ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਥੂਥੁਕੁਡੀ ਵਿੱਚ ਭਾਰਤ ਦੇ ਪਹਿਲੇ ਮੈਗਾ ਗ੍ਰੀਨਫੀਲਡ ਸ਼ਿਪਯਾਰਡ ਲਈ ਇਤਿਹਾਸਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਗਏ


ਐੱਚਡੀ ਕੇਐੱਸਓਈ,ਐੱਨਸ਼ਿਪ-ਟੀਐੱਨ ਅਤੇ ਐੱਸਐੱਮਐੱਫਸੀਐੱਲ ਨੇ 2.5 ਮਿਲੀਅਨ ਜੀਟੀ ਸਮਰੱਥਾ ਵਾਲੇ ਸ਼ਿਪਯਾਰਡ ਲਈ ਤਿਕੋਣੇ ਸਮਝੌਤੇ ’ਤੇ ਦਸਤਖ਼ਤ ਕੀਤੇ; ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਨੂੰ ਵੱਡਾ ਹੁਲਾਰਾ ਮਿਲਿਆ

Posted On: 13 MAY 2026 4:57PM by PIB Chandigarh

ਭਾਰਤ ਦੇ ਸਮੁੰਦਰੀ ਖੇਤਰ ਲਈ ਇੱਕ ਇਤਿਹਾਸਕ ਘਟਨਾਕ੍ਰਮ ਵਿੱਚ 20 ਅਪ੍ਰੈਲ, 2026 ਨੂੰ ਭਾਰਤ ਸਰਕਾਰ ਦੇ ਅਧੀਨ ਇੱਕ ਪ੍ਰਮੁੱਖ ਬੰਦਰਗਾਹ ਵੀਓ ਚਿਦੰਬਰਨਾਰ ਪੋਰਟ ਅਥਾਰਟੀ (ਵੀਓਸੀਪੀਏ) ਅਤੇ ਤਾਮਿਲਨਾਡੂ ਸਰਕਾਰ ਦੇ ਉਪਕਰਮ ਸਟੇਟ ਇੰਡਸਟਰੀਜ਼ ਪ੍ਰਮੋਸ਼ਨ ਕਾਰਪੋਰੇਸ਼ਨ ਆਫ ਤਾਮਿਲਨਾਡੂ (ਐੱਸਆਈਪੀਸੀਓਟੀ) ਵੱਲੋਂ ਸਾਂਝੇ ਤੌਰ ’ਤੇ ਪ੍ਰਮੋਟ ਕੀਤੇ ਗਏ ਇੱਕ ਵਿਸ਼ੇਸ਼ ਉਦੇਸ਼ ਵਾਹਨ  'ਨੈਸ਼ਨਲ ਸ਼ਿਪਬਿਲਡਿੰਗ ਐਂਡ ਹੈਵੀ ਇੰਡਸਟਰੀਜ਼ ਪਾਰਕ, ਤਾਮਿਲਨਾਡੂ ਲਿਮਟਿਡ' (ਐੱਨਐੱਸਐੱਚਆਈਪੀ-ਟੀਐੱਨ) ਦੇ ਵਿਚਕਾਰ ਤਾਮਿਲਨਾਡੂ ਦੇ ਥੂਥੁਕੁਡੀ ਵਿੱਚ ਭਾਰਤ ਦੇ ਪਹਿਲੇ ਮੈਗਾ ਗ੍ਰੀਨਫੀਲਡ ਸ਼ਿਪਯਾਰਡ ਦੇ ਵਿਕਾਸ ਲਈ ਇੱਕ ਤਿਕੋਣੀ ਸਮਝੌਤਾ ਪੱਤਰ ’ਤੇ  ਹਸਤਾਖ਼ਰ ਕੀਤੇ ਗਏ।

ਦੱਖਣੀ ਕੋਰੀਆ ਗਣਰਾਜ (ਆਰਓਕੇ) ਦੇ ਰਾਸ਼ਟਰਪਤੀ ਸ਼੍ਰੀ ਲੀ ਜੇ ਮਯੁੰਗ ਦੀ ਭਾਰਤ ਦੀ ਸਰਕਾਰੀ ਯਾਤਰਾ ਦੌਰਾਨ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਦੀ ਮੌਜੂਦਗੀ ਵਿੱਚ 20 ਅਪ੍ਰੈਲ, 2026 ਨੂੰ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਗਏ। ਭਾਰਤ-ਆਰਓਕੇ ਵਿਆਪਕ ਰੂਪ-ਰੇਖਾ ਵੀਓਵਾਈਏਜੀਈਐੱਸ (ਕੁਸ਼ਲਤਾ ਅਤੇ ਪੈਮਾਨੇ ਦੇ ਨਾਲ ਯਾਰਡ ਸਹਾਇਤਾ ਪ੍ਰਾਪਤ ਵਿਕਾਸ ਦੇ ਸੰਚਾਲਨ ਲਈ ਸਾਂਝਾ ਦ੍ਰਿਸ਼ਟੀਕੋਣ) (Shared Vision for Operation of Yard Assisted Growth with Efficiency and Scale) ਦੇ ਤਹਿਤ ਇਸ ਸਮਝੌਤੇ ਦਾ ਉਦੇਸ਼ ਜਹਾਜ਼ ਨਿਰਮਾਣ, ਜਹਾਜ਼ਰਾਨੀ ਅਤੇ ਸਮੁੰਦਰੀ ਲੌਜਿਸਟਿਕਸ ਵਿੱਚ ਭਾਈਵਾਲੀ ਕਰਨਾ ਹੈ। ਇਸ ਰੂਪ-ਰੇਖਾ ਦਾ ਸ਼ੁਭਾਰੰਭ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਲੀ ਜੇ ਮਯੁੰਗ ਦੀ ਭਾਰਤ ਯਾਤਰਾ ਦੌਰਾਨ ਹੋਈ ਬੈਠਕ ਤੋਂ ਬਾਅਦ ਕੀਤਾ ਗਿਆ ਸੀ।

ਥੂਥੁਕੁਡੀ ਗ੍ਰੀਨਫੀਲਡ ਸ਼ਿਪਯਾਰਡ ਭਾਰਤ-ਦੱਖਣੀ ਕੋਰੀਆ ਸਮੁੰਦਰੀ ਸਹਿਯੋਗ ਢਾਂਚੇ ਦੇ ਤਹਿਤ ਸਭ ਤੋਂ ਪਹਿਲਾਂ ਲਾਗੂ ਕੀਤੇ ਗਏ ਨਤੀਜਿਆਂ ਵਿੱਚੋਂ ਇੱਕ ਹੈ ਅਤੇ ਸਮੁੰਦਰੀ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਧ ਰਹੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ।

ਸਮਝੌਤਾ ਪੱਤਰ ਥੂਥੁਕੁਡੀ ਵਿੱਚ ਵਿਸ਼ਵ ਪੱਧਰੀ ਮੈਗਾ ਸ਼ਿਪਯਾਰਡ ਦੇ ਸਾਂਝੇ ਵਿਕਾਸ, ਵਿੱਤ-ਪੋਸ਼ਣ, ਨਿਰਮਾਣ ਅਤੇ ਸੰਚਾਲਨ ਲਈ ਅਧਾਰ ਪ੍ਰਦਾਨ ਕਰਦਾ ਹੈ, ਜਿਸਦੀ ਅਨੁਮਾਨਿਤ ਸਾਲਾਨਾ ਸਮਰੱਥਾ 25 ਲੱਖ ਗ੍ਰੌਸ ਟਨ (ਜੀਟੀ) ਹੈ। ਪ੍ਰੋਜੈਕਟ ਦੇ ਸੁਚਾਰੂ ਰੂਪ ਵਿੱਚ ਚੱਲਣ ’ਤੇ ਲਗਭਗ 15,000 ਸਿੱਧੇ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਨਾਲ ਹੀ ਤਾਮਿਲਨਾਡੂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਕਾਫ਼ੀ ਅਸਿੱਧੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

ਪ੍ਰਸਤਾਵਿਤ ਸ਼ਿਪਯਾਰਡ, ਐੱਨਸ਼ਿਪ-ਟੀਐੱਨ ਵੱਲੋਂ ਵਿਕਸਤ ਕੀਤੇ ਜਾ ਰਹੇ ਥੂਥੁਕੁਡੀ ਸ਼ਿਪਬਿਲਡਿੰਗ ਕਲੱਸਟਰ ਦੀ ਮੁੱਖ ਸਹੂਲਤ ਵਜੋਂ ਕੰਮ ਕਰੇਗਾ। ਪ੍ਰੋਜੈਕਟ ਲਈ ਤਕਨੀਕੀ-ਆਰਥਿਕ ਸੰਭਾਵਨਾ ਰਿਪੋਰਟ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦਕਿ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦਾ ਕੰਮ ਇਸ ਵੇਲੇ ਜਾਰੀ ਹੈ। ਐੱਨਸ਼ਿਪ-ਟੀਐੱਨ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਜਹਾਜ਼ ਨਿਰਮਾਣ ਮਿਸ਼ਨ ਤੋਂ ਥੂਥੁਕੁਡੀ ਵਿੱਚ ਪ੍ਰਸਤਾਵਿਤ ਗ੍ਰੀਨਫੀਲਡ ਸ਼ਿਪਬਿਲਡਿੰਗ ਕਲੱਸਟਰ ਲਈ ਸਿਧਾਂਤਕ ਪ੍ਰਵਾਨਗੀ ਵੀ ਮਿਲ ਚੁੱਕੀ ਹੈ।

ਭਾਰਤ ਦੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਦਾ ਟੀਚਾ ਭਾਰਤ ਨੂੰ ਵਿਸ਼ਵ ਪੱਧਰ ’ਤੇ ਚੋਟੀ ਦੇ ਪੰਜ ਜਹਾਜ਼ ਨਿਰਮਾਣ ਕਰਨ ਵਾਲੇ ਦੇਸ਼ਾਂ ਵਿੱਚ ਸਥਾਨ ਦਿਵਾਉਣਾ ਹੈ, ਜਿਸ ਦੇ ਤਹਿਤ ਸਾਲ 2047 ਤੱਕ ਪ੍ਰਤੀ ਸਾਲ 4.5 ਮਿਲੀਅਨ ਜੀਟੀ ਜਹਾਜ਼ ਨਿਰਮਾਣ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਪ੍ਰਸਤਾਵਿਤ ਥੂਥੁਕੁਡੀ ਪਲਾਂਟ, ਜਿਸ ਦੀ ਅਨੁਮਾਨਿਤ ਸਾਲਾਨਾ ਸਮਰੱਥਾ 2.5 ਮਿਲੀਅਨ ਜੀਟੀ ਹੈ, ਤੋਂ ਭਾਰਤ ਦੇ ਵਪਾਰਕ ਜਹਾਜ਼ ਨਿਰਮਾਣ ਦ੍ਰਿਸ਼ ਵਿੱਚ ਮਹੱਤਵਪੂਰਨ ਤਬਦੀਲੀ ਆਉਣ ਅਤੇ ਦੇਸ਼ ਦੇ ਮੌਜੂਦਾ ਜਹਾਜ਼ ਨਿਰਮਾਣ ਸਮਰੱਥਾ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਹੈ।

ਜਹਾਜ਼ ਨਿਰਮਾਣ ਸਮਰੱਥਾ ਸਿਰਜਣ ਤੋਂ ਇਲਾਵਾ, ਇਸ ਪ੍ਰੋਜੈਕਟ ਦਾ ਉਦੇਸ਼ ਸਹਾਇਕ ਅਤੇ ਕੰਪੋਨੈਂਟ ਮੈਨੂਫੈਕਚਰਿੰਗ ਕਲੱਸਟਰਾਂ, ਸਮੁੰਦਰੀ ਉਪਕਰਣਾਂ ਅਤੇ ਇੰਜੀਨੀਅਰਿੰਗ ਸਪਲਾਈ ਚੇਨਾਂ ਦੇ ਸਥਾਨਕੀਕਰਨ, ਕਾਰਜਬਲ  ਹੁਨਰ ਵਿਕਾਸ ਦੀਆਂ ਪਹਿਲਕਦਮੀਆਂ ਅਤੇ ਉੱਨਤ ਨਿਰਮਾਣ, ਡਿਜੀਟਲ ਜਹਾਜ਼ ਨਿਰਮਾਣ ਅਤੇ ਹਰੀ ਸ਼ਿਪਿੰਗ ਤਕਨਾਲੋਜੀਆਂ ਨੂੰ ਅਪਣਾਉਣ ਰਾਹੀਂ ਇੱਕ ਵਿਆਪਕ ਸਮੁੰਦਰੀ ਉਦਯੋਗਿਕ ਈਕੋਸਿਸਟਮ ਦੇ ਵਿਕਾਸ ਨੂੰ ਰਫਤਾਰ ਪ੍ਰਦਾਨ ਕਰਨਾ ਹੈ। ਇਹ ਸਹਿਯੋਗ ਦੱਖਣੀ ਕੋਰੀਆ ਗਣਰਾਜ ਵਿੱਚ ਐੱਚਡੀ ਕੇਐੱਸਓਈ  ਦੀਆਂ ਸਹੂਲਤਾਂ ਵਿੱਚ ਭਾਰਤੀ ਜਹਾਜ਼ ਨਿਰਮਾਣ ਪੇਸ਼ਾਵਰਾਂ ਅਤੇ ਕਾਮਿਆਂ ਦੀ ਸਿਖਲਾਈ ਨੂੰ ਵੀ ਸੁਖਾਲਾ ਬਣਾ ਸਕਦਾ ਹੈ।

ਸਰਕਾਰ ਨੇ ਸਤੰਬਰ, 2025 ਵਿੱਚ ਚਾਰ-ਥੰਮ੍ਹਾਂ ਵਾਲੇ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ ਲਗਭਗ 70,000 ਕਰੋੜ ਰੁਪਏ ਦੇ ਇੱਕ ਵਿਆਪਕ ਜਹਾਜ਼ ਨਿਰਮਾਣ ਨੀਤੀ ਪੈਕੇਜ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਭਾਰਤ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਜਹਾਜ਼ ਨਿਰਮਾਣ ਕੇਂਦਰ ਵਜੋਂ ਤੇਜ਼ੀ ਨਾਲ ਵਿਕਸਤ ਕਰਨਾ ਹੈ। ਇਸ ਨੀਤੀ ਪੈਕੇਜ ਦੇ ਲਾਗੂ ਹੋਣ ਤੋਂ ਬਾਅਦ ਭਾਰਤੀ ਜਹਾਜ਼ ਨਿਰਮਾਣ ਕੇਂਦਰਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਵਧਦੀ ਦਿਲਚਸਪੀ ਅਤੇ ਆਰਡਰਾਂ ਦੀ ਆਮਦ ਦੇਖੀ ਗਈ ਹੈ, ਜੋ ਦੇਸ਼ ਦੀਆਂ ਜਹਾਜ਼ ਨਿਰਮਾਣ ਸਮਰੱਥਾਵਾਂ ਅਤੇ ਹਰੀ ਤਕਨਾਲੋਜੀ ਦੀ ਤਿਆਰੀ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ।

ਸੀਐੱਮਏ ਸੀਜੀਐੱਮ  ਨੇ ਕੋਚੀਨ ਸ਼ਿਪਯਾਰਡ ਲਿਮਟਿਡ (ਸੀਐੱਸਐੱਲ) ਵਿੱਚ ਛੇ 1,700 ਟੀਈਯੂ  ਜਹਾਜ਼ਾਂ ਲਈ ਆਰਡਰ ਦਿੱਤੇ ਹਨ, ਜਦਕਿ ਸਵਾਨ ਐਨਰਜੀ ਦੇ ਪਿਪਾਵਾਵ ਸ਼ਿਪਯਾਰਡ ਨੇ ਨਾਰਵੇ ਤੋਂ ਛੇ ਰਸਾਇਣਕ ਟੈਂਕਰਾਂ ਅਤੇ ਬ੍ਰਿਟੇਨ ਤੋਂ ਚਾਰ ਅਮੋਨੀਆ-ਸੰਚਾਲਿਤ ਕਾਮਸਾਰਮੈਕਸ ਬਲਕ ਕੈਰੀਅਰਾਂ ਲਈ ਅੰਤਰਰਾਸ਼ਟਰੀ ਆਰਡਰ ਹਾਸਲ ਕੀਤੇ ਹਨ।

ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਸ ਮੌਕੇ ’ਤੇ ਕਿਹਾ, “ਇਸ ਇਤਿਹਾਸਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਵਿਸ਼ਵਵਿਆਪੀ ਸਮੁੰਦਰੀ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਦਾ ਇੱਕ ਮਹੱਤਵਪੂਰਨ ਮੋੜ ਹੈ। ਵੀਓਵਾਈਏਜੀਐੱਸ  ਢਾਂਚੇ ਦੇ ਤਹਿਤ ਇਹ ਭਾਈਵਾਲੀ ਭਾਰਤ ਨੂੰ ਵਿਸ਼ਵ ਪੱਧਰੀ ਤਕਨਾਲੋਜੀ, ਵਿਆਪਕ ਸਮਰੱਥਾ, ਨਵੀਨਤਾ ਅਤੇ ਹਰੀ ਜਹਾਜ਼ ਨਿਰਮਾਣ ਸਮਰੱਥਾ ਪ੍ਰਦਾਨ ਕਰੇਗੀ । ਇਹ ਨਾ ਸਿਰਫ ਭਾਰਤ ਦੀ ਵਪਾਰਕ ਜਹਾਜ਼ ਨਿਰਮਾਣ ਸਮਰੱਥਾ ਵਿੱਚ ਤਬਦੀਲੀ ਲਿਆਏਗੀ, ਸਗੋਂ ਹਜ਼ਾਰਾਂ ਹੁਨਰਮੰਦ ਰੁਜ਼ਗਾਰ ਪੈਦਾ ਕਰੇਗੀ, ਉਦਯੋਗਿਕ ਵਿਕਾਸ ਨੂੰ ਗਤੀ ਦੇਵੇਗੀ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨਾਲ ਸਾਡੇ ਸਮੁੰਦਰੀ ਵਾਤਾਵਰਣ (ਈਕੋਸਿਸਟਮ) ਨੂੰ ਮਜ਼ਬੂਤ ​​ਕਰੇਗੀ। ਭਾਰਤ ਦੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਦੇ ਨਾਲ ਹੀ ਥੂਥੁਕੁਡੀ ਵਿਸ਼ਵ ਲਈ ਇੱਕ ਰਣਨੀਤਕ ਸਮੁੰਦਰੀ ਅਤੇ ਉਦਯੋਗਿਕ ਕੇਂਦਰ ਵਜੋਂ ਉਭਰੇਗਾ।

ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਭਾਰਤ ਨੂੰ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਸਮੁੰਦਰੀ ਨਿਰਮਾਣ ਰਾਸ਼ਟਰ ਵਜੋਂ ਸਥਾਪਿਤ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ ਅਤੇ ਇਹ ਅੰਤਰਰਾਸ਼ਟਰੀ ਭਾਈਵਾਲੀ, ਉੱਨਤ ਤਕਨਾਲੋਜੀਆਂ ਅਤੇ ਟਿਕਾਊ ਵਿਕਾਸ ਦੇ ਮਾਧਿਅਮ ਰਾਹੀਂ ਵੱਡੇ ਪੱਧਰ ’ਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।

************

ਸਮਰਾਟ/ਐੱਮਆਈ/ਆਈਵਾਈ


(Release ID: 2262310) ਵਿਜ਼ੀਟਰ ਕਾਊਂਟਰ : 18