ਰੇਲ ਮੰਤਰਾਲਾ
ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ, ਰਾਜਸਥਾਨ ਦੇ 15 ਮੁੜ-ਵਿਕਸਿਤ ਸਟੇਸ਼ਨ – ਜੈਸਲਮੇਰ, ਬੂੰਦੀ, ਬਾੜਮੇਰ, ਮੰਡਲਗੜ੍ਹ ਅਤੇ ਸੋਮੇਸ਼ਵਰ - ਯਾਤਰੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇ ਨਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ
ਦੋਵੇਂ ਪਾਸਿਆਂ ਤੋਂ ਪ੍ਰਵੇਸ਼ ਗੇਟ, ਇੱਕ ਵਾਧੂ ਪਲੇਟਫਾਰਮ, 6 ਮੀਟਰ ਚੌੜੇ ਦੋ ਓਵਰਬ੍ਰਿਜ ਅਤੇ ਨੌਂ ਲਿਫਟਾਂ ਦੇ ਨਾਲ, ਅਲਵਰ ਰੇਲਵੇ ਸਟੇਸ਼ਨ ਦਾ ਮੁੜ-ਵਿਕਾਸ 112 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ
ਰਾਜਸਥਾਨ ਦੀ ਪੁਰਾਤੱਤਵ ਵਿਰਾਸਤ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਸੁਮੇਲ ਨਾਲ, ਅਲਵਰ ਸਟੇਸ਼ਨ ਦੇ ਮੁੜ-ਵਿਕਾਸ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ: ਅਸ਼ਵਿਨੀ ਵੈਸ਼ਣਵ
Posted On:
15 MAY 2026 6:00PM by PIB Chandigarh
ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ ਰਾਜਸਥਾਨ ਵਿੱਚ 400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਰਾਜ ਮੰਤਰੀ ਸ਼੍ਰੀ ਸੰਜੇ ਸ਼ਰਮਾ ਦੇ ਨਾਲ-ਨਾਲ ਹੋਰ ਪਤਵੰਤੇ ਸੱਜਣ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਏ।


ਰੇਲ ਮੰਤਰੀ ਨੇ ਕਿਹਾ ਕਿ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਅਲਵਰ ਰੇਲਵੇ ਸਟੇਸ਼ਨ ’ਤੇ 112 ਕਰੋੜ ਰੁਪਏ ਦੀ ਲਾਗਤ ਨਾਲ ਮੁੜ-ਵਿਕਾਸ ਦਾ ਕੰਮ ਕੀਤਾ ਜਾ ਰਿਹਾ ਹੈ। ਦਿੱਲੀ-ਜੈਪੁਰ ਦੇ ਮਹੱਤਵਪੂਰਨ ਰੂਟ ’ਤੇ ਰਣਨੀਤਕ ਤੌਰ ’ਤੇ ਸਥਿਤ, ਅਲਵਰ ਸਟੇਸ਼ਨ ਇੱਕ ਪ੍ਰਮੁੱਖ ਕੇਂਦਰ ਵਜੋਂ ਕੰਮ ਕਰਦਾ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਦੀ ਆਵਾਜਾਈ ਹੁੰਦੀ ਹੈ। ਯਾਤਰੀਆਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਟੇਸ਼ਨ ਨੂੰ ਬਿਹਤਰ ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ, ਢੁਕਵੀਂਆਂ ਪਾਰਕਿੰਗ ਸਹੂਲਤਾਂ, ਵਿਵਸਥਿਤ ਆਗਮਨ ਅਤੇ ਰਵਾਨਗੀ ਖੇਤਰਾਂ ਅਤੇ ਆਧੁਨਿਕ ਯਾਤਰੀ ਸਹੂਲਤਾਂ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ।


ਸ਼੍ਰੀ ਵੈਸ਼ਣਵ ਨੇ ਕਿਹਾ ਕਿ ਅਲਵਰ ਰੇਲਵੇ ਸਟੇਸ਼ਨ ’ਤੇ ਮੁੜ-ਵਿਕਾਸ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਪੂਰਾ ਹੋਣ ਤੋਂ ਬਾਅਦ ਇਹ ਸਟੇਸ਼ਨ ਇੱਕ ਆਧੁਨਿਕ ਅਤੇ ਖ਼ੂਬਸੂਰਤ ਢੰਗ ਨਾਲ ਡਿਜ਼ਾਈਨ ਕੀਤੀ ਗਈ ਸਹੂਲਤ ਵਜੋਂ ਸਾਹਮਣੇ ਆਵੇਗਾ। ਉਹਨਾਂ ਨੇ ਕਿਹਾ ਕਿ ਅਲਵਰ ਸਟੇਸ਼ਨ ਦੇ ਮੁੜ-ਵਿਕਾਸ ਦੀ ਯੋਜਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਸ ਦ੍ਰਿਸ਼ਟੀਕੋਣ ਦੇ ਅਨੁਕੂਲ ਬਣਾਈ ਗਈ ਹੈ, ਜਿਸ ਅਨੁਸਾਰ ਰੇਲਵੇ ਸਟੇਸ਼ਨਾਂ ਨੂੰ ਸ਼ਹਿਰਾਂ ਨੂੰ ‘ਜੋੜਨ ਵਾਲੇ ਮਾਧਿਅਮ’ ਵਜੋਂ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਸਟੇਸ਼ਨ ਦੇ ਦੋਵੇਂ ਪਾਸੇ ਪ੍ਰਵੇਸ਼ ਗੇਟ ਦੀਆਂ ਸਹੂਲਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸਟੇਸ਼ਨ ਦੀਆਂ ਇਮਾਰਤਾਂ ਦਾ ਨਿਰਮਾਣ ਰਾਜਸਥਾਨ ਦੀ ਸੱਭਿਆਚਾਰਕ ਅਤੇ ਪੁਰਾਤਤਵ (ਆਰਕੀਟੈਕਚਰਲ) ਵਿਰਾਸਤ ਦੇ ਅਨੁਕੂਲ ਕੀਤਾ ਜਾ ਰਿਹਾ ਹੈ। ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਆਧੁਨਿਕ ਪਲੇਟਫਾਰਮ, ਫੁੱਟ ਓਵਰਬ੍ਰਿਜ, ਪਾਰਕਿੰਗ ਦੇ ਪ੍ਰਬੰਧ ਅਤੇ ਯਾਤਰੀਆਂ ਦੀ ਆਵਾਜਾਈ ਦੀਆਂ ਸਹੂਲਤਾਂ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ।
ਪੁਨਰਵਿਕਾਸ ਯੋਜਨਾ ਦੇ ਤਹਿਤ ਯਾਤਰੀਆਂ ਨੂੰ ਸਟੇਸ਼ਨ ਦੇ ਮੁੱਖ ਅਤੇ ਸੈਕੰਡਰੀ ਦੋਵਾਂ ਪ੍ਰਵੇਸ਼ ਗੇਟਾਂ ’ਤੇ ਬਿਹਤਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਉਣ-ਜਾਣ ਦੀ ਸਹੂਲਤ ਮਿਲੇਗੀ। ਲਗਭਗ 16,000 ਵਰਗ ਮੀਟਰ ਦੇ ਖੇਤਰ ਵਿੱਚ ਬਣ ਰਹੇ ਇਸ ਨਵੇਂ ਸਟੇਸ਼ਨ ਕੰਪਲੈਕਸ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਅਤੇ ਯਾਤਰੀਆਂ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ। ਯਾਤਰੀਆਂ ਦੀ ਸਹੂਲਤ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਹੋਰ ਉੱਚਾ ਪਲੇਟਫਾਰਮ, 6 ਮੀਟਰ ਚੌੜੇ ਦੋ ਫੁੱਟ ਓਵਰਬ੍ਰਿਜ ਅਤੇ ਨੌਂ ਆਧੁਨਿਕ ਲਿਫਟਾਂ ਵੀ ਬਣਾਈਆਂ ਜਾ ਰਹੀਆਂ ਹਨ।
ਯਾਤਰੀਆਂ ਦੇ ਆਉਣ-ਜਾਣ ਨੂੰ ਆਸਾਨ ਬਣਾਉਣ ਲਈ ਨਿੱਜੀ ਗੱਡੀਆਂ, ਟੈਕਸੀਆਂ ਅਤੇ ਆਟੋ-ਰਿਕਸ਼ਿਆਂ ਲਈ ਵੱਖਰੇ ਤੌਰ ’ਤੇ ਪਿਕ-ਅੱਪ ਅਤੇ ਡ੍ਰੌਪ-ਆਫ਼ ਜ਼ੋਨ ਵੀ ਬਣਾਏ ਜਾ ਰਹੇ ਹਨ। ਲਗਭਗ 4,500 ਵਰਗ ਮੀਟਰ ਵਿੱਚ ਫੈਲੀ ਇੱਕ ਨਵੀਂ ਪਾਰਕਿੰਗ ਸਹੂਲਤ ਨਾਲ ਸਟੇਸ਼ਨ ਦੇ ਅੰਦਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਪਹੁੰਚਣ ਵਿੱਚ ਆਸਾਨੀ ਹੋਵੇਗੀ ਅਤੇ ਭੀੜ ਵੀ ਘੱਟ ਹੋਵੇਗੀ। ਇਸ ਤੋਂ ਇਲਾਵਾ, ਸਟੇਸ਼ਨ ਦੇ ਬਾਹਰੀ ਖੇਤਰ ਵਿੱਚ ਗੱਡੀਆਂ ਦੀ ਆਵਾਜਾਈ ਨੂੰ ਹੋਰ ਆਸਾਨ ਬਣਾਉਣ ਲਈ ਇੱਕ ਵਿਆਪਕ ਟ੍ਰੈਫਿਕ ਸਰਕੂਲੇਸ਼ਨ ਪਲਾਨ ਵੀ ਤਿਆਰ ਕੀਤਾ ਗਿਆ ਹੈ।
ਇਸ ਮੁੜ-ਵਿਕਾਸ ਪ੍ਰੋਜੈਕਟ ਵਿੱਚ ਵਪਾਰਕ ਕੰਮਾਂ ਲਈ ਲਗਭਗ 1,900 ਵਰਗ ਮੀਟਰ ਦੀ ਜਗ੍ਹਾ ਵੀ ਸ਼ਾਮਲ ਹੈ। ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੇ ਨਾਲ-ਨਾਲ, ਇਸ ਪ੍ਰੋਜੈਕਟ ਨਾਲ ਅਲਵਰ ਦੀ ਪਛਾਣ ਇਸ ਖੇਤਰ ਵਿੱਚ ਸੈਰ-ਸਪਾਟੇ , ਵਪਾਰ ਅਤੇ ਰੁਜ਼ਗਾਰ ਦੇ ਇੱਕ ਉੱਭਰਦੇ ਹੋਏ ਕੇਂਦਰ ਵਜੋਂ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
ਰੇਲ ਮੰਤਰੀ ਨੇ ਕਿਹਾ ਕਿ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਅਲਵਰ ਖੇਤਰ ਦੇ ਤਿੰਨ ਸਟੇਸ਼ਨਾਂ - ਗੋਵਿੰਦਗੜ੍ਹ, ਰਾਜਗੜ੍ਹ ਅਤੇ ਖੈਰਥਲ - ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਪੂਰੇ ਰਾਜਸਥਾਨ ਵਿੱਚ 85 ਸਟੇਸ਼ਨਾਂ ’ਤੇ ਮੁੜ-ਵਿਕਾਸ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 15 ਸਟੇਸ਼ਨਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਜਿਨ੍ਹਾਂ ਸਟੇਸ਼ਨਾਂ ਦਾ ਕੰਮ ਪੂਰਾ ਹੋ ਚੁੱਕਾ ਹੈ, ਉਨ੍ਹਾਂ ਵਿੱਚ ਬਾੜਮੇਰ, ਬੂੰਦੀ, ਦੌਸਾ, ਡੀਗ, ਦੇਸ਼ਨੋਕ, ਫ਼ਤਿਹਪੁਰ ਸ਼ੇਖਾਵਤੀ, ਗੰਗਾਪੁਰ ਸਿਟੀ, ਗੋਗਾਮੇੜੀ, ਗੋਵਿੰਦਗੜ੍ਹ, ਰਾਜਗੜ੍ਹ, ਖੈਰਥਲ, ਜੈਸਲਮੇਰ, ਮੰਡਲਗੜ੍ਹ, ਮੰਡਾਵਰ ਮਹਵਾ ਰੋਡ ਅਤੇ ਸੋਮੇਸ਼ਵਰ ਸ਼ਾਮਲ ਹਨ। ਪੂਰੇ ਦੇਸ਼ ਵਿੱਚ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਵਿਕਾਸ ਲਈ 1,340 ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਰਾਜਸਥਾਨ ਵਿੱਚ ਹੁਣੇ ਪੰਜ ‘ਵੰਦੇ ਭਾਰਤ ਐਕਸਪ੍ਰੈਸ’ ਰੇਲਗੱਡੀਆਂ ਚੱਲ ਰਹੀਆਂ ਹਨ, ਜਦੋਂ ਕਿ ਇੱਕ ‘ਅੰਮ੍ਰਿਤ ਭਾਰਤ ਐਕਸਪ੍ਰੈਸ’ ਵੀ ਸ਼ੁਰੂ ਕੀਤੀ ਗਈ ਹੈ। ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਰਾਜਸਥਾਨ ਲਈ ਕਈ ਨਵੀਆਂ ਰੇਲਗੱਡੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਵਿੱਚ ਦਿੱਲੀ ਤੋਂ ਜੋਧਪੁਰ ਅਤੇ ਦਿੱਲੀ ਤੋਂ ਬੀਕਾਨੇਰ ਵਿਚਕਾਰ ‘ਵੰਦੇ ਭਾਰਤ ਐਕਸਪ੍ਰੈਸ’ ਸੇਵਾਵਾਂ, ਉਦੈਪੁਰ ਸਿਟੀ ਤੋਂ ਅਹਿਮਦਾਬਾਦ ਵਿਚਕਾਰ ‘ਵੰਦੇ ਭਾਰਤ ਐਕਸਪ੍ਰੈਸ’, ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ‘ਸਵਰਨ ਨਗਰੀ ਐਕਸਪ੍ਰੈਸ’, ਹੈਦਰਾਬਾਦ-ਜੋਧਪੁਰ ‘ਭਗਤ ਕੀ ਕੋਠੀ ਐਕਸਪ੍ਰੈਸ’ ਅਤੇ ਪੁਣੇ-ਜੋਧਪੁਰ ਐਕਸਪ੍ਰੈਸ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਰਾਜਸਥਾਨ ਨੂੰ ਕੁੱਲ 46 ਨਵੀਆਂ ਰੇਲਗੱਡੀਆਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪੂਰੇ ਸੁਬੇ ਵਿੱਚ ਆਵਾਜਾਈ ਅਤੇ ਯਾਤਰੀਆਂ ਦੀ ਸਹੂਲਤ ਵਿੱਚ ਕਾਫੀ ਸੁਧਾਰ ਹੋਇਆ ਹੈ।
ਰੇਲ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਰਾਜਸਥਾਨ ਲਈ ਰੇਲਵੇ ਬਜਟ ਦੀ ਅਲਾਟਮੈਂਟ (ਵੰਡ) ਵਧ ਕੇ 10,228 ਕਰੋੜ ਹੋ ਗਈ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਹ ਲਗਭਗ 682 ਕਰੋੜ ਸੀ।
ਸੂਬੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਸ਼੍ਰੀ ਵੈਸ਼ਣਵ ਨੇ ਕਿਹਾ ਕਿ 2014 ਤੋਂ ਹੁਣ ਤੱਕ ਰਾਜਸਥਾਨ ਵਿੱਚ ਲਗਭਗ 3,900 ਕਿਲੋਮੀਟਰ ਰੇਲਵੇ ਲਾਈਨਾਂ ਵਿਛਾਈਆਂ ਜਾ ਚੁੱਕੀਆਂ ਹਨ। ਮਾਰਵਾੜ ਮੁੰਡਵਾ, ਖੇਮਲੀ, ਭੂਪਾਲ ਸਾਗਰ, ਸੋਨੂ, ਹਨਵੰਤ, ਸੁੰਦਲਕ, ਮੰਡਲਗੜ੍ਹ, ਨਿਊ ਸਰਧਨਾ, ਹਿਰਨੋਦਾ ਅਤੇ ਕੈਰਲਾ ਵਰਗੀਆਂ ਥਾਵਾਂ ’ਤੇ ਦਸ ‘ਗਤੀ ਸ਼ਕਤੀ ਕਾਰਗੋ ਟਰਮੀਨਲ’ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਜੋਗੀ ਮਗਰਾ, ਲਨੇਲਾ, ਧਾਨਕਿਆ, ਕੋਟਾ ਜੰਕਸ਼ਨ, ਨਵਲਗੜ੍ਹ ਅਤੇ ਬਿਰਾਧਵਾਲ ਵਿੱਚ ਛੇ ਹੋਰ ਕਾਰਗੋ ਟਰਮੀਨਲ ਨਿਰਮਾਣ ਅਧੀਨ ਹਨ, ਜਦੋਂ ਕਿ ਅੱਠ ਵਾਧੂ ਟਰਮੀਨਲਾਂ ਲਈ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਰੇਲ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ, ਸੀਮਿੰਟ ਅਤੇ ਕੱਪੜੇ ਤੋਂ ਲੈ ਕੇ ਦਸਤਕਾਰੀ, ਸੈਮੀਕੰਡਕਟਰ ਅਤੇ ਇੰਜੀਨੀਅਰਿੰਗ ਉਤਪਾਦਾਂ ਵਰਗੇ ਵੱਖ-ਵੱਖ ਖੇਤਰਾਂ ਲਈ, ਦੇਸ਼ ਭਰ ਦੀਆਂ ਬੰਦਰਗਾਹਾਂ ਤੱਕ ਮਾਲ ਦੀ ਢੋਆ-ਢੁਆਈ ਦੀ ਨਿਰਵਿਘਨ ਕਨੈਕਟੀਵਿਟੀ ਯਕੀਨੀ ਬਣਾ ਕੇ ਰਾਜਸਥਾਨ ਦੇ ਉਦਯੋਗਾਂ ਨੂੰ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਪੂਰੇ ਰਾਜਸਥਾਨ ਵਿੱਚ ਕਈ ਵੱਡੇ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਇੱਕੋ ਸਮੇਂ ਅੱਗੇ ਵਧ ਰਹੇ ਹਨ। ਇਹਨਾਂ ਵਿੱਚ ਆਗਰਾ-ਬਾਂਦੀਕੁਈ, ਅਜਮੇਰ-ਚਿੱਤੌੜਗੜ੍ਹ, ਬੀਕਾਨੇਰ-ਲਾਲਗੜ੍ਹ, ਚੁਰੂ-ਸਾਦੁਲਪੁਰ ਅਤੇ ਲੂਣੀ-ਭੀਲੜੀ ਸੈਕਸ਼ਨ 'ਤੇ ਦੋਹਰੀਕਰਨ (ਡਬਲਿੰਗ) ਦਾ ਕੰਮ; ਧੌਲਪੁਰ-ਸਿਰਮਥੁਰਾ-ਗੰਗਾਪੁਰ ਸਿਟੀ ਅਤੇ ਦੇਵਗੜ੍ਹ ਮਦਾਰੀਆ-ਨਾਥਦੁਆਰਾ ਸਮੇਤ ਗੇਜ ਤਬਦੀਲੀ ਪ੍ਰੋਜੈਕਟ; ਮਥੁਰਾ ਅਤੇ ਝਾਂਸੀ ਵਿਚਕਾਰ ਤੀਜੀ ਲਾਈਨ; ਮਥੁਰਾ ਅਤੇ ਨਾਗਦਾ ਵਿਚਕਾਰ ਤੀਜੀ ਅਤੇ ਚੌਥੀ ਲਾਈਨ; ਅਤੇ ਨੀਮਚ-ਬੜੀ ਸਾਦੜੀ ਤੇ ਪੁਸ਼ਕਰ-ਮੇੜਤਾ ਸਿਟੀ ਵਰਗੀਆਂ ਨਵੀਆਂ ਲਾਈਨਾਂ ਸ਼ਾਮਲ ਹਨ।
ਰੇਲ ਮੰਤਰੀ ਨੇ ਕਿਹਾ ਕਿ ਰੇਵਾੜੀ-ਖਾਟੂਵਾਸ ਅਤੇ ਰੀਂਗਸ-ਸੀਕਰ ਸੈਕਸ਼ਨ ’ਤੇ ਦੋਹਰੀਕਰਨ ਦਾ ਕੰਮ ਵੀ ਅੱਗੇ ਵਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ਼ਿਓਪੁਰ ਕਲਾਂ-ਕੋਟਾ ਨਵੀਂ ਲਾਈਨ ਅਤੇ ਤਾਰੰਗਾ ਹਿੱਲ-ਆਬੂ ਰੋਡ ਨਵੀਂ ਲਾਈਨ ਪ੍ਰੋਜੈਕਟ ਵੀ ਅੱਗੇ ਵਧ ਰਹੇ ਹਨ। ਇਸ ਤੋਂ ਇਲਾਵਾ ਉਮਰਾ-ਦੇਬਾਰੀ ਦੋਹਰੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਇਹ ਯਕੀਨੀ ਹੋ ਰਿਹਾ ਹੈ ਕਿ ਰੇਲਵੇ ਦਾ ਵਿਕਾਸ ਰਾਜਸਥਾਨ ਦੇ ਸਾਰੇ ਖੇਤਰਾਂ ਤੱਕ ਪਹੁੰਚੇ।
ਸ਼੍ਰੀ ਭੁਪੇਂਦਰ ਯਾਦਵ ਨੇ ਅਲਵਰ ਖੇਤਰ ਵਿੱਚ ਰੇਲਵੇ ਸੰਪਰਕ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯਾਤਰੀਆਂ ਦੇ ਫਾਇਦੇ ਲਈ ਕਈ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਾਂ ਉਨ੍ਹਾਂ ਦਾ ਵਿਸਤਾਰ ਕੀਤਾ ਗਿਆ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਅਲਵਰ ਰੇਲਵੇ ਸਟੇਸ਼ਨ ਦਾ ਮੁੜ-ਵਿਕਾਸ ਰਾਜਸਥਾਨ ਦੀ ਸ਼ਾਨ ਅਤੇ ਪੁਰਾਤਤਵ ਦੀ ਪਛਾਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਅਲਵਰ ਸਟੇਸ਼ਨ ਸੂਬੇ ਦੇ ਸਭ ਤੋਂ ਬਿਹਤਰ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਬਣ ਕੇ ਉਭਰੇਗਾ। ਸ਼੍ਰੀ ਯਾਦਵ ਨੇ ਇਸ ਖੇਤਰ ਵਿੱਚ ਕਈ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਅਤੇ ਪੂਰਾ ਕਰਨ ਲਈ ਰੇਲ ਮੰਤਰਾਲੇ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੰਪਰਕ ਵਿੱਚ ਸੁਧਾਰ ਹੋਣ ਅਤੇ ਆਵਾਜਾਈ ਆਸਾਨ ਹੋਣ ਨਾਲ ਖੈਰਥਲ, ਕਿਸ਼ਨਗੜ੍ਹ ਬਾਸ, ਬਹਿਰੋੜ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

ਸ਼੍ਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਰਾਜਸਥਾਨ ਨੂੰ ਦਿੱਲੀ ਦੇ ਨੇੜੇ ਹੋਣ ਦਾ ਫਾਇਦਾ ਮਿਲ ਰਿਹਾ ਹੈ। ਇਸ ਨਾਲ ਸੂਬੇ ਵਿੱਚ ਉਦਯੋਗਿਕ ਅਤੇ ਆਵਾਜਾਈ ਸੰਪਰਕ ਮਜ਼ਬੂਤ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਿਵਾੜੀ, ਨੀਮਰਾਨਾ ਅਤੇ ਖੁਸ਼ਖੇੜਾ ਵਰਗੇ ਉਦਯੋਗਿਕ ਕੇਂਦਰਾਂ ਨੂੰ ਬਿਹਤਰ ਰੇਲਵੇ ਅਤੇ ਆਵਾਜਾਈ ਬੁਨਿਆਦੀ ਢਾਂਚੇ ਰਾਹੀਂ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਖੇਤਰ ਲਈ ਦੋ ਪ੍ਰਮੁੱਖ ਰੇਲ ਸੰਪਰਕ ਕਾਰੀਡੋਰਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿੱਚ ਅਲਵਰ ਵੱਲ ਇੱਕ ਰੇਲਵੇ ਲਾਈਨ ਅਤੇ ਬਹਿਰੋੜ ਵੱਲ ਇੱਕ ਆਰ.ਆਰ.ਟੀ.ਐੱਸ. ਕਾਰੀਡੋਰ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਰਵਾਇਤੀ ਰੇਲਵੇ ਬੁਨਿਆਦੀ ਢਾਂਚੇ ਅਤੇ ਖੇਤਰੀ ਰੈਪਿਡ ਟ੍ਰਾਂਜ਼ਿਟ ਸਿਸਟਮ ਦੋਵਾਂ ਦੇ ਆਪਸੀ ਤਾਲਮੇਲ ਵਿੱਚ ਸੁਧਾਰ ਕਰਨਗੇ ਅਤੇ ਸੂਬਾ ਸਰਕਾਰ ਇਹਨਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਵਚਨਬੱਧ ਹੈ।
ਭਾਰਤੀ ਰੇਲਵੇ ਤਰੱਕੀ, ਭਰੋਸੇ ਅਤੇ ਇੱਕ ਵਿਕਸਿਤ ‘ਨਵੇਂ ਭਾਰਤ’ ਦੇ ਪ੍ਰਤੀਕ ਵਜੋਂ ਲਗਾਤਾਰ ਅੱਗੇ ਵਧ ਰਿਹਾ ਹੈ। ਇਹ ਹਰ ਯਾਤਰੀ ਲਈ ਸੁਰੱਖਿਅਤ, ਸੁਵਿਧਾਜਨਕ ਅਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਉਣ ਲਈ ਯਾਤਰੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(Release ID: 2262344)
ਵਿਜ਼ੀਟਰ ਕਾਊਂਟਰ : 15