ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੂੰ ਰੋਮ ਵਿੱਚ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਵੱਲੋਂ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ

Posted On: 20 MAY 2026 10:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਰੋਮ ਵਿੱਚ ਐੱਫਏਓ ਹੈੱਡਕੁਆਰਟਰ ਵਿਖੇ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਵੱਲੋਂ ਸਾਲ 2026 ਲਈ ਵੱਕਾਰੀ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਭਾਰਤ ਦੇ ਅੰਦਰ ਅਤੇ ਵਿਸ਼ਵ ਪੱਧਰ 'ਤੇ ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਖੇਤਰਾਂ ਵਿੱਚ ਉਨ੍ਹਾਂ ਦੀ ਬੇਮਿਸਾਲ ਅਗਵਾਈ ਦੇ ਸਨਮਾਨ ਵਿੱਚ ਪ੍ਰਦਾਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਫਏਓ ਦੇ ਡਾਇਰੈਕਟਰ-ਜਨਰਲ ਡਾ. ਕਿਊ ਡੋਂਗਯੂ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਉਨ੍ਹਾਂ ਨੇ ਇਹ ਸਨਮਾਨ ਭਾਰਤੀ ਕਿਸਾਨਾਂ ਅਤੇ ਭਾਰਤੀ ਖੇਤੀਬਾੜੀ ਵਿਗਿਆਨਕ ਭਾਈਚਾਰੇ ਨੂੰ ਸਮਰਪਿਤ ਕੀਤਾ, ਜੋ ਭਾਰਤ ਦੇ ਲੋਕਾਂ ਦੇ ਨਾਲ-ਨਾਲ ਦੁਨੀਆ ਭਰ ਦੇ ਲੋਕਾਂ ਲਈ ਖੁਰਾਕ ਸੁਰੱਖਿਆ ਅਤੇ ਪੋਸ਼ਣ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੈਡਲ ਮਨੁੱਖੀ ਭਲਾਈ, ਖੁਰਾਕ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਭਾਰਤ ਦੀ ਦ੍ਰਿੜ੍ਹ ਵਚਨਬੱਧਤਾ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਕਿਸਾਨਾਂ ਦੇ ਜੀਵਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਧਰਤੀ ਮਾਤਾ ਅਤੇ ਭਾਰਤੀ ਲੋਕਾਂ ਵਿਚਕਾਰ ਇੱਕ ਪਵਿੱਤਰ ਬੰਧਨ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਗਿਆਨ ਅਤੇ ਨਵੀਨਤਾ ਅਧਾਰਤ ਖੇਤੀਬਾੜੀ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਇੱਕ ਟਿਕਾਊ, ਜਲਵਾਯੂ ਅਨੁਕੂਲ ਅਤੇ ਭਵਿੱਖ ਲਈ ਤਿਆਰ ਈਕੋਸਿਸਟਮ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਦੱਸਿਆ ਕਿ 'ਪ੍ਰਤੀ ਬੂੰਦ ਵਧੇਰੇ ਫਸਲ' ਵਰਗੇ ਅਭਿਆਸ, ਸੂਖਮ-ਸਿੰਚਾਈ ਅਤੇ ਸਟੀਕਤਾ ਖੇਤੀ ਲਈ ਮਿਸ਼ਨ ਅਧਾਰਤ ਪਹੁੰਚ ਦੇ ਨਾਲ, ਭਾਰਤ ਦੀਆਂ ਖੇਤੀਬਾੜੀ ਨੀਤੀਆਂ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਤਕਨਾਲੋਜੀ-ਅਧਾਰਤ ਖੇਤੀਬਾੜੀ ਹੱਲਾਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਏਆਈ-ਅਧਾਰਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਡਰੋਨ, ਰਿਮੋਟ ਸੈਂਸਿੰਗ ਤਕਨਾਲੋਜੀਆਂ ਅਤੇ ਸੈਂਸਰ-ਅਧਾਰਤ ਮਸ਼ੀਨਰੀ ਭਾਰਤੀ ਕਿਸਾਨਾਂ ਨੂੰ ਬੰਪਰ ਫ਼ਸਲ ਅਤੇ ਉੱਚ ਆਮਦਨ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਭਾਰਤ ਨੇ ਲਗਭਗ 3,000 ਜਲਵਾਯੂ-ਅਨੁਕੂਲ ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਵਿਗਿਆਨ-ਅਧਾਰਤ ਖੇਤੀਬਾੜੀ ਖ਼ਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਲਈ ਆਲਮੀ ਭੋਜਨ ਸੁਰੱਖਿਆ ਨੂੰ ਮਜ਼ਬੂਤ ​​ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ, ਐੱਫਏਓ ਦੇ ਸੰਸਥਾਪਕ ਮੈਂਬਰ ਹੋਣ ਦੇ ਨਾਤੇ, ਭਾਰਤ ਨੂੰ ਆਲਮੀ ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ ਅਤੇ ਭੁੱਖਮਰੀ ਤੋਂ ਮੁਕਤ ਦੁਨੀਆ ਲਈ ਸੰਗਠਨ ਨਾਲ ਮਿਲਕੇ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਮਿਲਟ (ਮੋਟਾ ਅਨਾਜ) ਸਾਲ ਦੇ ਜਸ਼ਨ ਰਾਹੀਂ ਸਿਹਤਮੰਦ ਖੁਰਾਕ ਬਦਲਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਨਾਲ ਸਹਿਯੋਗ ਕਰਨ ਲਈ ਐੱਫਏਓ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਦੀ ਐੱਫਏਓ ਹੈੱਡਕੁਆਰਟਰ ਦੀ ਫੇਰੀ ਪਿਛਲੇ 30 ਸਾਲਾਂ ਵਿੱਚ ਕਿਸੇ ਭਾਰਤੀ ਰਾਸ਼ਟਰ ਮੁਖੀ ਦੀ ਪਹਿਲੀ ਫੇਰੀ ਹੈ।

************

ਐਮਜੇਪੀਐਸ/ਐਸਐਸ/ਪੀਆਰਕੇ


(Release ID: 2263793) ਵਿਜ਼ੀਟਰ ਕਾਊਂਟਰ : 9