋਂ ਗੁੰਝਲਦਾਰ ਸੰਚਾਲਨ ਪ੍ਰਕਿਰਿਆਵਾਂ ਵਿੱਚੋਂ ਇੱਕ ਸੀ ਅਤੇ ਇਸ ਦਾ ਸੁਚਾਰੂ ਸੰਚਾਲਨ ਬੇਹੱਦ ਸੰਤੁਸ਼ਟੀਜਨਕ ਹੈ।”

ਪ੍ਰੀਖਿਆ ਦੋ ਲਾਜ਼ਮੀ ਸੈਸ਼ਨਾਂ ਵਿੱਚ ਕਰਵਾਈ ਗਈ। ਸਵੇਰ ਦੇ ਸੈਸ਼ਨ ਵਿੱਚ ਜਨਰਲ ਸਟੱਡੀਜ਼ (ਪੇਪਰ-I) ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਕਰਵਾਇਆ ਗਿਆ, ਜਦੋਂ ਕਿ ਦੁਪਹਿਰ ਦੇ ਸੈਸ਼ਨ ਵਿੱਚ ਸਿਵਲ ਸੇਵਾਵਾਂ ਯੋਗਤਾ ਪ੍ਰੀਖਿਆ (ਸੀਐੱਸਏਟੀ) [ਪੇਪਰ-II] ਦੁਪਹਿਰ 2:30 ਵਜੇ ਤੋਂ ਸ਼ਾਮ 4:30 ਵਜੇ ਤੱਕ ਕਰਵਾਈ ਗਈ। ਪ੍ਰੀਖਿਆ ਦਾ ਸੰਚਾਲਨ ਨਿਰਧਾਰਤ ਸੰਸਥਾਗਤ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੀਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਕੀਤਾ ਗਿਆ।

ਸਭ ਤੋਂ ਵੱਧ ਭੀੜ ਵਾਲੇ ਕੇਂਦਰਾਂ ਵਿੱਚ, ਦਿੱਲੀ ਕੇਂਦਰ ਦੇ 144 ਕੇਂਦਰਾਂ ’ਤੇ ਸਭ ਤੋਂ ਵੱਧ 70,885 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਇਸ ਤੋਂ ਬਾਅਦ ਹੈਦਰਾਬਾਦ ਕੇਂਦਰ ਦੇ 100 ਕੇਂਦਰਾਂ ’ਤੇ 44,209 ਉਮੀਦਵਾਰ ਸਨ, ਜਦੋਂ ਕਿ ਪਟਨਾ ਕੇਂਦਰ ਦੇ 79 ਕੇਂਦਰਾਂ ’ਤੇ 39,147 ਉਮੀਦਵਾਰ ਦਰਜ ਕੀਤੇ ਗਏ। ਦੂਜੇ ਪਾਸੇ, ਕਾਰਗਿਲ ਵਿੱਚ ਇੱਕ ਕੇਂਦਰ ’ਤੇ ਸਭ ਤੋਂ ਘੱਟ 98 ਉਮੀਦਵਾਰਾਂ ਦੀਆਂ ਅਰਜ਼ੀਆਂ ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਪੋਰਟ ਬਲੇਅਰ ਵਿੱਚ ਇੱਕ ਕੇਂਦਰ ’ਤੇ 270 ਉਮੀਦਵਾਰ ਸਨ, ਜਦੋਂ ਕਿ ਲੇਹ (ਲੱਦਾਖ) ਵਿੱਚ ਦੋ ਕੇਂਦਰਾਂ ’ਤੇ 308 ਉਮੀਦਵਾਰ ਦਰਜ ਕੀਤੇ ਗਏ।

ਸਾਰੇ ਪ੍ਰੀਖਿਆ ਕੇਂਦਰਾਂ ’ਤੇ ਉਮੀਦਵਾਰਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੀਣ ਵਾਲੇ ਪਾਣੀ, ਬਿਜਲੀ ਬੈਕਅੱਪ, ਡਾਕਟਰੀ ਸਹਾਇਤਾ, ਛਾਂਦਾਰ ਉਡੀਕ ਖੇਤਰ, ਸਫ਼ਾਈ ਸਹੂਲਤਾਂ ਅਤੇ ਅਪਾਹਜ ਉਮੀਦਵਾਰਾਂ ਲਈ ਆਉਣ-ਜਾਣ ਦੀ ਸਹੂਲਤ ਯਕੀਨੀ ਬਣਾਈ ਗਈ। ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਸਾਰੇ ਕੇਂਦਰਾਂ ’ਤੇ ਸਿਖਲਾਈ ਪ੍ਰਾਪਤ ਨਿਗਰਾਨ ਅਮਲੇ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ। ਪ੍ਰੀਖਿਆ ਨੂੰ ਨਿਰਪੱਖ ਅਤੇ ਸੁਰੱਖਿਅਤ ਰੱਖਣ ਲਈ ਸਾਰੇ ਕੇਂਦਰਾਂ ’ਤੇ ਮੋਬਾਈਲ ਸਿਗਨਲ ਜੈਮਰ ਵੀ ਲਗਾਏ ਗਏ ਸਨ।

ਪ੍ਰੀਖਿਆ ਕੇਂਦਰਾਂ ’ਤੇ ਭੀੜ ਘਟਾਉਣ ਦੇ ਯਤਨਾਂ ਤਹਿਤ ਯੂ.ਪੀ.ਐੱਸ.ਸੀ. ਨੇ ਇਸ ਸਾਲ ਭੁਵਨੇਸ਼ਵਰ, ਕਾਨਪੁਰ ਅਤੇ ਮੇਰਠ ਵਿੱਚ ਤਿੰਨ ਨਵੇਂ ਪ੍ਰੀਖਿਆ ਕੇਂਦਰ ਜੋੜੇ ਹਨ। ਕਮਿਸ਼ਨ ਨੇ ਉਮੀਦਵਾਰਾਂ ਨੂੰ ਆਪਣੇ ਨੇੜਲੇ ਪਸੰਦੀਦਾ ਸ਼ਹਿਰ ਦੀ ਚੋਣ ਕਰਨ ਲਈ ਡ੍ਰੌਪਡਾਊਨ ਵਿਕਲਪ ਵੀ ਮੁਹੱਈਆ ਕਰਵਾਇਆ। ਇਸ ਪ੍ਰਕਿਰਿਆ ਤੋਂ ਪ੍ਰਾਪਤ ਅੰਕੜੇ ਭਵਿੱਖ ਵਿੱਚ ਵਾਧੂ ਪ੍ਰੀਖਿਆ ਕੇਂਦਰ ਸਥਾਪਤ ਕਰਨ ਲਈ ਉਮੀਦਵਾਰਾਂ ਦੀਆਂ ਤਰਜੀਹਾਂ ਦੇ ਸਰਵੇਖਣ ਵਜੋਂ ਵਰਤੇ ਜਾਣਗੇ।

ਪ੍ਰੀਖਿਆ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਉਣ ਦੇ ਯਤਨਾਂ ਤਹਿਤ ਯੂ.ਪੀ.ਐੱਸ.ਸੀ. ਪਹਿਲੀ ਵਾਰ ਪ੍ਰੀਖਿਆ ਖ਼ਤਮ ਹੋਣ ਦੇ ਤੁਰੰਤ ਬਾਅਦ ਆਰਜ਼ੀ  ਉੱਤਰ ਕੁੰਜੀ ਜਾਰੀ ਕਰੇਗਾ। ਆਯੋਗ ਪਹਿਲਾਂ ਆਰਜ਼ੀ ਉੱਤਰ ਕੁੰਜੀ ਪ੍ਰਕਾਸ਼ਿਤ ਕਰੇਗਾ ਅਤੇ ਉਮੀਦਵਾਰਾਂ ਤੋਂ 31 ਮਈ, 2026 ਸ਼ਾਮ 6 ਵਜੇ ਤੱਕ ਇਤਰਾਜ਼ ਮੰਗੇਗਾ। ਪ੍ਰਾਪਤ ਹੋਏ ਸਾਰੇ ਇਤਰਾਜ਼ਾਂ ਅਤੇ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਸਬੰਧਤ ਪ੍ਰਸ਼ਨਾਂ ਦੀ ਉੱਤਰ ਕੁੰਜੀ ਦੀ ਸ਼ੁੱਧਤਾ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ ।

ਹਾਲਾਂਕਿ, ਅੰਤਿਮ ਉੱਤਰ ਕੁੰਜੀ ਸਿਵਲ ਸੇਵਾਵਾਂ ਪ੍ਰੀਖਿਆ-2026 ਦੇ ਅੰਤਿਮ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਕਮਿਸ਼ਨ ਦੀ ਮੌਜੂਦਾ ਪ੍ਰਕਿਰਿਆ ਅਨੁਸਾਰ ਜਾਰੀ ਕੀਤੀ ਜਾਵੇਗੀ।

ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਕੁੱਲ ਉਮੀਦਵਾਰਾਂ ਵਿੱਚੋਂ 11,224 ਉਮੀਦਵਾਰ ਬੈਂਚਮਾਰਕ ਦਿਵਿਆਂਗਤਾ (PwBD) ਯਾਨੀ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦਿਵਿਆਂਗਤਾ ਅਤੇ ਪੀ ਡਬਲਿਊ ਡੀ  ਯਾਨੀ 40 ਪ੍ਰਤੀਸ਼ਤ ਤੋਂ ਘੱਟ ਦਿਵਿਆਂਗਤਾ ਸ਼੍ਰੇਣੀ ਨਾਲ ਸਬੰਧਤ ਸਨ। ਨੇਤਰਹੀਣ, ਦੋਵੇਂ ਹੱਥ ਪ੍ਰਭਾਵਿਤ ਹੋਣ ਵਾਲੀ ਚਲਣ ਅਸਮਰੱਥਾ (ਬੀਏ) ਅਤੇ ਸੇਰੇਬ੍ਰਲ ਪਾਲਸੀ ਸ਼੍ਰੇਣੀ ਦੇ ਪੀ ਡਬਲਿਊ ਡੀ ਦਿਵਿਆਂਗ ਉਮੀਦਵਾਰਾਂ ਨੂੰ ਪ੍ਰਤੀ ਘੰਟੇ 20 ਮਿੰਟ, ਯਾਨੀ ਹਰੇਕ ਸੈਸ਼ਨ ਵਿੱਚ 40 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ। ਹੋਰ ਦਿਵਿਆਂਗ ਉਮੀਦਵਾਰਾਂ ਅਤੇ 40 ਪ੍ਰਤੀਸ਼ਤ ਤੋਂ ਘੱਟ ਦਿਵਿਆਂਗਤਾ ਵਾਲੇ ਤੇ ਲਿਖਣ ਵਿੱਚ ਮੁਸ਼ਕਲ ਵਾਲੇ ਉਮੀਦਵਾਰਾਂ ਨੂੰ ਵੀ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ’ਤੇ ਵਾਧੂ ਸਮਾਂ ਦਿੱਤਾ ਗਿਆ।

ਕਮਿਸ਼ਨ ਨੇ ਕਿਹਾ ਕਿ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ-2026 ਅਤੇ ਭਾਰਤੀ ਵਣ ਸੇਵਾ (ਮੁੱਢਲੀ) ਪ੍ਰੀਖਿਆ-2026 ਦਾ ਸਫਲ ਸੰਚਾਲਨ ਵੱਖ-ਵੱਖ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਨਿਰਪੱਖਤਾ, ਕੁਸ਼ਲਤਾ ਤੇ ਭਰੋਸੇਯੋਗਤਾ ਯਕੀਨੀ ਬਣਾਉਣ ਲਈ ਸੰਸਥਾਗਤ ਪ੍ਰਬੰਧਾਂ ਨੂੰ ਨਿਰੰਤਰ ਮਜ਼ਬੂਤ ਕੀਤੇ ਜਾਣ ਦਾ ਨਤੀਜਾ ਹੈ।

*****

 

ਐੱਨਕੇਆਰ/ਏਕੇ/ਏਵੀ


(रिलीज़ आईडी: 2265444) आगंतुक पटल : 40
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu , Malayalam