ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਗੰਗਾ ਐਕਸਪ੍ਰੈੱਸਵੇਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Posted On:
29 APR 2026 2:09PM by PIB Chandigarh
ਭਾਰਤ ਮਾਤਾ ਦੀ ਜੈ।
ਗੰਗਾ ਮਈਆ ਦੀ ਜੈ।
ਗੰਗਾ ਮਈਆ ਦੀ ਜੈ।
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਮੁੱਖ ਮੰਤਰੀ ਸ੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਜੀ ਪਾਠਕ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜਿਤਿਨ ਪ੍ਰਸਾਦ ਜੀ, ਪੰਕਜ ਚੌਧਰੀ ਜੀ, ਯੂਪੀ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਹਿਬਾਨ, ਹੋਰ ਲੋਕ-ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋ।
ਸਭ ਤੋਂ ਪਹਿਲਾਂ, ਮੈਂ ਭਗਵਾਨ ਨਰਸਿੰਘ ਦੀ ਇਸ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਾ ਹਾਂ। ਇੱਥੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਮਾਂ ਗੰਗਾ ਕਿਰਪਾ ਵਹਾਉਂਦੀ ਹੋਈ ਗੁਜ਼ਰਦੀ ਹੈ। ਇਸ ਲਈ, ਇਹ ਪੂਰਾ ਖੇਤਰ ਹੀ ਕਿਸੇ ਤੀਰਥ ਤੋਂ ਘੱਟ ਨਹੀਂ ਹੈ। ਅਤੇ ਮੈਂ ਮੰਨਦਾ ਹਾਂ ਕਿ ਯੂਪੀ ਨੂੰ ਐਕਸਪ੍ਰੈੱਸਵੇਅ ਦਾ ਇਹ ਵਰਦਾਨ, ਇਹ ਵੀ ਮਾਂ ਗੰਗਾ ਦਾ ਹੀ ਅਸ਼ੀਰਵਾਦ ਹੈ। ਹੁਣ ਤੁਸੀਂ ਕੁਝ ਹੀ ਘੰਟਿਆਂ ਵਿੱਚ ਸੰਗਮ ਵੀ ਪਹੁੰਚ ਸਕਦੇ ਹੋ, ਅਤੇ ਕਾਸ਼ੀ ਵਿੱਚ ਬਾਬਾ ਦੇ ਦਰਸ਼ਨ ਕਰਕੇ ਵੀ ਵਾਪਸ ਆ ਸਕਦੇ ਹੋ।
ਸਾਥੀਓ,
ਜਿਵੇਂ ਮਾਂ ਗੰਗਾ ਹਜ਼ਾਰਾਂ ਸਾਲਾਂ ਤੋਂ ਯੂਪੀ ਦੀ ਅਤੇ ਇਸ ਦੇਸ਼ ਦੀ ਜੀਵਨ ਰੇਖਾ ਰਹੀ ਹੈ, ਉਵੇਂ ਹੀ ਆਧੁਨਿਕ ਤਰੱਕੀ ਦੇ ਇਸ ਦੌਰ ਵਿੱਚ, ਉਨ੍ਹਾਂ ਦੇ ਨੇੜਿਓਂ ਗੁਜ਼ਰਦਾ ਇਹ ਐਕਸਪ੍ਰੈੱਸਵੇਅ, ਇਹ ਯੂਪੀ ਦੇ ਵਿਕਾਸ ਦੀ ਨਵੀਂ ਲਾਈਫ ਲਾਈਨ ਬਣੇਗਾ। ਇਹ ਵੀ ਅਦਭੁਤ ਸੰਯੋਗ ਹੈ ਕਿ ਪਿਛਲੇ ਚਾਰ-ਪੰਜ ਦਿਨਾਂ ਵਿੱਚ, ਮੈਂ ਮਾਂ ਗੰਗਾ ਦੀ ਗੋਦ ਵਿੱਚ ਹੀ ਰਿਹਾ ਹਾਂ। 24 ਅਪ੍ਰੈਲ ਨੂੰ ਮੈਂ ਜਦੋਂ ਬੰਗਾਲ ਵਿੱਚ ਸੀ, ਤਾਂ ਮਾਂ ਗੰਗਾ ਦੇ ਦਰਸ਼ਨ ਕੀਤੇ ਸਨ, ਅਤੇ ਫਿਰ ਕੱਲ੍ਹ ਤਾਂ ਮੈਂ ਕਾਸ਼ੀ ਵਿੱਚ ਸੀ। ਅੱਜ ਸਵੇਰੇ ਹੀ ਫਿਰ ਬਾਬਾ ਵਿਸ਼ਵਨਾਥ, ਮਾਂ ਅੰਨਪੂਰਨਾ ਅਤੇ ਮਾਂ ਗੰਗਾ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਅਤੇ ਹੁਣ ਮਾਂ ਗੰਗਾ ਦੇ ਨਾਮ ’ਤੇ ਬਣੇ ਇਸ ਐਕਸਪ੍ਰੈੱਸਵੇਅ ਦੇ ਉਦਘਾਟਨ ਦਾ ਮੌਕਾ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਯੂਪੀ ਸਰਕਾਰ ਨੇ ਇਸ ਐਕਸਪ੍ਰੈੱਸਵੇਅ ਦਾ ਨਾਮ ਮਾਂ ਗੰਗਾ ਦੇ ਨਾਮ ’ਤੇ ਰੱਖਿਆ ਹੈ। ਇਸ ਵਿੱਚ ਵਿਕਾਸ ਦਾ ਸਾਡਾ ਵਿਜ਼ਨ ਵੀ ਝਲਕਦਾ ਹੈ ਅਤੇ ਸਾਡੀ ਵਿਰਾਸਤ ਦੇ ਵੀ ਦਰਸ਼ਨ ਹੁੰਦੇ ਹਨ। ਮੈਂ ਯੂਪੀ ਦੇ ਕਰੋੜਾਂ ਲੋਕਾਂ ਨੂੰ ਗੰਗਾ ਐਕਸਪ੍ਰੈੱਸਵੇਅ ਦੀ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਲੋਕਤੰਤਰ ਦੇ ਉਤਸਵ ਦਾ ਵੀ ਇੱਕ ਅਹਿਮ ਦਿਨ ਹੈ। ਬੰਗਾਲ ਵਿੱਚ ਇਸ ਸਮੇਂ ਦੂਜੇ ਪੜਾਅ ਦੀ ਵੋਟਿੰਗ ਹੋ ਰਹੀ ਹੈ, ਅਤੇ ਜੋ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬੰਗਾਲ ਵਿੱਚ ਭਾਰੀ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ਵਾਂਗ ਹੀ ਜਨਤਾ ਵੋਟ ਦੇਣ ਲਈ ਵੱਡੀ ਗਿਣਤੀ ਵਿੱਚ ਘਰਾਂ ਤੋਂ ਨਿਕਲ ਰਹੀ ਹੈ, ਲੰਬੀਆਂ-ਲੰਬੀਆਂ ਕਤਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿੱਚ ਛਾਈਆਂ ਹੋਈਆਂ ਹਨ। ਪਿਛਲੇ 6-7 ਦਹਾਕਿਆਂ ਵਿੱਚ ਜੋ ਨਹੀਂ ਹੋਇਆ, ਜਿਸ ਦੀ ਕਲਪਨਾ ਵੀ ਮੁਸ਼ਕਿਲ ਸੀ, ਅਜਿਹੇ ਨਿਡਰ ਵਾਤਾਵਰਨ ਵਿੱਚ ਬੰਗਾਲ ਵਿੱਚ ਇਸ ਵਾਰ ਵੋਟਿੰਗ ਹੋ ਰਹੀ ਹੈ। ਲੋਕ ਡਰ ਮੁਕਤ ਹੋ ਕੇ ਵੋਟ ਦੇ ਰਹੇ ਹਨ। ਇਹ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਮਜ਼ਬੂਤ ਹੁੰਦੇ ਲੋਕਤੰਤਰ ਦਾ ਪਵਿੱਤਰ ਪ੍ਰਤੀਕ ਹੈ। ਮੈਂ ਬੰਗਾਲ ਦੀ ਮਹਾਨ ਜਨਤਾ ਦਾ ਧੰਨਵਾਦ ਕਰਦਾ ਹਾਂ ਕਿ ਉਹ ਆਪਣੇ ਅਧਿਕਾਰ ਪ੍ਰਤੀ ਇੰਨੀ ਸਜਗ ਹੈ, ਵੱਡੀ ਗਿਣਤੀ ਵਿੱਚ ਵੋਟਿੰਗ ਕਰ ਰਹੀ ਹੈ। ਅਜੇ ਵੋਟਿੰਗ ਖਤਮ ਹੋਣ ਵਿੱਚ ਕਈ ਘੰਟੇ ਬਾਕੀ ਹਨ, ਮੈਂ ਬੰਗਾਲ ਦੀ ਜਨਤਾ ਨੂੰ ਅਪੀਲ ਕਰਾਂਗਾ ਕਿ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਅਜਿਹੇ ਹੀ ਉਤਸ਼ਾਹ ਨਾਲ ਹਿੱਸਾ ਲੈਣ।
ਸਾਥੀਓ,
ਕੁਝ ਸਮਾਂ ਪਹਿਲਾਂ ਜਦੋਂ ਬਿਹਾਰ ਵਿੱਚ ਚੋਣਾਂ ਹੋਈਆਂ, ਤਾਂ ਬੀਜੇਪੀ ਐੱਨਡੀਏ ਨੇ ਪ੍ਰਚੰਡ ਜਿੱਤ ਦਰਜ ਕੀਤੀ ਸੀ, ਇੱਕ ਇਤਿਹਾਸ ਰਚ ਦਿੱਤਾ ਸੀ। ਅਜੇ ਕੱਲ੍ਹ ਹੀ ਗੁਜਰਾਤ ਵਿੱਚ ਮਹਾਨਗਰਪਾਲਿਕਾ, ਨਗਰਪਾਲਿਕਾ, ਜ਼ਿਲ੍ਹਾ ਪੰਚਾਇਤਾਂ, ਨਗਰ ਪੰਚਾਇਤਾਂ, ਤਹਿਸੀਲ ਪੰਚਾਇਤ, ਇਨ੍ਹਾਂ ਸਾਰਿਆਂ ਦੇ ਚੋਣ ਨਤੀਜੇ ਆਏ ਹਨ। ਅਤੇ ਤੁਹਾਨੂੰ ਮੇਰੇ ਉੱਤਰ ਪ੍ਰਦੇਸ਼ ਵਾਸੀਆਂ ਨੂੰ ਖੁਸ਼ੀ ਹੋਵੇਗੀ, 80 ਤੋਂ 85 ਪ੍ਰਤੀਸ਼ਤ ਨਗਰਪਾਲਿਕਾ ਅਤੇ ਪੰਚਾਇਤਾਂ ਭਾਜਪਾ ਨੇ ਜਿੱਤ ਲਈਆਂ ਹਨ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਵੀ ਭਾਜਪਾ ਇਤਿਹਾਸਕ ਜਿੱਤ ਦੀ ਹੈਟ੍ਰਿਕ ਲਗਾਉਣ ਜਾ ਰਹੀ ਹੈ। 4 ਮਈ ਦੇ ਨਤੀਜੇ, ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨਗੇ, ਦੇਸ਼ ਦੇ ਵਿਕਾਸ ਦੀ ਗਤੀ ਨੂੰ ਨਵੀਂ ਊਰਜਾ ਨਾਲ ਭਰਨਗੇ।
ਸਾਥੀਓ,
ਦੇਸ਼ ਦੇ ਤੇਜ਼ ਵਿਕਾਸ ਲਈ ਸਾਨੂੰ ਤੇਜ਼ੀ ਨਾਲ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਵੀ ਨਿਰਮਾਣ ਕਰਨਾ ਹੈ। ਦਸੰਬਰ 2021 ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਣ ਲਈ ਮੈਂ ਸ਼ਾਹਜਹਾਂਪੁਰ ਆਇਆ ਸੀ। ਅਜੇ 5 ਸਾਲ ਤੋਂ ਵੀ ਘੱਟ ਸਮਾਂ ਹੋਇਆ ਹੈ, ਅਤੇ ਤੁਸੀਂ ਦੇਖੋ, ਦੇਸ਼ ਦੇ ਸਭ ਤੋਂ ਵੱਡੇ ਐਕਸਪ੍ਰੈੱਸਵੇਅ ਵਿੱਚ ਸ਼ੁਮਾਰ ਯੂਪੀ ਦਾ ਸਭ ਤੋਂ ਲੰਬਾ ਗ੍ਰੀਨ ਕੌਰੀਡੋਰ ਐਕਸਪ੍ਰੈੱਸਵੇਅ, ਇਹ 5 ਸਾਲ ਦੇ ਅੰਦਰ-ਅੰਦਰ ਬਣ ਕੇ ਤਿਆਰ ਹੋ ਗਿਆ ਹੈ। ਅੱਜ ਹਰਦੋਈ ਤੋਂ ਇਸ ਦਾ ਉਦਘਾਟਨ ਵੀ ਹੋ ਰਿਹਾ ਹੈ। ਇਹੀ ਨਹੀਂ, ਇੱਕ ਪਾਸੇ ਗੰਗਾ ਐਕਸਪ੍ਰੈੱਸਵੇਅ ਦਾ ਨਿਰਮਾਣ ਪੂਰਾ ਹੋਇਆ ਹੈ, ਤਾਂ ਨਾਲ ਹੀ, ਇਸ ਦੇ ਵਿਸਤਾਰ ਦੀ ਯੋਜਨਾ ’ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਜਲਦੀ ਹੀ, ਗੰਗਾ ਐਕਸਪ੍ਰੈੱਸਵੇਅ, ਮੇਰਠ ਤੋਂ ਅੱਗੇ ਵਧ ਕੇ ਹਰਿਦੁਆਰ ਤੱਕ ਪਹੁੰਚੇਗਾ। ਇਸ ਦੀ ਹੋਰ ਬਿਹਤਰ ਵਰਤੋਂ ਲਈ ਫਰੂਖਾਬਾਦ ਲਿੰਕ ਐਕਸਪ੍ਰੈੱਸਵੇਅ ਦਾ ਨਿਰਮਾਣ ਕਰਕੇ, ਇਸ ਨੂੰ ਹੋਰ ਐਕਸਪ੍ਰੈੱਸਵੇਅ ਨਾਲ ਵੀ ਜੋੜਿਆ ਜਾਵੇਗਾ। ਇਹ ਹੈ, ਡਬਲ ਇੰਜਣ ਸਰਕਾਰ ਦਾ ਵਿਜ਼ਨ! ਇਹ ਹੈ ਭਾਜਪਾ ਸਰਕਾਰ ਦੇ ਕੰਮ ਕਰਨ ਦੀ ਸਪੀਡ! ਇਹ ਹੈ, ਭਾਜਪਾ ਸਰਕਾਰ ਦੇ ਕੰਮ ਦਾ ਤਰੀਕਾ!
ਭਰਾਵੋ ਅਤੇ ਭੈਣੋ,
ਕੁਝ ਹੀ ਦਿਨ ਪਹਿਲਾਂ ਮੈਨੂੰ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦੇ ਉਦਘਾਟਨ ਦਾ ਮੌਕਾ ਮਿਲਿਆ ਸੀ। ਉਦੋਂ ਮੈਂ ਕਿਹਾ ਸੀ ਕਿ ਇਹ ਨਵੇਂ ਬਣਦੇ ਐਕਸਪ੍ਰੈੱਸਵੇਅ, ਵਿਕਸਿਤ ਹੁੰਦੇ ਭਾਰਤ ਦੀਆਂ ਹੱਥ ਰੇਖਾਵਾਂ ਹਨ ਅਤੇ ਇਹ ਆਧੁਨਿਕ ਹੱਥ ਰੇਖਾਵਾਂ, ਅੱਜ ਭਾਰਤ ਦੇ ਉਜਵਲ ਭਵਿੱਖ ਦਾ ਜੈਘੋਸ਼ ਕਰ ਰਹੀਆਂ ਹਨ।
ਸਾਥੀਓ,
ਹੁਣ ਉਹ ਦੌਰ ਚਲਾ ਗਿਆ ਹੈ, ਜਦੋਂ ਇੱਕ ਸੜਕ ਲਈ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ! ਇੱਕ ਵਾਰ ਘੋਸ਼ਣਾ ਹੋ ਗਈ, ਤਾਂ ਸਾਲਾਂ ਤੱਕ ਫਾਈਲਾਂ ਚੱਲਦੀਆਂ ਸਨ! ਚੋਣਾਂ ਲਈ ਪੱਥਰ ਲੱਗ ਜਾਂਦਾ ਸੀ, ਉਸ ਤੋਂ ਬਾਅਦ ਸਰਕਾਰਾਂ ਆਉਂਦੀਆਂ ਰਹਿੰਦੀਆਂ ਸਨ, ਜਾਂਦੀਆਂ ਰਹਿੰਦੀਆਂ ਸਨ, ਪਰ, ਕੰਮ ਦਾ ਕੁਝ ਅਤਾ-ਪਤਾ ਨਹੀਂ ਲੱਗਦਾ ਸੀ। ਕਦੇ-ਕਦੇ ਤਾਂ ਪੁਰਾਣੀਆਂ ਫਾਈਲਾਂ ਲੱਭਣ ਲਈ ਵੱਡੇ-ਵੱਡੇ ਅਫਸਰਾਂ ਨੂੰ ਦੋ-ਦੋ ਸਾਲ ਤੱਕ ਮਿਹਨਤ ਕਰਨੀ ਪੈਂਦੀ ਸੀ। ਡਬਲ ਇੰਜਣ ਸਰਕਾਰ ਵਿੱਚ ਨੀਂਹ ਪੱਥਰ ਵੀ ਰੱਖਿਆ ਜਾਂਦਾ ਹੈ ਅਤੇ ਤੈਅ ਸਮੇਂ ਵਿੱਚ ਉਦਘਾਟਨ ਵੀ ਹੋ ਕੇ ਰਹਿੰਦਾ ਹੈ। ਇਸੇ ਲਈ, ਅੱਜ ਯੂਪੀ ਦੇ ਐਕਸਪ੍ਰੈੱਸਵੇਅਜ਼ ਤੋਂ ਵੀ ਜ਼ਿਆਦਾ ਰਫਤਾਰ ਜੇਕਰ ਕਿਤੇ ਹੈ, ਤਾਂ ਉਹ ਯੂਪੀ ਦੇ ਵਿਕਾਸ ਦੀ ਰਫਤਾਰ ਹੀ ਹੈ।
ਸਾਥੀਓ,
ਇਹ ਐਕਸਪ੍ਰੈੱਸਵੇਅ ਸਿਰਫ਼ ਇੱਕ ਹਾਈਸਪੀਡ ਸੜਕ ਨਹੀਂ ਹੈ। ਇਹ ਨਵੀਆਂ ਸੰਭਾਵਨਾਵਾਂ ਦਾ, ਨਵੇਂ ਸੁਪਨਿਆਂ ਦਾ, ਨਵੇਂ ਮੌਕਿਆਂ ਦਾ ਗੇਟਵੇ ਹੈ। ਗੰਗਾ ਐਕਸਪ੍ਰੈੱਸਵੇਅ ਕਰੀਬ 600 ਕਿਲੋਮੀਟਰ ਲੰਬਾ ਹੈ। ਪੱਛਮੀ ਯੂਪੀ ਵਿੱਚ ਮੇਰਠ, ਬੁਲੰਦਸ਼ਹਿਰ, ਹਾਪੁੜ, ਅਮਰੋਹਾ, ਸੰਭਲ ਅਤੇ ਬਦਾਊਂ। ਮੱਧ ਯੂਪੀ ਵਿੱਚ ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਏਬਰੇਲੀ। ਪੂਰਬੀ ਯੂਪੀ ਵਿੱਚ ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ, ਇਨ੍ਹਾਂ ਦੇ ਆਲੇ-ਦੁਆਲੇ ਦੇ ਦੂਜੇ ਜ਼ਿਲ੍ਹੇ, ਗੰਗਾ ਐਕਸਪ੍ਰੈੱਸਵੇਅ, ਇਸ ਨਾਲ ਇਨ੍ਹਾਂ ਇਲਾਕਿਆਂ ਦੇ ਕਰੋੜਾਂ ਲੋਕਾਂ ਦਾ ਜੀਵਨ ਬਦਲੇਗਾ।
ਸਾਥੀਓ,
ਇਨ੍ਹਾਂ ਖੇਤਰਾਂ ਨੂੰ ਗੰਗਾ ਜੀ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਦੀ ਉਪਜਾਊ ਮਿੱਟੀ ਦਾ ਵਰਦਾਨ ਮਿਲਿਆ ਹੈ। ਪਰ, ਪਹਿਲਾਂ ਦੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਕਿਸਾਨਾਂ ਦੀ ਅਣਦੇਖੀ ਕੀਤੀ, ਉਸ ਕਾਰਨ ਕਿਸਾਨ ਪਰੇਸ਼ਾਨੀਆਂ ਵਿੱਚ ਹੀ ਘਿਰ ਕੇ ਰਹਿ ਗਏ! ਇੱਥੋਂ ਦੇ ਕਿਸਾਨਾਂ ਦੀਆਂ ਫ਼ਸਲਾਂ ਵੱਡੇ ਬਾਜ਼ਾਰਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਸਨ। ਕੋਲਡ ਸਟੋਰੇਜ ਦੀ ਕਮੀ ਸੀ। ਲੌਜਿਸਟਿਕਸ ਦੀ ਘਾਟ ਸੀ। ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ ਸੀ। ਹੁਣ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਵੀ ਤੇਜ਼ੀ ਨਾਲ ਹੋਵੇਗਾ। ਗੰਗਾ ਐਕਸਪ੍ਰੈੱਸਵੇਅ ਨਾਲ ਘੱਟ ਸਮੇਂ ਵਿੱਚ ਵੱਡੇ ਬਾਜ਼ਾਰਾਂ ਤੱਕ ਪਹੁੰਚ ਮਿਲੇਗੀ। ਇੱਥੇ ਖੇਤੀ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋਵੇਗਾ। ਇਸ ਨਾਲ ਸਾਡੇ ਕਿਸਾਨਾਂ ਦੀ ਆਮਦਨ ਵਧੇਗੀ।
ਸਾਥੀਓ,
ਗੰਗਾ ਐਕਸਪ੍ਰੈੱਸਵੇਅ ਯੂਪੀ ਦੇ ਇੱਕ ਸਿਰੇ ਨੂੰ ਦੂਜੇ ਸਿਰੇ ਨਾਲ ਤਾਂ ਜੋੜਦਾ ਹੀ ਹੈ। ਇਹ ਐੱਨਸੀਆਰ ਦੀਆਂ ਬੇਅੰਤ ਸੰਭਾਵਨਾਵਾਂ ਨੂੰ ਵੀ ਨੇੜੇ ਲਿਆਏਗਾ। ਗੰਗਾ ਐਕਸਪ੍ਰੈੱਸਵੇਅ ’ਤੇ ਗੱਡੀਆਂ ਤਾਂ ਦੌੜਨਗੀਆਂ ਹੀ, ਇਸ ਦੇ ਕਿਨਾਰੇ ਨਵੇਂ ਉਦਯੋਗਿਕ ਮੌਕੇ ਵਿਕਸਿਤ ਹੋਣਗੇ। ਇਸ ਦੇ ਲਈ ਹਰਦੋਈ ਵਰਗੇ ਦੂਜੇ ਜ਼ਿਲ੍ਹਿਆਂ ਵਿੱਚ ਇੰਡਸਟ੍ਰੀਅਲ ਕੌਰੀਡੋਰ ਵਿਕਸਿਤ ਕੀਤੇ ਜਾ ਰਹੇ ਹਨ। ਇਸ ਨਾਲ ਹਰਦੋਈ, ਸ਼ਾਹਜਹਾਂਪੁਰ, ਉਨਾਓ ਸਮੇਤ ਸਾਰੇ 12 ਜ਼ਿਲ੍ਹਿਆਂ ਵਿੱਚ ਨਵੇਂ ਉਦਯੋਗ ਆਉਣਗੇ। ਵੱਖ-ਵੱਖ ਸੈਕਟਰਾਂ ਜਿਵੇਂ ਫਾਰਮਾ, ਟੈਕਸਟਾਈਲ ਆਦਿ ਦੇ ਕਲੱਸਟਰ ਵਿਕਸਿਤ ਹੋਣਗੇ। ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਤਿਆਰ ਹੋਣਗੇ।
ਸਾਥੀਓ,
ਸਾਡੇ ਇਹ ਨੌਜਵਾਨ ਮੁਦਰਾ ਯੋਜਨਾ ਅਤੇ ਓਡੀਓਪੀ ਵਰਗੀਆਂ ਯੋਜਨਾਵਾਂ, ਉਸ ਦੀ ਤਾਕਤ ਨਾਲ ਖੁਦ ਵੀ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਇੱਥੇ ਛੋਟੇ ਉਦਯੋਗਾਂ, ਐੱਮਐੱਸਐੱਮਈ ਨੂੰ ਉਤਸ਼ਾਹ ਮਿਲ ਰਿਹਾ ਹੈ। ਬਿਹਤਰ ਕਨੈਕਟੀਵਿਟੀ ਦੀ ਸਹੂਲਤ ਨਾਲ ਉਨ੍ਹਾਂ ਲਈ ਵੀ ਨਵੇਂ ਰਸਤੇ ਖੁੱਲ੍ਹਣਗੇ। ਮੇਰਠ ਦੀ ਸਪੋਰਟਸ ਇੰਡਸਟਰੀ, ਸੰਭਲ ਦਾ ਹੈਂਡੀਕ੍ਰਾਫਟ, ਬੁਲੰਦਸ਼ਹਿਰ ਦੇ ਸਿਰੇਮਿਕ, ਹਰਦੋਈ ਦਾ ਹੈਂਡਲੂਮ, ਉਨਾਓ ਦਾ ਲੈਦਰ, ਪ੍ਰਤਾਪਗੜ੍ਹ ਦੇ ਆਂਵਲਾ ਪ੍ਰੋਡਕਟਸ, ਇਹ ਸਭ ਵੱਡੇ ਪੱਧਰ ’ਤੇ ਦੇਸ਼-ਦੁਨੀਆ ਦੇ ਮਾਰਕੀਟ ਵਿੱਚ ਪਹੁੰਚਣਗੇ। ਲੱਖਾਂ ਪਰਿਵਾਰਾਂ ਦੀ ਇਸ ਨਾਲ ਆਮਦਨ ਵਧੇਗੀ। ਤੁਸੀਂ ਮੈਨੂੰ ਦੱਸੋ, ਕੀ ਪੁਰਾਣੀ ਸਪਾ ਸਰਕਾਰ ਵਿੱਚ ਹਰਦੋਈ, ਉਨਾਓ ਵਰਗੇ ਜ਼ਿਲ੍ਹਿਆਂ ਵਿੱਚ ਇੰਡਸਟਰੀਅਲ ਕੌਰੀਡੋਰ ਬਣਾਉਣ ਦੀ ਕਲਪਨਾ ਤੱਕ ਹੋ ਸਕਦੀ ਸੀ ਕੀ? ਸਾਡੇ ਹਰਦੋਈ ਤੋਂ ਵੀ ਐਕਸਪ੍ਰੈੱਸਵੇਅ ਗੁਜ਼ਰੇਗਾ, ਇਹ ਕੋਈ ਸੋਚ ਸਕਦਾ ਸੀ ਕੀ ਕਦੇ? ਇਹ ਕੰਮ ਸਿਰਫ਼ ਭਾਜਪਾ ਸਰਕਾਰ ਵਿੱਚ ਹੀ ਸੰਭਵ ਹੈ।
ਸਾਥੀਓ,
ਪਹਿਲਾਂ ਯੂਪੀ ਨੂੰ ਪਛੜਿਆ ਅਤੇ ਬੀਮਾਰੂ ਪ੍ਰਦੇਸ਼ ਕਿਹਾ ਜਾਂਦਾ ਸੀ। ਉਹੀ ਉੱਤਰ ਪ੍ਰਦੇਸ਼, ਅੱਜ 1 ਟ੍ਰਿਲੀਅਨ ਡਾਲਰ ਦੀ ਇਕੌਨਮੀ ਬਣਨ ਲਈ ਅੱਗੇ ਵਧ ਰਿਹਾ ਹੈ। ਇਹ ਇੱਕ ਬਹੁਤ ਵੱਡਾ ਟੀਚਾ ਹੈ। ਪਰ, ਇਸ ਦੇ ਪਿੱਛੇ ਓਨੀਂ ਹੀ ਵੱਡੀ ਤਿਆਰੀ ਵੀ ਹੈ। ਕਿਉਂਕਿ, ਯੂਪੀ ਦੇ ਕੋਲ ਇੰਨੀ ਅਸੀਮ ਸਮਰੱਥਾ ਹੈ। ਦੇਸ਼ ਦੀ ਇੰਨੀ ਵੱਡੀ ਨੌਜਵਾਨ ਆਬਾਦੀ ਦੀ ਸੰਭਾਵੀ ਸਮਰੱਥਾ ਯੂਪੀ ਦੇ ਕੋਲ ਹੈ। ਇਸ ਤਾਕਤ ਦੀ ਵਰਤੋਂ ਅਸੀਂ ਯੂਪੀ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਕਰ ਰਹੇ ਹਾਂ। ਯੂਪੀ ਵਿੱਚ ਨਵੇਂ ਉਦਯੋਗ ਅਤੇ ਕਾਰਖਾਨੇ ਲੱਗਣਗੇ, ਇੱਥੇ ਜਦੋਂ ਵੱਡੀ ਮਾਤਰਾ ਵਿੱਚ ਨਿਵੇਸ਼ ਆਵੇਗਾ, ਉਦੋਂ ਹੀ ਇੱਥੇ ਆਰਥਿਕ ਤਰੱਕੀ ਦੇ ਦਰਵਾਜ਼ੇ ਖੁੱਲ੍ਹਣਗੇ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਭਰਾਵੋ ਅਤੇ ਭੈਣੋ,
ਇਸੇ ਵਿਜ਼ਨ ਨੂੰ ਕੇਂਦਰ ਵਿੱਚ ਰੱਖ ਕੇ ਬੀਤੇ ਸਾਲਾਂ ਵਿੱਚ ਲਗਾਤਾਰ ਕੰਮ ਹੋਇਆ ਹੈ। ਤੁਸੀਂ ਸਭ ਖੁਦ ਵੀ ਮਹਿਸੂਸ ਕਰ ਰਹੇ ਹੋ, ਜਿਸ ਯੂਪੀ ਦੀ ਪਛਾਣ ਪਹਿਲਾਂ ਪਲਾਇਨ ਨਾਲ ਹੁੰਦੀ ਸੀ, ਅੱਜ ਉਸ ਨੂੰ ਇਨਵੈਸਟਰ ਸਮਿਟ ਅਤੇ ਇੰਡਸਟ੍ਰੀਅਲ ਕੌਰੀਡੋਰ ਲਈ ਜਾਣਿਆ ਜਾ ਰਿਹਾ ਹੈ। ਯੂਪੀ ਦੀ ਇਨਵੈਸਟਰ ਸਮਿਟ ਵਿੱਚ ਦੇਸ਼ ਅਤੇ ਦੁਨੀਆ ਤੋਂ ਕੰਪਨੀਆਂ ਆਉਂਦੀਆਂ ਹਨ। ਯੂਪੀ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਹੋ ਰਿਹਾ ਹੈ। ਅੱਜ ਜੇਕਰ ਭਾਰਤ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ ਤਾਂ, ਉਸ ਵਿੱਚ ਬਹੁਤ ਵੱਡਾ ਯੋਗਦਾਨ ਯੂਪੀ ਦਾ ਹੈ। ਅੱਜ ਭਾਰਤ ਜਿੰਨੇ ਮੋਬਾਈਲ ਬਣਾ ਰਿਹਾ ਹੈ, ਉਸ ਵਿੱਚੋਂ ਅੱਧੇ ਮੋਬਾਈਲ ਸਾਡੇ ਯੂਪੀ ਵਿੱਚ ਬਣ ਰਹੇ ਹਨ। ਅਜੇ ਕੁਝ ਹੀ ਹਫ਼ਤੇ ਪਹਿਲਾਂ, ਮੈਂ ਨੋਇਡਾ ਵਿੱਚ ਸੈਮੀਕੰਡਕਟਰ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ ਹੈ।
ਸਾਥੀਓ,
ਤੁਸੀਂ ਸਭ ਜਾਣਦੇ ਹੋ, ਏਆਈ ਦੇ ਇਸ ਦੌਰ ਵਿੱਚ, ਸੈਮੀਕੰਡਕਟਰ ਕਿੰਨੀ ਵੱਡੀ ਫੀਲਡ ਬਣਦੀ ਜਾ ਰਹੀ ਹੈ। ਯੂਪੀ ਉਸ ਵਿੱਚ ਵੀ ਲੀਡ ਲੈਣ ਲਈ ਅੱਗੇ ਵਧ ਰਿਹਾ ਹੈ। ਭਵਿੱਖ ਵਿੱਚ ਅਸੀਮ ਮੌਕਿਆਂ ਵਾਲਾ ਬਹੁਤ ਵੱਡਾ ਖੇਤਰ ਯੂਪੀ ਦੇ ਲੋਕਾਂ ਲਈ ਖੁੱਲ੍ਹ ਰਿਹਾ ਹੈ।
ਸਾਥੀਓ,
ਉੱਤਰ ਪ੍ਰਦੇਸ਼ ਦਾ ਉਦਯੋਗਿਕ ਵਿਕਾਸ ਅੱਜ ਭਾਰਤ ਦੀ ਰਣਨੀਤਕ ਤਾਕਤ ਵੀ ਬਣ ਰਿਹਾ ਹੈ। ਅੱਜ ਦੇਸ਼ ਦੇ ਦੋ ਡਿਫੈਂਸ ਕਾਰੀਡੋਰਾਂ ਵਿੱਚੋਂ ਇੱਕ ਯੂਪੀ ਵਿੱਚ ਹੈ। ਵੱਡੀਆਂ-ਵੱਡੀਆਂ ਡਿਫੈਂਸ ਕੰਪਨੀਆਂ ਇੱਥੇ ਆਪਣੀ ਫੈਕਟਰੀ ਲਗਾ ਰਹੀਆਂ ਹਨ। ਬ੍ਰਹਮੋਸ ਵਰਗੀਆਂ ਮਿਜ਼ਾਈਲਾਂ, ਜਿਨ੍ਹਾਂ ਦਾ ਲੋਹਾ ਦੁਨੀਆ ਮੰਨਦੀ ਹੈ, ਅੱਜ ਉਹ ਯੂਪੀ ਵਿੱਚ ਬਣ ਰਹੀਆਂ ਹਨ। ਰੱਖਿਆ ਉਪਕਰਨਾਂ ਦੇ ਨਿਰਮਾਣ ਵਿੱਚ ਜੋ ਛੋਟੇ-ਛੋਟੇ ਪਾਰਟਸ ਚਾਹੀਦੇ ਹੁੰਦੇ ਹਨ, ਉਨ੍ਹਾਂ ਦੀ ਸਪਲਾਈ ਲਈ ਐੱਮਐੱਸਐੱਮਈ ਨੂੰ ਕੰਮ ਮਿਲਦਾ ਹੈ। ਇਸ ਦਾ ਬਹੁਤ ਵੱਡਾ ਲਾਭ ਉੱਤਰ ਪ੍ਰਦੇਸ਼ ਦੇ ਐੱਮਐੱਸਐੱਮਈ ਸੈਕਟਰ ਨੂੰ ਹੋ ਰਿਹਾ ਹੈ। ਛੋਟੇ-ਛੋਟੇ ਜ਼ਿਲ੍ਹਿਆਂ ਵਿੱਚ ਵੀ ਹੁਣ ਨੌਜਵਾਨ ਵੱਡੇ-ਵੱਡੇ ਉਦਯੋਗਾਂ ਨਾਲ ਜੁੜਨ ਦਾ ਸੁਪਨਾ ਦੇਖ ਸਕਦੇ ਹਨ।
ਸਾਥੀਓ,
ਅੱਜ ਉੱਤਰ ਪ੍ਰਦੇਸ਼ ਇੰਨੀ ਤੇਜ਼ ਗਤੀ ਨਾਲ ਵਿਕਾਸ ਕਰ ਰਿਹਾ ਹੈ, ਕਿਉਂਕਿ, ਯੂਪੀ ਨੇ ਪੁਰਾਣੀ ਸਿਆਸਤ ਨੂੰ ਵੀ ਬਦਲਿਆ ਹੈ, ਅਤੇ ਨਵੀਂ ਪਛਾਣ ਵੀ ਬਣਾਈ ਹੈ। ਤੁਸੀਂ ਯਾਦ ਕਰੋ, ਇੱਕ ਸਮਾਂ ਸੀ ਜਦੋਂ ਯੂਪੀ ਦੀ ਪਛਾਣ ਟੋਇਆਂ ਨਾਲ ਹੁੰਦੀ ਸੀ। ਅੱਜ ਉਹੀ ਯੂਪੀ, ਦੇਸ਼ ਵਿੱਚ ਸਭ ਤੋਂ ਜ਼ਿਆਦਾ ਐਕਸਪ੍ਰੈੱਸਵੇਅ ਵਾਲਾ ਸੂਬਾ ਬਣ ਚੁੱਕਾ ਹੈ। ਪਹਿਲਾਂ ਇੱਥੇ ਗੁਆਂਢੀ ਜ਼ਿਲ੍ਹੇ ਤੱਕ ਜਾਣਾ ਵੀ ਬਹੁਤ ਮੁਸ਼ਕਿਲ ਸੀ। ਪਰ ਅੱਜ ਉੱਤਰ ਪ੍ਰਦੇਸ਼ ਵਿੱਚ 21 ਏਅਰਪੋਰਟ ਹਨ, 5 ਇੰਟਰਨੈਸ਼ਨਲ ਏਅਰਪੋਰਟ ਹਨ। ਹੁਣ ਤਾਂ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਵੀ ਹੋ ਚੁੱਕਿਆ ਹੈ। ਗੰਗਾ ਐਕਸਪ੍ਰੈੱਸਵੇਅ ਤੋਂ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਕੁਝ ਹੀ ਘੰਟਿਆਂ ਦੀ ਦੂਰੀ ’ਤੇ ਹੈ।
ਭਰਾਵੋ ਅਤੇ ਭੈਣੋ,
ਸਾਡਾ ਉੱਤਰ ਪ੍ਰਦੇਸ਼ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੀ ਧਰਤੀ ਹੈ। ਪਰ, ਪਿਛਲੀਆਂ ਸਰਕਾਰਾਂ ਨੇ ਆਪਣੀਆਂ ਕਰਤੂਤਾਂ ਕਾਰਨ ਅਪਰਾਧ ਅਤੇ ਜੰਗਲਰਾਜ ਨੂੰ ਯੂਪੀ ਦੀ ਪਛਾਣ ਬਣਾ ਦਿੱਤਾ ਸੀ। ਯੂਪੀ ਦੇ ਮਾਫੀਆ ’ਤੇ ਫਿਲਮਾਂ ਬਣਦੀਆਂ ਸਨ। ਪਰ, ਹੁਣ ਯੂਪੀ ਦੀ ਕਾਨੂੰਨ ਵਿਵਸਥਾ ਦੀ ਦੇਸ਼ ਭਰ ਵਿੱਚ ਮਿਸਾਲ ਦਿੱਤੀ ਜਾਂਦੀ ਹੈ।
ਭਰਾਵੋ ਅਤੇ ਭੈਣੋ,
ਸੰਸਾਧਨਾਂ ਦੀ ਬਾਂਦਰਵੰਡ ਕਰਨ ਵਾਲੇ ਜਿਨ੍ਹਾਂ ਸਪਾਈਆਂ ਦੇ ਹੱਥੋਂ ਸੱਤਾ ਗਈ ਹੈ, ਉਨ੍ਹਾਂ ਨੂੰ ਯੂਪੀ ਦੀ ਇਹ ਤਰੱਕੀ ਪਸੰਦ ਨਹੀਂ ਆ ਰਹੀ ਹੈ। ਉਹ ਇੱਕ ਵਾਰ ਫਿਰ ਯੂਪੀ ਨੂੰ ਪੁਰਾਣੇ ਦੌਰ ਵਿੱਚ ਧੱਕਣਾ ਚਾਹੁੰਦੇ ਹਨ। ਉਹ ਇੱਕ ਵਾਰ ਫਿਰ, ਸਮਾਜ ਨੂੰ ਵੰਡਣਾ ਅਤੇ ਤੋੜਨਾ ਚਾਹੁੰਦੇ ਹਨ।
ਸਾਥੀਓ,
ਸਮਾਜਵਾਦੀ ਪਾਰਟੀ ਵਿਕਾਸ ਵਿਰੋਧੀ ਵੀ ਹੈ ਅਤੇ ਨਾਰੀ ਵਿਰੋਧੀ ਵੀ ਹੈ। ਅਜੇ ਬੀਤੇ ਦਿਨੀਂ ਦੇਸ਼ ਨੇ ਇੱਕ ਵਾਰ ਫਿਰ ਸਪਾ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਦਾ ਅਸਲੀ ਚਿਹਰਾ ਦੇਖਿਆ ਹੈ। ਕੇਂਦਰ ਦੀ ਐੱਨਡੀਏ ਸਰਕਾਰ ਸੰਸਦ ਵਿੱਚ ਨਾਰੀ ਸ਼ਕਤੀ ਵੰਦਨ ਸੋਧ ਲੈ ਕੇ ਆਈ ਸੀ। ਜੇਕਰ ਇਹ ਸੋਧ ਪਾਸ ਹੋ ਜਾਂਦੀ, ਤਾਂ ਸਾਲ 2029 ਦੀਆਂ ਚੋਣਾਂ ਤੋਂ ਹੀ ਮਹਿਲਾਵਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਰਾਖਵਾਂਕਰਨ ਮਿਲਦਾ! ਵੱਡੀ ਗਿਣਤੀ ਵਿੱਚ ਸਾਡੀਆਂ ਮਾਵਾਂ-ਭੈਣਾਂ ਸੰਸਦ ਮੈਂਬਰ ਅਤੇ ਵਿਧਾਇਕ ਬਣ ਕੇ ਦਿੱਲੀ-ਲਖਨਊ ਪਹੁੰਚਦੀਆਂ। ਉਹ ਵੀ, ਕਿਸੇ ਹੋਰ ਵਰਗ ਦੀਆਂ ਸੀਟਾਂ ਘੱਟ ਹੋਏ ਬਿਨਾਂ! ਪਰ, ਸਪਾ ਨੇ ਇਸ ਸੋਧ ਬਿੱਲ ਦੇ ਖਿਲਾਫ ਵੋਟ ਪਾਈ।
ਸਾਥੀਓ,
ਇਸ ਬਿੱਲ ਨਾਲ ਸਾਰੇ ਰਾਜਾਂ ਦੀਆਂ ਸੀਟਾਂ ਵੀ ਵਧਦੀਆਂ। ਅਸੀਂ ਸੰਸਦ ਵਿੱਚ ਸਾਫ਼-ਸਾਫ਼ ਕਿਹਾ ਸੀ, ਸਾਰੇ ਰਾਜਾਂ ਦੀਆਂ ਸੀਟਾਂ ਇੱਕ ਹੀ ਅਨੁਪਾਤ ਵਿੱਚ ਵਧਣਗੀਆਂ। ਪਰ ਯੂਪੀ ਨੂੰ ਗਾਲ੍ਹਾਂ ਕੱਢ ਕੇ ਰਾਜਨੀਤੀ ਕਰਨ ਵਾਲੀਆਂ ਡੀਐੱਮਕੇ ਵਰਗੀਆਂ ਪਾਰਟੀਆਂ, ਉਨ੍ਹਾਂ ਨੂੰ ਇਸ ਗੱਲ ’ਤੇ ਇਤਰਾਜ਼ ਸੀ ਕਿ ਯੂਪੀ ਦੀਆਂ ਸੀਟਾਂ ਕਿਉਂ ਵਧਣਗੀਆਂ? ਤੁਸੀਂ ਦੇਖੋ, ਸਮਾਜਵਾਦੀ ਪਾਰਟੀ ਸੰਸਦ ਵਿੱਚ ਉਨ੍ਹਾਂ ਦੇ ਹੀ ਸੁਰ ਵਿੱਚ ਸੁਰ ਮਿਲਾ ਰਹੀ ਸੀ। ਇਹ ਸਪਾ ਵਾਲੇ ਇੱਥੋਂ ਤੁਹਾਡੀਆਂ ਵੋਟਾਂ ਲੈ ਕੇ ਸੰਸਦ ਜਾਂਦੇ ਹਨ ਅਤੇ ਸੰਸਦ ਵਿੱਚ ਯੂਪੀ ਦੇ ਲੋਕਾਂ ਨੂੰ ਗਾਲ੍ਹਾਂ ਕੱਢਣ ਵਾਲਿਆਂ ਨਾਲ ਖੜ੍ਹੇ ਹੁੰਦੇ ਹਨ। ਇਸੇ ਲਈ, ਯੂਪੀ ਦੇ ਲੋਕ ਕਹਿੰਦੇ ਹਨ, ਸਮਾਜਵਾਦੀ ਪਾਰਟੀ ਕਦੇ ਸੁਧਰ ਨਹੀਂ ਸਕਦੀ ਹੈ। ਇਹ ਲੋਕ ਹਮੇਸ਼ਾ ਮਹਿਲਾ ਵਿਰੋਧੀ ਰਾਜਨੀਤੀ ਹੀ ਕਰਨਗੇ। ਇਹ ਹਮੇਸ਼ਾ ਤੁਸ਼ਟੀਕਰਨ ਅਤੇ ਅਪਰਾਧੀਆਂ ਨਾਲ ਖੜ੍ਹੇ ਹੋਣਗੇ। ਸਪਾ ਕਦੇ ਵੀ ਪਰਿਵਾਰਵਾਦ ਅਤੇ ਜਾਤੀਵਾਦ ਤੋਂ ਉੱਪਰ ਨਹੀਂ ਉੱਠ ਸਕਦੀ। ਇਹ ਲੋਕ ਹਮੇਸ਼ਾ ਵਿਕਾਸ ਵਿਰੋਧੀ ਰਾਜਨੀਤੀ ਹੀ ਕਰਨਗੇ। ਯੂਪੀ ਨੂੰ ਸਪਾ ਅਤੇ ਉਸ ਦੇ ਸਹਿਯੋਗੀਆਂ ਤੋਂ ਸਾਵਧਾਨ ਰਹਿਣਾ ਹੈ।
ਸਾਥੀਓ,
ਅੱਜ ਦੇਸ਼ ਇੱਕ ਹੀ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ- ਵਿਕਸਿਤ ਭਾਰਤ ਦਾ ਸੰਕਲਪ! ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਉੱਤਰ ਪ੍ਰਦੇਸ਼ ਦੀ ਬਹੁਤ ਵੱਡੀ ਭੂਮਿਕਾ ਹੈ। ਤੁਸੀਂ ਸਭ ਦੇਖ ਰਹੇ ਹੋ, ਅੱਜ ਪੂਰੀ ਦੁਨੀਆ ਕਿਵੇਂ ਯੁੱਧ, ਅਸ਼ਾਂਤੀ ਅਤੇ ਅਸਥਿਰਤਾ ਵਿੱਚ ਫਸੀ ਹੋਈ ਹੈ। ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਹਾਲਾਤ ਖ਼ਰਾਬ ਹਨ। ਪਰ, ਭਾਰਤ ਵਿਕਾਸ ਦੇ ਰਾਹ ’ਤੇ ਉਸੇ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਬਾਹਰ ਦੇ ਦੁਸ਼ਮਣਾਂ ਨੂੰ ਇਹ ਪਸੰਦ ਨਹੀਂ ਆ ਰਿਹਾ। ਅੰਦਰ ਬੈਠੇ ਕੁਝ ਲੋਕ ਵੀ ਸੱਤਾ ਦੀ ਭੁੱਖ ਵਿੱਚ ਭਾਰਤ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਫਿਰ ਵੀ, ਅਸੀਂ ਨਾ ਸਿਰਫ਼ ਸੁਰੱਖਿਅਤ ਹਾਂ, ਸਗੋਂ, ਵਿਕਾਸ ਦੇ ਨਵੇਂ-ਨਵੇਂ ਕੀਰਤੀਮਾਨ ਵੀ ਸਥਾਪਿਤ ਕਰ ਰਹੇ ਹਾਂ। ਅਸੀਂ ਆਤਮਨਿਰਭਰ ਭਾਰਤ ਅਭਿਆਨ ਨੂੰ ਅੱਗੇ ਵਧਾ ਰਹੇ ਹਾਂ। ਅਸੀਂ ਆਧੁਨਿਕ ਤੋਂ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰ ਰਹੇ ਹਾਂ। ਗੰਗਾ ਐਕਸਪ੍ਰੈੱਸਵੇਅ ਇਸੇ ਦਿਸ਼ਾ ਵਿੱਚ ਇੱਕ ਹੋਰ ਮਜ਼ਬੂਤ ਕਦਮ ਹੈ। ਮੈਨੂੰ ਵਿਸ਼ਵਾਸ ਹੈ, ਗੰਗਾ ਐਕਸਪ੍ਰੈੱਸਵੇਅ, ਜਿਹੜੀਆਂ ਸੰਭਾਵਨਾਵਾਂ ਨੂੰ ਸਾਡੇ ਦਰਵਾਜ਼ੇ ਤੱਕ ਲੈ ਕੇ ਆਵੇਗਾ, ਯੂਪੀ ਦੇ ਲੋਕ ਆਪਣੀ ਮਿਹਨਤ ਅਤੇ ਆਪਣੀ ਪ੍ਰਤਿਭਾ ਨਾਲ ਉਹਨਾਂ ਨੂੰ ਸਾਕਾਰ ਕਰਕੇ ਰਹਿਣਗੇ। ਇਸੇ ਸੰਕਲਪ ਦੇ ਨਾਲ, ਤੁਹਾਡੇ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ!
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਬਹੁਤ-ਬਹੁਤ ਧੰਨਵਾਦ!
***
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2256948)
ਵਿਜ਼ੀਟਰ ਕਾਊਂਟਰ : 4