ਸਹਿਕਾਰਤਾ ਮੰਤਰਾਲਾ
azadi ka amrit mahotsav

“ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਨਵੀਂ ਗਤੀ: ਸ਼੍ਰੀ ਅਮਿਤ ਸ਼ਾਹ ਨੇ ਦਸ਼ੇਲਾ ਵਿਖੇ ਮਧੁਰ ਡੇਅਰੀ ਦੇ ਅਤਿ-ਆਧੁਨਿਕ ਦੁੱਧ ਪ੍ਰੋਸੈੱਸਿੰਗ ਪਲਾਂਟ ਦਾ ਉਦਘਾਟਨ ਕੀਤਾ


1971 ਵਿੱਚ ਸਥਾਪਿਤ ਮਧੁਰ ਡੇਅਰੀ ਅੱਜ ਸਹਿਕਾਰੀ ਮਾਡਲ ਦੀ ਸਫਲਤਾ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਵਜੋਂ ਉਭਰੀ ਹੈ ਜਿਸਦਾ ਸਲਾਨਾ ਕਾਰੋਬਾਰ 628 ਕਰੋੜ ਰੁਪਏ ਹੈ

128 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਆਧੁਨਿਕ ਮਧੁਰ ਡੇਅਰੀ ਪਲਾਂਟ ਦੁੱਧ ਪ੍ਰੋਸੈੱਸਿੰਗ ਸਮਰੱਥਾ ਦੁੱਗਣੀ ਹੋਕੇ 5 ਲੱਖ ਲੀਟਰ ਪ੍ਰਤੀ ਦਿਨ ਹੋਵੇਗੀ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ "ਵ੍ਹਾਈਟ ਰੈਵੋਲਿਊਸ਼ਨ 2.0" ਅਗਲੇ 10 ਵਰ੍ਹਿਆਂ ਵਿੱਚ ਭਾਰਤ ਦੇ ਦੁੱਧ ਉਤਪਾਦਨ ਨੂੰ ਤਿੰਨ ਗੁਣਾ ਕਰੇਗਾ

ਮੋਦੀ ਸਰਕਾਰ ਦੁਆਰਾ ਅਪਣਾਏ ਗਏ ਸਰਕੂਲਰ ਅਰਥਵਿਵਸਥਾ ਦੇ ਸਿਧਾਂਤ ਡੇਅਰੀ ਸੈਕਟਰ ਦੀ ਆਮਦਨ ਨੂੰ 20 ਪ੍ਰਤੀਸ਼ਤ ਤੱਕ ਵਧਾਉਣ ਵਿੱਚ ਮਦਦ ਕਰਨਗੇ

ਅਮੂਲ ਦਾ ਏਆਈ ਡਿਜੀਟਲ ਸਹਾਇਕ "ਸਰਲਾਬੇਨ" ਪੇਂਡੂ ਔਰਤਾਂ ਅਤੇ ਪਸ਼ੂ ਪਾਲਣ ਕਿਸਾਨਾਂ ਲਈ ਤਕਨੀਕੀ ਸਸ਼ਕਤੀਕਰਣ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਉੱਭਰ ਰਿਹਾ ਹੈ

ਗੁਜਰਾਤ ਦੀਆਂ 36 ਲੱਖ ਔਰਤਾਂ ਰੋਜ਼ਾਨਾ 3 ਕਰੋੜ ਲੀਟਰ ਦੁੱਧ ਦਾ ਵਪਾਰ ਕਰ ਰਹੀਆਂ ਹਨ, ਹਰ ਰੋਜ਼ 200 ਕਰੋੜ ਰੁਪਏ ਦਾ ਕਾਰੋਬਾਰ ਪੈਦਾ ਕਰ ਰਹੀਆਂ ਹਨ, ਇਹ "ਸਹਕਾਰ ਸੇ ਸਮ੍ਰਿੱਧੀ" ਦਾ ਆਦਰਸ਼ ਹੈ

Posted On: 17 MAY 2026 7:28PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਮੰਤਰ ਰਾਹੀਂ ਇੱਕ ਖੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਅਤੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਸਹਿਕਾਰਤਾ ਮੰਤਰਾਲਾ ਆਧੁਨਿਕ ਬੁਨਿਆਦੀ ਢਾਂਚੇ, ਤਕਨਾਲੋਜੀ-ਯੋਗ ਪ੍ਰਣਾਲੀਆਂ ਅਤੇ ਕਿਸਾਨ-ਕੇਂਦ੍ਰਿਤ ਪਹਿਲਕਦਮੀਆਂ ਰਾਹੀਂ ਦੇਸ਼ ਭਰ ਵਿੱਚ ਸਹਿਕਾਰੀ ਵਾਤਾਵਰਣ ਨੂੰ ਮਜ਼ਬੂਤ ​​ਕਰਨ ਲਈ ਨਿਰੰਤਰ ਕੰਮ ਕਰ ਰਿਹਾ ਹੈ। ਇਸ ਦਿਸ਼ਾ ਵਿੱਚ, ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਦੇ ਦਸ਼ੇਲਾ ਵਿਖੇ ਮਧੁਰ ਡੇਅਰੀ ਯੂਨਿਟ-2 ਦੇ ਅਤਿ-ਆਧੁਨਿਕ ਆਟੋਮੇਟਿਡ ਦੁੱਧ ਪ੍ਰੋਸੈੱਸਿੰਗ ਅਤੇ ਪੈਕੇਜਿੰਗ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਗੁਜਰਾਤ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਗੁਜਰਾਤ ਦੇ ਮੰਤਰੀ ਸ਼੍ਰੀ ਹਰਸ਼ ਸੰਘਵੀ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।

ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਸ਼ੇਲਾ ਵਿਖੇ ਸਥਾਪਿਤ ਆਧੁਨਿਕ ਡੇਅਰੀ ਪਲਾਂਟ ਸਿਰਫ਼ ਇੱਕ ਉਦਯੋਗਿਕ ਪ੍ਰੋਜੈਕਟ ਨਹੀਂ ਹੈ, ਸਗੋਂ ਲੱਖਾਂ ਦੁੱਧ ਉਤਪਾਦਕ ਪਰਿਵਾਰਾਂ, ਖਾਸ ਕਰਕੇ ਪੇਂਡੂ ਮਾਵਾਂ ਅਤੇ ਭੈਣਾਂ ਦੇ ਆਰਥਿਕ ਸਸ਼ਕਤੀਕਰਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਲਗਭਗ 128 ਕਰੋੜ ਰੁਪਏ ਦੀ ਲਾਗਤ ਨਾਲ 15 ਏਕੜ ਤੋਂ ਵੱਧ ਰਕਬੇ ਵਿੱਚ ਬਣੇ ਇਸ ਪਲਾਂਟ ਵਿੱਚ ਵਰਤਮਾਨ ਵਿੱਚ ਪ੍ਰਤੀ ਦਿਨ 2.5 ਲੱਖ ਲੀਟਰ ਦੁੱਧ ਦੀ ਪ੍ਰੋਸੈੱਸਿੰਗ  ਕਰਨ ਦੀ ਸਮਰੱਥਾ ਹੈ, ਜਿਸ ਨੂੰ ਭਵਿੱਖ ਵਿੱਚ 5 ਲੱਖ ਲੀਟਰ ਪ੍ਰਤੀ ਦਿਨ ਤੱਕ ਵਧਾਇਆ ਜਾਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਪ੍ਰੋਜੈਕਟ ਤੋਂ ਹੋਣ ਵਾਲੇ ਮੁਨਾਫ਼ੇ ਦਾ ਇੱਕ ਵੱਡਾ ਹਿੱਸਾ ਸਿੱਧਾ ਦੁੱਧ ਉਤਪਾਦਕਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇਗਾ, ਜਿਸ ਨਾਲ ਪੇਂਡੂ ਅਰਥਵਿਵਸਥਾ ਮਜ਼ਬੂਤ ​​ਹੋਵੇਗੀ। ਉਨ੍ਹਾਂ ਕਿਹਾ ਕਿ ਡੇਅਰੀ ਸਹਿਕਾਰੀ ਮਾਡਲ ਨੇ ਪਿੰਡਾਂ ਵਿੱਚ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਬਦਲ ਦਿੱਤਾ ਹੈ। ਪਹਿਲਾਂ, ਔਰਤਾਂ ਜ਼ਿਆਦਾਤਰ ਘਰੇਲੂ ਜ਼ਿੰਮੇਵਾਰੀਆਂ ਤੱਕ ਸੀਮਤ ਸਨ, ਪਰ ਅੱਜ ਉਹ ਡੇਅਰੀ ਗਤੀਵਿਧੀਆਂ ਰਾਹੀਂ ਆਪਣੇ ਪਰਿਵਾਰਾਂ ਦੀ ਆਰਥਿਕ ਮਜ਼ਬੂਤੀ ਵਿੱਚ ਮੁੱਖ ਯੋਗਦਾਨ ਪਾਉਣ ਵਾਲੀਆਂ ਬਣ ਕੇ ਉਭਰੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ, ਤ੍ਰਿਭੁਵਨਦਾਸ ਪਟੇਲ, ਡਾ. ਵਰਗੀਸ ਕੁਰੀਅਨ (Dr. Verghese Kurien) ਅਤੇ ਕਈ ਹੋਰ ਸਹਿਕਾਰੀ ਮੋਢੀਆਂ ਦੁਆਰਾ ਸਥਾਪਿਤ ਸਹਿਕਾਰੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਮਧੁਰ ਡੇਅਰੀ ਅੱਜ ਇੱਕ ਮਜ਼ਬੂਤ ​​ਅਤੇ ਭਰੋਸੇਮੰਦ ਡੇਅਰੀ ਸੰਸਥਾ ਵਜੋਂ ਉੱਭਰੀ ਹੈ। 1971 ਵਿੱਚ ਸਿਰਫ਼ 6,000 ਲੀਟਰ ਦੁੱਧ ਇਕੱਠਾ ਕਰਨ ਅਤੇ 7,000 ਰੁਪਏ ਦੇ ਟਰਨਓਵਰ ਨਾਲ ਆਪਣੀ ਯਾਤਰਾ ਸ਼ੁਰੂ ਕਰਨ ਵਾਲੀ, ਮਧੁਰ ਡੇਅਰੀ ਹੁਣ 628 ਕਰੋੜ ਰੁਪਏ ਦੇ ਸਲਾਨਾ ਟਰਨਓਵਰ ਅਤੇ ਦੁੱਧ ਇਕੱਠਾ ਕਰਨ, ਪ੍ਰੋਸੈੱਸਿੰਗ ਅਤੇ ਵੰਡ ਲਈ ਇੱਕ ਵੱਡੇ ਪੱਧਰ ਦੇ ਨੈੱਟਵਰਕ ਵਾਲੀ ਸੰਸਥਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਹਿਕਾਰੀ ਮਾਡਲ ਦੀ ਸਫਲਤਾ ਦੀ ਇੱਕ ਜੀਵੰਤ ਉਦਾਹਰਣ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਦੇਸ਼ ਨੇ "ਵ੍ਹਾਈਟ ਰੈਵੋਲਿਊਸ਼ਨ 2.0" ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਅਗਲੇ ਦਹਾਕੇ ਵਿੱਚ ਭਾਰਤ ਦੇ ਦੁੱਧ ਉਤਪਾਦਨ ਨੂੰ ਤਿੰਨ ਗੁਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੀਆਂ ਪ੍ਰਮੁੱਖ ਡੇਅਰੀਆਂ, ਜਿਨ੍ਹਾਂ ਵਿੱਚ ਅਮੂਲ, ਬਨਾਸ ਡੇਅਰੀ ਅਤੇ ਮਹਿਸਾਣਾ ਡੇਅਰੀ ਨੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਲਈ ਵਿਸ਼ਵ ਪੱਧਰੀ ਤਕਨਾਲੋਜੀਆਂ ਅਪਣਾਈਆਂ ਹਨ ਅਤੇ ਸਹਿਕਾਰੀ ਢਾਂਚੇ ਰਾਹੀਂ, ਇਹ ਲਾਭ ਸਿੱਧੇ ਦੁੱਧ ਉਤਪਾਦਕਾਂ ਤੱਕ ਪਹੁੰਚ ਰਹੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਮੂਲ ਸਮੇਤ ਦੇਸ਼ ਭਰ ਦੀਆਂ ਸਹਿਕਾਰੀ ਡੇਅਰੀਆਂ ਪ੍ਰੋਟੀਨ ਸ਼ੇਕ, ਪ੍ਰੋਬਾਇਓਟਿਕ ਦਹੀਂ, ਉੱਚ-ਪ੍ਰੋਟੀਨ ਪੀਣ ਵਾਲੇ ਪਦਾਰਥਾਂ ਅਤੇ ਹੋਰ ਮੁੱਲ-ਵਰਧਿਤ ਪੌਸ਼ਟਿਕ ਉਤਪਾਦਾਂ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਪ੍ਰਣਾਲੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਯਕੀਨੀ ਬਣਾਉਣ ਵਿੱਚ ਹੈ ਕਿ ਇਨ੍ਹਾਂ ਸਫਲ ਉਤਪਾਦਾਂ ਦੇ ਅਸਲ ਲਾਭ ਕਿਸਾਨਾਂ ਅਤੇ ਪਸ਼ੂ ਪਾਲਕਾਂ ਤੱਕ ਪਹੁੰਚਣ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ ਲਗਭਗ 36 ਲੱਖ ਔਰਤਾਂ ਪ੍ਰਤੀ ਦਿਨ ਲਗਭਗ 3 ਕਰੋੜ ਲੀਟਰ ਦੁੱਧ ਉਤਪਾਦਨ ਨਾਲ ਜੁੜੀਆਂ ਹੋਈਆਂ ਹਨ ਅਤੇ ਸਹਿਕਾਰੀ ਡੇਅਰੀ ਨੈੱਟਵਰਕ ਰਾਹੀਂ ਹਰ ਰੋਜ਼ ਲਗਭਗ 200 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਆਰਥਿਕ ਗਤੀਵਿਧੀ ਨਹੀਂ ਹੈ, ਸਗੋਂ ਪੇਂਡੂ ਭਾਰਤ ਵਿੱਚ ਮਹਿਲਾ ਸਸ਼ਕਤੀਕਰਣ ਅਤੇ ਆਤਮ-ਨਿਰਭਰਤਾ ਦਾ ਵਿਆਪਕ ਅੰਦੋਲਨ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਇਹ ਵੀ ਕਿਹਾ ਕਿ ਅਮੂਲ ਦੇ ਏਆਈ ਡਿਜੀਟਲ ਅਸਿਸਟੈਂਟ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਨੇ ਏਆਈ ਸੰਮੇਲਨ ਦੌਰਾਨ ਕੀਤਾ ਸੀ। "ਸਰਲਾਬੇਨ" ਨਾਮ ਦਾ ਇਹ ਡਿਜੀਟਲ ਪਲੈਟਫਾਰਮ ਪੇਂਡੂ ਔਰਤਾਂ ਅਤੇ ਪਸ਼ੂ ਪਾਲਕਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਿੰਡਾਂ ਅਤੇ ਆਮ ਪਸ਼ੂ ਪਾਲਕਾਂ ਲਈ ਤਕਨਾਲੋਜੀ ਨੂੰ ਸਰਲ ਅਤੇ ਪਹੁੰਚਯੋਗ ਬਣਾਉਣਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ, ਡੇਅਰੀ ਸੈਕਟਰ ਵਿੱਚ ਸਰਕੂਲਰ ਅਰਥਵਿਵਸਥਾ ਦੇ ਸਿਧਾਂਤਾਂ ਨੂੰ ਅਪਣਾਉਣ ਨਾਲ ਡੇਅਰੀ ਆਮਦਨ ਵਿੱਚ ਘੱਟੋ-ਘੱਟ 20 ਪ੍ਰਤੀਸ਼ਤ ਦਾ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਆਧੁਨਿਕ ਤਕਨਾਲੋਜੀ, ਨਵੀਨਤਾ ਅਤੇ ਮੁੱਲ ਵਾਧੇ ਰਾਹੀਂ ਸਹਿਕਾਰੀ ਡੇਅਰੀ ਸੈਕਟਰ ਨੂੰ ਨਵੀਆਂ ਉਚਾਈਆਂ 'ਤੇ ਲੈਜਾਣ ਲਈ ਵਚਨਬੱਧ ਹੈ।

ਪ੍ਰੋਗਰਾਮ ਦੌਰਾਨ, ਡੇਅਰੀ ਸਹਿਕਾਰੀ ਸਭਾਵਾਂ ਨਾਲ ਜੁੜੀਆਂ ਮਹਿਲਾ ਦੁੱਧ ਉਤਪਾਦਕਾਂ ਨੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੂੰ ਮਧੁਰ ਡੇਅਰੀ ਉਤਪਾਦ ਕਿੱਟ ਭੇਟ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਦੁੱਧ ਉਤਪਾਦਕ ਸਭਾਵਾਂ ਦੇ ਪ੍ਰਤੀਨਿਧੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਮਧੁਰ ਡੇਅਰੀ ਯੂਨਿਟ-2 ਦੇ ਉਦਘਾਟਨ ਨਾਲ ਸਹਿਕਾਰਤਾ-ਅਗਵਾਈ ਵਾਲੇ ਪੇਂਡੂ ਵਿਕਾਸ ਨੂੰ ਹੋਰ ਤੇਜ਼ ਕਰਨ, ਡੇਅਰੀ ਕਿਸਾਨਾਂ ਲਈ ਬਿਹਤਰ ਆਜੀਵਿਕਾ ਦੇ ਮੌਕੇ ਪੈਦਾ ਕਰਨ ਅਤੇ ਆਧੁਨਿਕ ਅਤੇ ਟਿਕਾਊ ਸਹਿਕਾਰੀ ਮਾਡਲਾਂ ਰਾਹੀਂ ਭਾਰਤ ਦੀ ਡੇਅਰੀ ਮੁੱਲ ਲੜੀ ਨੂੰ ਮਜ਼ਬੂਤ ਬਣਾਉਣ ਵਿੱਚ ਮਹਤਵਪੂਰਣ ਯੋਗਦਾਨ ਦੇਵੇਗਾ ​।

****

ਏਕੇ/ਅਹਿਮਦ ਖ਼ਾਨ


(Release ID: 2262233) ਵਿਜ਼ੀਟਰ ਕਾਊਂਟਰ : 10